ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਨਿਵਾਣਾਂ ਵੱਲ ਜਾਂਦੀ ਰਾਜਨੀਤੀ

Posted On December - 8 - 2019

ਪ੍ਰੋ. ਰਾਕੇਸ਼ ਰਮਨ
ਫ਼ਿਕਰਮੰਦੀ

ਅਤਿ ਤੇ ਖ਼ੁਦਾ ਦਾ ਵੈਰ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਵੀ ਆਖਦੇ ਹਨ ਕਿ ਕਰਤਾ ਪੁਰਖ ਜਿਸ ਨੂੰ ਖੁਆਰ ਕਰਨਾ ਚਾਹੁੰਦਾ ਹੋਵੇ, ਉਹਦੀ ਚੰਗਿਆਈ ਉਹਦੇ ਤੋਂ ਖੋਹ ਲੈਂਦਾ ਹੈ। ਇਹ ਅਵਸਥਾ ਨਿਸ਼ਚੈ ਹੀ ਅਤਿ, ਬਦੀ ਜਾਂ ਬੁਰਾਈ ਦੇ ਸਿਖ਼ਰ ਨੂੰ ਜਾ ਛੁੂੰਹਦੀ ਹੈ। ਇਸ ਅਵਸਥਾ ਵਿਚ ਨਾ ਨੈਤਿਕਤਾ, ਨਾ ਅਨੁਸਾਸ਼ਨ ਤੇ ਨਾ ਹੀ ਪ੍ਰੰਪਰਾਵਾਂ ਦੀ ਪ੍ਰਵਾਹ ਕੀਤੀ ਜਾਂਦੀ ਹੈ। ਇਸ ਅਵਸਥਾ ਵਿਚ ਵਿਚਰਣ ਵਾਲੇ ਆਪਣੀ ਮਰਜ਼ੀ ਦੀ ਨੈਤਿਕਤਾ ਤੇ ਅਨੁਸ਼ਾਸਨ ਘੜ ਲੈਂਦੇ ਹਨ ਤੇ ਪ੍ਰੰਪਰਾਵਾਂ ਅਥਵਾ ਇਤਿਹਾਸ ਨੂੰ ਵੀ ਮਨਮਰਜ਼ੀ ਦੇ ਅਰਥ ਦੇ ਦਿੰਦੇ ਹਨ। ਨਾਗਰਿਕ ਸਮਾਜ ਦੇ ਕਿਸੇ ਵੀ ਖੇਤਰ ਵਿਚ ਇਸ ਅਵਸਥਾ ਦਾ ਉਭਾਰ ਬੇਹੱਦ ਖ਼ਤਰਨਾਕ ਹੁੰਦਾ ਹੈ। ਜੇਕਰ ਇਹ ਅਵਸਥਾ ਰਾਜਨੀਤੀ ਦੇ ਖੇਤਰ ਵਿਚ ਉਭਰ ਜਾਂ ਉਭਾਰ ਦਿੱਤੀ ਜਾਵੇ ਤਾਂ ਸ਼ਾਇਦ ਸਭ ਤੋਂ ਵੱਧ ਖ਼ਤਰਨਾਕ ਹੁੰਦੀ ਹੈ। ਇਹ ਨਾਕਾਰਾਤਮਿਕ ਰਾਜਨੀਤੀ ਨੂੰ ਜਨਮ ਦਿੰਦੀ ਹੈ ਅਤੇ ਨਾਕਾਰਾਤਮਿਕ ਰਾਜਨੀਤੀ ਰਾਹੀਂ ਕੈਸੇ-ਕੈਸੇ ਮੰਜ਼ਰ ਸਾਹਮਣੇ ਆਉਂਦੇ ਹਨ, ਇਸ ਸੱਚ ਤੋਂ ਮਨੁੱਖੀ ਇਤਿਹਾਸ ਭਲੀਭਾਂਤ ਜਾਣੂੰ ਹੈ। ਜਾਣੂੰ ਹੀ ਨਹੀਂ ਸਗੋਂ ਕਈ ਅਜਿਹੇ ਮੰਜ਼ਰ ਵੀ ਹਨ ਜਿਨ੍ਹਾਂ ਦੀ ਯਾਦ ਨਾਲ ਹੀ ਸੰਵੇਦਨਸ਼ੀਲ ਮਨੁੱਖ ਦੀ ਰੂਹ ਕੰਬ ਜਾਂਦੀ ਹੈ। ਵਿਸ਼ਵ ਯੁੱਧ ਅਤੇ ਜਪਾਨ ਦੇ ਘੁੱਗ ਵਸਦੇ ਸ਼ਹਿਰਾਂ ਉਪਰ ਪਰਮਾਣੂ ਬੰਬ ਸੁੱਟੇ ਜਾਣ ਦੀਆਂ ਦੁਖਾਂਤਕ ਘਟਨਾਵਾਂ ਨਾਕਾਰਾਤਮਿਕ ਰਾਜਨੀਤੀ ਦੀਆਂ ਹੀ ਸਿਖ਼ਰਾਂ ਸਨ।
