ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਪੰਚਾਇਤੀ ਜ਼ਮੀਨਾਂ ਦੀ ਲੁੱਟ ਖ਼ਿਲਾਫ਼ ਨਿੱਤਰੀਆਂ ਖੱਬੇ ਪੱਖੀ ਪਾਰਟੀਆਂ

Posted On December - 5 - 2019

ਸਾਂਝੇ ਮੰਚ ਦੀ ਮੀਟਿੰਗ ’ਚ ਸ਼ਾਮਲ ਖੱਬੇ ਪੱਖੀ ਪਾਰਟੀਆਂ ਦੇ ਆਗੂ।

ਨਿੱਜੀ ਪੱਤਰ ਪ੍ਰੇਰਕ
ਮੋਗਾ, 4 ਦਸੰਬਰ
ਇੱਥੇ ਸ਼ਹੀਦ ਨਛੱਤਰ ਯਾਦਗਰੀ ਭਵਨ ਵਿੱਚ ਸੂਬੇ ਦੀਆਂ ਪੱਬੇ ਪੱਖੀ ਪਾਰਟੀਆਂ ਦੀ ਸਾਂਝੀ ਮੀਟਿੰਗ ਸੀਪੀਆਈ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਆਰਐੱਮਪੀਆਈ ਵੱਲੋਂ ਮੰਗਤ ਰਾਮ ਪਾਸਲਾ ਤੇ ਪ੍ਰਗਟ ਸਿੰਘ ਜਾਮਾਰਾਏ, ਸੀਪੀਆਈ (ਐੱਮਐੱਲ) ਵੱਲੋਂ ਰਾਜਵਿੰਦਰ ਸਿੰਘ ਰਾਣਾ ਤੇ ਰੁਲਦੂ ਸਿੰਘ ਮਾਨਸਾ, ਸੀਪੀਆਈ ਆਗੂ ਕੁਲਦੀਪ ਭੋਲਾ ਅਤੇ ਐੱਮਸੀਪੀਆਈਯੂ ਵੱਲੋਂ ਮੰਗਤ ਰਾਮ ਲੌਂਗੋਵਾਲ ਨੇ ਸ਼ਿਰਕਤ ਕੀਤੀ।
ਸੀਪੀਆਈ ਸੂਬਾਈ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦੱਸਿਆ ਕਿ ਖੱਬੀਆਂ ਪਾਰਟੀਆਂ ਦੇ ਸਾਂਝੇ ਮੰਚ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਐਕੁਆਇਰ ਕਰਨ ਦੇ ਫ਼ੈਸਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਜ਼ਮੀਨਾਂ ਪਿੰਡ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਪਿੰਡ ਦੇ ਵਿਕਾਸ ਵਾਸਤੇ ਹਨ। ਇਸ ਕਰ ਕੇ ਸਰਕਾਰ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਲਵੇ। ਸਰਕਾਰੀ ਸ਼ਹਿ ਪ੍ਰਾਪਤ ਜ਼ਿਮੀਂਦਾਰਾਂ ਨੇ ਜਿਹੜੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉੱਪਰ ਕਥਿਤ ਨਾਜਾਇਜ਼ ਕਬਜ਼ੇ ਕੀਤੇ ਹਨ, ਸਰਕਾਰ ਉਹ ਜ਼ਮੀਨਾਂ ਵੀ ਕਬਜ਼ਾ ਮੁਕਤ ਕਰਵਾ ਕੇ ਪੰਚਾਇਤਾਂ ਹਵਾਲੇ ਕਰੇ। ਉਨ੍ਹਾਂ ਦੱਸਿਆ ਕਿ ਖੱਬੀਆਂ ਪਾਰਟੀਆਂ ਦਾ ਇਹ ਸਾਂਝਾ ਮੰਚ 8 ਜਨਵਰੀ ਦੀ ਹੜਤਾਲ ਤੋਂ ਬਾਅਦ ਮੀਟਿੰਗ ਕਰ ਕੇ ਲੋਕਾਂ ਦੇ ਭਖਦੇ ਮਸਲਿਆਂ ਦੇ ਹੱਲ ਲਈ ਸੰਘਰਸ਼ ਵਿੱਢਣ ਦੀ ਅਗਲੀ ਰੂਪ-ਰੇਖਾ ਉਲੀਕੇਗਾ। ਉਨ੍ਹਾਂ ਅੱਗੇ ਕਿਹਾ ਕਿ ਚਾਰ ਪਾਰਟੀਆਂ ਦੇ ਸਾਂਝੇ ਮੰਚ ਨੇ ਟਰੇਡ ਯੂਨੀਅਨਾਂ ਵੱਲੋਂ ਪਬਲਿਕ ਅਦਾਰਿਆਂ ਨੂੰ ਬਚਾਉਣ ਅਤੇ ਨਿੱਜੀਕਰਨ ਨੂੰ ਰੋਕਣ ਵਾਸਤੇ 8 ਜਨਵਰੀ ਨੂੰ ਦੇਸ਼ ਪੱਧਰ ’ਤੇ ਕੀਤੀ ਜਾ ਰਹੀ ਹੜਤਾਲ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਸੰਮਤੀ ਵੱਲੋਂ ਪੇਂਡੂ ਭਾਰਤ ਵਿੱਚ ਹੜਤਾਲ ਦੀ ਹਮਾਇਤ ਵਿੱਚ ਕੀਤੇ ਜਾ ਰਹੇ ਐਕਸ਼ਨ ਦੀ ਪੁਰਜ਼ੋਰ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਂਝੇ ਮੰਚ ਵੱਲੋਂ 21 ਤੋਂ 23 ਦਸੰਬਰ ਤੱਕ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਸਾਂਝੀਆਂ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 1 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਸਾਂਝੇ ਤੌਰ ’ਤੇ ਜਥਾ ਮਾਰਚ ਕੀਤੇ ਜਾਣਗੇ।
ਸ੍ਰੀ ਮਾੜੀਮੇਘਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਸਰਕਾਰੀ ਅਤੇ ਪਬਲਿਕ ਅਦਾਰੇ ਨਿੱਜੀ ਕੰਪਨੀਆਂ ਨੂੰ ਵੇਚਣ ਦਾ ਰਾਹ ਚੁਣਿਆ ਹੋਇਆ ਹੈ। ਨਿੱਜੀਕਰਨ ਦੀ ਨੀਤੀ ਕਾਰਨ ਦੇਸ਼ ਭਰ ਵਿੱਚੋਂ ਲੱਖਾਂ ਉਦਯੋਗ ਬੰਦ ਹੋ ਗਏ ਹਨ ਅਤੇ ਕਰੋੜਾਂ ਲੋਕਾਂ ਕੋਲੋਂ ਰੁਜ਼ਗਾਰ ਖੁੱਸ ਗਿਆ ਹੈ ਜਿਸ ਕਰ ਕੇ ਸਾਂਝੇ ਮੰਚ ਵੱਲੋਂ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ।

