ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ

Posted On December - 5 - 2019

ਪ੍ਰਦੂਸ਼ਣ ਦੀ ਸਮੱਸਿਆ ਲਈ ਖੁਦ ਸਰਕਾਰ ਜ਼ਿੰਮੇਵਾਰ

ਪ੍ਰਦੂਸ਼ਣ ਵਿੱਚ ਹਰ ਵਰਗ ਆਪੋ-ਅਪਣਾ ਯੋਗਦਾਨ ਪਾ ਰਿਹਾ ਹੈ ਪਰ ਇਸ ਲਈ ਪਰਾਲੀ ਸਾੜਨ ਦੇ ਨਾਂ ’ਤੇ ਭੰਡਿਆ ਕਿਸਾਨ ਨੂੰ ਹੀ ਜਾ ਰਿਹਾ ਹੈ। ਫਿਰ ਵੀ ਜੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਤਾਂ, ਇਕ ਵਧੀਆ ਹੱਲ ਇਹ ਹੋ ਸਕਦਾ ਹੈ ਕਿ ਸਰਕਾਰ ਗਾਊਸ਼ਾਲਾਵਾਂ ਦੀ ਸੰਭਾਲ ਲਈ ਬਿਜਲੀ ਬਿਲ ਦੇ ਵਿੱਚ ਪੰਜਾਬ ਦੀ ਲੋਕਾਂ ਤੋਂ ਜੋ ਗਾਊ ਸੈੱਸ ਵਸੂਲ ਕੇ ਕਰੋੜਾਂ ਰੁਪਏ ਗਾਊਸ਼ਾਲਾਵਾਂ ਨੂੰ ਦਿੰਦੀ ਹੈ, ਉਸ ਨੂੰ ਉਨ੍ਹਾਂ ਪੈਸਿਆਂ ਨਾਲ ਕਿਸਾਨਾਂ ਤੋਂ ਸਿੱਧੀ ਪਰਾਲੀ ਖਰੀਦੇ ਕੇ ਗਾਊਸ਼ਾਲਾਵਾਂ ਨੂੰ ਭੇਜਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਪਰਾਲੀ ਦਾ ਵਧੀਆ ਨਿਬੇੜਾ ਹੋਵੇਗਾ, ਸਗੋਂ ਗਾਵਾਂ ਨੂੰ ਵੀ ਚਾਰਾ ਮਿਲੇਗਾ।
ਹਰਦੀਪ ਸਿੰਘ ਚੌਹਾਨ, ਪਿੰਡ ਭਲਵਾਨ, ਸੰਗਰੂਰ। ਸੰਪਰਕ: 94175-12231

