ਮੁੰਬਈ, 1 ਦਸੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ’ਤੇ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਫੜਨਵੀਸ ਨੇ ਬਿਆਨ ਦਿੱਤਾ ਸੀ ‘ਮੈਂ ਵਾਪਸ ਆਵਾਂਗਾ’ ਅਤੇ ਉਨ੍ਹਾਂ ਦੇ ਇਸ ਦਾਅਵੇ ਨਾਲ ਸੋਸ਼ਲ ਮੀਡੀਆ ’ਤੇ ਕਾਫੀ ਬਹਿਸ ਛਿੜੀ ਸੀ।
ਸ੍ਰੀ ਠਾਕਰੇ ਅੱਜ ਵਿਧਾਨ ਸਭਾ ਸਪੀਕਰ ਨਾਨਾ ਪਟੋਲੇ ਵੱਲੋਂ ਸ੍ਰੀ ਫੜਨਵੀਸ ਨੂੰ ਸਦਨ ’ਚ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਬੋਲ ਰਹੇ ਸਨ। ਆਪਣੇ ਧੰਨਵਾਦੀ ਭਾਸ਼ਣ ਵਿੱਚ ਸ੍ਰੀ ਠਾਕਰੇ ਨੇ ਸ੍ਰੀ ਫੜਨਵੀਸ ਨੂੰ ਆਪਣਾ ਦੋਸਤ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸ੍ਰੀ ਫੜਨਵੀਸ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਨਹੀਂ ਦੇਖਦੇ ਹਨ। ਸ੍ਰੀ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਉਹ ਵਾਪਸ ਆਉਣਗੇ, ਪਰ ਫਿਰ ਵੀ ਅੱਜ ਉਹ ਇਸ ਸਦਨ ’ਚ ਆਏ। ਉਨ੍ਹਾਂ ਕਿਹਾ ਕਿ ਉਹ ਇਸ ਸਦਨ ਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਭਰੋਸਾ ਦਿਵਾ ਸਕਦੇ ਹਨ ਕਿ ਉਹ ਕੁਝ ਵੀ ਅੱਧੀ ਰਾਤ ਨੂੰ ਨਹੀਂ ਕਰਨਗੇ। ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ।
ਇਸੇ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਆਗੂ ਨੇ ਅੱਜ ਪਾਰਟੀ ਦੇ ਰਸਾਲੇ ‘ਸਾਮਨਾ’ ’ਚ ਛਪਦੇ ਉਨ੍ਹਾਂ ਦੇ ਕਾਲਮ ‘ਰੋਕਟੋਕ’ ਵਿੱਚ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸੱਤਾ ਪ੍ਰਾਪਤੀ ਲਈ ਜਲਦਬਾਜ਼ੀ ਅਤੇ ‘ਬਚਕਾਨਾ ਟਿੱਪਣੀਆਂ’ ਨੇ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਡੋਬਿਆ ਹੈ।
-ਪੀਟੀਆਈ
ਮੁੰਬਈ: ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਵੱਲੋਂ ਮਿਲ ਕੇ ਤਿਆਰ ਕੀਤੇ ਗਏ ਪ੍ਰਸਤਾਵਿਤ ਸਾਂਝੇ ਘੱਟੋ-ਘੱਟ ਪ੍ਰੋਗਰਾਮ ਵਿੱਚ ‘ਧਰਮ ਨਿਰਪੱਖ’ ਸ਼ਬਦ ਦਾ ਜ਼ਿਕਰ ਹੋਣ ਦੇ ਬਾਵਜੂਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਉਹ ਕਦੇ ਵੀ ਹਿੰਦੂਤਵ ਦੀ ਵਿਚਾਰਧਾਰਾ ਨਹੀਂ ਛੱਡਣਗੇ। ਸ੍ਰੀ ਠਾਕਰੇ ਨੇ ਅੱਜ ਵਿਧਾਨ ਸਭਾ ਵਿਚ ਕਿਹਾ ਕਿ ਹਿੰਦੂਤਵ ਦੀ ਵਿਚਾਰਧਾਰਾ ਨੂੰ ਉਨ੍ਹਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਜੇ ਵੀ ਹਿੰਦੂਤਵ ਦੀ ਵਿਚਾਰਧਾਰਾ ਦੇ ਨਾਲ ਹਨ ਜਿਸ ਨੂੰ ਉਨ੍ਹਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਵਾਅਦਾ ਨਿਭਾਉਣਾ ਹਿੰਦੂਤਵ ਦਾ ਇਕ ਹਿੱਸਾ ਹੈ। ਮੈਂ ਕੱਲ੍ਹ ਵੀ ਹਿੰਦੂਤਵ ਨਾਲ ਜੁੜਿਆ ਸੀ, ਅੱਜ ਵੀ ਹਾਂ ਅਤੇ ਭਵਿੱਖ ਵਿੱਚ ਵੀ ਜੁੜਿਆ ਰਹਾਂਗਾ।
-ਪੀਟੀਆਈ