ਵੱਧ ਤੋਂ ਵੱਧ ਲੋਕਤੰਤਰੀ ਦਿੱਖ ਵਿਚ ਨਜ਼ਰ ਆ ਰਹੀ ਨਾਕਾਰਾਤਮਿਕ ਰਾਜਨੀਤੀ ਵੀ ਆਪਣੇ ਅਸਲੇ ਤੇ ਸੁਭਾਅ ਪੱਖੋਂ ਤਾਨਾਸ਼ਾਹੀ ਸੰਭਾਵਨਾਵਾਂ ਰੱਖਦੀ ਹੈ। ਦੂਜੀ ਆਲਮੀ ਜੰਗ ਦੇ ਦੋਵੇਂ ਵੱਡੇ ਖ਼ਲਨਾਇਕ ਜਮਹੂਰੀ ਢਾਂਚੇ ਰਾਹੀਂ ਹੀ ਅੱਗੇ ਆਏ ਸਨ। ਇਕ ਵਾਰ ਜਮਹੂਰੀ ਢਾਂਚੇ ਰਾਹੀਂ ਅੱਗੇ ਆ ਕੇ ਇਹ ਨੇਤਾ ਜਮਹੂਰੀ ਢਾਂਚਿਆਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੰਦੇ ਹਨ। ਸੱਤਾ ਦੇ ਕੇਂਦਰੀਕਰਨ ਲਈ ਇਨ੍ਹਾਂ ਨੂੰ ਅਜਿਹਾ ਕਰਨਾ ਹੀ ਪੈਂਦਾ ਹੈ। ਬੇਅਸਰ ਹੋਏ ਜਮਹੂਰੀ ਢਾਂਚੇ ਤਾਨਾਸ਼ਾਹੀ ਸੱਤਾ ਦੇ ਸਨਮੁੱਖ ਮਾਤਰ ਦਿਖਾਵੇ ਦੇ ‘ਫਰੇਮਵਰਕ’ ਵਜੋਂ ਹੀ ਮੌਜੂਦ ਹੁੰਦੇ ਹਨ। ਤਾਨਾਸ਼ਾਹੀ ਸੱਤਾ ਲਈ ਵਿਰੋਧ ਦੀ ਸੁਰ ਸਹਿਣ ਕਰਨੀ ਔਖੀ ਹੋ ਜਾਂਦੀ ਹੈ। ਚੁਣੌਤੀ-ਰਹਿਤ ਰਾਜਸੀ ਹਾਲਾਤ ਨਾਕਾਰਾਤਮਿਕ ਰਾਜਨੀਤੀ ਕਰਨ ਵਾਲਿਆਂ ਦੀ ਤਰਜੀਹ ਹੁੰਦੇ ਹਨ। ਭਾਰਤ ਵਿਚ ਇਹ ਤਰਜੀਹੀ ਮਾਹੌਲ ਨਾਕਾਰਾਤਮਿਕ ਰਾਜਨੀਤੀ ਕਰਨ ਵਾਲਿਆਂ ਵੱਲੋਂ ਪੈਦਾ ਕੀਤਾ ਜਾ ਰਿਹਾ ਹੈ। ਇਸ ਨੂੰ ਪੈਦਾ ਕਰਨ ਦੀ ਪ੍ਰਕਿਰਿਆ ਵਿਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਦੀ ਘਟਨਾ ਵੀ ਸ਼ਾਮਲ ਹੈ ਅਤੇ ਹੁਣ ਸਾਨੂੰ ਪੂਰੇ ਦੇਸ਼ ਵਿਚ ਨਾਕਾਰਾਤਮਿਕ ਰਾਜਨੀਤੀ ਦੀਆਂ ਸਿਖ਼ਰਾਂ ਦਿਖਾਈ ਦੇ ਰਹੀਆਂ ਹਨ। ਇਸ ਦੀਆਂ ਬੇਸੁਰੀਆਂ ਪ੍ਰਤੀਧੁਨੀਆਂ ਗੂੰਜਦੀਆਂ ਸੁਣਾਈ ਦੇ ਰਹੀਆਂ ਹਨ।

