ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਦਸੰਬਰ
ਇੱਥੋਂ ਨੇੜਲੇ ਪਿੰਡ ਮਸਤੇਵਾਲਾ ’ਚ ਸ਼ਨਿਚਰਵਾਰ ਦੇਰ ਰਾਤ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਡੀਜੇ ਗਰੁੱਪ ਨਾਲ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਨੌਜਵਾਨਾਂ ਨੇ ਇਸ ਮੌਕੇ ਹਥਿਆਰਾਂ ਵਿਚੋਂ ਕਈ ਫਾਇਰ ਕੀਤੇ। ਪੁਲੀਸ ਨੇ ਮੌਕੇ ਤੋਂ ਵੱਖ-ਵੱਖ ਹਥਿਆਰਾਂ ਦੇ ਵੱਡੀ ਗਿਣਤੀ ’ਚ ਚੱਲੇ ਹੋਏ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ ਹਨ। ਪੁਲੀਸ ਨੇ ਵਿਆਹੇ ਜਾਣ ਵਾਲੇ ਨੌਜਵਾਨ ਦੇ ਪਿਤਾ ਸਣੇ ਪੰਜ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਧਰਮਕੋਟ ਦੇ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਕਰਨ ਵਾਸੀ ਕੋਟ ਈਸੇ ਖਾਂ ਵਜੋਂ ਹੋਈ ਹੈ ਜੋ ਡੀਜੇ ਸੰਚਾਲਕ ਦਾ ਰਿਸ਼ਤੇਦਾਰ ਸੀ ਤੇ ਉਸ ਨਾਲ ਸਹਾਇਕ ਵੀ ਸੀ। ਮ੍ਰਿਤਕ ਦੀ ਛਾਤੀ ’ਚ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਨਿਰਵੈਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮਸਤੇਵਾਲਾ ਦਾ ਐਤਵਾਰ ਵਿਆਹ ਸੀ ਤੇ ਸ਼ਨਿਚਰਵਾਰ ਨੂੰ ਘਰ ਵਿੱਚ ਡੀਜੇ ਲਾਇਆ ਗਿਆ ਸੀ। ਡੀਜੇ ਸੰਚਾਲਕ ਗੁਰਸੇਵਕ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਕ 10 ਵਜੇ ਤੋਂ ਬਾਅਦ ਡੀਜੇ ਚਲਾਉਣ ਦੀ ਮਨਾਹੀ ਕਾਰਨ ਉਹ ਡੀਜੇ ਬੰਦ ਕਰਨ ਲੱਗੇ ਸਨ ਪਰ ਸ਼ਰਾਬ ਦੇ ਨਸ਼ੇ ’ਚ ਧੁੱਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਡੀਜੇ ਬੰਦ ਨਹੀਂ ਕਰਨ ਦਿੱਤਾ ਤੇ ਹਵਾਈ ਫ਼ਾਇਰ ਕਰਦੇ ਰਹੇ। ਉਨ੍ਹਾਂ ਡਰਦਿਆਂ ਨੇ ਡੀਜੇ ਲਾਈ ਰੱਖਿਆ। ਰਾਤ ਨੂੰ ਜਦ 12 ਵੱਜ ਗਏ ਤਾਂ ਉਨ੍ਹਾਂ ਡੀਜੇ ਬੰਦ ਕਰ ਦਿੱਤਾ ਅਤੇ ਨੌਜਵਾਨਾਂ ਵਲੋਂ ਧੱਕੇ ਨਾਲ ਡੀਜੇ ਚੱਲਦਾ ਰੱਖਣ ਲਈ ਕਿਹਾ ਗਿਆ। ਇਸੇ ਦੌਰਾਨ ਚਲਾਈ ਗਈ ਗੋਲੀ ਵਿਚ ਕਰਨ ਦੀ ਮੌਤ ਹੋ ਗਈ। ਡੀਜੇ ਸੰਚਾਲਕ ਦੇ ਬਿਆਨ ’ਤੇ ਪੰਜ ਨੌਜਵਾਨਾਂ- ਸੁਖਦੀਪ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ, ਸ਼ਰਨਪ੍ਰੀਤ ਸਿੰਘ ਵਾਸੀ ਪਿੰਡ ਸੈਦੇ ਸ਼ਾਹ ਵਾਲਾ, ਮੇਜਰ ਸਿੰਘ ਅਤੇ ਸੁਖਚੈਨ ਸਿੰਘ ਵਾਸੀ ਪਿੰਡ ਮਸਤੇਵਾਲਾ ਤੇ ਜਗਰੂਪ ਸਿੰਘ ਵਾਸੀ ਪਿੰਡ ਮੱਲੂਵਾਣੀਆ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਕੋਲ 12 ਬੋਰ ਬੰਦੂਕ, 315 ਬੋਰ ਰਾਈਫਲ ਤੇ ਪਿਸਤੌਲ ਜਿਹੇ ਹਥਿਆਰ ਸਨ।