ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਦਲਿਤ ਔਰਤਾਂ ਨੂੰ ਹੁਣ ਨਹੀਂ ਸੁਣਨਾ ਪੈਂਦਾ ‘ਕਿਹੜੀ ਏਂ ਤੂੰ ਸਾਗ ਤੋੜਦੀ’

Posted On December - 2 - 2019

ਆਧੁਨਿਕ ਸਮਾਜ ’ਚ ਦਲਿਤਾਂ ਦੀ ਥਾਂ
ਦਲਿਤਾਂ ਨਾਲ ਵਿਤਕਰਾ ਕੋਈ ਨਵੀਂ ਗੱਲ ਨਹੀਂ। ਲਗਭਗ ਹਰ ਖੇਤਰ ਵਿੱਚ ਹੁੰਦੇ ਸ਼ੋਸ਼ਣ ਦੇ ਮੱਦੇਨਜ਼ਰ ਸੰਵਿਧਾਨ ਨੇ ਦਲਿਤਾਂ ਨੂੰ ਰਾਖਵਾਂਕਰਨ ਦਾ ਹੱਕ ਦਿੱਤਾ ਪਰ ਇਸ ਦੇ ਬਾਵਜੂਦ ਦਲਿਤਾਂ ਨੂੰ ਆਏ ਦਿਨ ਧੱਕੇਸ਼ਾਹੀ ਝੱਲਣੀ ਪੈਂਦੀ ਹੈ ਅਤੇ ਹੱਕ ਲੈਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਦੇ ਸਮਾਜਿਕ ਪੱਖ ਨੂੰ ਉਭਾਰਦੀਆਂ ਨੇ ਇਸ ਪੰਨੇ ਦੀਆਂ ਰਿਪੋਰਟਾਂ:

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਦਸੰਬਰ


ਪਿੰਡ ਬਾਲਦ ਕਲਾਂ ’ਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ’ਚੋਂ ਪਸ਼ੂਆਂ ਲਈ ਹਰਾ-ਚਾਰਾ ਵੱਢਦੀਆਂ ਹੋਈਆਂ ਔਰਤਾਂ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਦੀ ਕੋਈ ਦਲਿਤ ਔਰਤ ਹੁਣ ਬੇਗ਼ਾਨੇ ਖੇਤਾਂ ’ਚ ਦਾਤੀ-ਪੱਲੀ ਲੈ ਕੇ ਘਾਹ ਖੋਤਣ ਨਹੀਂ ਜਾਂਦੀ ਅਤੇ ‘‘ਹੱਥ ਸੋਚ ਕੇ ਗੰਦਲ ਨੂੰ ਪਾਵੀਂ, ਕਿਹੜੀ ਏਂ ਤੂੰ ਸਾਗ ਤੋੜਦੀ’’ ਜਿਹੇ ਸ਼ਬਦ ਹੁਣ ਕਿਸੇ ਦਲਿਤ ਔਰਤ ਨੂੰ ਨਹੀਂ ਸੁਣਨੇ ਪੈਂਦੇ, ਕਿਉਂਕਿ ਉਸ ਨੂੰ ਹੁਣ ਬੇਗਾਨੇ ਖੇਤਾਂ ’ਚੋਂ ਹਰਾ-ਚਾਰਾ ਜਾਂ ਸਰ੍ਹੋਂ ਦਾ ਸਾਗ ਤੋੜ ਕੇ ਲਿਆਉਣ ਦੀ ਲੋੜ ਨਹੀਂ ਪੈਂਦੀ। ਹੁਣ ਤਾਂ ਪਿੰਡ ’ਚ ਸੀਰੀ ਵੀ ਟਾਵਾਂ-ਟਾਵਾਂ ਹੀ ਰਲਦਾ ਹੈ। ਦਲਿਤ ਵਰਗ ਦੇ ਪਰਿਵਾਰਾਂ ਨੂੰ ਹੁਣ ਸਾਲ ਭਰ ਲਈ ਕਣਕ ਖਰੀਦਣ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਪਸ਼ੂਆਂ ਲਈ ਹਰੇ-ਚਾਰੇ ਅਤੇ ਤੂੜੀ ਦੀ ਕੋਈ ਘਾਟ ਹੈ। ਇਨ੍ਹਾਂ ਲੋੜਾਂ ਤੋਂ ਇਲਾਵਾ ਦਲਿਤ ਪਰਿਵਾਰਾਂ ਲਈ ਮਾਣ ਸਨਮਾਨ ਸਭ ਤੋਂ ਵੱਡੀ ਪ੍ਰਾਪਤੀ ਹੈ।
