ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਮੱਖਣ ਦੇ ਜਾਣ ਮਗਰੋਂ ਪਰਿਵਾਰ ’ਚ ਛਾਇਆ ਹਨੇਰਾ

Posted On December - 2 - 2019

ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ !

‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਅਤੇ ਵਿਚਾਰਨਾ ਚਾਹੀਦਾ ਹੈ।

ਹਮੀਰ ਸਿੰਘ
ਮਾਝੀ (ਭਵਾਨੀਗੜ੍ਹ), 1 ਦਸੰਬਰ


ਮੱਖਣ ਸਿੰਘ ਦੀ ਬਿਮਾਰ ਮਾਂ ਕੋਲ ਬੈਠੀ ਸੋਨੀਆ ਅਤੇ ਉਸ ਦੀ ਬੱਚੀ।

ਬਿਮਾਰ ਪਿਤਾ ਦਾ ਇਲਾਜ ਕਰਵਾਉਣ ਅਤੇ ਖੇਤੀ ’ਚ ਘਾਟਾ ਪੈਣ ਕਾਰਨ ਚੜ੍ਹੇ ਕਰਜ਼ੇ ਤੋਂ ਨਿਰਾਸ਼ ਮਾਝੀ ਪਿੰਡ ਦੇ ਮੱਖਣ ਸਿੰਘ ਨੇ ਆਪ ਤਾਂ ਖ਼ੁਦਕੁਸ਼ੀ ਕਰ ਕੇ ਮੁਸੀਬਤਾਂ ਤੋਂ ਪੱਲਾ ਛੁਡਵਾ ਲਿਆ ਪਰ ਉਸ ਦੀ ਪਤਨੀ ਅਤੇ ਬੱਚਿਆਂ ਦਾ ਸੰਕਟ ਹੋਰ ਵਧ ਗਿਆ ਹੈ। ਬਿਮਾਰ ਸੱਸ ਦੀ ਦੇਖਭਾਲ ਕਰ ਰਹੀ ਮੱਖਣ ਸਿੰਘ ਦੀ ਵਿਧਵਾ ਸੋਨੀਆ ਸਰਕਾਰ ਤੋਂ ਕੁਝ ਰਾਹਤ ਲੈਣ ਲਈ ਹੱਥ-ਪੈਰ ਮਾਰ ਕੇ ਥੱਕ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਕਰਕੇ ਸ਼ਹਿਰ ਜਾਣਾ ਤੇ ਕਿਰਾਇਆ ਖਰਚ ਕਰਨਾ ਮੁਸ਼ਕਲ ਹੈ। ਪਿੱਛੇ ਬੱਚੇ ਇਕੱਲੇ ਹੋਣ ਕਰਕੇ ਉਨ੍ਹਾਂ ਨੂੰ ਵੀ ਛੱਡ ਕੇ ਨਹੀਂ ਜਾਇਆ ਜਾਂਦਾ।
ਪਿੰਡ ਦੀਆਂ ਤੰਗ ਗਲੀਆਂ ਵਿਚੋਂ ਜਾ ਕੇ ਛੋਟੇ ਜਿਹੇ ਘਰ ਵਿਚ ਮੰਜੇ ਉੱਤੇ ਪਈ ਬਜ਼ੁਰਗ ਸੱਸ ਬਾਰੇ ਸੋਨੀਆ ਨੇ ਦੱਸਿਆ ਕਿ ਉਸ ਦਾ ਸਰੀਰ ਲਗਾਤਾਰ ਕੰਬਦਾ ਹੈ, ਬੈਠ ਨਹੀਂ ਸਕਦੀ ਅਤੇ ਲਗਾਤਾਰ ਦਵਾਈ ਤੋਂ ਬਿਨਾਂ ਕੰਮ ਨਹੀਂ ਚੱਲਦਾ। ਇੱਕ ਜਣੇ ਨੂੰ ਕੋਲ ਰਹਿਣਾ ਪੈਂਦਾ ਹੈ। ਉਸ ਦੇ ਸਹੁਰੇ ਨੂੰ ਗੁਰਦਿਆਂ ਦਾ ਰੋਗ ਸੀ। ਮਹਿੰਗੇ ਇਲਾਜ ਨੇ ਕਰਜ਼ਾ ਤਾਂ ਚੜ੍ਹਾ ਦਿੱਤਾ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕਰਜ਼ਾ ਵਧਣ ਅਤੇ ਰੋਜ਼ਾਨਾ ਦੀ ਚਿੰਤਾ ਕਰਕੇ ਮੱਖਣ ਸਿੰਘ ਨੇ 10 ਜਨਵਰੀ, 2016 ਨੂੰ ਖ਼ੁਦਕੁਸ਼ੀ ਕਰ ਲਈ। ਉਸ ਦੇ ਹੁੰਦਿਆਂ ਤੰਗੀ ਤਾਂ ਲੱਗਦੀ ਸੀ ਪਰ ਹੁਣ ਤਾਂ ਜ਼ਿੰਦਗੀ ’ਚ ਬਿਲਕੁਲ ਹਨੇਰਾ ਛਾ ਗਿਆ ਹੈ। ਉਹ ਖ਼ੁਦ ਪੰਜ ਪੜ੍ਹੀ ਹੈ। ਜੇ ਕੁਝ ਪੜ੍ਹੀ ਹੁੰਦੀ ਤਾਂ ਕਿਸੇ ਆਹਰ ਲੱਗ ਸਕਦੀ ਸੀ। ਉਸ ਕੋਲ ਕੋਈ ਹੋਰ ਹੁਨਰ ਵੀ ਨਹੀਂ ਹੈ।
ਪਰਿਵਾਰ ਕੋਲ 11 ਵਿੱਘੇ ਜ਼ਮੀਨ ਹੈ, ਜੋ ਬੈਂਕ ਕੋਲ ਗਹਿਣੇ ਪਈ ਹੈ। ਇਸੇ ਨੂੰ ਠੇਕੇ ਉੱਤੇ ਦੇ ਕੇ ਜੋ ਥੋੜ੍ਹਾ ਪੈਸਾ ਮਿਲਦਾ ਹੈ, ਉਸੇ ਨਾਲ ਗੁਜ਼ਾਰਾ ਚੱਲ ਰਿਹਾ ਹੈ। ਬੈਂਕ ਤੋਂ 1.60 ਲੱਖ ਰੁਪਏ ਦੀ ਲਿਮਿਟ ਤਾਂ ਕਰਵਾ ਲਈ ਹੈ। ਸੁਸਾਇਟੀ ਤੋਂ ਲਿਆ 50 ਹਜ਼ਾਰ ਰੁਪਏ ਮੁਆਫ਼ ਹੋਇਆ ਹੈ ਪਰ ਹੋਰ ਕੋਈ ਮੁਆਫ਼ੀ ਨਹੀਂ ਆਈ। ਹੋਰ ਪ੍ਰਾਈਵੇਟ ਕਰਜ਼ਾ ਵੀ ਹੈ। ਬੈਂਕ ਵਾਲੇ ਵੀ ਆਏ ਦਿਨ ਪੈਸੇ ਭਰਨ ਲਈ ਦਬਾਅ ਬਣਾ ਰਹੇ ਹਨ। ਪੈਸਾ ਕਿੱਥੋਂ ਆਵੇ? ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਪੈਸੇ ਨਾ ਭਰੇ ਤਾਂ ਜ਼ਮੀਨ ਦੀ ਕੁਰਕੀ ਲਈ ਅਦਾਲਤ ਵਿਚ ਕੇਸ ਕਰ ਦੇਣਗੇ। ਜੇ ਕੁਰਕੀ ਹੋ ਗਈ ਤਾਂ ਮਾਮੂਲੀ ਗੁਜ਼ਾਰਾ ਵੀ ਬੰਦ ਹੋ ਜਾਵੇਗਾ।
ਮੱਖਣ ਅਤੇ ਸੋਨੀਆ ਦੀ ਧੀ ਪਿੰਕੀ ਰਾਣੀ ਛੇਵੀਂ ਅਤੇ ਬੇਟਾ ਜਸ਼ਨਪ੍ਰੀਤ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ। ਉਨ੍ਹਾਂ ਦੇ ਭਵਿੱਖ ਦਾ ਵੱਡਾ ਸੁਆਲ ਹੈ। ਸੋਨੀਆ ਨੇ ਕਿਹਾ ਕਿ ਪਿਤਾ ਦੇ ਬਿਮਾਰ ਰਹਿਣ ਕਰਕੇ ਮੱਖਣ ਉੱਤੇ ਛੋਟੀ ਉਮਰੇ ਹੀ ਜ਼ਿੰਮੇਵਾਰੀ ਪੈ ਗਈ ਸੀ। ਉਸ ਨੇ ਆਪਣੀ ਥੋੜ੍ਹੀ ਖੇਤੀ ਦੇ ਨਾਲ ਠੇਕੇ ਉੱਤੇ ਲੈ ਕੇ ਵੀ ਖੇਤੀ ਕੀਤੀ ਤਾਂ ਜੋ ਆਰਥਿਕ ਤੌਰ ਉੱਤੇ ਸੌਖਾ ਹੋਇਆ ਜਾ ਸਕੇ।
