ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ

Posted On December - 14 - 2019

ਪੱਛਮੀ ਕਲਾ ਸੰਸਾਰ

ਰਣਦੀਪ ਮੱਦੋਕੇ

ਰੋਕੋਕੋ ਸ਼ੈਲੀ ਦੀ ਇਮਾਰਤਸਾਜ਼ੀ ਦਾ ਅੰਦਰੂਨੀ ਨਮੂਨਾ

ਬਰੋਕ ਕਲਾ ਕਾਲ ਤੋਂ ਬਾਅਦ 18ਵੀਂ ਸਦੀ ਦੇ ਸ਼ੁਰੂਆਤੀ ਦੌਰ ਦੀ ਕਲਾ ਨੂੰ ਰੋਕੋਕੋ ਕਲਾ (Rococo art) ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਹੈ ਕਿ ਕਲਾ ਸਮਾਜਿਕ ਸਿਆਸੀ ਅਤੇ ਵਿੱਤੀ ਤਾਣੇ-ਬਾਣੇ ਵਿਚ ਵਾਪਰਦੀਆਂ ਤਬਦੀਲੀਆਂ ਨਾਲ ਆਪਣਾ ਰੂਪ ਅਤੇ ਤੱਤ ਬਦਲਦੀ ਹੈ ਜਾਂ ਕਹਿ ਲਵੋ ਆਲੇ ਦੁਆਲੇ ਦੇ ਹਾਲਾਤ ਦਾ ਪ੍ਰਤੀਬਿੰਬ ਹੀ ਕਲਾ ਦੇ ਸ਼ੀਸ਼ੇ ਵਿਚੋਂ ਦਿਖਦਾ ਹੈ। 18ਵੀਂ ਸਦੀ ਵਿਚ ਯੂਰੋਪੀ ਸਮਾਜ ਵਿਚ ਵਪਾਰੀ ਜਮਾਤ ਆਪਣੇ ਆਧੁਨਿਕ ਰੂਪ ਵਿਚ ਆ ਚੁੱਕੀ ਸੀ, ਜੋ ਹੁਣ ਮੰਡੀਆਂ ਦੀ ਭਾਲ ਵਿਚ ਹੋਰ ਮਹਾਂਦੀਪਾਂ ਵੱਲ ਨਿੱਠ ਕੇ ਤੁਰੀ ਸੀ। ਇਸ ਨਵੀਂ ਜਮਾਤ ਦੇ ਸੁਹਜ ਸੁਆਦ ਵੀ ਨਵੇਂ ਸਨ। ਰੋਕੋਕੋ ਕਲਾ ਵੀ ਕਿਸੇ ਹੱਦ ਤਕ ਇਸ ਨਵੀਂ ਜਮਾਤ ਦੇ ਅਯਾਸ਼ ਸੁਹਜ ਸਵਾਦਾਂ ਦੀ ਪੂਰਤੀ ਕਰਦੀ ਸੀ। ਇਸ ਕਲਾ ਦੇ ਅੰਦਰੂਨੀ ਨਮੂਨਿਆਂ ਨੂੰ ਇਕ ਕੁਲੀਨ ਆਦਰਸ਼ਵਾਦ ਨੇ ਪ੍ਰਭਾਵਿਤ ਕੀਤਾ ਜੋ ਵਿਸਥਾਰਤ ਸਜਾਵਟ ਅਤੇ ਗੁੰਝਲਦਾਰ ਸੂਖਮਤਾ ਦਾ ਕਾਇਲ ਸੀ। ਰਾਕੋਕੋ ਕਲਾ ਵਿਚ ਜਿਨ੍ਹਾਂ ਚਿੱਤਰਾਂ ਨੂੰ ਹਸਤਾਖਰ ਮੰਨਿਆ ਗਿਆ, ਉਹ ਇਸ ਕਲਾ ਦੇ ਆਦਰਸ਼ਾਂ ਅਤੇ ਮਨਮੋਹਣੀ ਜੀਵਨਸ਼ੈਲੀ ਅਤੇ ਮਨੋਰੰਜਨ ਦੇ ਜਸ਼ਨ ਵਿਚ ਬਣੇ ਸਨ। ਰੋਕੋਕੋ ਕਲਾ ਅੰਦੋਲਨ 1700 ਈਂ ਦੇ ਸ਼ੁਰੂਆਤੀ ਦੌਰ ਵਿਚ ਸ਼ੁਰੂ ਹੋਇਆ ਜੋ ਸ਼ਾਹੀ ਵਿਆਹ ਸ਼ਾਦੀਆਂ ਵਿਚ ਸਜਾਵਟੀ ਅਤੇ ਉੱਤਮ ਕਲਾਤਮਕ ਦਿਖਾਵੇ ਦਾ ਸਾਧਨ ਸੀ। ਇਸ ਕਲਾ ਵਿਚ ਇਸਦਾ ਨਵਾਂ ਦਰਸ਼ਨੀ ਸ਼ਬਦਕੋਸ਼ (visual lexicon) ਯੂਰੋਪੀ ਮਹਾਂਦੀਪ ਵਿਚ ਰਚਿਆ ਗਿਆ ਸੀ।

