ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ…

Posted On December - 2 - 2019

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਕਹਾਣੀ। ਉਹ ਸਾਡੇ ਖ਼ਿੱਤੇ ਨਾਲ ਸਬੰਧਤ ਹੈ। ਸਤਿਕਾਰਤ ਨਾਮ ਹੈ। ਇਕ ਸਮੇਂ ਉਸ ਦਾ ਦਬਦਬਾ ਵੀ ਅਪਾਰ ਸੀ। ਅੱਧੇ ਦਹਾਕੇ ਤੋਂ ਵੱਧ ਸਮੇਂ ਤਕ ਉਹ ਸਰਬਉੱਚ ਅਦਾਲਤ ਦਾ ਹਿੱਸਾ ਰਿਹਾ। ਇਸ ਸਮੇਂ ਦੌਰਾਨ ਆਪਣੇ ਹੁਕਮਾਂ ਰਾਹੀਂ ਉਹ ਮੀਡੀਆ ਦੀਆਂ ਸੁਰਖ਼ੀਆਂ ਵਿਚ ਲਗਾਤਾਰ ਮੌਜੂਦ ਰਿਹਾ। ਕਾਨੂੰਨੀ ਮਾਹਿਰ ਮੰਨਦੇ ਹਨ ਕਿ ਇਨ੍ਹਾਂ ਹੁਕਮਾਂ ਨੇ ਜੱਜ ਦਾ ਦਾਬਾ ਮੁਸਲਸਲ ਵਧਾਇਆ, ਪਰ ਖ਼ਲਕਤ ਦਾ ਬਹੁਤਾ ਕੁਝ ਨਹੀਂ ਸੰਵਾਰਿਆ। ਉਸ ਦੇ ਹੁਕਮ ਅਸਰਦਾਰ ਰਹੇ, ਪਰ ਖ਼ਲਕਤ ਦੀਆਂ ਮੁਸ਼ਕਲਾਂ ਘਟੀਆਂ ਨਹੀਂ, ਵਧੀਆ ਜ਼ਰੂਰ। ਕਾਨੂੰਨੀ ਤਕਾਜ਼ਿਆਂ ਮੁਤਾਬਿਕ ਇਹ ਹੁਕਮ ਸਹੀ ਹੋਣ ਦੇ ਬਾਵਜੂਦ ਉਸ ਦਾ ਇਕ ਵੀ ਫ਼ੈਸਲਾ ਅਜਿਹਾ ਨਹੀਂ ਜਿਸ ਵਿਚੋਂ ਇਨਸਾਫ਼ਪਸੰਦਗੀ + ਇਨਸਾਨਪ੍ਰਸਤੀ ਦੀ ਖ਼ੁਸ਼ਬੂ ਆਉਂਦੀ ਹੋਵੇ।
ਕਿਸੇ ਜੱਜ ਦੇ ਅਜਿਹੇ ਕਾਰਜਕਾਲ ਨੂੰ ਬਿਰਥਾ ਕਰਾਰ ਦਿੰਦੀ ਹੈ ਟੈਲੀਵਿਜ਼ਨ ਪੱਤਰਕਾਰ, ਲੇਖਕ ਤੇ ਕਾਲਮਨਵੀਸ ਸੁਧਾਂਸ਼ੂ ਰੰਜਨ ਦੀ ਨਵੀਂ ਕਿਤਾਬ ‘ਜਸਟਿਸ ਵਰਸਿਜ਼ ਜੁਡੀਸ਼ਰੀ’ (ਨਿਆਂ ਬਨਾਮ ਨਿਆਂਪਾਲਿਕਾ; ਆਕਸਫੋਰਡ ਯੂਨੀਵਰਸਿਟੀ ਪ੍ਰੈਸ; 995 ਰੁਪਏ)। ਭਾਰਤੀ ਨਿਆਂ-ਪ੍ਰਬੰਧ ਅਤੇ ਇਸ ਦੇ ਵਾਹਕਾਂ (ਜੱਜਾਂ, ਵਕੀਲਾਂ ਅਤੇ ਨਿਆਂਇਕ ਅਮਲੇ) ਦੇ ਕੰਮ-ਢੰਗ ਅਤੇ ਕਾਰਗੁਜ਼ਾਰੀ ਦਾ ਬੇਬਾਕ ਵਿਸ਼ਲੇਸ਼ਣ ਹੈ ਇਹ ਕਿਤਾਬ। ਰੰਜਨ ਨੇ ਇਸ ਤੋਂ ਪਹਿਲਾਂ ‘ਜਸਟਿਸ, ਜੂਡੋਕਰੇਸੀ ਐਂਡ ਡਿਮੋਕਰੇਸੀ ਇਨ ਇੰਡੀਆ’ ਨਾਮੀ ਕਿਤਾਬ ਰਾਹੀਂ ਭਾਰਤੀ ਨਿਆਂ ਪ੍ਰਣਾਲੀ ਦੀਆਂ ਉਨ੍ਹਾਂ ਖ਼ਾਮੀਆਂ ਦੀ ਨਿਸ਼ਾਨਦੇਹੀ ਕੀਤੀ ਸੀ ਜਿਨ੍ਹਾਂ ਨੂੰ ਦੂਰ ਕਰਕੇ ਕਚਹਿਰੀਆਂ ਵਿਚ ਬੰਦਿਆਂ ਦੇ ਬਿਰਖ ਹੋਣ ਵਾਲਾ ਅਮਲ ਰੋਕਿਆ ਜਾ ਸਕਦਾ ਹੈ। ਉਸ ਕਿਤਾਬ ਤੋਂ ਇਸ ਤੱਥ ਦੀ ਤਸਦੀਕ ਹੋਈ ਸੀ ਕਿ ਮਿੱਤਰ ਸੈਨ ਮੀਤ ਦੀ ‘ਕੌਰਵ ਸਭਾ’ ਵਰਗੇ ਬਿਰਤਾਂਤ ਹਾਈ ਕੋਰਟਾਂ ਵਿਚ ਵੀ ਵਾਪਰਦੇ ਹਨ। ‘ਜਸਟਿਸ ਵਰਸਿਜ਼ ਜੁਡੀਸ਼ਰੀ’ ਉਸੇ ਸਿਲਸਿਲੇ ਦੀ ਅਗਲੀ ਕੜੀ ਹੈ। ਚੁੰਝਾਂ, ਚੋਭਾਂ, ਤਨਜ਼ਾਂ ਤੇ ਸਨਕਾਂ ਨਾਲ ਲੈਸ ਹੋਣ ਦੇ ਬਾਵਜੂਦ ਇਹ ਕਿਤਾਬ ਸਾਡੇ ਨਿਆਂ ਪ੍ਰਬੰਧ ਦੀਆਂ ਮਰਜ਼ਾਂ ਤੇ ਇਨ੍ਹਾਂ ਦੇ ਕਾਰਕਾਂ ਦਾ ਸੁਹਿਰਦ ਅਧਿਐਨ ਪੇਸ਼ ਕਰਦੀ ਹੈ। ਇਨਸਾਫ਼ ਵੰਡਣ ਵਿਚ ਦੇਰੀਆਂ, ਅਦਾਲਤਾਂ ਅੰਦਰਲੇ ਮਾਇਕ, ਜ਼ਿਹਨੀ ਤੇ ਜਿਨਸੀ ਭ੍ਰਿਸ਼ਟਾਚਾਰ ਅਤੇ ‘ਤਾਰੀਖ਼ ਪੇ ਤਾਰੀਖ਼’ ਵਾਲੇ ਅਮਲਾਂ ਨੂੰ ਇਹ ਤਨਦੇਹੀ ਨਾਲ ਘੋਖਦੀ ਹੈ। ਭਾਰਤ ਦੇ ਚੀਫ਼ ਜਸਟਿਸ ਨੰ ਸੂਚਨਾ ਅਧਿਕਾਰ ਕਾਨੂੰਨ (ਆਰਟੀਆਈ) ਦੇ ਦਾਇਰੇ ਹੇਠ ਲਿਆਉਣ ਦੇ ਫ਼ੈਸਲੇ ਤੋਂ ਪਹਿਲਾਂ ਲਿਖੀ ਜਾ ਚੁੱਕੀ ਸੀ ਇਹ ਕਿਤਾਬ, ਪਰ ਇਸ ਵਿਚ ਜੋ ਮਿਸਾਲਾਂ ਦਰਜ ਹਨ, ਉਹ ਇਸ ਫ਼ੈਸਲੇ ਦੀ ਅਸਰਦਾਰੀ ਸਬੰਧੀ ਸੰਸੇ ਉਪਜਾਉਂਦੀਆਂ ਹਨ।
ਰੰਜਨ ਦਾ ਮੱਤ ਹੈ ਕਿ ਸੁਪਰੀਮ ਕੋਰਟ ਉੱਤੇ 20 ਕੁ ਨਾਮਚੀਨ ਵਕੀਲਾਂ ਦਾ ਗ਼ਲਬਾ ਹੈ। ਸੁਣਵਾਈ ਅਸਲ ਵਿਚ ਉਨ੍ਹਾਂ ਦੀ ਹੁੰਦੀ ਹੈ, ਬਾਕੀ ਤਾਂ ਭੁਗਤਾਏ ਜਾਂਦੇ ਹਨ। ਉਹ ਇਹ ਨਹੀਂ ਕਹਿੰਦਾ ਕਿ ਉਚੇਰੇ ਮੁਨਸਿਫ਼ ਸੁਰਖ਼ੀਆਂ ਦੇ ਗ਼ੁਲਾਮ ਹਨ, ਪਰ ਇਸ ਮਰਜ਼ ਦੀ ਮੌਜੂਦਗੀ ਵੱਲ ਇਸ਼ਾਰੇ ਜ਼ਰੂਰ ਕਰਦਾ ਹੈ। ਉਸ ਦਾ ਸ਼ਿਕਵਾ ਹੈ ਕਿ ਅਜਿਹੇ ਮੁਕੱਦਮੇ ਉਚੇਰੀਆਂ ਅਦਾਲਤਾਂ ਦਾ ਵੱਧ ਸਮਾਂ ਲੈ ਲੈਂਦੇ ਹਨ ਜਦੋਂਕਿ ਸਾਧਾਰਨ ਪੈਰਵੀਕਾਰ ਦੇ ਪੱਲੇ ਤਰੀਕਾਂ, ਝੋਰੇ ਤੇ ਨਮੋਸ਼ੀਆਂ ਹੀ ਪੈਂਦੀਆਂ ਹਨ। ਉਸ ਦੀ ਰਾਇ ਹੈ ਕਿ ਸੁਪਰੀਮ ਕੋਰਟ ਵਰਗੀ ਸੰਸਥਾ ਅਤੇ ਇਸ ਨਾਲ ਜੁੜੇ ਵਕੀਲਾਂ ਨੂੰ ਮਨੁੱਖੀ ਤ੍ਰਾਸਦੀਆਂ ਨੂੰ ਪੈਸੇ ਨਾਲ ਤੋਲਣ ਦੇ ਰੁਝਾਨ ਤੋਂ ਬਚਣਾ ਚਾਹੀਦਾ ਹੈ। ਉਹ ਉਪਹਾਰ ਕੇਸ ਤੇ ਭੁਪਾਲ ਗੈਸ ਕਾਂਡ ਵਰਗੇ ਮੁਕੱਦਮਿਆਂ ਦੇ ਫ਼ੈਸਲਿਆਂ ਨੂੰ ਨਿਆਂਸੰਗਤ ਨਹੀਂ ਮੰਨਦਾ। ਨਾਮਚੀਨ ਵਕੀਲਾਂ ਦੀਆਂ ਨਾਂਹ-ਪੱਖੀ ਭੂਮਿਕਾਵਾਂ ਦੇ ਪ੍ਰਸੰਗ ਵਿਚ ਉਹ ਫਲੀ ਐਸ. ਨਰੀਮਨ ਵਰਗੇ ਸਿਰਮੌਰ ਵਕੀਲ ਦੀ ਮਿਸਾਲ ਦਿੰਦਾ ਹੈ ਜਿਸ ਨੇ ਭੁਪਾਲ ਗੈਸ ਕਤਲੇਆਮ ਲਈ ਜ਼ਿੰਮੇਵਾਰ ਯੂਨੀਅਨ ਕਾਰਬਾਈਡ ਦੇ ਮੁਖੀ ਵਾਰੈੱਨ ਐਂਡਰਸਨ ਦੀ ‘ਸਫ਼ਲ’ ਪੈਰਵੀ ਕਰਦਿਆਂ ਉਸ ਨੂੰ ਜੇਲ੍ਹ ਜਾਣ ਤੋਂ ਬਚਾਇਆ। ਇਸ ਪੈਰਵੀ ਦੀ ਬਦੌਲਤ ਹਾਸਲ ਹੋਈ ਦੌਲਤ ਸਦਕਾ ਨਰੀਮਨ ਉਸ ਸਾਲ ਦੇਸ਼ ਦਾ ਸਭ ਤੋਂ ਵੱਡਾ ਵਿਅਕਤੀਗਤ ਆਮਦਨ ਕਰਦਾਤਾ ਬਣ ਗਿਆ, ਪਰ ਭੁਪਾਲ ਵਿਚ ਜਿਨ੍ਹਾਂ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਤੇ ਜਿਨ੍ਹਾਂ ਦੀਆਂ ਕਈ ਪੁਸ਼ਤਾਂ ਜਿਸਮਾਨੀ/ਜ਼ਿਹਨੀ ਵਿਗਾੜਾਂ ਦੀਆਂ ਸ਼ਿਕਾਰ ਹੋ ਗਈਆਂ, ਕੀ ਉਨ੍ਹਾਂ ਨੂੰ ਨਿਆਂ ਮਿਲਿਆ? ਪੀੜਤਾਂ ਨੂੰ ਮਿਲੇ ਮੁਆਵਜ਼ੇ ਨੂੰ ਰੰਜਨ ਨਿਆਂਕਾਰੀ ਨਹੀਂ ਮੰਨਦਾ।
