ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਤੁਸ਼ਾਮ ਦੀ ਬਾਰਾਂਦਰੀ

Posted On December - 8 - 2019

ਇਕਬਾਲ ਸਿੰਘ ਹਮਜਾਪੁਰ
ਸੈਰ ਸਫ਼ਰ

ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।
ਇਤਿਹਾਸਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਚੌਹਾਨ ਕਾਲ ਵਿਚ ਤੁਸ਼ਾਮ ਦੀ ਵਿਸ਼ਾਲ ਪਹਾੜੀ ਉੱਪਰ ਇਕ ਕਿਲ੍ਹਾ ਵੀ ਸੀ। ਪਹਾੜੀ ਉਪਰਲੇ ਇਸ ਕਿਲ੍ਹੇ ਦੀ ਵਰਤੋਂ ਅਨਾਜ ਤੇ ਅਸਲੇ ਦੇ ਭੰਡਾਰਣ ਲਈ ਕੀਤੀ ਜਾਂਦੀ ਸੀ। ਵਿਸ਼ਾਲ ਪਹਾੜੀ ਦੇ ਇਕ ਸਿਰੇ ਉੱਪਰ ਸਥਿਤ ਬਾਰਾਂਦਰੀ, ਚੌੜੇ ਰਸਤੇ ਰਾਹੀਂ ਕਿਲ੍ਹੇ ਨਾਲ ਜੁੜੀ ਹੋਈ ਸੀ। ਪ੍ਰਿਥਵੀ ਰਾਜ ਇਸ ਬਾਰਾਂਦਰੀ ਵਿਚ ਬਹਿ ਕੇ ਦਰਬਾਰ ਲਗਾਉਂਦਾ, ਦਰਬਾਰੀਆਂ ਨਾਲ ਸਲਾਹ ਮਸ਼ਵਰੇ ਕਰਦਾ ਅਤੇ ਅਪਰਾਧੀਆਂ ਨੂੰ ਸਜ਼ਾ ਸੁਣਾਉਂਦਾ ਸੀ। ਫ਼ੈਸਲੇ ਸੁਣਾਉਣ ਕਰਕੇ ਇਸ ਬਾਰਾਂਦਰੀ ਨੂੰ ਲੋਕਾਈ ‘ਪ੍ਰਿਥਵੀ ਰਾਜ ਚੌਹਾਨ ਦੀ ਕਚਹਿਰੀ’ ਵੀ ਆਖਦੀ ਹੈ।
ਇਸ ਬਾਰਾਂਦਰੀ ਨੂੰ ਬਣਾਉਣ ਵੇਲੇ ਲੋਹੇ, ਲੱਕੜ ਜਾਂ ਸੀਮੇਂਟ ਦੀ ਵਰਤੋਂ ਨਹੀਂ ਕੀਤੀ ਗਈ। ਸਦੀਆਂ ਪੁਰਾਣੀ ਬਾਰਾਂਦਰੀ ਸਿਰਫ਼ ਲਖੌਰੀ ਇੱਟਾਂ ਤੇ ਚੂਨੇ ਨਾਲ ਬਣੀ ਹੋਈ ਹੈ। ਬਾਰਾਂਦਰੀ ਦੇ ਵਿਚਕਾਰ ਰਾਜੇ ਦੇ ਦਰਬਾਰ ਲਈ ਬਣੀ ਵਰਗਾਕਾਰ ਇਮਾਰਤ ਤੋਂ ਇਲਾਵਾ ਇਸ ਦੀ ਹਰੇਕ ਦਿਸ਼ਾ ਵਿਚ ਇਕ-ਇਕ ਦਲਾਨ ਬਣਿਆ ਹੋਇਆ ਹੈ। ਇੱਕੋ ਆਕਾਰ ਦੇ ਇਨ੍ਹਾਂ ਦਲਾਨਾਂ ਦੀ ਉਚਾਈ 15 ਫੁੱਟ ਦੇ ਕਰੀਬ ਹੈ। ਬਾਰਾਂਦਰੀ ਦੇ ਚਾਰੇ ਦਲਾਨ ਵਿਚਕਾਰ ਬਣੀ ਇਮਾਰਤ ਨਾਲ ਜੁੜੇ ਹੋਏ ਹਨ। ਵਿਚਕਾਰਲੀ ਇਮਾਰਤ ਉੱਪਰ ਬੈਠਵਾਂ ਗੋਲਾਈਦਾਰ ਗੁੰਬਦ ਸਮੁੱਚੀ ਬਾਰਾਂਦਰੀ ਦੀ ਸ਼ੋਭਾ ਨੂੰ ਚਾਰ ਚੰਦ ਲਾਉਂਦਾ ਜਾਪਦਾ ਹੈ। ਤਿੰਨ ਫੁੱਟ ਤੋਂ ਵੀ ਵਧੇਰੇ ਚੌੜੀਆਂ ਕੰਧਾਂ ਵਾਲੀ ਇਸ ਬਾਰਾਂਦਰੀ ਦੀ ਹਰੇਕ ਬਾਹੀ ਵਿਚ ਇੱਕੋ ਜਿਹੇ ਤਿੰਨ ਦਰਵਾਜ਼ੇ ਹਨ। ਬਾਰਾਂਦਰੀ ਦੇ ਉਪਰੋਂ ਦੀਵੇ ਦੇ ਆਕਾਰ ਵਾਲੇ ਇਹ ਦਰਵਾਜ਼ੇ ਭੁਲੇਖਾ ਪਾਉਣ ਵਾਲੇ ਹਨ। ਕਿਸੇ ਵੀ ਪਾਸਿਓ ਵੇਖੋ, ਬਾਰਾਂਦਰੀ ਦੇ ਪੰਜ ਦਰਵਾਜ਼ੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਇਹ ਗਿਣਤੀ ਵਿਚ ਵੀਹ ਜਾਪਦੇ ਹਨ। ਅਸਲ ਵਿਚ ਦਰਵਾਜ਼ਿਆਂ ਦੀ ਗਿਣਤੀ ਬਾਰਾਂ ਹੀ ਹੈ।
ਭਿਵਾਨੀ ਤੋਂ 28, ਹਿਸਾਰ ਤੋਂ 40 ਤੇ ਦਿੱਲੀ ਤੋਂ 140 ਕਿਲੋਮੀਟਰ ਦੂਰ ਤੁਸ਼ਾਮ ਵਿਖੇ ਸਥਿਤ ਇਸ ਬਾਰਾਂਦਰੀ ਦੇ ਵਿਚਕਾਰਲੀ ਇਮਾਰਤ ਵਿਚ ਬੈਠਾ ਆਦਮੀ ਵੀ ਚਾਰ-ਚੁਫ਼ੇਰੇ ਮਨੁੱਖੀ ਅੱਖ ਦੀ ਸੀਮਾ ਤੋਂ ਪਰ੍ਹੇ ਤਕ ਵੇਖ ਸਕਦਾ ਸੀ। ਬਾਰਾਂਦਰੀ ਦੀ ਵਿਲੱਖਣ ਬਣਾਵਟ ਕਾਰਨ ਚੌਹਾਨ ਰਾਜ ਵਿਚ ਇਸ ਦੀ ਵਰਤੋਂ ਸੁਰੱਖਿਆ ਲਈ ਮੋਰਚੇ ਦੇ ਤੌਰ ’ਤੇ ਵੀ ਹੁੰਦੀ ਰਹੀ। ਇੱਥੋਂ ਤੁਸ਼ਾਮ ਦੇ ਕਿਲ੍ਹੇ ਦੀ ਰਖਵਾਲੀ ਕੀਤੀ ਜਾਂਦੀ ਸੀ।
ਤੁਸ਼ਾਮ ਦਾ ਕਿਲ੍ਹਾ ਥੇਹ ਹੋ ਚੁੱਕਾ ਹੈ। ਸਿਰਫ਼ ਨਿਸ਼ਾਨ ਹੀ ਬਾਕੀ ਹਨ। ਤੁਸ਼ਾਮ ਦੇ ਨਜ਼ਦੀਕ ਹਾਂਸੀ ਵਿਖੇ ਵੀ ਪ੍ਰਿਥਵੀ ਰਾਜ ਚੌਹਾਨ ਦਾ ਵਿਸ਼ਾਲ ਕਿਲ੍ਹਾ ਤੇ ਬੜਸੀ ਗੇਟ ਸਥਿਤ ਹੈ। ਬੜਸੀ ਗੇਟ ਨੂੰ ਪ੍ਰਿਥਵੀ ਰਾਜ ਚੌਹਾਨ ਨੇ ਤਰਾਵੜੀ ਦੀ ਪਹਿਲੀ ਲੜਾਈ ਸਮੇਂ ਆਪਣੀ ਜਿੱਤ ਦਾ ਜਸ਼ਨ ਮਨਾਉਂਦਿਆਂ ਬਣਵਾਇਆ ਸੀ। ਚੌਹਾਨ ਦੇ ਹਾਂਸੀ ਵਾਲੇ ਕਿਲ੍ਹੇ ਤੇ ਬੜਸੀ ਗੇਟ ਦੀ ਨਿਗਰਾਨੀ ਲਈ ਵੀ ਤੁਸ਼ਾਮ ਦੀ ਇਸ ਬਾਰਾਂਦਰੀ ਦੀ ਵਰਤੋਂ ਕੀਤੀ ਜਾਂਦੀ ਸੀ।
ਪ੍ਰਿਥਵੀ ਰਾਜ ਚੌਹਾਨ ਦਾ ਹਾਂਸੀ ਵਿਚਲਾ ਕਿਲ੍ਹਾ ਤੇ ਬੜਸੀ ਗੇਟ ਭਾਰਤੀ ਪੁਰਾਤੱਤਵ ਵਿਭਾਗ ਦੇ ਰਾਸ਼ਟਰੀ ਮਹੱਤਵ ਦੇ ਸਮਾਰਕਾਂ ਦੇ ਕਾਨੂੰਨ ਅਧੀਨ ਸੁਰੱਖਿਅਤ ਹਨ। ਪਰ ਚੌਹਾਨ ਦੀ ਬਾਰਾਂਦਰੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਤੁਸ਼ਾਮ ਦੀ ਵਿਸ਼ਾਲ ਪਹਾੜੀ ਨੂੰ ਕੱਟ ਕੇ ਇਸ ਦੇ ਵਿਚਕਾਰੋਂ ਸੜਕ ਕੱਢ ਦਿੱਤੀ ਗਈ ਹੈ। ਇਸ ਤਰ੍ਹਾਂ ਕਰਨ ਨਾਲ ਬਾਰਾਂਦਰੀ, ਪਹਾੜੀ ਦੇ ਛੋਟੇ ਹਿੱਸੇ ਵੱਲ ਰਹਿ ਗਈ ਹੈ ਤੇ ਇਸ ਤਕ ਪਹੁੰਚਣ ਲਈ ਪ੍ਰਾਚੀਨ ਸ਼ਾਹੀ ਰਸਤਾ ਬੰਦ ਹੋ ਗਿਆ ਹੈ। ਸੈਲਾਨੀ ਤੇ ਇਤਿਹਾਸ ਪ੍ਰੇਮੀ ਬਾਰਾਂਦਰੀ ਨੂੰ ਵੇਖਣ ਲਈ ਸਮੇਂ-ਸਮੇਂ ’ਤੇ ਆਉਂਦੇ ਹਨ, ਪਰ ਬਾਰਾਂਦਰੀ ਤਕ ਨਾ ਪਹੁੰਚ ਸਕਣ ਕਰਕੇ ਨਿਰਾਸ਼ ਹੋ ਜਾਂਦੇ ਹਨ। ਹਰਿਆਣਾ ਸਰਕਾਰ ਨੇ 2008 ਵਿਚ ਤੁਸ਼ਾਮ ਵਿਖੇ ਉਦਯੋਗਿਕ ਸਿਖਲਾਈ ਕੇਂਦਰ ਦਾ ਨੀਂਹ ਪੱਥਰ ਰੱਖਣ ਵੇਲੇ ਬਾਰਾਂਦਰੀ ਵਾਲੀ ਪਹਾੜੀ ਦੀ ਚੜ੍ਹਾਈ ਦੇ ਅੱਧ ਵਿਚਕਾਰ ਜਾ ਕੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੇ ਪੁੱਤਰ ਚੌਧਰੀ ਸੁਰੇਂਦਰ ਸਿੰਘ ਦਾ ਬੁੱਤ ਲਾਇਆ ਹੈ। ਚੌਧਰੀ ਸੁਰੇਂਦਰ ਸਿੰਘ ਦੇ ਬੁੱਤ ਤਕ ਪਹੁੰਚਣ ਲਈ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ, ਪਰ ਇਨ੍ਹਾਂ ਪੌੜੀਆਂ ਰਾਹੀਂਂ ਵੀ ਬਾਰਾਂਦਰੀ ਤਕ ਨਹੀਂ ਪਹੁੰਚਿਆ ਜਾ ਸਕਦਾ।
ਕਿਸੇ ਸਮੇਂ ਬਾਰਾਂਦਰੀ ਦੇ ਚਾਰ-ਚੁਫ਼ੇਰੇ ਵਿਸ਼ਾਲ ਥੜ੍ਹਾ ਵੀ ਬਣਿਆ ਹੋਇਆ ਸੀ। ਪਹਾੜੀ ਦੇ ਬਾਰਾਂਦਰੀ ਵਾਲੇ ਹਿੱਸੇ ਹੇਠੋਂ ਢਿੱਗਾਂ ਡਿੱਗਣ ਕਰਕੇ ਇਕੱਲਾ ਥੜ੍ਹਾ ਹੀ ਲੋਪ ਨਹੀਂ ਹੋਇਆ, ਬਾਰਾਂਦਰੀ ਦੀ ਹੋਂਦ ਨੂੰ ਵੀ ਖ਼ਤਰਾ ਬਣ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ, ਜਦੋਂ ਤੁਸ਼ਾਮ ਦੀ ਪਛਾਣ ਬਣੀ ਇਹ ਵਿਰਾਸਤ ਥੇਹ ਹੋ ਜਾਵੇਗੀ ਤੇ ਤਸਵੀਰਾਂ ਵਿਚ ਸਿਮਟ ਕੇ ਰਹਿ ਜਾਵੇਗੀ। ਹਰਿਆਣਾ ਸਰਕਾਰ ਤੇ ਭਾਰਤੀ ਪੁਰਾਤੱਤਵ ਵਿਭਾਗ ਨੂੰ ਬਾਰਾਂਦਰੀ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੰਪਰਕ: 94165-92149


Comments Off on ਤੁਸ਼ਾਮ ਦੀ ਬਾਰਾਂਦਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.