ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ

Posted On December - 8 - 2019

ਸੁਭਾਸ਼ ਪਰਿਹਾਰ

ਇਕ ਪੁਸਤਕ-ਇਕ ਨਜ਼ਰ

ਗਿਆਰ੍ਹਵੀਂ ਸਦੀ ਤੋਂ ਪੰਦਰ੍ਹਵੀਂ ਸਦੀ ਤੀਕ ਪੰਜਾਬ ਦੀ ਰਾਜਨੀਤੀ, ਸਮਾਜ ਅਤੇ ਸਭਿਆਚਾਰ ਬਾਰੇ ਸਾਡੀ ਜਾਣਕਾਰੀ ਨਿਗੂਣੀ ਹੈ। ਕਿਤਾਬ ਦੇ ਰੂਪ ਵਿਚ ਇਸ ਬਾਰੇ ਹੁਣ ਤੀਕ ਸਿਰਫ਼ ਦੋ ਲਿਖਤਾਂ ਸਨ- ਬਖ਼ਸ਼ੀਸ਼ ਸਿੰਘ ਨਿੱਜਰ ਦੀ 1968 ਵਿਚ ਛਪੀ Panjab under the Sultans 1000-1526 A.D. ਅਤੇ ਫ਼ੌਜਾ ਸਿੰਘ ਵੱਲੋਂ ਸੰਪਾਦਿਤ, 1972 ਵਿਚ ਛਪੀ History of the Punjab (A.D. 1000-1526)। ਇਹ ਦੋਵੇਂ ਕਿਤਾਬਾਂ ਅੱਧੀ ਸਦੀ ਪਹਿਲੇ ਪਰੰਪਰਿਕ ਸ਼ੈਲੀ ਵਿਚ ਲਿਖੀਆਂ ਗਈਆਂ ਸਨ। ਇਸ ਤੋਂ ਬਾਅਦ ਦੀ ਅੱਧੀ ਸਦੀ ਦੌਰਾਨ ਇਤਿਹਾਸ ਲਿਖਣ ਦੀਆਂ ਪ੍ਰਵਿਰਤੀਆਂ ਵਿਚ ਢੇਰ ਪਰਿਵਰਤਨ ਹੋ ਚੁੱਕੇ ਹਨ। ਅਜਿਹੇ ਹਾਲਾਤ ਵਿਚ ਡਾ. ਸੁਰਿੰਦਰ ਸਿੰਘ ਦੀ ਹੁਣੇ ਛਪੀ ਕਿਤਾਬ The Making of Medieval Panjab: Politics, Society and Culture c. 1000-c.1500 ਸਵਾਗਤ ਦੀ ਹੱਕਦਾਰ ਹੈ।
ਡਾ. ਸੁਰਿੰਦਰ ਸਿੰਘ ਸਹਿਜ ਤੁਰਨ ਵਾਲਾ ਵਿਦਵਾਨ ਹੈ। ਉਸ ਨੇ ਪਹਿਲੇ ਕੁਝ ਸਾਲ ਲਾਇਲਪੁਰ ਖਾਲਸਾ ਕਾਲਜ, ਜਲੰਧਰ ਅਤੇ ਬਾਕੀ ਸਾਰੀ ਉਮਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿਚ ਅਧਿਆਪਨ ਕਾਰਜ ਕੀਤਾ ਹੈ। ਉਸ ਦਾ ਨਾਂ ਪੰਜਾਬ ਦੇ ਉਨ੍ਹਾਂ ਗਿਣਤੀ ਦੇ ਸੰਜੀਦਾ ਵਿਦਵਾਨਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਅਧਿਆਪਨ ਅਤੇ ਖੋਜ ਨੂੰ ਸਮਰਪਿਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਦੋ ਕਿਤਾਬਾਂ ਲਿਖੀਆਂ ਹਨ ਅਤੇ ਤਿੰਨ ਕਿਤਾਬਾਂ ਦਾ ਸੰਪਾਦਨ ਕੀਤਾ ਹੈ। ਇਸ ਤੋਂ ਇਲਾਵਾ ਉਸ ਦੇ ਪੰਜ ਦਰਜਨ ਦੇ ਲਗਭਗ ਖੋਜ-ਪੱਤਰ ਛਪ ਚੁੱਕੇ ਹਨ। ਵਰਤਮਾਨ ਕਿਤਾਬ ਉਸ ਦੇ ਲੰਮੇ ਅਧਿਐਨ ਦਾ ਪਰਿਣਾਮ ਹੈ ਜੋ ਪੂਰੀ ਤਰ੍ਹਾਂ ਨਾਲ ਮੂਲ ਸੋਮਿਆਂ ਦੇ ਡੂੰਘੇ ਅਧਿਐਨ ’ਤੇ ਆਧਾਰਿਤ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮੰਨੇ-ਪ੍ਰਮੰਨੇ ਇਤਿਹਾਸਕਾਰ ਪ੍ਰੋਫ਼ੈਸਰ ਹਰਬੰਸ ਮੁਖੀਆ ਨੇ ਇਸ ਕਿਤਾਬ ਨੂੰ ‘ਕਲਪਨਾਸ਼ੀਲ ਇਤਿਹਾਸਕਾਰ ਸੁਰਿੰਦਰ ਸਿੰਘ ਵੱਲੋਂ ਇਤਿਹਾਸ ਦੀਆਂ ਬੁੱਕਸ਼ੈਲਫ਼ਾਂ ’ਤੇ ਸ਼ਾਨਦਾਰ ਵਾਧਾ’ ਕਰਾਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ‘ਜਿਨ੍ਹਾਂ ਵਿਸ਼ਿਆਂ ’ਤੇ ਉਸ ਨੇ ਮੁਹਾਰਤ ਨਾਲ ਪੜਚੋਲ ਕੀਤੀ ਹੈ ਆਮ ਨਾਲੋਂ ਵੱਖਰੇ ਹਨ ਅਤੇ ਇਨ੍ਹਾਂ ’ਤੇ ਆਪਣੇ ਵਿਸ਼ਾਲ ਗਿਆਨ ਦਾ ਪ੍ਰਭਾਵ ਪਾਇਆ ਹੈ। ਕੁਝ ਮਹੱਤਵਪੂਰਣ ਪੱਖਾਂ ਤੋਂ ਉਸ ਨੇ ਇਸ ਖਿੱਤੇ (ਪੰਜਾਬ) ਦੇ ਮੱਧਕਾਲੀ ਇਤਿਹਾਸ ਨੂੰ ਨਵੇਂ ਸਿਰਿਓਂ ਪ੍ਰਭਾਸ਼ਿਤ ਕੀਤਾ ਹੈ।’
ਪੰਜਾਬ ਆਪਣੇ ਸੰਪੂਰਨ ਰੂਪ ਵਿਚ, ਪੂਰਬ ਵਿਚ ਸਿੰਧ ਦਰਿਆ ਤੋਂ ਲੈ ਕੇ ਪੱਛਮ ਵਿਚ ਜਮੁਨਾ ਦਰਿਆ ਤੀਕ, ਉੱਤਰ ਵਿਚ ਹਿਮਾਲਿਆ ਦੀਆਂ ਪਹਾੜੀਆਂ ਤੋਂ ਸ਼ੁਰੂ ਹੋ ਕੇ ਦੱਖਣ ਵਿਚ ਰਾਜਸਥਾਨ ਦੇ ਰੇਗਿਸਤਾਨ ਤੀਕ ਫੈਲਿਆ ਹੋਇਆ ਹੈ। ਇਸ ਵਿਸ਼ਾਲ ਇਲਾਕੇ ਦਾ ਇਤਿਹਾਸ ਘੱਟੋ-ਘੱਟ 5000 ਸਾਲ ਪੁਰਾਣਾ ਹੈ। ਪਰ ਜੋ ਕੁਝ ਇਸ ਦੇ ਬਾਰੇ ਲਿਖਿਆ ਜਾਂ ਪੜ੍ਹਾਇਆ ਜਾਂਦਾ ਹੈ ਉਹ ਬਹੁਤ ਸੰਕੁਚਿਤ ਭੂਗੋਲਿਕ ਖੇਤਰ ਅਤੇ ਬਹੁਤ ਸੰਖੇਪ ਕਾਲ ਬਾਰੇ ਇਕਹਿਰਾ ਜਿਹਾ ਪਾਠ ਹੈ ਜਿਸ ਵਿਚੋਂ ਇਸ ਖਿੱਤੇ ਦੀ ਸਭਿਆਚਾਰਕ ਵੰਨ-ਸੁਵੰਨਤਾ ਗ਼ਾਇਬ ਹੁੰਦੀ ਹੈ।
ਹਥਲੀ ਕਿਤਾਬ ਦੇ ਪਹਿਲੇ ਪਾਠ ਵਿਚ ਲੇਖਕ ਬਾਕੀ ਅਧਿਐਨ ਲਈ ਪਿੱਠਭੂਮੀ ਪੇਸ਼ ਕਰਦਾ ਹੈ ਜਿਸ ਵਿਚ ਉਹ ਕਿਤਾਬ ਲਈ ਵਰਤੇ ਮੂਲ ਸੋਮਿਆਂ ਬਾਰੇ ਅਤੇ ਸਲਤਨਤ ਕਾਲ (1000-1526) ਦੇ ਇਤਿਹਾਸ-ਲੇਖਣ ਵਿਚ ਮੁੱਖ ਪ੍ਰਵਿਰਤੀਆਂ ਦਾ ਬਿਆਨ ਕਰਨ ਦੇ ਨਾਲ ਨਾਲ ਸੂਫ਼ੀਵਾਦ ਵਿਸ਼ੇ ’ਤੇ ਹੁਣ ਤੀਕ ਹੋਏ ਖੋਜ ਕਾਰਜ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਤੋਂ ਬਾਅਦ ਸਾਰੀ ਸਮੱਗਰੀ ਨੂੰ ਵਿਸ਼ਾਗਤ ਅਧਿਆਇਆਂ ਦੇ ਰੂਪ ਵਿਚ ਪੇਸ਼ ਕੀਤਾ ਹੈ।
ਪਹਿਲਾ ਨੰਬਰ ਆਉਂਦਾ ਹੈ ਪੰਜਾਬ ਦੇ ਰਾਜਨੀਤਿਕ ਹਾਲਾਤ ਦਾ, ਕਿਉਂਕਿ ਰਾਜਨੀਤੀ ਹੀ ਉਹ ਢਾਂਚਾ ਹੈ ਜਿਸ ਉੱਪਰ ਬਾਕੀ ਪਹਿਲੂਆਂ ਦੀ ਇਮਾਰਤ ਉਸਰਦੀ ਹੈ। ਗਿਆਰ੍ਹਵੀਂ ਸਦੀ ਦੇ ਸ਼ੁਰੂ ਤੋਂ ਹੀ ਗ਼ਜ਼ਨੀ ਦੇ ਸੁਲਤਾਨ ਮਹਿਮੂਦ ਨੇ ਭਾਰਤ ’ਤੇ ਹਮਲੇ ਕਰਕੇ ਇੱਥੋਂ ਦੀ ਅਕੂਤ ਦੌਲਤ ਆਪਣੇ ਰਾਜ ਵਿਚ ਢੋਹਣੀ ਸ਼ੁਰੂ ਕਰ ਦਿੱਤੀ ਅਤੇ ਇਹ ਵਰਤਾਰਾ ਅਗਲੀ ਚੌਥਾਈ ਸਦੀ ਦੌਰਾਨ ਜਾਰੀ ਰਿਹਾ। ਇਨ੍ਹਾਂ ਹਮਲਿਆਂ ਦਾ ਇਕ ਨਤੀਜਾ ਇਹ ਵੀ ਹੋਇਆ ਕਿ ਲਾਹੌਰ ਦੇ ਪੱਛਮ ਵਾਲਾ ਪੰਜਾਬ ਬਾਕੀ ਪੰਜਾਬ ਨਾਲੋਂ 200 ਵਰ੍ਹੇ ਪਹਿਲੇ ਹੀ ਗ਼ਜ਼ਨੀ ਸਾਮਰਾਜ ਦਾ ਹਿੱਸਾ ਬਣ ਗਿਆ। ਇਸ ’ਤੇ ਮੱਧ ਪੂਰਬੀ ਸਭਿਆਚਾਰ ਦਾ ਪ੍ਰਭਾਵ ਪੈਣਾ ਹੀ ਸੀ। 