ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਦਸੰਬਰ
ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੀ ਮੀਟਿੰਗ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਨਅਤੀ ਏਰੀਆ ਫੇਜ਼-1 ਅਤੇ ਫੇਜ਼-4 ਨਾਲ ਲਗਦੇ ਮੈਂਗੋ ਪਾਰਕ ਵਿੱਚ ਸੈਰ ਕਰਨ ਵਾਲੇ ਵਿਅਕਤੀਆਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਮੈਂਬਰਾਂ ਨੇ ਕਿਹਾ ਕਿ ਮੈਂਗੋ ਪਾਰਕ ਵਿੱਚ ਬਾਂਦਰਾਂ ਅਤੇ ਆਵਾਰਾ ਕੁੱਤਿਆਂ ਦੀ ਕਾਫ਼ੀ ਦਹਿਸ਼ਤ ਵੱਧ ਗਈ ਹੈ।
ਪਾਰਕ ਵਿੱਚ ਸੈਰ ਕਰਨ ਵਾਲਿਆਂ ਨੇ ਦੱਸਿਆ ਕਿ ਸਰਦੀਆਂ ਕਾਰਨ ਸਵੇਰੇ 6 ਵਜੇ ਤੱਕ ਕਾਫ਼ੀ ਹਨੇਰਾ ਹੁੰਦਾ ਹੈ ਪਰ ਉਸ ਸਮੇਂ ਮੈਂਗੋ ਪਾਰਕ ਦੀਆਂ ਸਟਰੀਟ ਅਤੇ ਫੁੱਟ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਦੀ ਦੇ ਦਿਨਾਂ ਵਿੱਚ ਲਾਈਟਾਂ ਬੰਦ ਕਰਨ ਦਾ ਸਮਾਂ 6.30 ਜਾਂ 7 ਵਜੇ ਕੀਤਾ ਜਾਵੇ। ਮੀਟਿੰਗ ਵਿੱਚ ਕਿਹਾ ਗਿਆ ਕਿ ਬੇਸ਼ੱਕ ਨਗਰ ਨਿਗਮ ਵੱਲੋਂ ਪਾਲਤੂ ਕੁੱਤਿਆਂ ਸਬੰਧੀ ਨੀਤੀ ਬਣਾਈ ਗਈ ਹੈ ਪ੍ਰੰਤੂ ਹੁਣ ਤੱਕ ਇਹ ਨੀਤੀ ਲਾਗੂ ਨਹੀਂ ਕੀਤੀ ਗਈ ਅਤੇ ਕੁੱਤਿਆਂ ਦੀ ਨਸਬੰਦੀ ਵੀ ਮਹਿਜ਼ ਖਾਨਾਪੂਰਤੀ ਤੱਕ ਸੀਮਤ ਹੈ।