ਉਸ ਨੂੰ ਬੋਰ ਅਤੇ ਨਲਕੇ ਲਗਾਉਣ ਦੇ ਕੰਮ ਵਿਚ ਵੀ ਮੁਹਾਰਤ ਸੀ। ਇਸ ਲਈ ਖੇਤੀ ਛੱਡ ਕੇ ਉਸ ਨੇ ਬੋਰ ਅਤੇ ਨਲਕਿਆਂ ਵਾਲਾ ਸਾਮਾਨ ਵੀ ਕਰਜ਼ਾ ਚੁੱਕ ਕੇ ਲੈ ਲਿਆ। ਪਾਣੀ ਲਗਾਤਾਰ ਡੂੰਘਾ ਹੋਣ ਕਾਰਨ ਆਧੁਨਿਕ ਸਾਮਾਨ ਲੈਣ ਦੀ ਹੈਸੀਅਤ ਨਹੀਂ ਸੀ ਅਤੇ ਪੁਰਾਣਾ ਸਾਮਾਨ ਇਕ ਤਰ੍ਹਾਂ ਬੇਕਾਰ ਹੋ ਗਿਆ। ਪੈਸੇ ਦੀ ਤੋਟ ਕਰਕੇ ਉਹ ਕਿੱਤਾ ਵੀ ਜਾਂਦਾ ਰਿਹਾ। ਸਾਮਾਨ ਅੱਧ ਮੁੱਲ ’ਤੇ ਹੀ ਵਿਕਿਆ।
ਖੇਤੀ ਕਰਜ਼ਾ ਰਾਹਤ ਨੀਤੀ ਮੁਤਾਬਕ ਸਰਕਾਰ ਵੱਲੋਂ ਕਿਸੇ ਮਦਦ ਬਾਰੇ ਪੁੱਛੇ ਜਾਣ ’ਤੇ ਸੋਨੀਆ ਨੇ ਕਿਹਾ ਕਿ ਉਨ੍ਹਾਂ ਫਾਈਲ ਤਾਂ ਉਸੇ ਵੇਲੇ ਲਗਾ ਦਿੱਤੀ ਸੀ। ਲਗਪਗ ਤਿੰਨ ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ। ਉਹ ਕਈ ਵਾਰ ਖ਼ੁਦ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਗਈ ਹੈ। ਅਧਿਕਾਰੀ ਕਹਿ ਦਿੰਦੇ ਹਨ ਅਜੇ ਪੈਸਾ ਹੀ ਨਹੀਂ ਆ ਰਿਹਾ। ਜੇ ਕੇਸ ਪਾਸ ਹੋ ਗਿਆ ਤਾਂ ਪੈਸੇ ਆਉਣ ’ਤੇ ਮਿਲ ਜਾਣਗੇ।
ਉਸ ਨੇ ਕਿਹਾ ਕਿ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਾਰਕੁਨ ਕਿਰਨਜੀਤ ਕੌਰ ਝੁਨੀਰ ਨੇ ਦੱਸਿਆ ਸੀ ਕਿ ਰਾਹਤ ਨੀਤੀ ਤਹਿਤ ਤਿੰਨ ਮਹੀਨੇ ਦੇ ਅੰਦਰ ਅਰਜ਼ੀ ਦੇਣੀ ਹੁੰਦੀ ਹੈ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਤਿੰਨ ਮਹੀਨਿਆਂ ਦੇ ਅੰਦਰ ਇਸ ਦਾ ਫ਼ੈਸਲਾ ਕਰ ਕੇ ਰਾਹਤ ਦੇ ਦਿੰਦਾ ਹੈ। ਸੋਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਭਟਕਦਿਆਂ ਨੂੰ ਤਿੰਨ ਸਾਲ ਹੋਣ ਲੱਗੇ ਹਨ, ਫਿਰ ਉਨ੍ਹਾਂ ਨੂੰ ਕੇਸ ਪਾਸ ਹੋ ਕੇ ਪੈਸੇ ਕਿਉਂ ਨਹੀਂ ਮਿਲ ਜਾਂਦੇ।
ਉਸ ਨੇ ਕਿਹਾ ਕਿ ਜੇ ਸਰਕਾਰ ਸਹਾਇਤਾ ਦੇ ਦੇਵੇ ਤਾਂ ਗਿਆਰਾਂ ਵਿੱਘੇ ਜ਼ਮੀਨ ਛੁਡਵਾਈ ਜਾ ਸਕੇਗੀ ਅਤੇ ਅੱਗੋਂ ਇਸ ਨਾਲ ਗੁਜ਼ਾਰਾ ਵੀ ਹੋਣਾ ਸ਼ੁਰੂ ਹੋ ਜਾਵੇਗਾ। ਜਦੋਂ ਤੱਕ ਜ਼ਮੀਨ ਬੈਂਕ ਕੋਲ ਗਹਿਣੇ ਹੈ, ਵੇਚੀ ਵੀ ਨਹੀਂ ਜਾ ਸਕਦੀ।

ਸਰਕਾਰ ਤੁਰੰਤ ਧਿਆਨ ਦੇਵੇ: ਕਿਰਨਜੀਤ ਕੌਰ
ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਾਰਕੁਨ ਕਿਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸੰਗਰੂਰ ਵਿਚ ਇਕੱਠ ਸੱਦਿਆ ਸੀ, ਜਿਸ ਵਿਚ ਸੈਂਕੜੇ ਵਿਧਵਾਵਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ ਸੀ। ਉਸ ਇਕੱਠ ਰਾਹੀਂ ਵੀ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਕੇਸ ਹੱਲ ਕਰਨ ਲਈ ਕਿਹਾ ਗਿਆ ਸੀ। ਹੁਣ ਕਮੇਟੀ ਜ਼ਿਲ੍ਹਾ ਵਾਰ ਮੀਟਿੰਗਾਂ ਕਰ ਕੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਦੇ ਨਾਂ ਯਾਦ ਪੱਤਰ ਵੀ ਦੇ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2019-20 ਦੇ ਬਜਟ ਵਿਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਲਈ ਤਿੰਨ ਹਜ਼ਾਰ ਕਰੋੜ ਰੁਪਏ ਰੱਖੇ ਹਨ। ਵਿੱਤੀ ਸਾਲ ਦੇ ਸਿਰਫ਼ ਤਿੰਨ ਮਹੀਨੇ ਬਚੇ ਹਨ, ਕਰਜ਼ੇ ਕਦੋਂ ਮੁਆਫ਼ ਹੋਣਗੇ। ਦੂਜੇ ਪਾਸੇ ਪਰਿਵਾਰਾਂ ਨੂੰ ਬੈਂਕ ਤੰਗ ਕਰਨ ਲੱਗੇ ਹਨ। ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।


Comments Off on ਮੱਖਣ ਦੇ ਜਾਣ ਮਗਰੋਂ ਪਰਿਵਾਰ ’ਚ ਛਾਇਆ ਹਨੇਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.