1192 ਵਿਚ ਗ਼ਜ਼ਨੀ ਦੇ ਹੀ ਸੁਲਤਾਨ ਮੁਹੰਮਦ ਗੌਰੀ ਨੇ ਦਿੱਲੀ ਫ਼ਤਹਿ ਕਰਕੇ ਭਾਰਤ ਦੇ ਇਤਿਹਾਸ ਨੂੰ ਨਵਾਂ ਅਤੇ ਵੱਡਾ ਮੋੜ ਦੇ ਦਿੱਤਾ। ਇਨ੍ਹਾਂ ਦੋਵਾਂ ਸੁਲਤਾਨਾਂ ਦੀਆਂ ਜਿੱਤਾਂ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਵੀ ਹੋਇਆ, ਵਿਸ਼ੇਸ਼ ਤੌਰ ’ਤੇ ਜੱਟ ਅਤੇ ਖੋਖਰ ਕਬੀਲਿਆਂ ਵੱਲੋਂ। ਯਾਦ ਰਹੇ ਕਿ ਆਖ਼ਰਕਾਰ 1206 ਵਿਚ ਮੁਹੰਮਦ ਗੌਰੀ ਖੋਖਰਾਂ ਹੱਥੋਂ ਹੀ ਮਾਰਿਆ ਗਿਆ ਸੀ।
ਜਿਵੇਂ ਜਿਵੇਂ ਕੋਈ ਰਾਜ ਫੈਲਦਾ ਜਾਂਦਾ ਹੈ ਹਾਕਮ ਸਾਰੇ ’ਤੇ ਸਿੱਧੀ ਹਕੂਮਤ ਨਹੀਂ ਕਰ ਸਕਦਾ ਅਤੇ ਉਸ ਨੂੰ ਆਪਣੀ ਸ਼ਕਤੀ ਹੇਠਾਂ ਵੰਡਣੀ ਪੈਂਦੀ ਹੈ। ਸੁਲਤਾਨ ਵੀ ਆਪਣੇ ਜਿੱਤੇ ਇਲਾਕੇ ਨੂੰ ਲੜਾਈਆਂ ਵਿਚ ਆਪਣੇ ਸਹਾਇਕ ਸਾਥੀਆਂ ਨੂੰ ਇਕਤਿਆਂ (ਜਾਗੀਰਾਂ) ਦੇ ਰੂਪ ਵਿਚ ਦੇ ਦਿੰਦੇ ਸਨ ਜਿਸ ਤੋਂ ਉਨ੍ਹਾਂ ਨੂੰ ਮਾਲੀਆ ਉਗਰਾਹੁਣ ਦਾ ਅਧਿਕਾਰ ਮਿਲ ਜਾਂਦਾ ਸੀ। ਪਰ ਹਰ ਇਕਤਾਦਾਰ ਆਪਣੇ ਆਪ ਨੂੰ ਕੇਂਦਰੀ ਕੰਟ੍ਰੋਲ ਤੋਂ ਸੁਤੰਤਰ ਕਰਨ ਦੀ ਤਾਕ ਵਿਚ ਰਹਿੰਦਾ ਸੀ। ਇਨ੍ਹਾਂ ਸਭਨਾ ਸੱਤਾ-ਅਭਿਲਾਸ਼ੀਆਂ ਨੂੰ ਨਿਰੰਤਰ ਕਾਬੂ ਵਿਚ ਰੱਖਣਾ ਸੁਲਤਾਨ ਲਈ ਕੋਈ ਸੌਖਾ ਕੰਮ ਨਹੀਂ ਸੀ। ਸ਼ੁਰੂ ਦੇ ਸੁਲਤਾਨਾਂ ਨੇ ਇਸ ਕੰਮ ਲਈ ਅੰਨ੍ਹੀ ਤਾਕਤ ਦੀ ਵਰਤੋਂ ਕੀਤੀ।
1221 ਤੋਂ ਸ਼ੁਰੂ ਹੋ ਕੇ ਅਗਲੀ ਪੂਰੀ ਸਦੀ ਸਾਰਾ ਇਸਲਾਮੀ ਜਗਤ ਮੰਗੋਲਾਂ ਦੇ ਹਮਲਿਆਂ ਦੀ ਭਿਆਨਕ ਹਨੇਰੀ ਦੀ ਮਾਰ ਹੇਠ ਰਿਹਾ। ਇਸ ਨੇ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਇਸਲਾਮੀ ਜਗਤ ਨੂੰ ਤਬਾਹ ਕਰ ਦਿੱਤਾ। ਇਸ ਤਬਾਹੀ ਦੀ ਮਾਰ ਤੋਂ ਬਚਣ ਲਈ ਮੱਧ ਪੂਰਬ ਦੇ ਮੁਸਲਮਾਨ ਸਰਦਾਰਾਂ, ਵਿਦਵਾਨਾਂ ਅਤੇ ਸੂਫ਼ੀਆਂ ਅਤੇ ਹੋਰ ਅਨੇਕ ਲੋਕਾਂ ਲਈ ਭਾਰਤ ਪਨਾਹਗਾਹ ਬਣ ਗਈ ਜਿਸ ਦਾ ਭਾਰਤੀ ਜੀਵਨ ਦੇ ਹਰ ਪਹਿਲੂ ’ਤੇ ਡੂੰਘਾ ਪ੍ਰਭਾਵ ਪਿਆ।
