ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ

Posted On December - 11 - 2019

ਦਲਬੀਰ ਸਿੰਘ ਸੱਖੋਵਾਲੀਆ

ਸਿੱਖ ਧਰਮ ਵਿੱਚ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਉਨ੍ਹਾਂ ਦੇ ਪਰਿਵਾਰ ਦਾ ਅਹਿਮ ਸਥਾਨ ਹੈ। ਉਨ੍ਹਾਂ ਦਾ ਪਰਿਵਾਰ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨਾਲ ਆਖ਼ਰੀ ਦਮ ਤੱਕ ਨਾਲ ਰਿਹਾ। ਬਾਬਾ ਜੀਵਨ ਸਿੰਘ ਜਰਨੈਲ ਹੋਣ ਦੇ ਨਾਲ-ਨਾਲ ਕਵੀ ਤੇ ਗੁਪਤਚਰ ਵਿਭਾਗ ਦੇ ਮੁਖੀ ਵੀ ਸਨ। ਉਨ੍ਹਾਂ ਦੀ ਰਚਿਤ ਕਿਰਤ ‘ਸ਼੍ਰੀ ਗੁਰੂ ਕਥਾ’ ਵਿੱਚ ਆਪਣੇ ਸਮੇਂ ਦੇ ਧਾਰਮਿਕ, ਸਮਾਜਿਕ, ਰਾਜਸੀ ਹਾਲਾਤ ਬਾਰੇ ਜਾਣਕਾਰੀ ਮਿਲਦੀ ਹੈ। ਬਾਬਾ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਨਾਲ ਵੱਖ ਵੱਖ ਜੰਗਾਂ ਵਿੱਚ ਹਿੱਸਾ ਲਿਆ ਤੇ ਬਹਾਦਰੀ ਦੇ ਜੋਹਰ ਦਿਖਾਏ। ਤਲਵਾਰ ਦੇ ਧਨੀ, ਘੋੜਸਵਾਰੀ ’ਚ ਨਿਪੁੰਨ ਅਤੇ ਵਫਾਦਾਰ ਯੋਧੇ ਦਾ ਜਨਮ 1661 ਈਸਵੀ ਵਿੱਚ ਪਿਤਾ ਸਦਾਨੰਦ ਅਤੇ ਮਾਤਾ ਲਾਜਵੰਤੀ ਦੇ ਘਰ ਹੋਇਆ। ਇਤਿਹਾਸ ’ਤੇ ਪੰਛੀ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਆਪਣੀ ਦੂਸਰੀ ਯਾਤਰਾ ਪਟਨਾ (ਬਿਹਾਰ) ਗਏ ਸਨ ਤਾਂ ਉਸ ਵੇਲੇ ਗੁਰੂ ਕੇ ਮਹਿਲ (ਮਾਤਾ ਗੁਜਰੀ ਜੀ) ਭਾਈ ਸਦਾਨੰਦ ਅਤੇ ਉਨ੍ਹਾਂ ਦੀ ਪਤਨੀ ਪ੍ਰੇਮੋ (ਮਾਤਾ ਲਾਜਵੰਤੀ ) ਵੀ ਨਾਲ ਗਏ ਸਨ, ਜਿੱਥੇ ਭਾਈ ਜੈਤਾ ਦਾ ਜਨਮ ਹੋਇਆ। ਦਲਬੀਰ ਸਿੰਘ ਦੀ ਕਿਤਾਬ ‘ਵਰਿਆਮ ਇਕੇਲਾ’ ਅਨੁਸਾਰ ਕੱਥੂਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣ ਵਾਲੇ ਭਾਈ ਕਲਿਆਣਾ ਦੇ ਪੁੱਤਰ ਸੁੱਖਭਾਨ ਹੋਏ। ਅੱਗੋਂ ਉਸ ਦੇ ਪੁੱਤਰ ਜਸਭਾਨ ਦੇ ਦੋ ਪੁੱਤਰ ਆਗਿਆ ਰਾਮ ਅਤੇ ਭਾਈ ਸਦਾਨੰਦ ਹੋਏ। ਭਾਈ ਸਦਾਨੰਦ ਬਚਪਨ ਤੋਂ ਸਾਧੂ ਸੁਭਾਅ ਦੇ ਹੋਣ ਕਾਰਨ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆ ਗਏ। ਇੱਥੇ ਨੌਵੇਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਵੱਲੋਂ ਜਾਤ-ਪਾਤ ਮਿਟਾਉਣ ਦੀ ਪਹਿਲਕਦਮੀ ਕਰਦਿਆਂ ਭਾਈ ਸਦਾਨੰਦ ਦਾ ਵਿਆਹ ਦਿੱਲੀ ਦੇ ਸੰਗੀਤ ਘਰਾਣੇ ਦੇ ਪੰਡਿਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਨਾਲ ਕੀਤਾ ਗਿਆ। ਮਾਤਾ ਨਾਨਕੀ ਅਤੇ ਮਾਤਾ ਗੁਜਰੀ ਨੇ ਲਾਜਵੰਤੀ ਦਾ ਨਾਂ ਬਾਅਦ ’ਚ ਪ੍ਰੇਮੋ ਰੱਖਿਆ ਸੀ, ਜਿਸ ਦੀ ਕੁੱਖੋਂ ਦੋ ਪੁੱਤਰ ਜੈਤਾ (ਬਾਬਾ ਜੀਵਨ ਸਿੰਘ) ਅਤੇ ਸੰਗਤਾ (ਭਾਈ ਸੰਗਤ ਸਿੰਘ) ਪੈਦਾ ਹੋਏ।
ਬਾਬਾ ਜੀਵਨ ਸਿੰਘ ਯੁੱਧ ਵਿੱਦਿਆ ਦੇ ਮਾਹਰ, ਰਹਿਤਨਾਮਾਕਾਰ, ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਦੀ ਲਿਖੀ ਰਚਨਾ ‘ਸ਼੍ਰੀ ਗੁਰੂ ਕਥਾ’ ਵਿੱਚ ਦਰਜ ਹੈ, ‘‘ਪ੍ਰਭ ਕ੍ਰਿਪਾ ਕਰ ਦੀਜੀਏ ਜੀਵਨ ਸਿੰਘ ਕੋ ਦਾਨ। ਤਨ ਮਨ ਧਨ ਅਰਪਿਤ ਕਰਹੂੰ ਪ੍ਰੀਤੀ ਕੇ ਪ੍ਰਮਾਨ।’’ ਇਸੇ ਰਚਨਾ ਵਿੱਚ ਉਸ ਸਮੇਂ ਦੀ ਇਤਿਹਾਸਿਕ ਜਾਣਕਾਰੀ ਵੀ ਲਿਖੀ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਸਬੱਬ ਬਣਿਆ, ਔਰੰਗਜ਼ੇਬ ਦੀ ਕੂਟਨੀਤੀ ਕੀ ਸੀ, ਦਸਵੇਂ ਗੁਰੂ ਨਾਲ ਪਹਾੜੀ ਰਾਜਿਆਂ ਵੱਲੋਂ ਸਾੜਾ ਕਿਉਂ ਕੀਤਾ ਜਾਂਦਾ ਰਿਹਾ। ਨਿਸ਼ਾਨ ਸਿੰਘ ਗੰਡੀਵਿੰਡ ਦੀ ਲਿਖੀ ਕਿਤਾਬ ‘ਸ਼ਹੀਦ ਬਾਬਾ ਜੀਵਨ ਸਿੰਘ, ਜੀਵਨ ਰਚਨਾ ਅਤੇ ਵਿਆਖਿਆ’ ਨੂੰ ਘੋਖਣ ’ਤੇ ਉਨ੍ਹਾਂ ਦੁਆਰਾ ਰਚਿਤ ਸਾਹਿਤ ਵਿੱਚ ਖ਼ਾਲਸੇ ਦੀ ਸਾਜਨਾ ਦਾ ਜ਼ਿਕਰ ਮਿਲਦਾ ਹੈ। ਇਸ ਵਿੱਚ ਹੀ ਦਸਵੇਂ ਗੁਰੂ ਦੀਆਂ ਗਤੀਵਿਧੀਆਂ, ਸੇਵਾ, ਭਗਤੀ, ਕੁਰਬਾਨੀ ਅਤੇ ਆਤਮਿਕ ਸੱਚਾਈਆਂ ਵੀ ਕਲਮਬਧ ਕੀਤੀਆਂ ਗਈਆਂ ਹਨ। ਇੱਥੋ ਹੀ ਇੱਕ ਨਿਪੁੰਨ ਜਰਨੈਲ ਦੇ ਨੀਤੀਵਾਨ ਅਤੇ ਯੋਜਨਾਬੱੱਧ ਤਰੀਕੇ ਨਾਲ ਕੰਮ ਕਰਨ ਦਾ ਵੀ ਪਤਾ ਲੱਗਦਾ ਹੈ। ਜਦੋਂ ਨੌਵੇਂ ਗੁਰੂ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਗੁਰੂ ਜੀ ਦੁਆਰਾ ਭਾਈ ਜੈਤਾ ਨੂੰ 57 ਸਲੋਕ, ਪੰਜ ਪੈਸੇ, ਨਾਰੀਅਲ ਅਤੇ ਹੋਰ ਸਮੱਗਰੀ ਦੇ ਕੇ ਆਨੰਦਪੁਰ ਸਾਹਿਬ ਭੇਜਿਆ ਗਿਆ, ਜੋ ਬਾਲ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਨੂੰ ਦਸਵੇਂ ਗੁਰੂ ਦੇ ਰੂਪ ਵਿੱਚ ਗੁਰਤਾਗੱਦੀ ਦਿੱਤੀ ਗਈ। ਭਾਈ ਜੈਤਾ ਜੀ ਦੁਆਰਾ ਉਸ ਸਮੇਂ ਖ਼ਤਰੇ ਭਰੇ ਹਾਲਾਤ ਵਿੱਚ ਦਿੱਲੀ ਤੋਂ ਇਹ ਸਮੱਗਰੀ ਆਨੰਦਪੁਰ ਸਾਹਿਬ ਲੈ ਕੇ ਆਉਣਾ ਅਤੇ ਦਿੱਲੀ ’ਚ ਵਾਪਰ ਰਹੇ ਘਟਨਾਕ੍ਰਮ ਤੋਂ ਜਾਣੂ ਕਰਵਾ ਕੇ ਫਿਰ ਦਿੱਲੀ ਨੂੰ ਜਾਣਾ ਕਿਸੇ ਮਹਾਨ ਜਰਨੈਲ ਦਾ ਹੀ ਕੰਮ ਹੋ ਸਕਦਾ ਹੈ। ਇਹ ਕੋਈ ਛੋਟੀ ਘਟਨਾ ਨਹੀਂ ਸੀ। 1675 ਵਿੱਚ ਨੌਵੇਂ ਗੁਰੂ ਤੇਗ ਬਹਾਦਰ ਦੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋਣ ਤੋਂ ਬਾਅਦ ਜਦੋਂ ਭਾਈ ਜੈਤਾ, ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਤਾਂ ਬਾਲ ਗੁਰੂ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦਿੱਤਾ।
ਗੁਰੂ ਗੋਬਿੰਦ ਸਿੰਘ ਦੁਆਰਾ 1699 ’ਚ ਜਦੋਂ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ ਤਾਂ ਉਸ ਵੇਲੇ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਨਾਲ ਭਾਈ ਜੈਤਾ ਨੂੰ ਅੰਮ੍ਰਿਤ ਛਕਾਇਆ ਤੇ ਬਾਬਾ ਜੀਵਨ ਸਿੰਘ ਦਾ ਨਾਂ ਦਿੱਤਾ। ਮਾਤਾ ਗੁਜਰੀ ਜੀ ਵੱਲੋਂ ਉਨ੍ਹਾਂ ਦੀ ਮਾਤਾ ਦਾ ਨਾਂ ਪ੍ਰੇਮੋ ਰੱਖੇ ਜਾਣ ਅਤੇ ਦਸਵੇਂ ਗੁਰੂ ਵੱਲੋਂ ਚਾਰ ਸਾਹਿਬਜ਼ਾਦਿਆਂ ਨਾਲ ਅੰਮ੍ਰਿਤ ਛਕਾ ਕੇ ਭਾਈ ਜੈਤਾ ਤੋਂ ਜੀਵਨ ਸਿੰਘ ਨਾਂ ਦਿੱਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪਿਤਾ ਭਾਈ ਸਦਾਨੰਦ ਅਤੇ ਬਾਬਾ ਜੀਵਨ ਸਿੰਘ ਗੁਰੂ ਘਰ ਦੇ ਕਿੰਨੇ ਕਰੀਬੀ ਤੇ ਵਿਸਵਾਸ਼ਪਾਤਰ ਹੋਣਗੇ।
ਬਾਬਾ ਜੀਵਨ ਸਿੰਘ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੱਤਕਾ, ਘੋੜਸਵਾਰੀ ਅਤੇ ਯੁੱਧ ਦੇ ਹੋਰ ਦਾਅ ਪੇਚ ਸਿਖਾਉਣ ਦਾ ਮਾਣ ਵੀ ਮਿਲਿਆ ਹੈ। ਉਹ ਇੱਕੋ-ਇੱਕ ਅਜਿਹੇ ਯੋਧੇ ਹੋਏ, ਜੋ ਆਪਣੀਆਂ ਦੋ ਬੰਦੂਕਾਂ ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ। ਬਲਦੇਵ ਸਿੰਘ ਸੜਕਨਾਮਾ ਨੇ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ’ਚ ਜ਼ਿਕਰ ਕੀਤਾ ਹੈ, ‘‘ਭਾਈ ਜੈਤਾ ਜੀ ਨੇ ਚਾਂਦਨੀ ਚੌਕ ਦਿੱਲੀ ’ਚ ਗੁਰੂ ਜੀ ਦਾ ਸੀਸ ਚੁੱਕਣ ਤੋਂ ਪਹਿਲਾਂ ਆਪਣੇ ਪਿਤਾ ਸਦਾਨੰਦ ਨੂੰ ਸ਼ਹੀਦ ਕਰ ਕੇ ਉਸ ਦਾ ਸੀਸ ਗੁਰੂ ਜੀ ਦੇ ਧੜ ਨਾਲ ਟਿਕਾਇਆ।’’ ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨਾਲ ਆਖ਼ਰੀ ਦਮ ਤੱਕ ਬਿਖੜੇ ਰਾਹਾਂ ਦਾ ਪਾਂਧੀ ਬਣਿਆ ਰਿਹਾ। ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਸਰਸਾ ਨਦੀ ਕੰਢੇ ਸ਼ਹੀਦ ਹੋ ਗਏ। ਜਦੋਂ ਕਿ ਉਨ੍ਹਾਂ ਦੇ ਮਾਤਾ ਪ੍ਰੇਮੋ, ਪਤਨੀ ਰਾਜ ਕੌਰ, ਜੋ ਸਿਰਸਾ ਨਦੀ ਕੰਢੇ ਜਾਂ ਤਾਂ ਸ਼ਹੀਦ ਹੋ ਗਏ ਜਾਂ ਨਦੀ ’ਚ ਵਹਿ ਗਏ। ਉਨ੍ਹਾਂ ਦੇ ਪੁੱੱਤਰ ਸੇਵਾ ਸਿੰਘ ਅਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਸਹੁਰਾ ਭਾਈ ਖਜਾਨ ਸਿੰਘ ਰਿਆੜ (ਵਾਸੀ ਪੱਟੀ), ਚਮਕੌਰ ਦੀ ਗੜ੍ਹੀ ਦੀ ਅਸਾਂਵੀ ਜੰਗ ਦੌਰਾਨ ਸ਼ਹੀਦ ਹੋ ਗਏ।
ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡਣ ਦੀ ਸਲਾਹ ਦਿੱਤੀ ਤਾਂ ਗੁਰੂ ਜੀ ਨੇ ਬਾਬਾ ਜੀਵਨ ਸਿੰਘ ਨੂੰ ਆਪਣੀ ਦਸਤਾਰ ਤੇ ਕਲਗੀ ਸਜਾ ਕੇ ਗੜ੍ਹੀ ਦੀ ਮਮਟੀ ’ਤੇ ਬਿਠਾਇਆ ਤਾਂ ਜੋ ਗੁਰੂ ਗੋਬਿੰਦ ਸਿੰਘ ਦੇ ਯੁੱਧ ਵਿੱਚ ਦੁਸ਼ਮਣ ਫੌਜਾਂ ਨੂੰ ਹਾਜ਼ਰ ਹੋਣ ਦਾ ਭੁਲੇਖਾ ਪੈਂਦਾ ਰਹੇ। ਕਈ ਲੇਖਕਾਂ ਨੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾਉਣ ਦਾ ਯਤਨ ਕੀਤਾ ਹੈ ਪਰ ਦਸਵੇਂ ਗੁਰੂ ਦੇ ਦਰਬਾਰੀ ਕਵੀ ਭਾਈ ਕੰਕਣ (ਮੌਤ 1710) ਵੱਲੋਂ ਰਚਿਤ ‘ਸੰਛੇਪ ਦਸ ਗੁਰੂ ਕਥਾ’ ਦੇ ਪੰਨਾ ਨੰਬਰ-66 ’ਤੇ ਲਿਖਿਆ ਹੈ : ਨਿਜ ਕਲਗੀ ਸਿਰ ਦਈ ਸਜਾਇ, ਦਈ ਪੁਸਾਕ ਆਪਨੀ ਪਹਿਰਾਇ। ਜੀਵਨ ਸਿੰਘ ਕੋ ਬੁਰਜ ਬਠਾਇ ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਇ।
