ਪੱਤਰ ਪ੍ਰੇਰਕ,
ਮੁਕੇਰੀਆਂ, 3 ਦਸੰਬਰ
ਇੱਥੇ ਮੁਕੇਰੀਆਂ ਪੁਲੀਸ ਨੇ ਬੀਤੀ 5 ਨਵੰਬਰ ਨੂੰ ਅੰਮ੍ਰਿਤਸਰ ਦੇ ਇੱਕ ਵਪਾਰੀ ਨਾਲ ਵਾਪਰੀ ਲੁੱਟ ਖੋਹ ਦੀ ਘਟਨਾ ਦੇ ਮਾਮਲੇ ਵਿੱਚ ਨਾਮਜ਼ਦ 4 ਵਿੱਚੋਂ 3 ਦੋਸ਼ੀਆਂ ਦੀ ਗ੍ਰਿਫਤਾਰੀ ਉਪਰੰਤ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਖੋਹੇ ਬੈਗ ਵਿਚਲੀ ਰਕਮ ਦੇ 2 ਲੱਖ 6 ਹਜ਼ਾਰ ਰੁਪਏ ਅਤੇ 96 ਹਜ਼ਾਰ ਥਾਈਵਾਟ (ਥਾਈਲੈਂਡ ਦੀ ਕਰੰਸੀ) ਬਰਾਮਦ ਕਰ ਲਏ ਹਨ।ਐਸਐਚਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 5 ਨਵੰਬਰ ਨੂੰ ਅੰਮ੍ਰਿਤਸਰ ਦੇ ਇੱਕ ਵਪਾਰੀ ਬਲਵਿੰਦਰ ਸਿੰਘ ਕੋਲੋਂ ਰੇਲਵੇ ਰੋਡ ਮੁਕੇਰੀਆਂ ਉੱਤੇ ਪੈਂਦੀ ਵਾਹਨ ਏਜੰਸੀ ਨੇੜਿਓਂ ਕੁਝ ਅਣਪਛਾਤੇ ਲੁਟੇਰਿਆਂ ਨੇ ਉਸਦਾ ਪੈਸਿਆਂ ਵਾਲਾ ਬੈਗ ਖੋਹ ਲਿਆ ਸੀ। ਵਪਾਰੀ ਅਨੁਸਾਰ ਉਸਦੇ ਬੈਗ ਵਿੱਚ 5 ਲੱਖ ਦੀ ਨਕਦੀ ਅਤੇ ਇੱਕ ਜੀਓ ਦਾ ਫੋਨ ਤੇ ਕੱਪੜੇ ਵਗੈਰਾ ਸਨ। ਲੁਟੇਰੇ ਰੇਲਵੇ ਰੋਡ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਸਨ, ਜਿਸ ਸਬੰਧੀ ਪੁਲੀਸ ਨੇ ਵਪਾਰੀ ਦੇ ਬਿਆਨਾਂ ਉੱਤੇ ਕਰਨ ਉਰਫ ਚੀਨੀ, ਸ਼ਿਵ ਕੁਮਾਰ, ਅਜੈ ਉਰਫ ਬਾਇਆ ਅਤੇ ਵਿਸ਼ਾਲ ਸ਼ਰਮਾ ਸਾਰੇ ਵਾਸੀ ਅੰਮ੍ਰਿਤਸਰ ਖਿਲਾਫ਼ ਮਾਮਲਾ ਦਰ਼ਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਐਸਆਈ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਏਐਸਆਈ ਰਵਿੰਦਰ ਸਿੰਘ ਸਮੇਤ ਟੀਮ ਨੂੰ ਜਾਂਚ ਸੌਂਪੀ ਗਈ ਸੀ। ਜਿਨਾਂ ਵਲੋਂ ਵਪਾਰੀ ਦੇ ਦੱਸੇ ਨੰਬਰਾਂ ਨੂੰ ਟਰੇਸ ਉੱਤੇ ਲਗਾਇਆ ਹੋਇਆ ਸੀ। ਬੀਤੀ 2 ਦਸੰਬਰ ਨੂੰ ਜਾਂਚ ਟੀਮ ਵਲੋਂ ਨਾਮਜ਼ਦ ਅਜੈ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸਦੀ ਨਿਸ਼ਾਨਦੇਹੀ ਉੱਤੇ ਦੋ ਹੋਰ ਚੀਨੀ ਅਤੇ ਸ਼ਿਵ ਕੁਮਾਰ ਨੂੰ ਵੀ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਸੀ। ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਨਾਂ ਵਲੋਂ ਵਪਾਰੀ ਕੋਲੋਂ ਖੋਹੇ ਬੈਗ ਵਿੱਚ 4.80 ਲੱਖ ਨਕਦ (ਭਾਰਤੀ ਕਰੰਸੀ) ਅਤੇ ਦੋ ਲੱਖ ਥਾਈਵਾਟ (ਥਾਈਲੈਂਡ ਦੀ ਕਰੰਸੀ) ਮਿਲੇ ਸਨ ਜੋ ਚਾਰਾਂ ਨੇ ਆਪਸ ਵਿੱਚ ਵੰਡ ਲਏ ਸਨ। ਪੁਲੀਸ ਨੇ ਕੋਲੋਂ 2 ਲੱਖ 6 ਹਜ਼ਾਰ ਰੁਪਏ ਅਤੇ 96 ਹਜ਼ਾਰ ਥਾਈਵਾਟ ਬਰਾਮਦ ਕੀਤੇ ਹਨ।