ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਦਲਿਤ ਵਸੋਂ ਵਾਲੇ ਗੁਰੂਸਰ ਮਹਿਰਾਜ ਦੇ ਬੱਚੇ ਸਕੂਲ ਜਾਣੋਂ ਨਹੀਂ ਖੁੰਝਦੇ

Posted On December - 2 - 2019

ਚਰਨਜੀਤ ਭੁੱਲਰ
ਬਠਿੰਡਾ, 1 ਦਸੰਬਰ

ਪਿੰਡ ਗੁਰੂਸਰ ਮਹਿਰਾਜ ਦੇ ਮਿਡਲ ਸਕੂਲ ਵਿਚ ਪੜ੍ਹ ਰਹੇ ਬੱਚੇ।

ਪਿੰਡ ਗੁਰੂਸਰ ਮਹਿਰਾਜ ਹੁਣ ਗੁਰੂ ਦੇ ਬੋਲ ਪੁਗਾ ਰਿਹਾ ਹੈ। ਆਬਾਦੀ ਪੱਖੋਂ ਪਿੰਡ ਛੋਟਾ ਹੈ ਪਰ ਇਰਾਦੇ ਵੱਡੇ ਹਨ। ਸਮੁੱਚਾ ਪਿੰਡ ਦਲਿਤ ਵਸੋਂ ਵਾਲਾ ਹੈ। ਦਲਿਤ ਭਾਈਚਾਰਾ ਏਨਾ ਚੇਤੰਨ ਹੈ ਕਿ ਕੋਈ ਵੀ ਬੱਚਾ ਸਕੂਲ ਜਾਣੋਂ ਨਹੀਂ ਖੁੰਝਦਾ। ਪਿੰਡ ਵਿਚ ਇਕ ਸਰਕਾਰੀ ਪ੍ਰਾਇਮਰੀ ਤੇ ਇਕ ਸਰਕਾਰੀ ਮਿਡਲ ਸਕੂਲ ਹੈ। ਦੋਵਾਂ ਸਕੂਲਾਂ ਵਿਚ ਸੌ ਫ਼ੀਸਦੀ ਬੱਚੇ ਦਲਿਤ ਪਰਿਵਾਰਾਂ ਦੇ ਹਨ। ਨਵਾਂ ਰੁਝਾਨ ਵੇਖਣ ਨੂੰ ਮਿਲਿਆ ਹੈ ਕਿ ਢਾਣੀਆਂ ਵਾਲੇ ਜਨਰਲ ਵਰਗ ਦੇ ਲੋਕ, ਦਲਿਤ ਬੱਚਿਆਂ ਵਿਚ ਆਪਣੇ ਬੱਚੇ ਨਹੀਂ ਭੇਜਣਾ ਚਾਹੁੰਦੇ।
ਦਲਿਤ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ। ਸਰਕਾਰੀ ਮਿਡਲ ਸਕੂਲ ਨੂੰ ਬੱਚੇ ਨਹੀਂ ਮਿਲ ਰਹੇ। ਇਸ ਸਕੂਲ ’ਚ ਪਹਿਲਾਂ 40 ਬੱਚੇ ਸਨ ਤੇ ਹੁਣ ਸਿਰਫ਼ 22 ਰਹਿ ਗਏ ਹਨ। ਸਕੂਲ ਵਿਚ ਚਾਰ ਅਧਿਆਪਕ ਹਨ। ਪਿੰਡ ਦੇ ਚਾਰ ਬੱਚੇ ਪ੍ਰਾਵੀਏਟ ਸਕੂਲ ਵਿਚ ਪੜ੍ਹਦੇ ਹਨ। ਜਿਉਂ ਹੀ ਬੱਚੇ ਅੱਠਵੀਂ ਪਾਸ ਕਰਦੇ ਹਨ, ਉਨ੍ਹਾਂ ਦੇ ਪੰਜ ਮੀਲ ਦੇ ਸਫ਼ਰ ਦੀ ਸ਼ੁਰੂਆਤ ਹੋ ਜਾਂਦੀ ਹੈ ਕਿਉਂਕਿ ਅਗਲੀ ਪੜ੍ਹਾਈ ਲਈ ਨੇੜਲੇ ਪਿੰਡ ਦੇ ਸਕੂਲ ’ਚ ਜਾਣਾ ਪੈਂਦਾ ਹੈ।
ਸਕੂਲ ਮੁਖੀ ਅਨਿਲ ਭੱਟ ਦੱਸਦੇ ਹਨ ਕਿ ਉਨ੍ਹਾਂ ਨੇ ਜਦੋਂ ਪਿੰਡ ’ਚ ਘਰ-ਘਰ ਜਾ ਕੇ ਸਰਵੇਖਣ ਕੀਤਾ ਤਾਂ ਕੋਈ ਘਰ ਅਜਿਹਾ ਨਹੀਂ ਮਿਲਿਆ, ਜਿਸ ਦਾ ਬੱਚਾ ਸਕੂਲ ਨਾ ਪੜ੍ਹਦਾ ਹੋਵੇ। ਬਹੁਤੇ ਘਰ ਉਹ ਹਨ, ਜਿਨ੍ਹਾਂ ਦੇ ਬੱਚੇ ਪੜ੍ਹਾਈ ਪੂਰੀ ਕਰ ਚੁੱਕੇ ਹਨ ਜਾਂ ਫਿਰ ਬਹੁਤ ਛੋਟੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਨੇੜਲੇ ਜਨਰਲ ਵਰਗ ਦੇ ਪਰਿਵਾਰ ਇਸ ਸਕੂਲ ’ਚ ਬੱਚੇ ਦਾਖ਼ਲ ਕਰਾਉਣ ਤੋਂ ਪਾਸਾ ਵੱਟਦੇ ਹਨ। ਨੇੜਲਾ ਪਿੰਡ ਪਿਪਲੀ ਹੈ, ਜਿੱਥੇ ਪਹਿਲਾਂ ਹੀ ਮਿਡਲ ਸਕੂਲ ਹੈ। ਮਿਡਲ ਸਕੂਲ ਵਿਚੋਂ ਪਿਛਲੇ ਵਰ੍ਹੇ ਨੌਂ ਕੁੜੀਆਂ ਨੇ ਅੱਠਵੀਂ ਪਾਸ ਕੀਤੀ, ਜੋ ਹੁਣ ਮਹਿਰਾਜ ਦੇ ਲੜਕੀਆਂ ਦੇ ਸਕੂਲ ਪੜ੍ਹਨ ਜਾਂਦੀਆਂ ਹਨ। ਵੱਡੀ ਦਿੱਕਤ ਇਹੋ ਹੈ ਕਿ ਪੰਜ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਬੱਚਿਆਂ ਨੂੰ ਅੱਠਵੀਂ ਜਮਾਤ ਮਗਰੋਂ ਮਹਿਰਾਜ ਪਿੰਡ ਦੇ ਸਕੂਲ ਜਾਣਾ ਪੈਂਦਾ ਹੈ। ਪਿੰਡ ਦੀਆਂ ਤਿੰਨ-ਚਾਰ ਕੁੜੀਆਂ ਨੇ ਬੀ.ਐੱਡ ਕੀਤੀ ਹੋਈ ਹੈ। ਲੜਕੇ ਗੁਰਜਿੰਦਰ ਸਿੰਘ ਨੇ ਬੀ.ਫਾਰਮੇਸੀ ਕੀਤੀ ਹੋਈ ਹੈ। ਉਚੇਰੀ ਸਿੱਖਿਆ ਵਾਸਤੇ ਵਿਦਿਆਰਥੀਆਂ ਨੂੰ ਬੱਸਾਂ ’ਤੇ ਜਾਣਾ ਪੈਂਦਾ ਹੈ ਤੇ ਗੁਰੂਸਰ ਮਹਿਰਾਜ ’ਚ ਸਿਰਫ ਦੋ ਬੱਸਾਂ ਦੇ ਟਾਈਮ ਹੀ ਹਨ।
ਇਸ ਪਿੰਡ ਵਿਚ ਉਸ ਜਗ੍ਹਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਦਾ ਇਤਿਹਾਸਕ ਗੁਰਦੁਆਰਾ ਹੈ, ਜਿੱਥੇ ਤਿੰਨ ਦਿਨ ਜੰਗ ਚੱਲੀ ਸੀ। ਅੱਜ ਹੀ ਪਿੰਡ ਵਾਸੀਆਂ ਨੇ ਮਿਲ ਕੇ ‘ਜੰਗ ਫ਼ਤਹਿ ਦਿਵਸ’ ਮਨਾਇਆ ਹੈ। ਪਿੰਡ ਨੇ ਕੁਝ ਸਮਾਂ ਪਹਿਲਾਂ ਹੀ ਕੌਮੀ ਐਵਾਰਡ ਜਿੱਤਿਆ ਹੈ। ਪਿੰਡ ਦੀ ਅਬਾਦੀ 1250 ਦੇ ਕਰੀਬ ਹੈ ਅਤੇ ਸਵਾ ਸੌ ਦੇ ਕਰੀਬ ਘਰ ਹਨ। ਸਾਰੇ ਘਰ ਦਲਿਤ ਭਾਈਚਾਰੇ ਦੇ ਹਨ। ਪਿੰਡ ਦੇ ਤਿੰਨ ਦਰਜਨ ਨੌਜਵਾਨ ਬੇਰੁਜ਼ਗਾਰ ਹਨ। ਫਿਰ ਵੀ ਉਮੀਦ ਨਾਲ ਦਲਿਤ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਚੰਗਾ ਪੱਖ ਹੈ ਕਿ ਸੌ ਫ਼ੀਸਦੀ ਬੱਚੇ ਸਕੂਲ ਜਾ ਰਹੇ ਹਨ। ਪਿੰਡ ਵਿਚ ਦੂਸਰਾ ਸਰਕਾਰੀ ਪ੍ਰਾਇਮਰੀ ਸਕੂਲ ਹੈ, ਜਿੱਥੇ ਅੰਗਰੇਜ਼ੀ ਮਾਧਿਅਮ ਸ਼ੁਰੂ ਕੀਤਾ ਹੋਇਆ ਹੈ।
ਪ੍ਰੀ-ਨਰਸਰੀ ਸਮੇਤ ਇਸ ਪ੍ਰਾਇਮਰੀ ਸਕੂਲ ਵਿਚ 40 ਬੱਚੇ ਹਨ, ਜਦੋਂਕਿ ਇਹ ਸਿੰਗਲ ਟੀਚਰ ਸਕੂਲ ਹੈ। ਇਕ ਅਧਿਆਪਕ ਦੀ ਆਰਜ਼ੀ ਤਾਇਨਾਤੀ ਕੀਤੀ ਹੋਈ ਹੈ। ਇਸ ਸਕੂਲ ਵਿਚ 13 ਲੜਕੀਆਂ ਹਨ। ਸਕੂਲ ਦੇ ਬੱਚੇ ਹੁਣ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਵਿਚ ਜਾ ਕੇ ਆਏ ਹਨ। ਦਲਿਤ ਬੱਚੇ ਪੜ੍ਹਨਾ ਚਾਹੁੰਦੇ ਹਨ ਪਰ ਸਰਕਾਰ ਨੇ ਅਧਿਆਪਕ ਨਹੀਂ ਦਿੱਤੇ। ਸਕੂਲ ਇੰਚਾਰਜ ਅਮਨਦੀਪ ਕੌਰ ਦੱਸਦੀ ਹੈ ਕਿ ਡਰਾਪ ਆਊਟ ਤਾਂ ਬਿਲਕੁਲ ਵੀ ਨਹੀਂ। ਸਿਰਫ਼ ਟਾਵੇਂ ਬੱਚੇ ਹਨ, ਜੋ ਉਚੇਰੀ ਸਿੱਖਿਆ ਦੌਰਾਨ ਵਾਰ-ਵਾਰ ਫੇਲ੍ਹ ਹੋਣ ਕਰਕੇ ਮਾਪਿਆਂ ਨੇ ਸਕੂਲ ਭੇਜਣੋਂ ਬੰਦ ਕੀਤੇ ਹਨ। ਪਿੰਡ ਦੇ ਰਵੇਲ ਸਿੰਘ ਨੇ ਆਖਿਆ ਕਿ ਸੌ ਫ਼ੀਸਦੀ ਬੱਚੇ ਸਕੂਲ ਜਾਂਦੇ ਹਨ। ਪਰਿਵਾਰ ਬੱਚਿਆਂ ਨੂੰ ਪੜ੍ਹਾ ਤਾਂ ਰਹੇ ਹਨ ਪਰ ਬੇਰੁਜ਼ਗਾਰੀ ਕਰਕੇ ਮਾਪਿਆਂ ਦਾ ਅੱਗੇ ਹੌਸਲਾ ਨਹੀਂ ਪੈਂਦਾ।

ਸਰਕਾਰ ਮਦਦ ਕਰੇ: ਸਰਪੰਚ
ਗੁਰੂਸਰ ਮਹਿਰਾਜ ਦੀ ਮਹਿਲਾ ਸਰਪੰਚ ਸਰਬਜੀਤ ਕੌਰ ਨੇ ਕਿਹਾ ਕਿ ਸਮੁੱਚੇ ਪਿੰਡ ਦੀ ਸੋਚ ਅਗਾਂਹਵਧੂ ਹੈ। ਸਰਕਾਰ ਫੰਡ ਦੇਵੇ ਅਤੇ ਮੁਸ਼ਕਲਾਂ ਦਾ ਨਿਪਟਾਰਾ ਕਰੇ ਤਾਂ ਪਿੰਡ ਹੋਰ ਵੀ ਚੰਗਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਮਗਰੋਂ ਬੱਚਿਆਂ ਨੂੰ ਪੰਜ ਕਿਲੋਮੀਟਰ ਦੂਰ ਸਕੂਲ ਪੜ੍ਹਨ ਜਾਣਾ ਪੈਂਦਾ ਹੈ। ਖਾਸ ਕਰਕੇ ਲੜਕੀਆਂ ਨੂੰ ਇਕੱਲੇ ਜਾਣਾ ਮੁਸ਼ਕਲ ਹੋ ਜਾਂਦਾ ਹੈ। ਪੰਚਾਇਤ ਆਪਣੀ ਤਰਫੋਂ ਹਰ ਉਪਰਾਲੇ ਕਰ ਰਹੀ ਹੈ।


Comments Off on ਦਲਿਤ ਵਸੋਂ ਵਾਲੇ ਗੁਰੂਸਰ ਮਹਿਰਾਜ ਦੇ ਬੱਚੇ ਸਕੂਲ ਜਾਣੋਂ ਨਹੀਂ ਖੁੰਝਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.