ਬਾਬਾ ਜੀਵਨ ਸਿੰਘ ਗੜੀ ਦੀ ਮਮਟੀ ’ਤੇ ਆਪਣੀ ਬੰਦੂਕ ਨਾਗਣੀ ਅਤੇ ਬਾਗਣੀ ਨਾਲ ਫੌਜਾਂ ਨੂੰ ਟੱਕਰ ਦਿੰਦੇ ਰਹੇ ਤੇ ਅੰਤ ਨੂੰ ਸ਼ਹੀਦ ਹੋ ਗਏ। ਬਾਬਾ ਜੀਵਨ ਸਿੰਘ ਚਮਕੌਰ ਦੀ ਗੜ੍ਹੀ ਦੇ ਉਨ੍ਹਾਂ ਆਖ਼ਰੀ ਅੱਠ ਸਿੰਘਾਂ ਵਿੱਚ ਸ਼ਾਮਲ ਸਨ, ਜੋ 23 ਦਸੰਬਰ 1704 ਨੂੰ ਦੁਸ਼ਮਣ ਦੀਆਂ ਫ਼ੌਜਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ।
ਜਸਵੰਤ ਸਿੰਘ ਚੰਡੀਗੜ੍ਹ ਨੇ ਆਪਣੀ ਕਿਤਾਬ ‘ਗੁਰੂ ਕੇ ਬੇਟੇ’ ਵਿੱਚ ਭਾਈ ਕੰਕਣ ਦੁਆਰਾ ‘ਸੰਛੇਪ ਦਸ ਗੁਰੂ ਕਥਾ’ ਦੇ ਪੰਨਾ ਨੰਬਰ-66 ਦਾ ਜ਼ਿਕਰ ਕੀਤਾ, ‘‘ਅੰਤ ਇਕੇਲੇ ਗੜ੍ਹੀ ਮੇਂ ਬੰਦੂਕੀ ਪ੍ਰਬੀਨ। ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਹਓ ਸੰਗ ਦੀਨ। ਵਜੀਰਾ ਅਤਿ ਪ੍ਰਸੰਨ ਭਯੋ, ਲੀਓ ਮਾਰ ਗੋਬਿੰਦ। ਦਿੱਲੀ ਧਾਇਓ ਸੀਸ ਲੈ ਖੁਸ਼ ਕਰਨ ਨਰਿੰਦ।’’
ਮੁਗ਼ਲ ਫ਼ੌਜਾਂ ਬਾਬਾ ਜੀਵਨ ਸਿੰਘ ਦਾ ਕਲਗੀ ਲੱਗਾ ਸੀਸ, ਗੁਰੂ ਗੋਬਿੰਦ ਸਿੰਘ ਦਾ ਸਮਝ ਕੇ ਪਹਿਲਾਂ ਸਰਹਿੰਦ ਲੈ ਗਏ ਅਤੇ ਫਿਰ ਦਿੱਲੀ ਵਿੱਚ ਔਰੰਗਜ਼ੇਬ ਨੂੰ ਦਿਖਾਉਣ ਲੈ ਗਏੇ ਸਨ ਪਰ ਔਰੰਗਜ਼ੇਬ ਦੀ ਪੁੱਤਰੀ ਜੈਬੋਨਿਸ਼ਾ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ। ਇਤਿਹਾਸਕਾਰ ਲਕਸ਼ਮਣ ਸਿੰਘ ਗਿੱਲ ਕਿਤਾਬ ‘ਉਮਰ ਕੈਦੀ’ ਵਿੱਚ ਲਿੱਖਦਾ ਹੈ ,‘‘ਉਹ ਸ਼ਕਤੀਸ਼ਾਲੀ ਯੋਧਾ ਦਸਮੇਸ਼ ਦਲਾਂ ਦੇ ਜਰਨੈਲ ਅਤੇ ਸਿੱਖ ਗੁਪਤ ਵਿਭਾਗ ਦੇ ਮੁਖੀ, ਤੀਖਣਬੁੱਧੀ, ਸਤਿਕਾਰਤ, ਨਿਡਰ ਅਤੇ ਸੂਰਮਗਤੀ ਦਾ ਮਾਲਕ ਹੋਇਆ।’’
ਦੁੱਖਦਾਈ ਗੱਲ ਇਹ ਹੈ ਕਿ ਅਜਿਹੇ ਮਹਾਨ ਜਰਨੈਲ ਅਤੇ ਉਸ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਿੱਖ ਸੰਗਤ ਭੁੱਲਦੀ ਜਾ ਰਹੀ ਹੈ ਅਤੇ ਕੁਝ ਲੇਖਕਾਂ ਤੇ ਇਤਿਹਾਸਕਾਰਾਂ ਵੱਲੋਂ ਵੀ ਭਰਮ-ਭੁਲੇਖੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੰਪਰਕ: 97734-79439


Comments Off on ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.