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕਰੇਗੀ ਚੱਕਾ ਜਾਮ

ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਦਸੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ ਲਏ ਫ਼ੈਸਲੇ ਅਨੁਸਾਰ 13 ਤੋਂ 18 ਦਸੰਬਰ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਪੰਜ ਮੁੱਖ ਸੜਕਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਫਿਰ ਪੰਜਾਬ ਸਰਕਾਰ ਨੇ ਦਲਿਤ, ਕਿਸਾਨ ਅਤੇ ਮਜ਼ਦੂਰ ਵਿਰੋਧੀ ਫ਼ੈਸਲਾ ਵਾਪਸ ਨਾ ਲਿਆ ਤਾਂ ਸੂਬਾ ਪੱਧਰੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੰਚਾਇਤੀ ਜ਼ਮੀਨਾਂ ਖੋਹਣ ਦੇ ਫ਼ੈਸਲੇ ਖ਼ਿਲਾਫ਼ 13 ਤੋਂ 18 ਦਸੰਬਰ ਤੱਕ ਪੰਜ ਥਾਵਾਂ ’ਤੇ, ਧੂਰੀ-ਲੁਧਿਆਣਾ ਰੋਡ, ਸੰਗਰੂਰ ਤੋਂ ਬਰਨਾਲਾ ਰੋਡ, ਸੁਨਾਮ ਰੋਡ, ਸੰਗਰੂਰ-ਦਿੱਲੀ ਰੋਡ, ਭੀਖੀ-ਸੁਨਾਮ ਰੋਡ ਅਤੇ ਸੁਨਾਮ ਤੋਂ ਜਾਖਲ ਸੜਕਾਂ ਜਾਮ ਕਰਦਿਆਂ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਛੋਟੀ ਕਿਸਾਨੀ ਅਤੇ ਦਲਿਤ ਵਰਗ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਸਾਧਨ ਹੈ ਪਰ ਸਰਕਾਰ ਪਹਿਲਾਂ ਬਣੇ ਕਾਨੂੰਨਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਕੇ ਗਰੀਬ ਵਰਗ ਦਾ ਗਲ ਘੁੱਟ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਵੋਟਾਂ ਲੈਣ ਲਈ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਕਿਸਾਨ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਦੀ ਬਜਾਇ ਉਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਦਾ ਸਾਧਨ ਵੀ ਖੋਹੇ ਜਾ ਰਹੇ ਹਨ।


Comments Off on ਪੰਚਾਇਤੀ ਜ਼ਮੀਨਾਂ ਦੀ ਲੁੱਟ ਖ਼ਿਲਾਫ਼ ਨਿੱਤਰੀਆਂ ਖੱਬੇ ਪੱਖੀ ਪਾਰਟੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.