ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਪੰਜਾਬੀ ਸਿਨੇਮਾ ਦਾ ਇਤਿਹਾਸ

Posted On December - 8 - 2019

ਪ੍ਰੋ. ਕੁਲਬੀਰ ਸਿੰਘ

ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਮਨਦੀਪ ਸਿੰਘ ਸਿੱਧੂ ਦੁਆਰਾ ਤਿਆਰ ਕੀਤੀ ਪੁਸਤਕ ‘ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ’ ਖ਼ੂਬ ਚਰਚਾ ਵਿਚ ਹੈ। 1935 ਤੋਂ 1985 ਤੱਕ ਦੀਆਂ ਪੰਜਾਬੀ ਫ਼ਿਲਮਾਂ ਸੰਬੰਧੀ ਜਿਵੇਂ ਜਾਣਕਾਰੀ ਇਕੱਤਰ ਕੀਤੀ ਗਈ ਹੈ ਅਜਿਹਾ ਖੋਜੀ ਬਿਰਤੀ ਵਾਲਾ ਕਾਰਜ ਪਹਿਲਾਂ ਇਸ ਖੇਤਰ ਵਿਚ ਕਦੀ ਨਹੀਂ ਹੋਇਆ। ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਨੂੰ ਇਸ ਦੀ ਤਿਆਰੀ ਅਤੇ ਰਿਲੀਜ਼ ਦੌਰਾਨ ਨਾਰਥ ਜ਼ੋਨ ਫ਼ਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਦਾ ਪੂਰਨ ਸਹਿਯੋਗ ਮਿਲਿਆ। ਉਹ ਵੀ ਸਮਾਂ ਸੀ ਜਦੋਂ ਪੰਜਾਬੀ ਫ਼ਿਲਮਾਂ ਦੇ ਮਿਆਰ ਨੂੰ ਲੈ ਕੇ ਹਾਂ-ਪੱਖੀ ਟਿੱਪਣੀਆਂ ਨਹੀਂ ਲੱਭਦੀਆਂ ਸਨ। ਅੱਜ ਵਿਸ਼ਾ-ਸਮੱਗਰੀ, ਪੇਸ਼ਕਾਰੀ ਤੇ ਅਦਾਕਾਰੀ ਵਿਚ ਹਾਂ-ਪੱਖੀ ਬਦਲਾਅ ਆਉਣ ਲੱਗੇ ਹਨ ਤੇ ਇਨ੍ਹਾਂ ਦੇ ਇਤਿਹਾਸ ਨੂੰ ਵੀ ਸਾਂਭਿਆ ਜਾਣ ਲੱਗਾ ਹੈ। ਅਸੀਂ ਹੋਰਨਾਂ ਭਾਸ਼ਾਵਾਂ ਵਿਚ ਅਜਿਹੇ ਖੋਜ ਕਾਰਜ ਚਿਰਾਂ ਤੋਂ ਵੇਖਦੇ ਪੜ੍ਹਦੇ ਆ ਰਹੇ ਹਾਂ, ਪਰ ਪੰਜਾਬੀ ਵਿਚ ਅਜਿਹੀ ਪਹਿਲਕਦਮੀ ਮਾਣ ਵਾਲੀ ਗੱਲ ਹੈ। ਉਮੀਦ ਹੈ ਕਿ ਮਨਦੀਪ ਸਿੰਘ ਸਿੱਧੂ ਦੇ ਇਸ ਵਿਲੱਖਣ ਉਪਰਾਲੇ ਸਦਕਾ ਪੰਜਾਬੀ ਸਿਨੇਮਾ ਅਤੇ ਕਲਾਕਾਰਾਂ ਨੂੰ ਉਤਸ਼ਾਹ ਮਿਲੇਗਾ ਅਤੇ ਭਵਿੱਖ ਵਿਚ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਸੂਖ਼ਮ ਅਤੇ ਸੰਵੇਦਨਸ਼ੀਲ ਅਦਾਕਾਰੀ ਵਾਲੀਆਂ ਮਿਆਰੀ ਪੰਜਾਬੀ ਫ਼ਿਲਮਾਂ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ।
ਕਈ ਸਾਲਾਂ ਤੱਕ ਢੇਰ ਸਾਰੀ ਜਾਣਕਾਰੀ ਇਕੱਤਰ ਕਰਨਾ, ਉਸਨੂੰ ਇਕ ਪ੍ਰਬੰਧ ਵਿਚ ਢਾਲਣਾ, ਤਸਵੀਰਾਂ ਲੱਭਣੀਆਂ, ਪ੍ਰਾਪਤ ਕਰਨੀਆਂ ਅਤੇ ਸਹਿਜ ਤੇ ਸਬਰ ਨਾਲ ਉੱਚ ਮਿਆਰੀ ਪੱਧਰ ਤੇ ਵੱਡ-ਆਕਾਰੀ ਖ਼ੂਬਸੂਰਤ ਪੁਸਤਕ ਦਾ ਰੂਪ ਦੇਣਾ ਮਨਦੀਪ ਸਿੰਘ ਸਿੱਧੂ ਦੇ ਹਿੱਸੇ ਹੀ ਆ ਸਕਦਾ ਸੀ ਕਿਉਂਕਿ ਏਨੀ ਮਿਹਨਤ ਅਤੇ ਘਾਲਣਾ ਉਹੀ ਘਾਲ ਸਕਦਾ ਸੀ। ਏਨੀ ਲੰਮੀ ਦੌੜ ਵਿਚ ਉਹੀ ਦੌੜ ਸਕਦਾ ਸੀ। ਏਨੀ ਦੂਰ-ਦ੍ਰਿਸ਼ਟੀ ਉਹੀ ਵਿਖਾ ਸਕਦਾ ਸੀ।
1935 ਤੋਂ 1985 ਤੱਕ 50 ਸਾਲਾਂ ਦਾ ਇਤਿਹਾਸ ਵੰਡ ਤੋਂ ਪਹਿਲਾਂ ਦੇ ਵੇਰਵੇ ਪਾਕਿਸਤਾਨ ਪਹੁੰਚ ਕੇ ਇਕੱਤਰ ਕਰਨੇ ਅਤੇ ਇਸ ਨੂੰ ਦਸਤਾਵੇਜ਼ ਦਾ ਰੂਪ ਦੇਣਾ ਅਹਿਮ ਖੋਜ ਕਾਰਜ ਤੋਂ ਘੱਟ ਨਹੀਂ। ਅੱਜ ਇਸ ਖੋਜ ਕਾਰਜ ਦੀ ਚਾਰੇ ਪਾਸੇ ਚਰਚਾ ਹੈ। ਮਨਦੀਪ ਸਿੰਘ ਸਿੱਧੂ ਦੇ ਇਸ ਖੋਜ ਕਾਰਜ ਦਾ ਅੰਗਰੇਜ਼ੀ ਵਿਚ ਅਨੁਵਾਦ ਭੀਮ ਰਾਜ ਗਰਗ ਵੱਲੋਂ ਅਤੇ ਸ਼ਾਹਮੁਖੀ ਵਿਚ ਇਕਬਾਲ ਕੈਸਰ ਵੱਲੋਂ ਵੀ ਹੋ ਗਿਆ ਹੈ ਅਤੇ ਹੋਰਨਾਂ ਭਾਸ਼ਾਵਾਂ ਵਿਚ ਵੀ। ਪੁਸਤਕ ਦੀ ਰੂਪ-ਰੇਖਾ, ਦਿੱਖ ਬੇਹੱਦ ਆਕਰਸ਼ਕ ਤੇ ਪ੍ਰਭਾਵਿਤ ਕਰਨ ਵਾਲੀ ਹੈ। ਵਿਸ਼ਾਲ ਨਜ਼ਰੀਆ ਅਤੇ ਦੂਰ-ਦ੍ਰਿਸ਼ਟੀ ਅਗਲੇਰੇ ਖੋਜਾਰਥੀਆਂ ਲਈ ਵੱਡਾ ਖ਼ਜ਼ਾਨਾ, ਵੱਡਾ ਪ੍ਰੇਰਨਾ ਸਰੋਤ ਹੈ। ਯੂਨੀਵਰਸਿਟੀਆਂ ਤੇ ਹੋਰ ਵੱਡੇ ਅਦਾਰਿਆਂ ਦੁਆਰਾ ਕੀਤੇ ਜਾਣ ਵਾਲੇ ਕਾਰਜ ਕਈ ਵਾਰ ਮਨਦੀਪ ਸਿੰਘ ਸਿੱਧੂ ਵਰਗੇ ਸਿਰੜੀਆਂ ਨੂੰ ਹੀ ਕਰਨੇ ਪੈਂਦੇ ਹਨ। ਅਜਿਹੇ ਕਾਰਜ ਲਈ ਜਨੂੰਨ ਚਾਹੀਦਾ ਹੈ, ਸ਼ਿੱਦਤ ਚਾਹੀਦੀ ਹੈ ਜਿਹੜੀ ਹਰ ਕਿਸੇ ਕੋਲ ਨਹੀਂ ਹੁੰਦੀ। ਕੰਮ ਕਰਨਾ ਅਤੇ ਲਗਾਤਾਰ ਕੰਮ ਕਰਨਾ ਸੁਖਾਲਾ ਕੰਮ ਨਹੀਂ।
ਮਨਦੀਪ ਸਿੰਘ ਸਿੱਧੂ ਨੂੰ ਪੰਜਾਬੀ ਫ਼ਿਲਮਾਂ ਤੇ ਸੰਗੀਤ ਦਾ ਬਚਪਨ ਤੋਂ ਹੀ ਸ਼ੌਕ ਸੀ ਜੋ ਬਾਅਦ ਵਿਚ ਉਸ ਦੇ ਜੀਵਨ ਦਾ ਹਿੱਸਾ ਬਣ ਗਿਆ। ਫ਼ਿਲਮਾਂ ਅਤੇ ਸੰਗੀਤ ਨੂੰ ਸਾਂਭਣ ਦੀਆਂ ਸਮੇਂ-ਸਮੇਂ ’ਤੇ ਵਿਕਸਤ ਹੋਈਆਂ ਤਕਨੀਕਾਂ ਦੀ ਬਦੌਲਤ ਉਸ ਦੀ ਘਰੇਲੂ ਨਿੱਜੀ ਲਾਇਬ੍ਰੇਰੀ ਦਾ ਆਕਾਰ ਤੇ ਦਾਇਰਾ ਦਿਨੋ ਦਿਨ ਮੋਕਲਾ ਹੁੰਦਾ ਗਿਆ। ਇਸ ਨੂੰ ਹੋਰ ਅਮੀਰ ਹੋਰ ਵਿਸ਼ਾਲ ਕਰਨ ਖ਼ਾਤਰ ਮਨਦੀਪ ਨੇ ਪੂਰਾ ਭਾਰਤ, ਪੂਰਾ ਪਾਕਿਸਤਾਨ ਗਾਹ ਮਾਰਿਆ। ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ 1935-1985 ਸਾਡੇ ਹੱਥਾਂ ਵਿਚ ਹੈ। ਇਸ ਦਾ ਦੂਸਰਾ ਭਾਗ 1986 ਤੋਂ 2019 ’ਤੇ ਵੀ ਕੰਮ ਜਾਰੀ ਹੈ। ਇਸ ਅਹਿਮ ਕਾਰਜ ਸਦਕਾ ਮਨਦੀਪ ਸਿੰਘ ਸਿੱਧੂ ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦਾ ਪ੍ਰਸਿੱਧ ਇਤਿਹਾਸਕਾਰ ਬਣ ਕੇ ਉੱਭਰਿਆ ਹੈ। ਵੱਖ-ਵੱਖ ਅਖ਼ਬਾਰਾਂ ਵਿਚ ਲਗਾਤਾਰ ਲਿਖ ਕੇ ਇਸ ਖੇਤਰ ਵਿਚ ਉਸ ਨੇ ਪਹਿਲਾਂ ਹੀ ਆਪਣੀ ਨਿਵੇਕਲੀ ਪਛਾਣ ਸਥਾਪਤ ਕਰ ਲਈ ਹੈ। ਭਵਿੱਖ ਵਿਚ ਉਸ ਤੋਂ ਹੋਰ ਵਡੇਰੀਆਂ ਪ੍ਰਾਪਤੀਆਂ ਦੀ ਉਮੀਦ ਹੈ।

ਸੰਪਰਕ: 94171-53513


Comments Off on ਪੰਜਾਬੀ ਸਿਨੇਮਾ ਦਾ ਇਤਿਹਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.