ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ

Posted On December - 11 - 2019

15 ਦਸੰਬਰ ਨੂੰ ਬਰਸੀ ’ਤੇ ਵਿਸ਼ੇਸ਼

ਰਮੇਸ਼ ਬੱਗਾ ਚੋਹਲਾ

ਮੱਧ ਕਾਲ ਵਿਚ ਉੱਭਰੀ ਭਗਤੀ ਲਹਿਰ ਨੇ ਮਨੁੱਖ ਦੇ ਅਧਿਆਤਮਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਰਹੇ । ਇਲਾਕਾਈ ਅਤੇ ਭਾਸ਼ਾਈ ਹੱਦਬਸਤ ਤੋਂ ਉਪਰ ਉੱਠ ਕੇ ਵਿਚਰਨ ਵਾਲੇ ਇਹ ਮਹਾਂਪੁਰਖ ਆਪਣੀ ਸਰਬ ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਹਾਮੀ ਰਹੇ। ਅਥਾਹ ਸ਼ਰਧਾ ਅਤੇ ਦ੍ਰਿੜ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿਚ ਰੰਗ ਕੇ ਅਜਿਹੇ ਵਡਮੁੱਲੇ ਅਤੇ ਪਵਿੱਤਰ ਬਚਨ ਉਚਾਰਣ ਕੀਤੇ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ। ਸੋਚ ਪੱਖੋਂ ਉੱਚੇ ਅਤੇ ਵਿਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ। ਇਸ ਚਾਲ ਦੀ ਗਵਾਹੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੀ ਬਾਣੀ ਆਨੰਦ ਸਾਹਿਬ ਦੀ 14ਵੀਂ ਪਾਉੜੀ ਵਿਚ ਇਸ ਤਰ੍ਹਾਂ ਭਰਦੇ ਹਨ:
ਭਗਤਾ ਕੀ ਚਾਲ ਨਿਰਾਲੀ
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।।
ਲਬੁ ਲੋਭੁ ਅਹੰਕਾਰ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ (ਅੰਗ-918)
ਇਸ ਨਿਰਾਲੀ ਚਾਲ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਘੱਟ ਹੀ ਆਉਂਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜਮਾਉਣ ਦਾ ਕੋਈ ਕੋਝਾ ਯਤਨ ਕੀਤਾ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ। ਇਸ ਗੱਲ ਨੂੰ ਤਸਦੀਕ ਕਰਦੇ ਹੋਏ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ:
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖ਼ਰ ਛੋਹ ਜਾਂਦੀ ਹੈ ਤਾਂ ਉਸ ਵੇਲੇ ਰੱਬ ਨੂੰ ਵੀ ਇਨ੍ਹਾਂ ਭਗਤਾਂ ਦੀ ਗ਼ੁਲਾਮੀ ਕਰਨੀ ਪੈ ਜਾਂਦੀ ਹੈ। ਅਜਿਹੀ ਹੀ ਗੁਲਾਮੀ ਰੱਬ ਨੂੰ ਧੰਨਾ ਭਗਤ ਦੀ ਵੀ ਕਰਨੀ ਪਈ, ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ।
ਜ਼ਿੱਦ ਤੇ ਅਟੱਲ ਭਰੋਸਤਾ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਭਗਤ ਧੰਨਾ ਦਾ ਜਨਮ 20 ਅਪਰੈਲ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਭੋਲਾ ਅਤੇ ਮਾਤਾ ਦਾ ਨਾਮ ਧੰਨੋ ਸੀ। ਉਨ੍ਹਾਂ ਦਾ ਸ਼ੁਮਾਰ ਉਨ੍ਹਾਂ ਸਿਦਕਵਾਨਾਂ ਵਿਚ ਕੀਤਾ ਜਾਂਦਾ ਹੈ ਜਿਹੜੇ ਆਪਣਾ ‘ਹੱਥ ਕਾਰ (ਕਿਰਤ) ਵੱਲ ਅਤੇ ਦਿਲ ਯਾਰ (ਪ੍ਰਭੂ)’ ਵੱਲ ਲਾਈ ਰੱਖਦੇ ਹਨ।
ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਹੋਏ ਬੜੇ ਧਿਆਨ ਨਾਲ ਦੇਖਿਆ। ਦੇਖਣ ਮਗਰੋਂ ਭਗਤ ਜੀ ਦੇ ਮਨ ਵਿਚ ਵੀ ਪੂਜਾਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਇੱਛਾ ਕਾਰਨ ਉਨ੍ਹਾਂ ਨੇ ਉਸ ਪੰਡਿਤ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿਚ ਦੇਣ ਲਈ ਕਿਹਾ, ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਮਗਰੋਂ ਉਸ ਪੰਡਿਤ ਨੇ ਇਕ ਸਾਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਾਧਾਰਨ ਪੱਥਰ (ਭਗਵਾਨ ਸਮਝ ਕੇ) ਦਾ ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕੀਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ 13ਵੀਂ ਪਾਉੜੀ ਵਿਚ ਇਸ ਤਰ੍ਹਾਂ ਭਰੀ ਹੈ:
ਠਾਕੁਰ ਨੋ ਨ੍ਹਾਵਾਲਿਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ।
ਹਉਂ ਭੀ ਮੁਹੁ ਨ ਜਠਾਲਾਸਾਂ ਤੂ ਰੁਠਾ ਮੈ ਕਿਹੁ ਨਾ ਸੁਖਾਵੇ।
ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਬਿੰਦੁ ਮਿਲਾਵੈ।
ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ, ਓਥੇ ਭਗਤ ਧੰਨਾ ਜੀ ਨੂੰ ‘ਧੰਨਾ ਸੇਵਿਆ ਬਾਲ ਬੁਧਿ’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਵੀ ਦਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਅੰਗ-487 ’ਤੇ ਸੁਸ਼ੋਭਿਤ ਇਕ ਹੋਰ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ:
ਇਹ ਬਿਧਿ ਸੁਨਿ ਕੇ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥
ਗੁਰੂ ਅਰਜਨ ਦੇਵ ਜੀ ਇਨ੍ਹਾਂ ਪੰਕਤੀਆਂ ਰਾਹੀਂ ਇਹ ਸੰਕੇਤ ਦੇ ਰਹੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀ-ਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣ ਨਾਲ ਜਿੱਥੇ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵਿਦਾਸ ਅਤੇ ਸੈਣ ਆਦਿ) ਨੇ ਰੱਬੀ ਪਿਆਰ ਨੂੰ ਹਾਸਲ ਕਰ ਲਿਆ ਸੀ, ਤਾਂ ਭਗਤੀ ਦੀ ਇਹ ਵਿਧੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਦੀ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਾਖਿਆਤ ਰੂਪ ਵਿਚ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਦਿੱਤੇ। ਗੱਲ ਸਿਰਫ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਆਪਣੇ ਜ਼ਿੰਮੇ ਲੈ ਲਏ। ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਉਚਾਰਦੇ ਹਨ:
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥1॥ ਰਹਾਉ॥
ਭਗਤ ਧੰਨਾ ਜੀ ਦੀ ਧੰਨਤਾ ਇਸ ਗੱਲ ਵਿਚ ਵੀ ਹੈ ਕਿ ਜਿਥੇ ਕੁੱਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਬਾਧਾ ਮਹਿਸੂਸਦੇ ਹਨ, ਉੱਥੇ ਉਨ੍ਹਾਂ ਆਖਿਆ:
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥
ਔਰਤ ਜਾਤੀ ਅਤੇ ਕਿਰਤ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰੱਜਵਾਂ ਅਤੇ ਫਬਵਾਂ ਸਤਿਕਾਰ ਕਰਦਿਆਂ ਹੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਣ ਕਰਨ ਵਾਲੇ ਛੇ ਗੁਰੂ ਸਾਹਿਬਾਨ, ਗਿਆਰਾਂ ਭੱਟਾਂ, ਚਾਰ ਗੁਰੂ ਦੇ ਨਿਕਟਵਰਤੀਆਂ ਅਤੇ 15 ਭਗਤਾਂ ਦੀ ਬਾਣੀ ਨੂੰ ਇਕ (ਆਦਿ ਗ੍ਰੰਥ ਸਾਹਿਬ ਦੇ ਰੂਪ ਵਿਚ) ਲੜੀ ਵਿਚ ਪਰੋਇਆ ਸੀ ਤਾਂ ਉਸ ਵਿਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵੀ ਸ਼ਾਮਿਲ ਕਰ ਲਏ।
ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਨੂੰ ਪਰਲੋਕ ਸਧਾਰ ਗਏ। ਉਨ੍ਹਾਂ ਦੀ ਭਗਤੀ-ਭਾਵਨਾ ਜਿੱਥੇ ਪਖੰਡਵਾਦ ਤੋਂ ਨਿਰਲੇਪ ਹੈ, ਉੱਥੇ ਸੱਚੀ ਤੇ ਸੁੱਚੀ ਕਿਰਤ ਕਰਦਿਆਂ ਕਰਤਾਰ ਨਾਲ ਜੁੜਨ ਦੀ ੳੱਤਮ ਮਿਸਾਲ ਵੀ ਹੈ।

ਸੰਪਰਕ: 94631-3271


Comments Off on ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.