ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਦਸੰਬਰ
ਸੰਗਰੂਰ ਪੁਲੀਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਕਸਬਾ ਮਹਿਲਾਂ ਚੌਕ ਦੇ ਹੋਟਲ ਵਿਚ ਛਾਪੇ ਦੌਰਾਨ 16 ਜੋੜਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਦੀ ਕਾਰਵਾਈ ਦੁਪਹਿਰ ਤੋਂ ਪਹਿਲਾਂ ਸ਼ੁਰੂ ਹੋਈ ਤੇ ਦੇਰ ਸ਼ਾਮ ਤੱਕ ਚਲਦੀ ਰਹੀ। ਪੁਲੀਸ ਵਲੋਂ ਹੋਟਲ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਦੌਰਾਨ ਹੋਟਲ ਦੇ ਬਾਹਰ ਵੱਡੀ ਤਾਦਾਦ ’ਚ ਲੋਕ ਇਕੱਠੇ ਹੋ ਗਏ ਸਨ। ਪੁਲੀਸ ਨੂੰ ਸੂਹ ਮਿਲੀ ਸੀ ਕਿ ਪਿੰਡ ਮਹਿਲਾਂ ਨੇੜੇ ਹੋਟਲ ਕਿਸੇ ਵਿਅਕਤੀ ਵਲੋਂ ਕਿਰਾਏ ’ਤੇ ਲਿਆ ਹੋਇਆ ਹੈ। ਹੋਟਲ ਵਿਚ ਬਗੈਰ ਪਰਮਿਟ ਤੋਂ ਬਾਹਰੋਂ ਆਏ ਜੋੜਿਆਂ ਨੂੰ ਕਿਰਾਏ ’ਤੇ ਦੇ ਕੇ ਗੈਰਕਾਨੂੰਨੀ ਧੰਦਾ ਕਰਾਇਆ ਜਾਂਦਾ ਹੈ। ਪੁਲੀਸ ਵਲੋਂ ਛਾਪੇ ਦੀ ਅਗਵਾਈ ਸ੍ਰੀ ਵਿਲੀਅਮ ਜੇਜੀ ਡੀਐੱਸਪੀ ਦਿੜ੍ਹਬਾ ਅਤੇ ਸ੍ਰੀਮਤੀ ਇੰਦੂ ਬਾਲਾ ਡੀਐੱਸਪੀ ਟਰੈਫ਼ਿਕ ਅਤੇ ਕਰਾਈਮ ਐਂਟੀ ਵਿਮੈਨ ਵਲੋਂ ਕੀਤੀ ਗਈ। ਡੀਐੱਸਪੀ ਵਿਲੀਅਮ ਜੇਜੀ ਨੇ ਦੱਸਿਆ ਕਿ 18 ਲੜਕਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦੋਂ ਕਿ ਲੜਕੀਆਂ ਬਾਰੇ ਅਜੇ ਕੁੱਝ ਨਹੀਂ ਦੱਸ ਸਕਦੇ। ਹੋਟਲ ਮੈਨੇਜਮੈਂਟ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਏ ਗਏ ਜੋੜਿਆਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਮੰਗੇਤਰ ਹਨ, ਕਿੰਨੇ ਪ੍ਰੇਮੀ ਜੋੜੇ ਹਨ ਅਤੇ ਕਿੰਨੇ ਕਿਸੇ ਹੋਰ ਗਲਤ ਮਨਸ਼ਾ ਲਈ ਹੋਟਲ ’ਚ ਠਹਿਰੇ ਸਨ।