ਇਹ ਤਬਦੀਲੀ ਕਿਸੇ ਜਾਦੂ ਦੀ ਛੜੀ ਨਾਲ ਨਹੀਂ ਆਈ ਸਗੋਂ ਇਸ ਲਈ ਦਲਿਤ ਵਰਗ ਦੇ ਲੋਕਾਂ ਨੂੰ ਆਪਣੇ ਜ਼ਮੀਨੀ ਹੱਕਾਂ ਲਈ ਤਿੱਖਾ ਸੰਘਰਸ਼ ਲੜਨਾ ਪਿਆ ਹੈ, ਜਿਸ ਵਿੱਚ ਔਰਤਾਂ ਦੀ ਵੱਡੀ ਭੂਮਿਕਾ ਰਹੀ ਹੈ। ਪੁਲੀਸ ਦੀਆਂ ਡਾਂਗਾਂ ਸਹਿਣੀਆਂ ਪਈਆਂ, ਜੇਲ੍ਹ ਕੱਟਣੀ ਪਈ, ਵੱਖ-ਵੱਖ ਪੁਲੀਸ ਕੇਸਾਂ ਦਾ ਸਾਹਮਣਾ ਕਰਨਾ ਪਿਆ ਅਤੇ ਦਿਹਾੜੀਆਂ ਛੱਡ ਕੇ ਨਿੱਤ-ਦਿਨ ਰੋਸ ਧਰਨੇ ਮੁਜ਼ਾਹਰਿਆਂ ’ਚ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਪਈ। ਸੰਨ 2014 ਵਿਚ ਪਿੰਡ ਬਾਲਦ ਕਲਾਂ ’ਚੋਂ ਜ਼ਮੀਨੀ ਸੰਘਰਸ਼ ਲਈ ਉੱਠੀ ਬੁਲੰਦ ਅਵਾਜ਼ ਦੀ ਗੂੰਜ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਰਾਜਾਂ ’ਚ ਵੀ ਸੁਣਾਈ ਦਿੱਤੀ ਸੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੀਤੇ ਗਏ ਬਾਲਦ ਕਲਾਂ ਦੇ ਸੰਘਰਸ਼ ਨੇ ਦਲਿਤ ਵਰਗ ਦੇ ਲੋਕਾਂ ਨੂੰ ਆਪਣੇ ਜ਼ਮੀਨੀ ਹੱਕਾਂ ਪ੍ਰਤੀ ਜਾਗਰੂਕ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ।
ਸੰਘਰਸ਼ ਦੀ ਬਦੌਲਤ ਹੀ ਪਿੰਡ ਬਾਲਦ ਕਲਾਂ ਦੇ ਕਰੀਬ 188 ਦਲਿਤ ਪਰਿਵਾਰ ਤਿੰਨ ਵੱਖ-ਵੱਖ ਗਰੁੱਪਾਂ ’ਚ ਰਾਖ਼ਵੇਂ ਕੋਟੇ ਦੀ ਕਰੀਬ 560 ਵਿੱਘੇ ਪੰਚਾਇਤੀ ਜ਼ਮੀਨ ’ਤੇ ਸਾਂਝੀ ਖੇਤੀ ਕਰਦੇ ਹਨ। ਸਾਂਝੀ ਖੇਤੀ ਦੇ ਮਾਡਲ ਨੇ ਜਿੱਥੇ ਪਰਿਵਾਰਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ ਉੱਥੇ ਜ਼ਮੀਨ ਪ੍ਰਾਪਤੀ ਨੇ ਆਰਥਿਕ ਮਜ਼ਬੂਤੀ ਅਤੇ ਮਾਣ ਸਨਮਾਨ ਵਧਾਇਆ ਹੈ। ਸਾਂਝੀ ਖੇਤੀ ’ਚੋਂ ਪਿੰਡ ਬਾਲਦ ਕਲਾਂ ਦੇ ਹਰ ਦਲਿਤ ਪਰਿਵਾਰ ਨੂੰ ਹਰ ਸਾਲ ਪੰਜ ਕੁਇੰਟਲ ਕਣਕ, ਪਸ਼ੂਆਂ ਲਈ ਤੂੜੀ ਦੀ ਇੱਕ ਟਰਾਲੀ ਅਤੇ ਲੋੜ ਅਨੁਸਾਰ ਹਰਾ-ਚਾਰਾ ਮਿਲਦਾ ਹੈ। ਹਰ ਸਾਲ ਖੇਤੀ ਦੇ ਖਰਚੇ ਕੱਢ ਅਤੇ ਅਗਲੇ ਸਾਲ ਲਈ ਜ਼ਮੀਨ ਦੇ ਠੇਕੇ ਦੀ ਰਕਮ ਰੱਖ ਕੇ ਬਾਕੀ ਆਮਦਨ ਹਿੱਸੇ ਮੁਤਾਬਕ ਪਰਿਵਾਰਾਂ ’ਚ ਵੰਡ ਦਿੱਤੀ ਜਾਂਦੀ ਹੈ।
ਜਾਣਕਾਰੀ ਦਿੰਦਿਆਂ 40 ਪਰਿਵਾਰਾਂ ਵੱਲੋਂ ਸਾਂਝੀ ਖੇਤੀ ਲਈ ਬਣੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਪੰਚ ਅਤੇ ਚਰਨ ਸਿੰਘ ਨੇ ਦੱਸਿਆ ਕਿ ਸੰਨ 2014 ਤੋਂ ਪਹਿਲਾਂ ਜਨਰਲ ਵਰਗ ਦੇ ਲੋਕ ਆਪਣੇ ਸੀਰੀ ਦੇ ਨਾਂ ’ਤੇ ਬੋਲੀ ਦੇ ਕੇ ਰਾਖਵੇਂ ਕੋਟੇ ਦੀ ਜ਼ਮੀਨ ’ਤੇ ਖ਼ੁਦ ਖੇਤੀ ਕਰਦੇ ਸੀ ਅਤੇ ਦਲਿਤ ਪਰਿਵਾਰਾਂ ਕੋਲ ਇੰਚ ਜ਼ਮੀਨ ਵੀ ਨਹੀਂ ਸੀ। ਫਿਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਦਲਿਤ ਪਰਿਵਾਰਾਂ ਨਾਲ ਸੰਪਰਕ ਕਰ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ। ਸੰਨ 2014 ’ਚ ਪਹਿਲੀ ਵਾਰ ਰਾਖਵੇਂ ਕੋਟੇ ਦੀ ਜ਼ਮੀਨ ਪਿਛਲੇ ਛੇ ਮਹੀਨਿਆਂ ਲਈ ਠੇਕੇ ’ਤੇ ਮਿਲੀ ਸੀ। ਉਦੋਂ 70 ਪਰਿਵਾਰਾਂ ਨੇ ਪ੍ਰਤੀ ਪਰਿਵਾਰ 10 ਹਜ਼ਾਰ ਰੁਪਏ ਇਕੱਠਾ ਕਰਕੇ ਅਤੇ ਬਾਕੀ ਪੈਸੇ ਉਧਾਰ ਫੜ ਕੇ ਜ਼ਮੀਨ ਦਾ ਠੇਕਾ 14 ਲੱਖ 99 ਹਜ਼ਾਰ ਰੁਪਏ ਭਰਿਆ ਸੀ। ਉਦੋਂ ਕੋਈ ਵੀ ਆੜ੍ਹਤੀਆ ਉਧਾਰ ਪੈਸੇ ਦੇਣ ਨੂੰ ਤਿਆਰ ਨਹੀਂ ਸੀ ਪਰ ਹੁਣ ਹਰ ਆੜ੍ਹਤੀਆ ਉਨ੍ਹਾਂ ਦੀ ਬਾਂਹ ਫੜਨੀ ਚਾਹੁੰਦਾ ਹੈ। ਬਾਲਦ ਕਲਾਂ ਦੀ ਪੰਚਾਇਤੀ ਜ਼ਮੀਨ ਕਰੀਬ 2,200 ਵਿੱਘੇ ਹੈ, ਜਿਸ ਵਿੱਚੋਂ 1,680 ਵਿੱਘੇ ਜ਼ਮੀਨ ਵਾਹੀਯੋਗ ਹੈ। ਦਲਿਤ ਭਾਈਚਾਰੇ ਨੂੰ ਇਸ ਵਾਰ ਤੀਜੇ ਹਿੱਸੇ ਦੀ 560 ਵਿੱਘੇ ਕਰੀਬ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਮਿਲੀ ਹੈ, ਜਿਸ ਵਿੱਚ ਖੇਤੀ ਕਰਨ ਲਈ 10 ਮੋਟਰਾਂ ਲੱਗੀਆਂ ਹਨ। ਪਾਣੀ ਦੀ ਕੋਈ ਘਾਟ ਨਹੀਂ ਹੈ। ਪਸ਼ੂਆਂ ਲਈ ਹਰੇ ਚਾਰੇ ਨੂੰ ਛੱਡ ਕੇ ਬਾਕੀ ਸਾਰੀ ਜ਼ਮੀਨ ’ਚ ਝੋਨੇ ਦੀ ਫਸਲ ਲੱਗਦੀ ਹੈ।
ਅਵਤਾਰ ਸਿੰਘ ਪੰਚ ਅਤੇ 115 ਪਰਿਵਾਰਾਂ ਦੀ ਕਮੇਟੀ ਦੇ ਮੈਂਬਰ ਦੇਵ ਸਿੰਘ ਨੇ ਦੱਸਿਆ ਕਿ ਹਰ ਸਾਲ ਹਾੜ੍ਹੀ ਦੀ ਫਸਲ ਕੱਢਣ ’ਤੇ ਕਣਕ ਦੀਆਂ ਟਰਾਲੀਆਂ ਇੱਕ ਥਾਂ ਢੇਰੀ ਕਰ ਲੈਂਦੇ ਹਾਂ ਅਤੇ ਕੰਡੇ ਰਾਹੀਂ ਤੋਲ ਕੇ ਹਰ ਪਰਿਵਾਰ ਨੂੰ ਪੰਜ ਕੁਇੰਟਲ ਕਣਕ ਦਿੱਤੀ ਜਾਂਦੀ ਹੈ। ਪਸ਼ੂਆਂ ਲਈ ਇੱਕ ਤੂੜੀ ਦੀ ਟਰਾਲੀ ਦਿੱਤੀ ਜਾਂਦੀ ਹੈ। ਪਸ਼ੂਆਂ ਦੀ ਗਿਣਤੀ ਅਨੁਸਾਰ ਪਰਿਵਾਰ ਹਰਾ-ਚਾਰਾ ਲੈਂਦੇ ਹਨ। ਅਵਤਾਰ ਸਿੰਘ ਨੇ ਦੱਸਿਆ ਕਿ ਹਾੜ੍ਹੀ ਅਤੇ ਸਾਉਣੀ ਦੀ ਫ਼ਸਲ ਵੇਚਣ ਮਗਰੋਂ ਪਰਿਵਾਰਾਂ ਦਾ ਇਕੱਠ ਕਰ ਕੇ ਹਿਸਾਬ-ਕਿਤਾਬ ਕੀਤਾ ਜਾਂਦਾ ਹੈ। ਖੇਤੀ ਦੇ ਖਰਚੇ ਕੱਢ ਕੇ ਅਤੇ ਅਗਲੇ ਸਾਲ ਲਈ ਜ਼ਮੀਨ ਦੇ ਠੇਕੇ ਦੀ ਰਕਮ ਬਕਾਇਆ ਰੱਖ ਕੇ ਬਾਕੀ ਆਮਦਨ ਹਿੱਸੇ ਮੁਤਾਬਕ ਪਰਿਵਾਰਾਂ ’ਚ ਵੰਡ ਦਿੱਤੀ ਜਾਂਦੀ ਹੈ। ਕਣਕ, ਤੂੜੀ ਅਤੇ ਹਰੇ-ਚਾਰੇ ਤੋਂ ਇਲਾਵਾ ਹਰ ਸਾਲ ਪ੍ਰਤੀ ਪਰਿਵਾਰ ਔਸਤਨ 10 ਤੋਂ 12 ਹਜ਼ਾਰ ਰੁਪਏ ਆਮਦਨ ਪ੍ਰਤੀ ਪਰਿਵਾਰ ਦੇ ਹਿੱਸੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਘਾਟੇ ਵਾਲਾ ਔਖਾ ਸਮਾਂ ਲੰਘ ਚੁੱਕਿਆ ਹੈ। ਹੁਣ ਤਾਂ ਵਧੀਆ ਆਮਦਨ ਹੁੰਦੀ ਹੈ। ਉਧਾਰ ਫੜੇ ਸਭ ਪੈਸੇ ਮੋੜ ਚੁੱਕੇ ਹਾਂ, ਕਿਸੇ ਦਾ ਧੇਲਾ ਨਹੀਂ ਦੇਣਾ। ਕਮੇਟੀ ਕੋਲ ਹੱਥ ’ਚ ਚਾਰ ਪੈਸੇ ਬਕਾਇਆ ਹਨ।