ਰੰਜਨ ਇਸ ਸੋਚ ਨਾਲ ਸਹਿਮਤ ਹੈ ਕਿ ਲੋਕਤੰਤਰ ਦੇ ਦੂਜੇ ਦੋ ਥੰਮ੍ਹਾਂ- ਵਿਧਾਨ ਪਾਲਿਕਾ ਤੇ ਕਾਰਜ ਪਾਲਿਕਾ ਦੀ ਬਨਿਸਬਤ ਲੋਕਾਂ ਨੂੰ ਨਿਆਂਪਾਲਿਕਾ ’ਤੇ ਅਜੇ ਵੀ ਵੱਧ ਵਿਸ਼ਵਾਸ ਹੈ। ਇਸ ਵਿਸ਼ਵਾਸ ਦੀ ਇਕ ਵਜ੍ਹਾ ਹੈ ਕਿ ਨਿਆਂਪਾਲਿਕਾ, ਬਾਕੀ ਦੋਵਾਂ ਥੰਮ੍ਹਾਂ (ਅਤੇ ਅਖੌਤੀ ਚੌਥੇ ਥੰਮ੍ਹ ਮੀਡੀਆ) ਤੋਂ ਵੱਧ ਸੁਤੰਤਰ ਹੈ ਅਤੇ ਵੋਟ ਰਾਜਨੀਤੀ ਵਰਗੀ ਮਜਬੂਰੀ ਤੋਂ ਮੁਕਤ ਹੈ। ਪਰ ਸੁਤੰਤਰਤਾ ਦਾ ਲਾਭ ਉਦੋਂ ਵੱਧ ਹੁੰਦਾ ਹੈ ਜਦੋਂ ਉਸ ਵਿਚ ਪਾਰਦਰਸ਼ਤਾ ਹੋਵੇ। ਪਾਰਦਰਸ਼ਤਾ ਦੀ ਅਣਹੋਂਦ ਨਿਰੰਕੁਸ਼ਤਾ ਦਾ ਦਰ ਖੋਲ੍ਹ ਦਿੰਦੀ ਹੈ। ਰੰਜਨ ਇਸ ਮਰਜ਼ ਦੀ ਮੌਜੂਦਗੀ ਦੇ ਲੱਛਣਾਂ ਵੱਲ ਇਸ਼ਾਰਾ ਕਰਦਿਆਂ ਇਲਾਜ ਕੀਤੇ ਜਾਣ ਦਾ ਹੋਕਾ ਦਿੰਦਾ ਹੈ। ਇਸ ਹੋਕੇ ਦੀ ਅਣਦੇਖੀ ਨਹੀਂ ਹੋਣੀ ਚਾਹੀਦੀ।
* * *
ਭਾਰਤੀ ਇਤਿਹਾਸ ਦੇ ਕਣ ਕਣ ਦਾ ਗਿਆਤਾ ਹੈ ਵਿਲੀਅਮ ਡੈਲਰਿੰਪਲ। ਮੂਲ ਸਕੌਟਿਸ਼ ਹੈ, ਪਰ ਰੂਹ ਸਾਡੇ ਮੁਲਕ ਵਿਚ ਵਸੀ ਹੋਈ ਹੈ। ਕਰਾਕੁਰਮ ਤੋਂ ਕੰਨਿਆਕੁਮਾਰੀ ਅਤੇ ਇਸ਼ਫਾਹਾਨ (ਇਰਾਨ) ਤੋਂ ਲੈ ਕੇ ਚੈਂਗਦੂ (ਮਨੀਪੁਰ ਤੋਂ ਡੇਢ ਕੁ ਸੌ ਮੀਲ ਦੀ ਵਿੱਥ ’ਤੇ ਪੈਂਦੇ ਚੀਨੀ ਕਾਰੋਬਾਰੀ ਨਗਰ) ਤੱਕ ਸਮੁੱਚੇ ਭਾਰਤੀ ਉਪ ਮਹਾਂਦੀਪ ਦੇ ਇਤਿਹਾਸ, ਸਭਿਅਤਾਵਾਂ ਤੇ ਸਭਿਆਚਾਰਾਂ ਬਾਰੇ ਜਿੰਨਾ ਉਹ ਜਾਣਦਾ ਹੈ, ਹੋਰ ਕੋਈ ਇਤਿਹਾਸਕਾਰ ਨਹੀਂ। ਜੇਕਰ ਮੋਦੀ ਭਗਤ ਹੁੰਦਾ ਤਾਂ ਹੁਣ ਤਕ ਪਦਮ ਵਿਭੂਸ਼ਨ ਬਣ ਜਾਣ ਸੀ ਉਸ ਨੇ। ਅੱਠ ਕਿਤਾਬਾਂ ਲਿਖ ਚੁੱਕਾ ਹੈ ਉਹ ਭਾਰਤੀ ਇਤਿਹਾਸ ਨਾਲ ਜੁੜੇ ਵਿਸ਼ਿਆਂ ’ਤੇ। ਪਰ ਉਹਦੀ ਪਹਿਲੀ ਕਿਤਾਬ ‘ਇਨ ਜ਼ੇਨਾਡੂ’ ਭਾਰਤ ਬਾਰੇ ਨਹੀਂ ਸੀ। 