ਪ੍ਰਦੂਸ਼ਣ ਖਿਲਾਫ਼ ਵਿਗਿਆਨਕ ਤਰੀਕੇ ਅਪਣਾਉਣ ਦੀ ਲੋੜ

ਪੰਜਾਬ ਵਿੱਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ, ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ, ਬੱਸ ਸਰਕਾਰ ਅਤੇ ਨਾਗਰਿਕ ਇੱਕ ਦੂਜੇ ਨੂੰ ਦੋਸ਼ ਦੇ ਰਹੇ ਹਨ। ਸਾਨੂੰ ਕੇਵਲ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ, ਇਸ ਸਮੱਸਿਆ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ। ਏਅਰ ਕੰਡੀਸ਼ਨਰ ਹਰ ਦਫ਼ਤਰ ਵਿਚ ਹੀ ਨਹੀਂ ਸਗੋਂ ਘਰਾਂ ਵਿਚ ਵੀ ਕਈ-ਕਈ ਲੱਗੇ ਹੁੰਦੇ ਹਨ। ਜ਼ਿਆਦਾ ਲੋਕ ਆਪਣੇ ਨਿੱਜੀ ਆਵਾਜਾਈ ਦਾ ਸਾਧਨ ਇਸਤੇਮਾਲ ਕਰਦੇ ਹਨ ਜਿਸ ਨਾਲ ਪ੍ਰਦੂਸ਼ਣ ਵਧਦਾ ਹੈ। ਸਾਨੂੰ ਇੱਕ-ਦੂਜੇ ’ਤੇ ਦੋਸ਼ ਲਾਉਣਾ ਛੱਡਣਾ ਪਵੇਗਾ ਤੇ ਇਸ ਸਮੱਸਿਆ ਦਾ ਮਿਲ ਕੇ ਹੱਲ ਕੱਢਣਾ ਪਵੇਗਾ। ਸਰਕਾਰ ਨੂੰ ਇਸ ਲਈ ਵਿਗਿਆਨਕ ਤਰੀਕੇ ਵਰਤਣੇ ਚਾਹੀਦੇ ਹਨ।
ਭਾਵਨਾ, ਰਾਜਪੁਰਾ, ਜ਼ਿਲ੍ਹਾ ਪਟਿਆਲਾ।
ਸੰਪਰਕ: bhawnaverma99144@gmal.com

ਹੁਣ ਪ੍ਰਦੂਸ਼ਣ ਲਈ ਇਕ-ਦੂਜੇ ਨੂੰ ਭੰਡ ਕੇ ਨਹੀਂ ਸਰਨਾ

ਗੁਰਬਾਣੀ ਦਾ ਫੁਰਮਾਨ ਹੈ: ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।’ ਸ਼ਾਇਦ ਅਸੀਂ ਸਾਰੇ ਹੀ ਬਾਣੀ ਦੇ ਇਸ ਵਾਕ ਤੋਂ ਬਹੁਤ ਦੂਰ ਹੋ ਗਏ ਹਾਂ। ਦੋਸ਼ ਕਿਸੇ ਦਾ ਹੋਵੇ, ਪਰ ਨੁਕਸਾਨ ਅਸੀਂ ਆਪਣੇ ਨਾਲ-ਨਾਲ ਆਉਣ ਵਾਲੀਆਂ ਨਸਲਾਂ ਦਾ ਵੀ ਕਰ ਰਹੇ ਹਾਂ। ਗਲਤੀਆਂ ਹਰ ਵਰਗ ਕਰਦਾ ਹੈ, ਚਾਹੇ ਉਹ ਰੀਤੀ-ਰਿਵਾਜਾਂ ਨਾਲ ਸਬੰਧਤ ਹੋਣ ਜਾਂ ਕਿਸੇ ਮਜਬੂਰੀ ਵੱਸ ਹੋਣ ਜਾਂ ਐਵੇਂ ਸ਼ੌਕ ਲਈ ਹੋਣ। ਪਰ ਇਸ ਨਾਲ ਸਾਡੇ ਵਾਤਾਵਰਨ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਹੁਣ ਵੇਲਾ ਮੰਨ ਲੈਣ ਦਾ ਕਿ ਅਸੀਂ ਸਾਰੇ ਹੀ ਵਾਤਾਵਰਨ ਨੂੰ ਪੂਰੀ ਤਰਾਂ ਖਰਾਬ ਕਰ ਚੁੱਕੇ ਹਾਂ ਤੇ ਹੋਣ ਹੋਰ ਖ਼ਰਾਬ ਕਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ।
ਸੁਨੀਲ ਕੁਮਾਰ, ਧੂਰੀ, ਜ਼ਿਲ੍ਹਾ ਸੰਗਰੂਰ।
ਸੰਪਰਕ: 90410-32920

ਪ੍ਰਦੂਸ਼ਣ ਨਾਲ ਸਾਡਾ ਵਰਤਮਾਨ ਹੀ ਨਹੀਂ ਭਵਿੱਖ ਵੀ ਹਨੇਰਾ

ਪ੍ਰਦੂਸ਼ਣ ਵੱਲ ਧਿਆਨ ਦਿੱਤੇ ਬਿਨਾਂ ਹੁਣ ਨਹੀਂ ਸਰਨਾ। ਜੇ ਪ੍ਰਦੂਸ਼ਣ ਨਾ ਰੋਕਿਆ ਗਿਆ, ਤਾਂ ਅਸੀਂ ਆਪਣੇ ਵਰਤਮਾਨ ਨਾਲ ਹੀ ਭਵਿੱਖ ਵੀ ਹਨੇਰੇ ਵਿਚ ਡੁਬੋ ਲਵਾਂਗੇ। ਅੱਜ ਪੰਜਾਬ ਵਿੱਚ ਸਾਹ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦੀਵਾਲੀ ਤੋਂ ਬਾਅਦ, ਇਸ ਵਾਰ ਪੰਜਾਬ ਵਿਚ ਏਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ, ਜੋ ਬਠਿੰਡਾ ਵਿਚ 406 ਦਰਜ ਕੀਤਾ ਗਿਆ। ਹਰ ਸਾਲ ਝੋਨੇ ਦੀ ਵਾਢੀ ਸਮੇਂ ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ ਦਾ ਸੂਚਕਾਂਕ ਖ਼ਰਾਬ ਹੁੰਦਾ ਹੈ, ਪਰ ਪਰਾਲੀ ਸਾੜਨ ਦੇ ਮਾਮਲੇ ਰੁਕਦੇ ਨਹੀਂ ਅਤੇ ਨਾ ਹੀ ਸਰਕਾਰ ਨੇ ਇਸ ਨੂੰ ਰੋਕਣ ਲਈ ਕੁਝ ਖ਼ਾਸ ਕੀਤਾ ਹੈ। ਪ੍ਰਦੂਸ਼ਣ ਦੀ ਅਸਲ ਸਮੱਸਿਆ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਪੈਦਾ ਹੋਈ ਹੈ, ਜਿਸ ਬਾਰੇ ਸਾਨੂੰ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਨੇਹਾ ਜਮਾਲ, ਮੁਹਾਲੀ। ਸੰਪਰਕ: 70874-73286

ਪੰਜਾਬ ’ਚ ਵਾਤਾਵਰਨ ਬਚਾਓ ਮੁਹਿੰਮ ਚਲਾਉਣ ਦੀ ਲੋੜ

ਪੰਜਾਬ ‘ਚ ਵਾਤਾਵਰਨ ਦਾ ਸੰਕਟ ਗੰਭੀਰ ਸਮੱਸਿਆ ਬਣ ਗਿਆ ਹੈ, ਜਿਸਦੇ ਹੱਲ ਲਈ ਸਮੂੰਹ ਪੰਜਾਬੀਆਂ ਨੂੰ ਸੁਚੇਤ ਹੋ ਕੇ ਲੋਂੜੀਂਦੇ ਕਦਮ ਚੁਕਣੇ ਜ਼ਰੂਰੀ ਹਨ। ਜਿਹੜੇ ਪੰਜਾਬ ‘ਚ ਪਹਿਲਾਂ ਅੰਮ੍ਰਿਤ ਵੇਲੇ ਸੂਹੀ ਸਵੇਰ ਦੀ ਤਾਜ਼ੀ ਹਵਾ ਸਭ ਨੂੰ ਤਰੋਤਾਜ਼ਾ ਕਰ ਦਿੰਦੀ ਸੀ, ਉਸੇ ਪ੍ਰਦੂਸ਼ਣ ਕਾਰਨ ਹੁਣ ਅੰਮ੍ਰਿਤਮਈ ਸਵੇਰ ਹੀ ਧੁੰਦਲਈ ਹੋ ਗਈ ਹੈ। ਪ੍ਰਦੂਸ਼ਣ ਕਾਰਨ ਪੰਜਾਬੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਜਣਨ ਸਮਰਥਾ ਉਪਰ ਮਾੜਾ ਅਸਰ ਪੈ ਰਿਹਾ ਹੈ। ਉਪਜਾਊ ਧਰਤੀ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਕਾਰਨ ਬੰਜਰ ਹੁੰਦੀ ਜਾ ਰਹੀ ਹੈ, ਕੁਦਰਤੀ ਜਲ ਸੋਮੇ ਕਾਰਖਾਨਿਆਂ ਦੇ ਰਸਾਇਣਾਂ ਕਾਰਨ ਪਲੀਤ ਹੋ ਚੁਕੇ ਹਨ।
ਜਗਮੋਹਨ ਸਿੰਘ ਲੱਕੀ, ਵਿਦਿਆ ਨਗਰ,
ਪਟਿਆਲਾ। ਸੰਪਰਕ: 94638-19174

ਮਨੁੱਖ ਨੇ ਪ੍ਰਦੂਸ਼ਣ ਦੀ ਕੁਹਾੜੀ ਖ਼ੁਦ ਆਪਣੇ ਪੈਰੀਂ ਮਾਰੀ

ਜੋ ਹਾਲਤ ਪੰਜਾਬ ਦੀ ਅੱਜ ਹੈ, ਉਹ ਇੱਕ ਦਿਨ ਦਾ ਨਤੀਜਾ ਨਹੀਂ ਸਗੋਂ ਲੰਮੇ ਅਰਸੇ ਤੋਂ ਮਨੁੱਖ ਜਾਤੀ ਵੱਲੋਂ ਕੀਤੀ ਗਈ ਭਾਰੀ ਅਣਗਿਹਲੀ ਦਾ ਸਿੱਟਾ ਹੈ। ਰੁੱਖ ਲਗਾਉਣ ਦੀ ਜਗ੍ਹਾ ਕਟਾਈ ’ਤੇ ਜ਼ੋਰ ਦੇ ਕੇ ਇਨਸਾਨ ਨੇ ਖ਼ੁਦ ਆਪਣੇ ਪੈਰ ਕੁਹਾੜੀ ਮਾਰੀ ਹੈ ਤੇ ਨਾਲ ਹੀ ਪਸ਼ੂ-ਪੰਛੀਆਂ ਦੀ ਜਾਨ ਨੂੰ ਵੀ ਜੋਖਮ ਵਿਚ ਪਾ ਦਿੱਤਾ ਹੈ ਤੇ ਕੁਦਰਤ ਦਾ ਤਵਾਜ਼ਨ ਹਿਲਾ ਕੇ ਰੱਖ ਦਿੱਤਾ ਹੈ। ਪਲਾਸਟਿਕ ਦੀਆਂ ਵਸਤਾਂ ਨੂੰ ਨਸ਼ਟ ਕਰਨ ਦੀ ਥਾਂ ਨਦੀਆਂ-ਨਾਲਿਆਂ ਵਿਚ ਸੁੱਟਣਾ ਵਧੇਰੇ ਬਿਹਤਰ ਸਮਝਿਆ ਜਾਂਦਾ ਹੈ। ਦਰਿਆਵਾਂ ਦੇ ਪਾਣੀ ਨਾਲ ਨਾਲ ਧਰਤੀ ਹੇਠਲਾ ਪਾਣੀ ਵੀ ਪੂਰੀ ਤਰ੍ਹਾਂ ਦੂਸ਼ਤ ਹੋ ਚੁੱਕਿਆ ਹੈ ਤੇ ਪੀਣ ਦੇ ਯੋਗ ਨਹੀਂ ਰਿਹਾ ਹੈ। ਇਸੇ ਤਰ੍ਹਾਂ ਵੱਧ ਝਾੜ ਲਈ ਖੇਤੀ ਲਈ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਰਾਜਪ੍ਰੀਤ ਸਿੰਘ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ। ਸੰਪਰਕ: 98886-63422
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.