ਔਂਤੋਇਨ ਵੈਤੂ ਦਾ ਬਣਾਇਆ ਚਿੱਤਰ

ਰੋਕੋਕੋ ਸ਼ੈਲੀ ਦੇ ਚਿੱਤਰ ਅਸਲ ਵਿਚ ਇਸ ਸਮੇਂ ਦੀ ਵਿਲਾਸੀ ਜ਼ਿੰਦਗੀ ਦੇ ਖੁਮਾਰ ਦੀ ਵਾਸਨਾ ਨੂੰ ਦਰਸਾਉਂਦੇ ਸਨ ਅਤੇ ਇਹ ਬਰੋਕ ਸ਼ੈਲੀ ਦੀ ਕਲਾ ਰਾਹੀਂ ਬਣਾਏ ਗਏ ਧਾਰਮਿਕ ਅਤੇ ਰਾਜਨੀਤਕ ਵਿਸ਼ਿਆਂ ਤੋਂ ਮੁਨਕਰ ਸਨ। ਇਸ਼ਕ ਮਿਜ਼ਾਜੀ, ਕਾਮੁਕਤਾ, ਸੰਵੇਦਨਾਤਮਕਤਾ, ਅਯਾਸ਼ੀ ਅਤੇ ਹਰੇ ਭਰੇ ਭੂ-ਦਰਸ਼ਨ ਇਸਦੇ ਮੁੱਖ ਵਿਸ਼ੇ ਸਨ। ਇਸ ਵਿਚ ਗੁਣਾਤਮਕ ਤਬਦੀਲੀ ਇਹ ਸੀ ਕਿ ਪਹਿਲੇ ਸਮੇਂ ਦੀ ਕਲਾ ਦੇ ਬੰਦ ਅੰਦਰੂਨੀ ਚੌਗਿਰਦੇ ਦੇ ਮੁਕਾਬਲੇ ਰੋਕੋਕੋ ਕਲਾ ਨੇ ਜ਼ਿੰਦਗੀ ਨੂੰ ਖੁੱਲ੍ਹੇ ਦਿਹਾਤੀ ਚੌਗਿਰਦੇ ਵਿਚ ਪੇਸ਼ ਕੀਤਾ ਜਿਸ ਵਿਚ ਮਹਾਂਨਗਰੀ ਕੁਲੀਨ ਵਰਗ ਖੁੱਲ੍ਹੀ ਕੁਦਰਤ ਵਿਚ ਦਾਵਤਾਂ ਅਤੇ ਮਨੋਰੰਜਨ ਕਰਦਾ ਦਿਖਦਾ ਅਤੇ ਨਵੀਂ ਉੱਚ ਵਰਗੀ ਜਮਾਤ ਆਪਣੇ ਖ਼ੁਦ ਦੇ ਚਿੱਤਰ ਸ਼ਾਹੀ ਅੰਦਾਜ਼ ਵਿਚ ਚਿਤਰਾਉਂਦੀ ਸੀ।