1989 ਵਿਚ ਛਪੀ ਇਹ ਕਿਤਾਬ ਮਾਰਕੋ ਪੋਲੋ ਦੀ ਸਿਲਕ ਰੂਟ ਰਾਹੀਂ ਯੂਰੋਪ ਤੋਂ ਚੀਨ ਤਕ ਦੀ ਸੜਕੀ ਯਾਤਰਾ ਨੂੰ 1980ਵਿਆਂ ਵਿਚ ਡੈਲਰਿੰਪਲ ਵੱਲੋਂ ਦੁਹਰਾਏ ਜਾਣ ਦੀ ਕਹਾਣੀ ਹੈ। ਡੈਲਰਿੰਪਲ ਨੇ ਇਹ ਯਾਤਰਾ 600 ਪੌਂਡ ਦੀ ਅਕਾਦਮਿਕ ਗਰਾਂਟ ਜ਼ਰੀਏ ਸੰਭਵ ਬਣਾਈ। ਨਿਹਾਇਤ ਦਿਲਚਸਪ ਹੈ ਇਹ ਕਿਤਾਬ, ਪਰ ਮਨ ਵਿਚ ਝੋਰਾ ਜਿਹਾ ਛੱਡ ਜਾਂਦੀ ਹੈ। ਲੱਗਦਾ ਹੈ ਕਿ ਢੇਰਾਂ ਕਿਤਾਬਾਂ ਪੜ੍ਹਨ ਦੇ ਬਾਵਜੂਦ ਅਸੀਂ ਅਜੇ ਵੀ ਅਗਿਆਨੀ ਹਾਂ। ਇਰਾਨ ਜਾਂ ਮੱਧ ਏਸ਼ਿਆਈ ਮੁਲਕਾਂ ਦੇ ਇਤਿਹਾਸ ਤੇ ਸਭਿਅਤਾਵਾਂ ਦਾ ਪੰਜਾਬ ਉੱਤੇ ਕਿੰਨਾ ਵੱਡਾ ਪ੍ਰਭਾਵ ਹੈ ਅਤੇ ਸਾਡੀਆਂ ਸਭਿਆਚਾਰਕ ਸਮਾਨਤਾਵਾਂ ਕਿੰਨੀਆਂ ਜ਼ਿਆਦਾ ਹਨ, ਇਨ੍ਹਾਂ ਬਾਰੇ ਅਸੀਂ ਅਜੇ ਵੀ ਰੱਤੀ ਮਾਤਰ ਹੀ ਜਾਣਦੇ ਹਾਂ।
ਯੂਨਾਨ ਤੋਂ ਜ਼ੇਨਾਡੂ (ਚੀਨੀ ਜ਼ੈਂਗ-ਦੂ ਦਾ ਵਿਗੜਿਆ ਹੋਇਆ ਯੂਰੋਪੀਅਨ ਨਾਮ) ਤਕ ਦੀ ਯਾਤਰਾ ਵੇਲੇ ਡੈਲਰਿੰਪਲ 24-25 ਵਰ੍ਹਿਆਂ ਦਾ ਸੀ। ਇਸ ਉਮਰ ਦੇ ਬਾਵਜੂਦ ਵੱਖ-ਵੱਖ ਥਾਵਾਂ ਅਤੇ ਸਭਿਅਤਾਵਾਂ ਬਾਰੇ ਉਸ ਦੇ ਵਿਚਾਰ ਤੇ ਪ੍ਰਭਾਵ ਬੜੇ ਸੂਖ਼ਮ-ਭਾਵੀ ਹਨ। ਯੋਰੋਸ਼ਲਮ ਬਾਰੇ ਉਹ ਲਿਖਦਾ ਹੈ: ‘‘ਸਰਾਪਿਆ ਸ਼ਹਿਰ ਹੈ ਇਹ। ਦੋ ਹਜ਼ਾਰ ਤੋਂ ਵੱਧ ਵਰ੍ਹਿਆਂ ਤੋਂ ਇਸ ਉੱਤੇ ਜਿਹੜੀ ਵੀ ਨਸਲ ਦੀ ਹਕੂਮਤ ਰਹੀ, ਉਸ ਦੇ ਸਭ ਤੋਂ ਅਣ-ਆਕਰਸ਼ਕ ਤੱਤ ਹੀ ਇਸ ਸ਼ਹਿਰ ’ਚ ਉੱਭਰ ਕੇ ਸਾਹਮਣੇ ਆਏ। ਮਜ਼ਹਬ/ਨਸਲ ਦੇ ਨਾਮ ’ਤੇ ਮਨੁੱਖਤਾ ਨਾਲ ਜਿੰਨੀਆਂ ਜ਼ਿਆਦਤੀਆਂ ਜਿੰਨੀ ਲਗਾਤਾਰਤਾ ਨਾਲ ਇੱਥੇ ਹੋਈਆਂ, ਉਸ ਦੀ ਮਿਸਾਲ ਹੋਰ ਕਿਸੇ ਵੀ ਕਿਤੇ ਸ਼ਹਿਰ ਤੋਂ ਨਹੀਂ ਮਿਲਦੀ। ਤਿੰਨ ਅਹਿਮ ਧਰਮਾਂ (ਯਹੂਦੀ ਮੱਤ, ਇਸਾਈਤਵ ਤੇ ਇਸਲਾਮ) ਲਈ ਮਹਾਂ-ਮੁਕੱਦਸ ਹੋਣ ਦੇ ਬਾਵਜੂਦ ਇਸ ਸ਼ਹਿਰ ਨੇ ਇਨ੍ਹਾਂ ਤਿੰਨਾਂ ਦੀ ਸਿਰੇ ਦੀ ਅਸਹਿਣਸ਼ੀਲਤਾ ਤੇ ਕੜਵਾਹਟ ਲਗਤਾਰ ਭੋਗੀ ਹੈ ਅਤੇ ਹੁਣ ਵੀ ਭੋਗ ਰਿਹਾ ਹੈ।’’ ਪਾਵਨਤਾ ਤੇ ਅਸਹਿਣਸ਼ੀਲਤਾ ਦਾ ਇਹ ਕੁਮੇਲ ਹੁਣ ਸਿਰਫ਼ ਯੋਰੋਸ਼ਲਮ ਤਕ ਮਹਿਦੂਦ ਨਹੀਂ ਰਿਹਾ, ਬਾਕੀ ਪਵਨ ਨਗਰੀਆਂ (ਅਤੇ ਉਨ੍ਹਾਂ ਤੋਂ ਬਾਹਰ) ਤਕ ਵੀ ਫੈਲ ਚੁੱਕਾ ਹੈ। ਸਾਡੇ ਮੁਲਕ ਤੇ ਇਸ ਦੇ ਆਂਢ-ਗੁਆਂਢ ਵੀ ਅਤੇ ਧੁਰ ਪੱਛਮ ਵਿਚ ਵੀ। ਅਫ਼ਸੋਸਨਾਕ ਹੈ ਇਹ ਰੁਝਾਨ।
* * *
ਨਜ਼ੀਰ ਕਹੂਟ ਦਾ ਨਾਵਲ ‘ਦਰਿਆ ਬੁਰਦ’ (ਸੰਗਮ ਪਬਲੀਕੇਸ਼ਨਜ਼, ਸਮਾਣਾ; 350 ਰੁਪਏ) ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਇਸ ਪਾਕਿਸਤਾਨੀ ਲੇਖਕ ਨੇ ਜੋ ਬਿਰਤਾਂਤ ਬੁਣਿਆ ਹੈ, ਉਹ ਲਹਿੰਦੇ ਪੰਜਾਬ ਦੇ ਪਾਤਰਾਂ ਦਾ ਨਾ ਹੋ ਕੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਜੁੜੀ ਕਹਾਣੀ ਵੀ ਹੋ ਸਕਦਾ ਹੈ। ਗ਼ੁਰਬਤ ਦੇ ਬਾਵਜੂਦ ਮਿਹਨਤਕਸ਼ੀ ਨਾਲ ਸੁਆਰੀ ਜ਼ਿੰਦਗੀ ਜਦੋਂ ਵਿਦੇਸ਼ੀ ਧਰਤੀ ਉੱਤੇ ਪੁੱਜਦੀ ਹੈ ਤਾਂ ਉੱਥੇ ਨਵੇਂ ਸਿਰਿਓਂ ਦੁਸ਼ਵਾਰੀਆਂ ਨਾਲ ਵੀ ਦੋ-ਚਾਰ ਹੁੰਦੀ ਹੈ ਅਤੇ ਨਸਲੀ ਤੇ ਤਹਿਜ਼ੀਬੀ ਵਿਤਕਰਿਆਂ ਨਾਲ ਵੀ। ਉਪਰੋਂ ਹਮਸਾਇਆਂ ਤੇ ਹਮਵਤਨੀਆਂ ਦੇ ਧੌਲ-ਧੱਫ਼ੇ ਤੇ ਧੋਖੇ।
ਨਜ਼ੀਰ ਦੀ ਜ਼ੱਦ ਸਰਗੋਧੇ ਦੀ ਹੈ, ਪੜ੍ਹਾਈ ਬਹੁਤੀ ਸੂਬਾ ਸਿੰਧ ਦੀ। ਹੁਣ ਕਿਆਮ ਕੈਨੇਡਾ ਵਿਚ ਹੈ। ਉਸ ਦਾ ਫੇਸਬੁੱਕ ਪੰਨਾ ਉਸ ਨੂੰ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਮੁਕਾਮ ਦਿਵਾਉਣ ਵਾਲੀਆਂ ਜੱਦੋਜਹਿਦਾਂ ਦਾ ਮੁਹਰੈਲ ਦਰਸਾਉਂਦਾ ਹੈ। ਉਸ ਦਾ ਯਕੀਨ ਹੈ ਕਿ ਜੇਕਰ ਪੰਜਾਬੀ ਅਵਾਮ ਯਕਜਹਿਤੀ ਦਿਖਾਏ ਤਾਂ ਸਰਕਾਰੀ ਬੋਲੀ ਵਾਲਾ ਮਸਲਾ ਹੱਲ ਹੋ ਸਕਦਾ ਹੈ। ਉਸ ਦੇ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ‘ਦਰਿਆ ਬੁਰਦ’ ਉਸ ਦਾ ਪਹਿਲਾ ਨਾਵਲ ਹੈ।
ਨਾਵਲ ਦਾ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਪਾਲ ਸਿੰਘ ਵੱਲਾ ਤੇ ਡਾ. ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ। ਇਸ ਦੀ ਭੂਮਿਕਾ ਵਿਚ ਡਾ. ਧੀਮਾਨ ਲਿਖਦੇ ਹਨ ਕਿ ਨਜ਼ੀਰ ਕਹੂਟ ਨੇ ‘ਦਰਿਆ ਬੁਰਦ’ ਨੂੰ ਵਿਸ਼ਾਲ ਨਜ਼ਰ ਨਾਲ ਰਚਿਆ ਹੈ। ‘‘ਇਹ ਆਪਣੇ ਕਲਾਵੇ ਵਿਚ ਪੂਰੀ ਇਕ ਦੁਨੀਆਂ ਨੂੰ ਲੈਂਦਾ ਹੈ। ਇਕ ਪਾਸੇ ਸਿਆਸਤ, ਵਾਅਜ਼ ਤੇ ਇਖ਼ਲੀਅਤ, ਦੂਜੇ ਪਾਸੇ ਗ਼ੈਰ-ਮਾਮੂਲੀ ਕਿਸਮ ਦਾ ਰੁਮਾਨੀ ਪੱਖ।’’ ਇਹ ਜਾਣ-ਪਛਾਣ ਦਰੁਸਤ ਹੈ, ਪਰ ਪਰੂਫ ਰੀਡਿੰਗ ਦੀਆਂ ਗ਼ਲਤੀਆਂ ਰੜਕਦੀਆਂ ਹਨ। ਨਾਇਕ ਦਾ ਨਾਮ ਕਿਤੇ ਸ਼ਾਏਗਾਨ, ਕਿਤੇ ਸ਼ਾਈਮਾਨ। ਫੇਵਰਿਟ ਐਕਟ੍ਰੈਸ, ‘ਫੇਵਰਟ ਐਕਸਪ੍ਰੈੱਸ’ ਬਣੀ ਹੋਈ ਹੈ। ਉਂਜ, ਅਜਿਹੀਆਂ ਤਰੁੱਟੀਆਂ ਦੇ ਬਾਵਜੂਦ ਨਾਵਲ ਦਿਲਚਸਪ ਹੈ। ਵਾਹਗਿਓਂ ਪਾਰ ਵਾਲੇ ਸਾਹਿਤ ਨਾਲ ਸਾਂਝ ਦੀ ਸਾਡੇ ਪੰਜਾਬ ਨੂੰ ਲੋੜ ਵੀ ਹੈ ਪੰਜਾਬੀਅਤ ਦੀ ਯਕਜਹਿਤੀ ਲਈ।
* * *

ਸੁਰਿੰਦਰ ਸਿੰਘ ਤੇਜ

ਸ਼ਾਂਤਨੂ ਮੌਇਤਰਾ ਨਵੀਂ ਪੀੜ੍ਹੀ ਦਾ ਉਹ ਸੰਗੀਤਕਾਰ ਹੈ ਜੋ ਡੇਢ ਦਹਾਕੇ ਤੋਂ ਫਿਲਮੀ ਗੀਤਾਂ ਦੇ ਰੂਪ ਵਿਚ ਮਿਠਾਸ ਤੇ ਅਹਿਸਾਸ ਪਰੋਸਦਾ ਆਇਆ ਹੈ। ‘ਹਜ਼ਾਰੋਂ ਖ਼ਵਾਹਿਸ਼ੇਂ ਐਸੀ’, ‘ਪਰਿਣੀਤਾ’, ‘ਲਗੇ ਰਹੋ ਮੁੰਨਾ ਭਾਈ’, ‘ਥ੍ਰੀ ਈਡੀਅਟਸ’, ‘ਪੀ.