ਤੀਸਰੇ ਪਾਠ ਵਿਚ ਲੇਖਕ ਉਪਰੋਕਤ ਰਾਜਨੀਤਿਕ ਉਤਾਰ-ਚੜ੍ਹਾਅ ਦੇ ਸਮਾਨਅੰਤਰ ਇਸਲਾਮੀ ਅਧਿਆਤਮਿਕਤਾ ਦੇ ਵਿਕਾਸ ਦੀ ਕਹਾਣੀ ਕਹਿੰਦਾ ਹੈ ਕਿ ਕਿਵੇਂ ਪੰਜਾਬ ਵਿਚ ਸ਼ੇਖ਼ ਅਲੀ ਬਿਨ ਉਸਮਾਨ ਹੁਜਵੀਰੀ (ਮ੍ਰਿਤੂ 1072) ਅਤੇ ਇਸ ਤੋਂ ਬਾਅਦ ਲੰਮੇ ਅਰਸੇ ਮਗਰੋਂ ਚਿਸ਼ਤੀ ਸਿਲਸਿਲੇ ਦੇ ਬਾਬਾ ਫ਼ਰੀਦ ਅਤੇ ਸੁਹਰਾਵਰਦੀ ਸਿਲਸਿਲੇ ਦੇ ਸ਼ੇਖ਼ ਬਹਾਉੱਦੀਨ ਜ਼ਕਰੀਆ ਨੇ ਸੂਫ਼ੀਵਾਦ ਨੂੰ ਪੱਕੇ ਪੈਰੀਂ ਕੀਤਾ।
ਹਾਕਮ, ਸਟੇਟ ਉਸਾਰੀ ਲਈ ਸਮੇਂ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਨੀਤੀਆਂ ਅਪਣਾਉਂਦੇ ਹਨ। ਜਿੱਥੇ ਭਾਰਤ ਦੇ ਮੁੱਢਲੇ ਸੁਲਤਾਨ ਇਸ ਲਈ ਸਿਰਫ਼ ਤਾਕਤ ਦੀ ਵਰਤੋਂ ਕਰਦੇ ਰਹੇ, ਤੁਗ਼ਲਕ ਸੁਲਤਾਨਾਂ ਨੇ ਸੱਤ੍ਹਾ ’ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਸਥਾਨਕ ਸ਼ਕਤੀਸਾਲੀ ਤੱਤਾਂ-ਜ਼ਿਮੀਂਦਾਰਾਂ ਅਤੇ ਸੂਫ਼ੀਆਂ- ਨੂੰ ਆਪਣੇ ਨਾਲ ਲਿਆ। ਜ਼ਿਮੀਂਦਾਰਾਂ ਅਤੇ ਸੂਫ਼ੀਆਂ ਨੇ ਵੀ ਆਪਣੇ ਆਪਣੇ ਮੁਫ਼ਾਦ ਤੱਕ ਕੇ ਸੱਤਾ ਨਾਲ ਜੁੜਨ ਵਿਚ ਹੀ ਬਿਹਤਰੀ ਸਮਝੀ।
ਤੁਗ਼ਲਕ ਕਾਲ ਦੇ ਇਕ ਮਿਲਟਰੀ ਅਫ਼ਸਰ ਦੇ ਖ਼ਤਾਂ (ਇੰਸ਼ਾ-ਇ ਮਹਿਰੂ) ਦੇ ਆਧਾਰ ’ਤੇ ਸੁਰਿੰਦਰ ਸਿੰਘ ਦੱਸਦਾ ਹੈ ਕਿ ਕਿਵੇਂ ਇਸ ਸਮੇਂ ਮੁਲਤਾਨ ਦੇ ਉੱਜੜੇ ਇਲਾਕਿਆਂ ਨੂੰ ਦੁਬਾਰਾ ਆਬਾਦ ਕੀਤਾ ਗਿਆ, ਨਹਿਰਾਂ ਦੀ ਖੁਦਵਾਈ ਕਰਵਾ ਕੇ ਹੋਰ ਜ਼ਮੀਨ ਕਾਸ਼ਤ ਅਧੀਨ ਲਿਆਂਦੀ ਗਈ ਅਤੇ ਜ਼ਮੀਨੀ ਗਰਾਂਟਾਂ ਦਾ ਪੁਨਰਗਠਨ ਕੀਤਾ ਗਿਆ। ਇਨ੍ਹਾਂ ਖ਼ਤਾਂ ਤੋਂ ਸਾਨੂੰ ਬਿਲਕੁਲ ਹੇਠਲੇ ਪੱਧਰ ਦੇ ਕਾਰਕੁਨਾਂ ਦੇ ਰੋਲ ਬਾਰੇ ਵੀ ਪਤਾ ਲੱਗਦਾ ਹੈ ਜਿਨ੍ਹਾਂ ਦਾ ਕਾਸ਼ਤਕਾਰਾਂ ਨਾਲ ਸਿੱਧਾ ਸਬੰਧ ਸੀ।
ਬਦਲਦੇ ਹਾਲਾਤ ਨਾਲ ਧਰਮ ਵੀ ਬਦਲਦਾ ਹੈ। ਕੇਂਦਰੀ ਇਸਲਾਮੀ ਮੁਲਕਾਂ ਤੋਂ ਭਾਰਤ ਆਇਆ ਸੂਫ਼ੀਵਾਦ ਵੀ ਸਥਾਨਕ ਨਵੇਂ ਪ੍ਰਭਾਵਾਂ ਅਤੇ ਲੋੜਾਂ ਨੂੰ ਕਬੂਲਣ ਲੱਗਾ। ਬਾਬਾ ਫ਼ਰੀਦ (1175-1265) ਦੀ ਦਰਗਾਹ ਪੰਜਾਬ ਵਿਚ ਪ੍ਰਮੁੱਖ ਧਾਰਮਿਕ ਕੇਂਦਰ ਬਣ ਗਈ। ਉਸ ਦੇ ਕਈ ਉੱਤਰਾਧਿਕਾਰੀ ਪਹਿਲਾਂ ਦਿੱਲੀ ਅਤੇ ਫਿਰ ਦੱਖਣ ਵੱਲ ਚਲੇ ਗਏ। ਸੂਫ਼ੀ ਪਰਿਵਾਰਾਂ ਦੇ ਕਬੀਲਾ-ਮੁਖੀਆਂ ਨਾਲ ਵਿਵਾਹਿਕ ਸਬੰਧ ਬਣਨ ਲੱਗੇ। ਸੁਹਰਾਵਰਦੀ ਸੂਫ਼ੀਆਂ ਅਤੇ ਦਿੱਲੀ ਦੇ ਸੁਲਤਾਨਾਂ ਵਿਚਕਾਰ ਕਦੇ ਸਹਿਯੋਗੀ ਅਤੇ ਕਦੇ ਵਿਰੋਧੀ ਤਾਅਲੁਕਾਤ ਬਣੇ। ਸੱਯਦ ਜਲਾਲੁੱਦੀਨ ਬੁਖਾਰੀ (1198-1292) ਸੁਹਰਾਵਰਦੀ ਸਿਲਸਿਲੇ ਨੂੰ ਸਿਖ਼ਰ ’ਤੇ ਲੈ ਗਿਆ ਪਰ ਇਸ ਤੋਂ ਬਾਅਦ ਇਹ ਸਿਲਸਿਲਾ ਨਿਵਾਣ ਵੱਲ ਜਾਣ ਲੱਗਾ। ਪੰਜਵਾਂ ਅਧਿਆਏ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲਿਆਂ ਦੇ ਉਤਰਾਅ-ਚੜ੍ਹਾਅ ਦਾ ਵੇਰਵਾ ਦਿੰਦਾ ਹੈ।
ਅਗਲਾ ਅਧਿਆਏ 1398 ਵਿਚ ਭਾਰਤ ’ਤੇ ਤੈਮੂਰ ਦੇ ਹਮਲੇ ਕਾਰਨ ਪੰਜਾਬ ਵਿਚ ਹੋਈ ਆਰਥਿਕ ਲੁੱਟ ਅਤੇ ਆਬਾਦੀਆਂ ਦੇ ਉਜਾੜੇ ਬਾਰੇ ਦੱਸਦਾ ਹੈ। ਇਸ ਹਮਲੇ ਨੇ ਪਹਿਲਾਂ ਹੀ ਲੜਖੜਾ ਰਹੇ ਤੁਗ਼ਲਕ ਰਾਜ ਦਾ ਮਲੀਆਮੇਟ ਕਰ ਦਿੱਤਾ। ਸਾਮੰਤਾਂ ਨੇ ਵਿਦਰੋਹ ਕਰ ਦਿੱਤੇ ਅਤੇ ਸਥਾਨਕ ਮੁਖੀ ਆਜ਼ਾਦ ਹੋ ਗਏ। ਸੱਤਾ ਹਾਸਿਲ ਕਰਨ ਦੇ ਤੌਰ-ਤਰੀਕੇ ਬਦਲ ਗਏ। ਸੱਯਦ ਸੁਲਤਾਨ ਖ਼ਿਜ਼ਰ ਖਾਨ ਨੇ ਪ੍ਰਮੁੱਖ ਸਾਮੰਤਾਂ ਨੂੰ ਆਪਣੇ ਵੱਲ ਕਰ ਲਿਆ। ਇਸੇ ਦੌਰਾਨ ਸਰਹਿੰਦ ਦੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਅਫ਼ਗ਼ਾਨ ਪਰਵਾਸੀ ਆ ਵੱਸੇ ਅਤੇ ਹੌਲੀ ਹੌਲੀ ਉਨ੍ਹਾਂ ਵਿਚੋਂ ਹੀ ਇਕ, ਬਹਿਲੋਲ ਲੋਧੀ ਨੇ 1451 ਵਿਚ ਹਕੂਮਤ ਸੰਭਾਲ ਲਈ। ਖੋਖਰ ਕਬੀਲੇ ਦਾ ਮੁਖੀ ਜਸਰਥ ਸਮੇਂ ਸਮੇਂ ਪੰਜਾਬ ਵਿਚ ਲੁੱਟਮਾਰ ਕਰਕੇ ਹੀ ਸਾਰਦਾ ਰਿਹਾ। ਅਜੇਹੇ ਅਸਥਿਰ ਸਮਿਆਂ ਦੌਰਾਨ ਦੋ ਸੁਹਰਾਵਰਦੀ ਸੰਤਾਂ- ਮਲੇਰਕੋਟਲੇ ਵਿਚ ਸ਼ੇਖ਼ ਹੈਦਰ ਅਤੇ ਮੁਲਤਾਨ ਵਿਚ ਸ਼ੇਖ਼ ਯੂਸੁਫ਼ ਕੁਰੈਸ਼ੀ- ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਸੰਤਾਂ ਦੇ ਬਹਿਲੋਲ ਲੋਧੀ ਦੇ ਪਰਿਵਾਰ ਨਾਲ ਵਿਵਾਹਿਕ ਸਬੰਧ ਸਨ। ਉਨ੍ਹਾਂ ਨੇ ਇਲਾਕੇ ਦੇ ਜ਼ਿਮੀਦਾਰਾਂ ਨਾਲ ਵੀ ਸਬੰਧ ਸਥਾਪਿਤ ਕਰ ਲਏ ਅਤੇ ਸਮਾਂ ਬੀਤਣ ’ਤੇ ਇਨ੍ਹਾਂ ਦੇ ਵੰਸ਼ਜਾਂ ਨੇ ਆਪ ਸੱਤਾ ਸੰਭਾਲ ਲਈ। ਜਿੱਥੇ ਸ਼ੇਖ਼ ਹੈਦਰ ਦੇ ਵੰਸ਼ਜਾਂ ਦੀ ਸ਼ਕਤੀ ਵਧਦੀ ਵਧਦੀ ਮਲੇਰਕੋਟਲਾ ਸਟੇਟ ਦਾ ਰੂਪ ਲੈ ਗਈ, ਸ਼ੇਖ਼ ਯੂਸੁਫ਼ ਕੁਰੈਸ਼ੀ ਬਹੁਤਾ ਸਫ਼ਲ ਨਾ ਹੋਇਆ।
ਅਗਲਾ ਅਧਿਆਏ ਦੱਖਣ-ਪੂਰਬੀ ਪੰਜਾਬ ਵਿਚ ਇਸਲਾਮੀ ਅਧਿਆਤਮਿਕਤਾ ਦੇ ਪ੍ਰਭਾਵ ਦਾ ਜਾਇਜ਼ਾ ਲੈਂਦਾ ਹੈ। ਹਾਂਸੀ ਵਿਖੇ ਬਾਬਾ ਫ਼ਰੀਦ ਦੇ ਮੁਰੀਦ ਸ਼ੇਖ਼ ਜਮਾਲੁੱਦੀਨ (1187-1261) ਨੇ ਆਪਣੀ ਦਰਗਾਹ ਆਬਾਦ ਕਰ ਲਈ ਅਤੇ ਪਾਨੀਪਤ ਵਿਖੇ ਸ਼ੇਖ਼ ਸ਼ਰਫੁਦੀਨ ਅਬੂ ਅਲੀ ਕਲੰਦਰ (1209-1324) ਨੇ। ਸ਼ੇਖ ਜਮਾਲੁੱਦੀਨ ਦੀਆਂ ਲਿਖਤਾਂ- ਮੁਲਹਮਾਤ (ਅਰਬੀ ਵਿਚ) ਅਤੇ ਸ਼ਾਇਰੀ ਦਾ ਦੋ ਜਿਲਦਾਂ ਵਿਚ ਫ਼ਾਰਸੀ ਦੀਵਾਨ- ਹਾਲੇ ਵੀ ਮਿਲਦੀਆਂ ਹਨ ਅਤੇ ਬੂ ਅਲੀ ਕਲੰਦਰ ਦਾ ਫ਼ਾਰਸੀ ਦੀਵਾਨ ਵੀ। ਇਸੇ ਅਧਿਆਏ ਵਿਚ ਚਿਸ਼ਤੀਆਂ ਦੀ ਸਾਬਰੀ ਸ਼ਾਖ਼ ਜੋ ਪਾਨੀਪਤ, ਸ਼ਾਹਾਬਾਦ ਅਤੇ ਕਲਿਅਰ ਸ਼ਰੀਫ਼ (ਰੁੜਕੀ, ਉੱਤਰਾਖੰਡ) ਤੋਂ ਕਿਰਿਆਸ਼ੀਲ ਸੀ, ਬਾਰੇ ਜਾਣਕਾਰੀ ਵੀ ਹੈ।
ਜ਼ਿਮੀਂਦਾਰ, ਸਟੇਟ ਅਤੇ ਕਾਸ਼ਤਕਾਰ ਵਿਚਕਾਰ ਬਹੁਤ ਮਹੱਤਵਪੂਰਣ ਕੜੀ ਸੀ। ਅੱਠਵਾਂ ਅਧਿਆਏ ਮੱਧਕਾਲੀ ਸਮਾਜ ਵਿਚ ਜ਼ਿਮੀਂਦਾਰ ਦੇ ਰੋਲ ’ਤੇ ਰੌਸ਼ਨੀ ਪਾਉਂਦਾ ਹੈ। ਇਸ ਜਾਣਕਾਰੀ ਦਾ ਆਧਾਰ ਪੰਜਾਬੀ ਕਿੱਸਾਕਾਰ ਦਮੋਦਰ ਦੀ ਰਚਨਾ ‘ਹੀਰ’ ਹੈ। ਇਹ ਕਿੱਸਾ ਝਨਾਂ ਦੇ ਕੰਢੇ ਨੇੜੇ ਵਸਦੇ ਜੱਟ ਜ਼ਿਮੀਦਾਰਾਂ ਦੇ ਜੀਵਨ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਦਰਪਣ ਹੈ। ਇਹ ਲਿਖਤ ਜੱਟ ਕਬੀਲਿਆਂ ਦੀਆਂ ਊਣਤਾਈਆਂ ਵੱਲ ਵੀ ਧਿਆਨ ਦਿਵਾਉਂਦੀ ਹੈ। ਇਸ਼ਕ, ਵਿਆਹ ਅਤੇ ਕਾਮ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਮਰਦ-ਪ੍ਰਧਾਨ ਸੀ। ਵੱਖ-ਵੱਖ ਕਬੀਲੇ ਦੇ ਜ਼ਿਮੀਦਾਰਾਂ ਦਾ ਆਪਸ ਵਿਚ ਵੀ ਵੈਰ-ਭਾਵ ਰਹਿੰਦਾ ਸੀ।
ਅੰਤ ਵਿਚ ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਸੁਰਿੰਦਰ ਸਿੰਘ ਦੀ ਇਹ ਕਿਤਾਬ ਇਸ ਵਿਸ਼ੇ ਬਾਰੇ ਲੰਮੇ ਅਰਸੇ ਤੀਕ ਲਾਸਾਨੀ ਲਿਖਤ ਰਹੇਗੀ।

ਸੰਪਰਕ: 98728-22417 


Comments Off on ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.