ਪ੍ਰੋ. ਰਾਕੇਸ਼ ਰਮਨ

ਨਾਕਾਰਾਤਮਿਕ ਰਾਜਨੀਤੀ ਦਾ ਪਹਿਲਾ ਵੱਡਾ ਪ੍ਰਗਟਾਵਾ 2014 ਦੀਆਂ ਆਮ ਚੋਣਾਂ ਸਮੇਂ ਹੋਇਆ। ਸੁਤੰਤਰ ਭਾਰਤ ਦੇ ਇਤਿਹਾਸ ਵਿਚ ਦੇਸ਼ਵਾਸੀਆਂ ਨੂੰ ਪਤਾ ਲੱਗਾ ਕਿ ਇਸ ਢੰਗ ਦੀਆਂ ਵੀ ਕੋਈ ਚੋਣਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਲਗਪਗ ਸਮੁੱਚੀ ਵਿਰੋਧੀ ਧਿਰ ਨੂੰ ‘ਬਲੈਕ ਆਊਟ’ ਕਰ ਦਿੱਤਾ ਜਾਂਦਾ ਹੈ ਤੇ ਸਮੁੱਚੇ ਮੀਡੀਆ ਨੂੰ ਇਕ ਵਿਅਕਤੀ ਵਿਸ਼ੇਸ਼ ਉਪਰ ਕੇਂਦਰਿਤ ਕਰ ਦਿੱਤਾ ਜਾਂਦਾ ਹੈ। ਲਗਪਗ ਹਰ ਟੀਵੀ ਚੈਨਲ ਉਪਰ ਇਕੋ ਸਮੇਂ ਇਕ ਹੀ ਵਿਅਕਤੀ ਵਿਸ਼ੇਸ਼ ਦਾ ਚੁਣਾਵੀ ਭਾਸ਼ਣ ਪ੍ਰਸਾਰਿਤ ਹੋ ਰਿਹਾ ਹੁੰਦਾ ਸੀ। ਇਹ ਭਾਸ਼ਣ ਅਜਿਹਾ ਮਨੋਵਿਗਿਆਨਕ ਪ੍ਰਭਾਵ ਪੈਦਾ ਕਰਦਾ ਸੀ ਜਿਵੇਂ ਇਹ ਭਾਸ਼ਣ ਦੇਣ ਵਾਲਾ ਵਿਅਕਤੀ ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਬਣ ਗਿਆ ਹੋਵੇ ਤੇ ਹੁਣ ਟੀਵੀ ਤੋਂ ਕੌਮ ਦੇ ਨਾਂ ਸੰਦੇਸ਼ ਦੇ ਰਿਹਾ ਹੋਵੇ। ਚੋਣਾਂ ਦਾ ਇਹ ਨਜ਼ਾਰਾ ਇਕ ਵਾਰ ਫਿਰ 2019 ਦੀਆਂ ਚੋਣਾਂ ’ਚ ਦੁਹਰਾਇਆ ਗਿਆ ਤੇ ਪਹਿਲਾਂ ਵਾਲੀ ਜੁਗਤ ਰਾਹੀਂ ਪਹਿਲਾਂ ਵਾਲੇ ਨਤੀਜੇ ਮੁੜ ਕੱਢ ਲਏ ਗਏ। ਚੋਣਾਂ, ਜੋ ਸਾਰੀਆਂ ਧਿਰਾਂ ਲਈ ਆਪਣੀ ਗੱਲ ਟਕਰਾਵੇਂ ਰੂਪ ਵਿਚ ਰੱਖਣ ਦਾ ਮੌਕਾ ਤੇ ਸਾਧਨ ਮੁਹੱਈਆ ਕਰਵਾਉਂਦੀਆਂ ਹਨ, ਕੇਵਲ ਇਕ ਵਿਸ਼ੇਸ਼ ਵਿਅਕਤੀ ਲਈ ਅੱਗੇ ਆਉਣ ਦਾ ਚੁਣੌਤੀ-ਰਹਿਤ ਵਸੀਲਾ ਬਣ ਕੇ ਰਹਿ ਗਈਆਂ। ਅਜੇ ਤਕ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਮੌਜੂਦਾ ਜਮਹੂਰੀ ਵਿਵਸਥਾ ਦੇ ਤਹਿਤ ਇਸ ਪ੍ਰਕਾਰ ਦੇ ਚੋਣ ਪ੍ਰਬੰਧ ਨੂੰ ਕਿਨ੍ਹਾਂ ਸ਼ਬਦਾਂ ਨਾਲ ਪਰਿਭਾਸ਼ਿਤ ਕੀਤਾ ਜਾਵੇ। ਸਮੇਂ-ਸਮੇਂ ’ਤੇ ਲਾਗੂ ਕੀਤੇ ਜਾਂਦੇ ਚੋਣ ਸੁਧਾਰਾਂ ਦੇ ਬਾਵਜੂਦ ਇਹ ਚੋਣਾਂ ਨਿਘਾਰ ਦੇ ਸਭ ਤੋਂ ਨੀਵੇਂ ਪੱਧਰ ਦੀਆਂ ਸਮਝੀਆਂ ਜਾ ਰਹੀਆਂ ਹਨ ਤੇ ਲਗਾਤਾਰ ਵਿਵਾਦਾਂ ਵਿਚ ਘਿਰੀਆਂ ਰਹੀਆਂ ਹਨ।
ਸਿਆਣਿਆਂ ਦਾ ਕਹਿਣਾ ਹੈ ਕਿ ਇਕ ਦਾਣਾ ਟੋਹ ਕੇ ਸਾਰੀ ਦਾਲ ਦਾ ਪਤਾ ਲੱਗ ਜਾਂਦਾ ਹੈ। ਦੇਸ਼ ਦੀ ਰਾਜਨੀਤੀ ਕਿੰਨੀ ਨਾਕਾਰਾਤਮਿਕ ਹੈ, ਬੀਤੇ ਦਿਨੀਂ ਚਰਚਾ ’ਚ ਆਏ ਕੁਝ ਚੋਣਵੇਂ ਬਿਆਨ ਹੀ ਦਰਸਾਉਂਦੇ ਹਨ। ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਕਹਿਣ ਨਾਲੋਂ ਮਾੜਾ ਬਿਆਨ ਸ਼ਾਇਦ ਹੀ ਕਿਸੇ ਨੇ ਨਿਰਸੰਕੋਚ ਹੋ ਕੇ ਤੇ ਅਸਲੀਅਤ ਨੂੰ ਅੱਖੋਂ ਪਰੋਖੇ ਕਰਕੇ ਦਿੱਤਾ ਹੋਵੇ ਜਿਵੇਂ ਇਹ ਇਕ ਸੰਸਦ ਮੈਂਬਰ ਵੱਲੋਂ ਦਿੱਤਾ ਗਿਆ। ਮਹਾਤਮਾ ਗਾਂਧੀ ਮਹਾਨ ਰੂਸੀ ਲੇਖਕ ਲਿਓ ਤਾਲਸਤਾਏ ਦੀ ਵਿਚਾਰਧਾਰਾ ਦੇ ਅਨੁਯਾਈ ਸਨ। ਬਰਤਾਨਵੀ ਹਕੂਮਤ ਵਿਰੁੱਧ ਜੱਦੋਜਹਿਦ ਨੂੰ ਉਨ੍ਹਾਂ ਨੇ ਲੋਕ ਲਹਿਰ ਦੀ ਤਰਜ਼ ’ਤੇ ਲਾਮਬੰਦ ਕਰਨ ਲਈ ਇਤਿਹਾਸਕ ਭੂਮਿਕਾ ਨਿਭਾਈ। ਇਕ ਹੋਰ ਰੂਸੀ ਕ੍ਰਾਂਤੀਕਾਰੀ ਲੇਖਕ ਮੈਕਸਿਮ ਗੋਰਕੀ, ਬਚਪਨ ਵਿਚ ਹੀ ਜਿਸ ਦੇ ਸਿਰ ਉਪਰੋਂ ਮਾਂ-ਬਾਪ ਦਾ ਸਾਇਆ ਉੱਠ ਗਿਆ ਸੀ, ਤਾਲਸਤਾਏ ਤੋਂ ਇਸ ਕਦਰ ਪ੍ਰਭਾਵਿਤ ਸੀ ਕਿ ਉਹਨੇ ਆਪਣੀਆਂ ਯਾਦਾਂ ਵਿਚ ਲਿਖਿਆ, ‘ਜਦੋਂ ਤੱਕ ਇਹ ਬੰਦਾ (ਤਾਲਸਤਾਏ) ਜਿਉਂਦਾ ਹੈ, ਉਦੋਂ ਤੱਕ ਮੈਂ ਆਪਣੇ ਆਪ ਨੂੰ ਯਤੀਮ ਮਹਿਸੂਸ ਨਹੀਂ ਕਰਦਾ।’ ਮੈਕਸਿਮ ਗੋਰਕੀ ਦੀ ਤਾਲਸਤਾਏ ਪ੍ਰਤੀ ਇਹ ਭਾਵਨਾ ਅਸਿੱਧੇ ਢੰਗ ਨਾਲ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੇ ਉਚਿਤ ਹੋਣ ਦਾ ਪ੍ਰਮਾਣ ਵੀ ਪੇਸ਼ ਕਰਦੀ ਹੈ। ਗਾਂਧੀ ਦੀ ਥਾਂ ’ਤੇ ਗੋਡਸੇ ਨੂੰ ਅਤੇ ਗੋਡਸੇ ਦੀ ਥਾਂ ’ਤੇ ਗਾਂਧੀ ਨੂੰ ਦਿਖਾਉਣਾ ਸਾਜ਼ਿਸ਼ੀ ਨਾਕਾਰਾਤਮਿਕ ਰਾਜਨੀਤੀ ਦੀ ਇਕ ਸਭ ਤੋਂ ਉੱਘੜਵੀਂ ਮਿਸਾਲ ਹੈ।
ਇੱਥੇ ਅਸੀਂ ਇਕ ਹੋਰ ਮਿਸਾਲ ਦਾ ਜ਼ਿਕਰ ਕਰ ਸਕਦੇ ਹਾਂ ਜੋ ਉਪਰੋਕਤ ਬਿਆਨ ਵਰਗਾ ਹੀ ਹੈ। ਇਹ ਗੱਲ ਵੀ ਧਿਆਨ ’ਚ ਰੱਖਣ ਵਾਲੀ ਹੈ ਕਿ ਅਜਿਹੇ ਬਿਆਨ ਦਾਗਣ ਵਾਲੇ ਕੋਈ ਸਿਰਫਿਰੇ ਨਹੀਂ। ਉਹ ਬੜਾ ਸੋਚ-ਸਮਝ ਕੇ ਅਜਿਹੇ ਬਾਣ ਛੱਡਦੇ ਹਨ ਜਿਨ੍ਹਾਂ ਦੇ ਕੁਝ ਨਿਸ਼ਚਿਤ ਨਿਸ਼ਾਨੇ ਹੁੰਦੇ ਹਨ। ਅਜੋਕੇ ਸਿਆਸੀ ਨਿਸ਼ਾਨਚੀਆਂ ਨੂੰ ਤਾਂ ਲਗਪਗ ਇਹ ਵੀ ਪਤਾ ਹੀ ਹੁੰਦਾ ਹੈ ਕਿ ਉਹ ‘ਅੰਨ੍ਹੇ ਨਿਸ਼ਾਨਚੀ’ ਹਨ। ਇਸੇ ਲਈ ਤਾਂ ਵਿਵਾਦਿਤ ਬਿਆਨ ਮਗਰੋਂ ਹੀ ਉਹ ਆਪਣਾ ਮੁਆਫ਼ੀਨਾਮਾ ਵੀ ਜਾਰੀ ਕਰ ਦਿੰਦੇ ਹਨ, ਉਂਜ ਉਹ ਆਪਣੀਆਂ ਗ਼ਲਤੀਆਂ ਨੂੰ ਸੁਧਾਰਦੇ ਨਹੀਂ ਸਗੋਂ ਗ਼ਲਤੀਆਂ ਦੇ ਸਿਲਸਿਲੇ ਨੂੰ ਬਣਾਈ ਰੱਖਦੇ ਹਨ। ਨਾਕਾਰਾਤਮਿਕ ਰਾਜਨੀਤੀ ਦੇ ਮਾਹਿਰ ਇਕ ‘ਬੁੱਧੀਜੀਵੀ’ ਦਾ ਇਕ ਬਿਆਨ ਤਾਜ਼ਾ-ਤਾਜ਼ਾ ਹੀ ਮੀਡੀਆ ਵਿਚ ਗੂੰਜਿਆ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਦੇਸ਼ ਦੀ ਮਹੱਤਵਪੂਰਨ ਸਿੱਖਿਆ ਸੰਸਥਾ ‘ਜਵਾਹਰਲਾਲ ਨਹਿਰੂ ਯੂਨੀਵਰਸਿਟੀ’ ਨੂੰ ਤਿੰਨ ਸਾਲ ਲਈ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇਸ ਯੂਨੀਵਰਸਿਟੀ ਦਾ ਨਾਂ ਬਦਲ ਕੇ ਸੁਭਾਸ਼ ਚੰਦਰ ਬੋਸ ਦੇ ਨਾਂ ਉੱਪਰ ਰੱਖ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਤਰਕਹੀਣ ਬਿਆਨ ਮਹਿਜ਼ ਨਾਕਾਰਾਤਮਿਕ ਰਾਜਨੀਤੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹੀ ਦਿੱਤੇ ਜਾਂਦੇ ਹਨ। ਮਹਾਤਮਾ ਗਾਂਧੀ ਵਾਂਗ ਜਵਾਹਰ ਲਾਲ ਨਹਿਰੂ ਦੀ ਵੀ ਦੇਸ਼ ਨੂੰ ਦੇਣ ਕਲਾਸਿਕ ਪੱਧਰ ਦੀ ਹੈ ਤੇ ਇਹ ਦੇਣ ਸਿਆਸੀ ਚੁਣੌਤੀਆਂ ਵੀ ਪੇਸ਼ ਕਰਦੀ ਹੈ, ਪਰ ਨਾਕਾਰਾਤਮਿਕ ਰਾਜਨੀਤੀ ਦੇ ਖਿਡਾਰੀਆਂ ਨੂੰ ਤਾਂ ਆਪਣੀਆਂ ਮਨਮਰਜ਼ੀਆਂ ਕਰਨ ਲਈ ਹਾਲਾਤ ਪੂਰੀ ਤਰ੍ਹਾਂ ਚੁਣੌਤੀਅ ਰਹਿਤ ਮਿਲਣੇ ਚਾਹੀਦੇ ਹਨ। ਇਹ ਉਨ੍ਹਾਂ ਦੀ ਮੁੱਢਲੀ ਲੋੜ ਹੈ।
ਦੇਸ਼ ਦੀ ਰਾਜਨੀਤੀ ਦੇ ਆਕਾਸ਼ ਵਿਚ ਤਬਦੀਲੀ ਦਿਖਾਈ ਦੇ ਰਹੀ ਹੈ। ਇਸ ਦਾ ਰੰਗ ਤਬਦੀਲ ਹੋ ਕੇ ਲਾਲੀ ਦੀ ਭਾਹ ਮਾਰਨ ਲੱਗਿਆ ਹੈ। ਜਾਪਦਾ ਹੈ ਜਿਵੇਂ ਨਾਕਾਰਾਤਮਿਕ ਰਾਜਨੀਤੀ ਦਾ ਸੂਰਜ ਅਸਤ ਹੋ ਰਿਹਾ ਹੋਵੇ। ਕੁਝ ਚੋਣ ਨਤੀਜੇ ਅਤੇ ਕੁਝ ਅਣਕਿਆਸੀਆਂ ਸਿਆਸੀ ਘਟਨਾਵਾਂ ਵੀ ਅਜਿਹੀਆਂ ਸਾਹਮਣੇ ਆਈਆਂ ਹਨ ਜਿਹੜੀਆਂ ਉਪਰੋਕਤ ਸੰਭਾਵਨਾ ਦੇ ਮੁੱਢਲੇ ਸੰਕੇਤ ਜਾਪਦੀਆਂ ਹਨ। ਨਾਕਾਰਾਤਮਿਕ ਰਾਜਨੀਤੀ ਦਾ ਸੂਰਜ ਜੇਕਰ ਢਲਦਾ ਹੈ ਤਾਂ ਇਹ ਯਕੀਨਨ ਹੀ ਦੇਸ਼ ਦੀ ਖੁਸ਼ਕਿਸਮਤੀ ਹੋਵੇਗੀ।
ਸੰਪਰਕ: 98785-31166


Comments Off on ਨਿਵਾਣਾਂ ਵੱਲ ਜਾਂਦੀ ਰਾਜਨੀਤੀ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.