ਕੇ.’, ‘ਇਨਕਾਰ’ ਆਦਿ ਦੇ ਸੰਗੀਤ ਨਾਲ ਵਿਸ਼ੇਸ਼ ਮੁਕਾਮ ਬਣਾਉਣ ਵਾਲੇ ਅਤੇ 2015 ਵਿਚ ‘ਅੰਤਹੀਨ’ (ਬੰਗਲਾ) ਰਾਹੀਂ ਕੌਮੀ ਐਵਾਰਡ ਜਿੱਤਣ ਵਾਲੇ ਸ਼ਾਂਤਨੂ ਦਾ ਦਾਅਵਾ ਹੈ ਕਿ ਸੰਗੀਤ ਉਸ ਲਈ ਵਣਜ ਨਹੀਂ, ਇਬਾਦਤ ਹੈ। ਚੰਗੇ ਬੋਲ, ਉਸ ਦੀ ਸਰੋਦੀ ਸਿਰਜਣਸ਼ੀਲਤਾ ਲਈ ਗ਼ਜ਼ਾ ਦਾ ਕੰਮ ਕਰਦੇ ਹਨ। ਅਜਿਹੇ ਬੋਲਾਂ ਨੂੰ ਪੜ੍ਹਦਿਆਂ/ਸੁਣਦਿਆਂ ਧੁਨਾਂ ਖ਼ੁਦ-ਬਖ਼ੁਦ ਉਸਲਵੱਟੇ ਲੈਣ ਲੱਗਦੀਆਂ ਹਨ। ਇਕ ਹਾਲੀਆ ਰੇਡੀਓ ਇੰਟਰਵਿਊ ਦੌਰਾਨ ਸ਼ਾਂਤਨੂ ਨੇ ਚੰਗੇ ਬੋਲਾਂ ਦੇ ਪ੍ਰਸੰਗ ਵਿਚ ਰੌਚਿਕ ਕਿੱਸਾ ਸੁਣਾਇਆ। ਕਸ਼ਮੀਰ ਦੇ ਸੰਤਾਪ ਨੂੰ ਸੰਜੀਦਗੀ ਨਾਲ ਜ਼ੁਬਾਨ ਦੇਣ ਵਾਲੀ ਫਿਲਮ ‘ਯਹਾਂ’ (2007) ਦੇ ਇਕ ਗੀਤ ਦੇ ਸਬੰਧ ਵਿਚ ਉਹ, ਗੁਲਜ਼ਾਰ ਨੂੰ ਮਿਲਣ ਜਾ ਰਿਹਾ ਸੀ ਤਾਂ ਰੇਡੀਓ ’ਤੇ ਉਸ ਨੇ ‘ਮੁਝੇ ਜਾਨ ਨਾ ਕਹੋ ਮੇਰੀ ਜਾਨ’ (ਅਨੁਭਵ; 1971) ਗੀਤ ਸੁਣਿਆ। ਗੀਤਾ ਦੱਤ ਵੱਲੋਂ ਗਾਏ ਇਸ ਗੀਤ ਦੇ ਬੋਲ ਉਸ ਦੇ ਦਿਮਾਗ਼ ਵਿਚ ਖੁੱਭ ਗਏ। ਗੁਲਜ਼ਾਰ ਨੂੰ ਮਿਲਦਿਆਂ ਹੀ ਉਹ ਕਹਿਣ ਲੱਗਾ, ‘‘ਸਰ, ਮੈਂ ਹੁਣੇ ਹੁਣੇ ਕਮਾਲ ਦਾ ਗੀਤ ਸੁਣਿਆ ਹੈ। ਜਿਸ ਸ਼ਖ਼ਸ ਨੇ ਇਹ ਲਿਖਿਆ ਹੈ, ਉਹ ਕਮਾਲ ਦਾ ਸ਼ਾਇਰ ਹੈ। ਕੀ ਤੁਸੀਂ ਵੀ ਕਦੇ ਇਹ ਗੀਤ ਸੁਣਿਆ ਹੈ?’’ ਗੁਲਜ਼ਾਰ ਨੇ ਖੁਰਾਫ਼ਾਤੀ ਸੰਜੀਦਗੀ ਨਾਲ ਜਵਾਬ ਦਿੱਤਾ, ‘‘ਹਾਂ, ਬੜੇ ਕਮਾਲ ਦਾ ਗੀਤ ਹੈ। ਜਿਸ ਸ਼ਖ਼ਸ ਨੇ ਇਹ ਲਿਖਿਆ ਉਹ ਸੱਚਮੁੱਚ ਹੀ ਕਮਾਲ ਦਾ ਸ਼ਾਇਰ ਹੈ… ਤੇ ਤੁਹਾਡੇ ਸਾਹਮਣੇ ਬੈਠਾ ਹੈ।’’


Comments Off on ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.