ਔਂਤੋਇਨ ਵੈਤੂ ਰਾਕੋਕੋ ਕਲਾ ਸ਼ੈਲੀ ਦੇ ਮਸ਼ਹੂਰ ਕਲਾਕਾਰਾਂ ਵਿਚੋਂ ਇਕ ਸੀ। ਔਤੋਇਨ ਤੋਂ ਇਲਾਵਾ ਜੇਨ ਹੋਨੋਰੇ, ਫਰੈਂਸਵਾ ਬੂਸ਼ੇ, ਜਿਓਵਾਨੀ ਬੈਟੀਸਟਾ, ਐਲੇਸੈਂਡਰੋ ਮੈਗਨਾਸਕੋ, ਫਰੈਂਸਵਾ ਲੁਮੋਇਨ, ਅੰਤੋਨੀਓ ਬੇਲੂਚੀ ਆਦਿ ਅਤੇ ਲੁਈਸ ਲੇ ਬਰਨ, ਯੂਲ੍ਰਿਕਾ ਪਾਸ਼ ਆਦਿ ਨਾਰੀ ਕਲਾਕਾਰਾਂ ਵੀ ਸਨ। ਭਾਵੇਂ ਮੁੱਖ ਰੂਪ ਵਿਚ ਰੋਕੋਕੋ ਕਲਾ ਨੂੰ ਅਯਾਸ਼ ਕਲਾ ਸ਼ੈਲੀ ਵੱਜੋਂ ਹੀ ਜਾਣਿਆ ਜਾਂਦਾ ਹੈ, ਪਰ ਕੁਝ ਕਲਾਕਾਰ ਅਜੇ ਵੀ ਪੁਰਾਣੇ ਬਰੋਕ ਅਤੇ ਮੈਨਰਇਜ਼ਮ ਕਾਲ ਦੀ ਕਲਾ ਦੇ ਧਾਰਮਿਕ ਅਤੇ ਜਨ ਸਾਧਾਰਨ ਵਿਸ਼ਿਆਂ ਨੂੰ ਸਿਰਜ ਰਹੇ ਸਨ। ਫ੍ਰਾਂਸਿਸਕੋ ਗੋਇਆ ਵਰਗੇ ਅਗਲੀ ਪੀੜ੍ਹੀ ਦੇ ਕਲਾਕਾਰਾਂ ਨੇ ਵੀ ਇਸ ਸਮੇਂ ਆਪਣੀ ਸ਼ੁਰੂਆਤ ਕਰ ਦਿੱਤੀ ਸੀ ਜੋ 18ਵੀਂ ਅਤੇ 19ਵੀਂ ਸਦੀ ਦੇ ਮਸ਼ਹੂਰ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਬਾਅਦ ਵਿਚ ਭਿਆਨਕ ਯੁੱਧਾਂ ਅਤੇ ਫਰਾਂਸ ਦੀ ਕ੍ਰਾਂਤੀ ਬਾਰੇ ਚਿੱਤਰ ਬਣਾਏ।

