ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ

Posted On December - 11 - 2019

ਲੋਹਗੜ੍ਹ ਹੈੱਡ ’ਤੇ ਸਰਹਿੰਦ ਫੀਡਰ ਨਹਿਰ ਦੀ ਪੁਨਰ ਉਸਾਰੀ ਦਾ ਜਾਇਜ਼ਾ ਲੈਂਦੇ ਹੋਏ ਸਿੰਜਾਈ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ।

ਇਕਰਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 10 ਦਸੰਬਰ
ਪੰਜਾਬ ਦੇ ਸਿੰਜਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸਰਹਿੰਦ ਫੀਡਰ ਦੇ ਲਿਫ਼ਟ ਪੰਪਾਂ ਨੂੰ ਹੋਦੀਆਂ- ਮੋਘਿਆਂ ਵਿਚ ਬਦਲਣ ਤੋਂ ਔਖੇ ਕਿਸਾਨਾਂ ਦੇ ਗੁੱਸੇ ’ਤੇ ਅੱਜ ਭਰੋਸੇ ਵਾਲਾ ‘ਠੰਢਾ’ ਛਿੜਕ ਗਏ। ਸਰਹਿੰਦ ਫੀਡਰ ਦੇ ਪੁਨਰ ਨਿਰਮਾਣ ਦਾ ਜਾਇਜ਼ਾ ਲੈਣ ਪੁੱਜੇ ਮੰਤਰੀ ਨੇ ਆਖਿਆ ਕਿ ਲਿਫ਼ਟ ਪੰਪਾਂ ਦੀ ਨੀਤੀ ਵਿਚਾਰੀ ਜਾਵੇਗੀ ਤੇ ਜੇ ਨਵੀਂ ਨੀਤੀ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਜਾਪਿਆ ਤਾਂ ਬਦਲਵਾਂ ਫ਼ੈਸਲਾ ਲੈਣ ਤੋਂ ਗੁਰੇਜ਼ ਨਹੀਂ ਹੋਵੇਗਾ।
ਸ੍ਰੀ ਸਰਕਾਰੀਆ ਨੇ ਹਰਿਆਣਾ ਖੇਤਰ ਵਿਚ ਸਥਿਤ ਲੋਹਗੜ੍ਹ ਹੈੱਡ ’ਤੇ ਸਰਹਿੰਦ ਫੀਡਰ ਨਹਿਰ ਦੇ ਕਾਰਜ ਦੇ ਨਿਰਮਾਣ ਦੇ ਤਰੀਕੇ ਨੂੰ ਵਾਚਿਆ। ਉਨ੍ਹਾਂ ਆਗਾਮੀ ਵਰ੍ਹੇ ਮਾਰਚ ’ਚ ਸ਼ੁਰੂ ਹੋਣ ਵਾਲੇ ਰਾਜਸਥਾਨ ਕੈਨਾਲ ਦੇ ਨਿਰਮਾਣ ਕਾਰਜ ਦਾ ਅਗਾਊਂ ਜਾਇਜ਼ਾ ਵੀ ਲਿਆ। ਲਿਫ਼ਟ ਪੰਪ ਮੋਰਚਾ ਪੰਜਾਬ ਦੇ ਪ੍ਰਧਾਨ ਬਲਕਾਰ ਸਿੰਘ, ਰਣਯੋਧ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਤਰੀ ਨੂੰ ਮੰਗ ਪੱਤਰ ਦੇ ਕੇ ਲਿਫ਼ਟ ਪੰਪਾਂ ਦੇ ਪੁਰਾਣੇ ਤਰੀਕੇ ਨੂੰ ਬਹਾਲ ਰੱਖਣ ਦੀ ਮੰਗ ਕੀਤੀ। ਸ੍ਰੀ ਸਰਕਾਰੀਆ ਨੇ ਆਖਿਆ ਕਿ ਲਿਫ਼ਟ ਪੰਪ ਧਾਰਕ ਕਿਸਾਨਾਂ ਨੂੰ ਜਾਪਦਾ ਹੈ ਕਿ ਲਿਫ਼ਟ ਪੰਪਾਂ ਨੂੰ ਹੋਦੀ-ਮੋਘੇ ’ਚ ਤਬਦੀਲ ਕਰਨ ਨਾਲ ਉਨ੍ਹਾਂ ਦਾ ਨੁਕਸਾਨ ਹੋਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਪੁਨਰ ਉਸਾਰੀ ਨਾਲ ਸਰਹਿੰਦ ਫੀਡਰ ਦੀ ਪਾਣੀ ਢੋਣ ਦੀ ਸਮਰੱਥਾ ’ਚ ਵਾਧੇ ਤੋਂ ਇਲਾਵਾ ਸੇਮ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਅਤੇ ਟੇਲ ਤੱਕ ਕਿਸਾਨਾਂ ਨੂੰ ਸਿੰਜਾਈ ਲਈ ਪੂਰਾ ਪਾਣੀ ਮਿਲੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਨਹਿਰ ਦੇ ਕੰਮ ’ਚ ਅੜਿੱਕਾ ਨਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸਿਰਫ਼ ਨਿਰਮਾਣ ਕਾਰਜ ਵਿਚ ਅੜਿੱਕਾ ਬਣਨ ਵਾਲੇ ਕੋਠੜੇ ਢਾਹੁਣ ਦੇ ਨਿਰਦੇਸ਼ ਦਿੱਤੇ। ਆਧਨੀਆਂ ਪੁਲ ’ਤੇ ਸਥਿਤ ਬੰਦ ਪਏ ਸਿਲਵਰ ਓਕ ਟੂਰਿਸਟ ਕੇਂਦਰ ਨੂੰ ਬਹਾਲ ਕਰਨ ਅਤੇ ਲੋਹਗੜ੍ਹ ਹੈੱਡ ’ਤੇ ਨਹਿਰ ਕੰਢੇ ਹਾਦਸਿਆਂ ਦੀ ਰੋਕਥਾਮ ਲਈ ਕੰਧ ਕੱਢਣ ਦੀ ਮੰਗ ’ਤੇ ਮੰਤਰੀ ਨੇ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਐੱਮ.ਕੇ ਅਰਵਿੰਦ ਕੁਮਾਰ, ਐੱਸ.ਡੀ.ਐੱਮ ਗੋਪਾਲ ਸਿੰਘ, ਨਾਇਬ ਤਹਿਸੀਲਦਾਰ ਜੇ.ਪੀ ਸਿੰਘ, ਐੱਸ.ਈ. ਲਾਭ ਸਿੰਘ ਚਹਿਲ ਆਦਿ ਹਾਜ਼ਰ ਸਨ।


Comments Off on ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.