ਉਨ੍ਹਾਂ ਕਿਹਾ ਕਿ ਹੁਣ ਪਿੰਡ ਦੀ ਕੋਈ ਦਲਿਤ ਔਰਤ ਹਰੇ-ਚਾਰੇ ਲਈ ਬੇਗਾਨੇ ਖੇਤ ’ਚ ਨਹੀਂ ਜਾਂਦੀ। ਸਰ੍ਹੋਂ ਦਾ ਸਾਗ ਆਮ ਹੈ। ਇੱਕ ਵਿੱਘਾ ਸਰ੍ਹੋਂ ਦਾ ਬੀਜ ਦਿੰਦੇ ਹਾਂ, ਕੋਈ ਮਰਜ਼ੀ ਸਾਗ ਤੋੜ ਕੇ ਲਿਆਵੇ, ਕੋਈ ਰੋਕ-ਟੋਕ ਨਹੀਂ ਹੈ। ਇਸ ਵਾਰ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਖੇਤੀ ਆਮਦਨ ’ਚੋਂ 40 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਦੋ ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਸਨ। ਜੇਕਰ ਕਿਸੇ ਪਰਿਵਾਰ ਨੂੰ ਬੱਚੇ ਦੀ ਫੀਸ, ਦਵਾਈ ਲੈਣ, ਲੜਕੀ ਦੀ ਸ਼ਾਦੀ ਆਦਿ ਮੌਕੇ ਲੋੜ ਹੁੰਦੀ ਹੈ ਤਾਂ ਉਸ ਲਈ ਵੀ ਐਡਵਾਂਸ ਦੇ ਦਿੱਤਾ ਜਾਂਦਾ ਹੈ। ਦਲਿਤ ਵਰਗ ’ਚੋਂ ਹੀ ਖੇਤੀ ਦੇ ਕੰਮ ਲਈ ਤਿੰਨ ਬੰਦਿਆਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਨੌਕਰੀ ਮਿਲੀ ਹੋਈ ਹੈ।
ਜ਼ਮੀਨੀ ਸੰਘਰਸ਼ ਦੌਰਾਨ 59 ਦਿਨ ਜੇਲ੍ਹ ਕੱਟਣ ਵਾਲੇ ਚਰਨ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਮਜ਼ਦੂਰੀ ਕਰਦਾ ਸੀ। ਫਿਰ ਮਿਲੇ ਜ਼ਮੀਨੀ ਹੱਕ ਨੇ ਆਰਥਿਕ ਹੁਲਾਰਾ ਦਿੱਤਾ। ਨਾ ਕਣਕ ਮੁੱਲ ਲੈਣ ਦੀ ਚਿੰਤਾ ਹੈ ਤੇ ਨਾ ਹੀ ਪਸ਼ੂਆਂ ਲਈ ਹਰੇ-ਚਾਰ ਤੇ ਤੂੜੀ ਦਾ ਫ਼ਿਕਰ ਹੈ। ਹੁਣ ਆਪਣੀ ਮੋਟਰਸਾਈਕਲ-ਰੇਹੜੀ ਹੈ। ਦੋ ਮੱਝਾਂ ਰੱਖੀਆਂ ਹਨ, ਪਤਨੀ ਹਰਾ-ਚਾਰਾ ਖੇਤੋਂ ਲਿਆਉਂਦੀ ਹੈ। ਦੁੱਧ ਵੇਚਦੇ ਹਾਂ। ਵਧੀਆ ਗੁਜ਼ਾਰਾ ਚੱਲਦਾ ਹੈ।
ਇੱਕ ਮੱਝ ਰੱਖ ਕੇ ਗੁਜ਼ਾਰਾ ਕਰ ਰਹੀ ਬੰਤ ਕੌਰ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਹਿੱਸੇ ਦੀ ਜ਼ਮੀਨ ਮਿਲਣ ਦਾ ਬਹੁਤ ਲਾਭ ਮਿਲਿਆ ਹੈ। ਪਹਿਲਾਂ ਬੇਗ਼ਾਨੇ ਖੇਤਾਂ ’ਚੋਂ ਘਾਹ ਲਿਆਉਂਦੇ ਸੀ। ਹੁਣ ਕਣਕ ਤੇ ਹਰਾ-ਚਾਰਾ ਮੁਫ਼ਤ ਮਿਲ ਜਾਂਦਾ ਹੈ।
ਲਛਮਣ ਸਿੰਘ ਦਾ ਕਹਿਣਾ ਹੈ ਕਿ ਜ਼ਮੀਨ ਨੇ ਉਨ੍ਹਾਂ ਦਾ ਮਾਣ ਸਨਮਾਨ ਵਧਾਇਆ ਹੈ। ਉਹ ਦੋ ਮੱਝਾਂ ਤੇ ਦੋ ਗਊਆਂ ਰੱਖ ਕੇ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਕਿਉਂਕਿ ਹੁਣ ਪਰਿਵਾਰ ਲਈ ਪੰਜ ਕੁਇੰਟਲ ਕਣਕ ਤੇ ਪਸ਼ੂਆਂ ਲਈ ਹਰਾ-ਚਾਰਾ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ। ਮਾਸਟਰ ਬਾਬੂ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸਾਡੀਆਂ ਔਰਤਾਂ ਬੇਗ਼ਾਨੇ ਖੇਤਾਂ ’ਚ ਜਾਣ ਲੱਗੀਆਂ ਡਰਦੀਆਂ ਸਨ ਪਰ ਹੁਣ ਆਪਣੇ ਹੱਕ ਦੇ ਖੇਤ ’ਚ ਮਾਣ ਨਾਲ ਜਾਂਦੀਆਂ ਹਨ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਪਰਿਵਾਰ ਪਸ਼ੂ ਰੱਖਣ ਤੋਂ ਵਾਂਝੇ ਸੀ ਕਿਉਂਕਿ ਹਰਾ-ਚਾਰਾ ਅਤੇ ਤੂੜੀ ਮਹਿੰਗੀ ਸੀ। ਹੁਣ ਹਰਾ-ਚਾਰਾ ਆਮ ਹੋਣ ਕਾਰਨ ਜਿਹੜਾ ਪਰਿਵਾਰ ਪਹਿਲਾਂ ਇੱਕ ਪਸ਼ੂ ਰੱਖਦਾ ਸੀ, ਹੁਣ ਦੋ-ਦੋ ਤਿੰਨ-ਤਿੰਨ ਪਸ਼ੂ ਰੱਖਦਾ ਹੈ।
ਹਰਾ-ਚਾਰਾ ਆਮ ਹੋਣ ਕਾਰਨ 50 ਫ਼ੀਸਦੀ ਤੋਂ ਵੱਧ ਪਰਿਵਾਰਾਂ ਨੇ ਪਸ਼ੂ ਰੱਖੇ ਹੋਏ ਹਨ।ਪਿੰਡ ਦੇ ਸਰਪੰਚ ਦੇਵ ਸਿੰਘ ਦਾ ਕਹਿਣਾ ਹੈ ਕਿ ਦਲਿਤ ਪਰਿਵਾਰਾਂ ਨੂੰ ਜ਼ਮੀਨ ਮਿਲਣ ਨਾਲ ਵੱਡਾ ਆਰਥਿਕ ਹੁਲਾਰਾ ਮਿਲਿਆ ਹੈ। ਇਹ ਤਾਂ ਬਾਬੇ ਨਾਨਕ ਦਾ ਲੰਗਰ ਹੈ, ਜਿਸ ਵਿੱਚੋਂ ਬਗੈਰ ਕੰਮ ਕੀਤੇ ਹਰ ਪਰਿਵਾਰ ਨੂੰ ਹਿੱਸਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੈ। ਆਪਸੀ ਕੋਈ ਫਰਕ ਨਹੀਂ ਹੈ। ਉਨ੍ਹਾਂ ਮੰਨਿਆ ਕਿ ਸੀਰੀ ਰਲਣ ਦਾ ਕੰਮ ਘਟਿਆ ਹੈ ਅਤੇ ਮਜ਼ਦੂਰੀ ਕਰਨ ਵਾਲਿਆਂ ਦੀ ਵੀ ਕਿੱਲਤ ਰਹਿੰਦੀ ਹੈ।


Comments Off on ਦਲਿਤ ਔਰਤਾਂ ਨੂੰ ਹੁਣ ਨਹੀਂ ਸੁਣਨਾ ਪੈਂਦਾ ‘ਕਿਹੜੀ ਏਂ ਤੂੰ ਸਾਗ ਤੋੜਦੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.