ਰਣਦੀਪ ਮੱਦੋਕੇ

1789 ਵਿਚ ਫਰਾਂਸ ਕ੍ਰਾਂਤੀ ਹੋਈ ਅਤੇ ਰੋਕੋਕੋ ਕਾਲ ਦੀ ਕਲਾ ਨੂੰ ਬਣ ਰਹੇ ਕ੍ਰਾਂਤੀ ਦੇ ਮਾਹੌਲ ਨੇ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਸਨ। 1760ਵਿਆਂ ਦੇ ਦਹਾਕੇ ਵਿਚ ਇਹ ਅਯਾਸ਼ ਕਲਾ ਸ਼ੈਲੀ ਬਦਲਾਅ ਦੀਆਂ ਆ ਰਹੀਆਂ ਹਵਾਵਾਂ ਅੱਗੇ ਵਿੱਖਰ ਗਈ। ਇਸ ਕਲਾ ਸ਼ੈਲੀ ਦੀ ਆਲੋਚਨਾ ਆਪਣੇ ਅਯਾਸ਼ ਸੁਹਜ ਸੁਆਦਾਂ ਕਰਕੇ ਹੋਈ। ਉੱਚ ਵਰਗ ਨੇ ਸੱਤਾ ਅਤੇ ਸਾਧਨਾਂ ਉੱਪਰ ਕਬਜ਼ੇ ਕਾਰਨ ਆਪਣੀ ਵਿਲਾਸ਼ੀ ਜੀਵਨ ਸ਼ੈਲੀ ਦੇ ਜਸ਼ਨਾਂ ਦੇ ਰੰਗ ਵਿਚ ਰੰਗੇ ਕਲਾ ਅਤੇ ਸੱਭਿਆਚਾਰ ਦੀ ਸਿਰਜਣਾ ਕੀਤੀ ਸੀ, ਜਦੋਂਕਿ ਆਮ ਬਹੁ ਗਿਣਤੀ ਜਨ ਸਧਾਰਨ ਦਾ ਜੀਵਨ ਇਸਦੇ ਉਲਟ ਥੁੜ੍ਹਾਂ ਦਾ ਮਾਰਿਆ ਹੋਇਆ ਸੀ। ਸਮਾਜ ਵਿਚ ਨਵੀਂ ਜਮਾਤੀ ਚੇਤਨਾ ਦਾ ਆਗਾਜ਼ ਹੋ ਰਿਹਾ ਸੀ ਅਤੇ ਇਸਨੇ ਵਿਲਾਸਤਾ ਵਿਚ ਮੰਤਰ-ਮੁਗਧ ਮੁੱਠੀ ਭਰ ਧਨਾਡਾਂ ਜਿਨ੍ਹਾਂ ਨੇ 19 ਫ਼ੀਸਦੀ ਦੌਲਤ ਆਪਣੇ ਕਬਜ਼ੇ ਵਿਚ ਕੀਤੀ ਹੋਈ ਸੀ, ਦੇ ਸੱਭਿਆਚਾਰਕ ਦਬਦਬੇ ਨੂੰ ਚਣੌਤੀ ਦਿੱਤੀ। ਇਸਦਾ ਨਤੀਜਾ ਫਰਾਂਸ ਕ੍ਰਾਂਤੀ ਵਿਚ ਨਿਕਲਿਆ ਜਿਸਨੇ ਯੂਰੋਪੀ ਸੁਹਜ ਕਲਾ ਅਤੇ ਸੱਭਿਆਚਾਰ ਵਿਚ ਨਵੀਂ ਪਹਿਲ ਕਦਮੀ ਦਾ ਆਗਾਜ਼ ਕੀਤਾ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਕਲਾ ਅਤੇ ਸੱਭਿਆਚਾਰ ਸਥਾਪਤ ਜਮਾਤ ਦੀ ਗੱਲ ਕਰਦੇ ਹਨ ਜਿਸਦੇ ਕਬਜ਼ੇ ਵਿਚ ਸੱਤਾ ਅਤੇ ਸਾਧਨ ਹੁੰਦੇ ਹਨ। ਵਰਗ ਚੇਤਨਾ ਅਤੇ ਸੰਘਰਸ਼ ਰਾਹੀਂ ਹੀ ਲੋਕਾਂ ਦਾ ਸੱਭਿਆਚਾਰ ਸਿਰਜਿਆ ਜਾ ਸਕਦਾ ਹੈ ਜੋ ਆਮ ਜਨ ਸਧਾਰਨ ਦੇ ਜਜ਼ਬਿਆਂ ਦੀ ਬਾਤ ਪਾਉਂਦਾ ਹੈ।

ਸੰਪਰਕ: 98146-93368


Comments Off on ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.