ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਢਿੱਲਵਾਂ ਕਤਲ ਕਾਂਡ: ਅਕਾਲੀ ਦਲ ਦੇ ਰੁਖ਼ ਤੋਂ ਘਾਬਰੇ ਜੇਲ੍ਹ ਮੰਤਰੀ

Posted On December - 6 - 2019

ਦਵਿੰਦਰ ਪਾਲ
ਚੰਡੀਗੜ੍ਹ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਮੁੱਦੇ ’ਤੇ ਵਿੱਢੀ ਮੁਹਿੰਮ ਨਵਾਂ ਰੂਪ ਲੈ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਮੰਤਰੀ ਵੱਲੋਂ ਮੰਤਰੀ-ਮੰਡਲ ਦੀ ਮੀਟਿੰਗ ਵਿੱਚ ਸਾਥੀ ਮੰਤਰੀਆਂ ਦਾ ਸਹਿਯੋਗ ਮੰਗੇ ਜਾਣ ਤੋਂ ਬਾਅਦ ਮੰਤਰੀਆਂ ਤੱਕ ਪਹੁੰਚ ਵੀ ਕੀਤੀ ਗਈ ਹੈ। ਇੱਕ ਮੰਤਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੇਲ੍ਹ ਮੰਤਰੀ ਵੱਲੋਂ ਸੰਕਟ ਦੀ ਘੜੀ ਵਿੱਚ ਮਦਦ ’ਤੇ ਆਉਣ ਦੀ ਅਪੀਲ ਕੀਤੀ ਗਈ ਹੈ। ਉਧਰ ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ’ਤੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ ਜਦੋਂਕਿ ਮੰਤਰੀ ਵੀ ਹਾਲ ਦੀ ਘੜੀ ਦੁਚਿੱਤੀ ’ਚ ਹਨ ਤੇ ਸਰਕਾਰ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮਾਝੇ ਦੇ ਮੰਤਰੀ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਪਿੱਠ ’ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਕਾਂਗਰਸ ਤੇ ਅਕਾਲੀ ਨੇਤਾਵਾਂ ਦੀਆਂ ਗਤੀਵਿਧੀਆਂ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਮੁੱਦਾ ਹੋਰ ਵੀ ਭਖਣ ਦੇ ਆਸਾਰ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀ ਇਸ ਤੋਂ ਪਹਿਲਾਂ ਵੀ ਚਰਚਾ ਵਿਚ ਰਹੇ ਹਨ। ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਚੰਨੀ ਖਿਲਾਫ਼ ਅਕਾਲੀ ਦਲ ਮਿੱਥ ਕੇ ਮੁਹਿੰਮ ਚਲਾਉਂਦਾ ਰਿਹਾ ਹੈ।
ਰੋਚਕ ਤੱਥ ਇਹ ਵੀ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿੱਧਾ ਮੋਰਚਾ ਨਹੀਂ ਖੋਲ੍ਹ ਰਹੇ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਬਨਿਟ ਮੀਟਿੰਗ ਦੌਰਾਨ ਇੱਕ ਕਾਂਗਰਸੀ ਗੈਂਗਸਟਰ ਦੀ ਤਰਫਦਾਰੀ ਕਰਨਾ ਅਫਸੋਸਨਾਕ ਹੈ। ਅਕਾਲੀ ਆਗੂ ਨੇ ਮੰਤਰੀਆਂ ਵੱਲੋਂ ਮੀਟਿੰਗ ਦੌਰਾਨ ਅਫੀਮ ਖਾਣ ਦੀ ਸ਼ਲਾਘਾ ਕਰਕੇ ਨਸ਼ਿਆਂ ਦੇ ਪੰਜਾਬੀਆਂ ਉੱਤੇ ਹੋ ਰਹੇ ਮਾਰੂ ਅਸਰ ਪ੍ਰਤੀ ਅਸੰਵੇਦਨਸ਼ੀਲਤਾ ਵਿਖਾਉਣ ਦੀ ਵੀ ਨਿਖੇਧੀ ਕੀਤੀ। ਅਕਾਲੀ ਆਗੂ ਨੇ ਮੰਤਰੀ ਨੂੰ ਬਰਖਾਸਤ ਕਰਕੇ ਗੈਂਗਸਟਰ-ਮੰਤਰੀ ਗੱਠਜੋੜ ਦੀ ਤੁਰੰਤ ਜਾਂਚ ਕਰਵਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜੇਲ੍ਹ ਮੰਤਰੀ ਨੇ ਇੱਕ ਕਾਂਗਰਸੀ ਗੈਂਗਸਟਰ ਦੇ ਹੱਕ ਵਿਚ ਨਾ ਬੋਲਣ ਲਈ ਨਾ ਸਿਰਫ ਆਪਣੇ ਕੈਬਨਿਟ ਸਾਥੀਆਂ ਦਾ ਸਿਰਫ ਮਜ਼ਾਕ ਉਡਾਇਆ ਸਗੋਂ ਇਹ ਸੁਆਲ ਵੀ ਕੀਤਾ ਕਿ ਮੁਕਤਸਰ ਦੇ ਐੱਸਐੱਸਪੀ ਨੇ ਮਾਰੇ ਜਾ ਚੁੱਕੇ ਬਦਮਾਸ਼ (ਮਨਪ੍ਰੀਤ ਮੰਨਾ) ਨੂੰ ਗੈਂਗਸਟਰ ਕਿਉਂ ਕਿਹਾ। ਅਕਾਲੀ ਆਗੂ ਨੇ ਕਿਹਾ ਕਿ ਇਸ ਗੈਂਗਸਟਰ ਖ਼ਿਲਾਫ਼ 14 ਅਪਰਾਧਿਕ ਮਾਮਲੇ ਦਰਜ ਸਨ। ਉਨ੍ਹਾਂ ਕਿਹਾ ਕਿ ਜਿੱਥੇ ਮੰਤਰੀ ਪੁਲੀਸ ਅਧਿਕਾਰੀਆਂ ਦੇ ਕੰਮ ਵਿਚ ਦਖ਼ਲ ਦਿੰਦੇ ਹਨ ਤੇ ਉਨ੍ਹਾਂ ਨੂੰ ਪੇਸ਼ੇਵਰ ਢੰਗ ਨਾਲ ਆਪਣੀ ਡਿਊਟੀ ਕਰਨ ਤੋਂ ਰੋਕਦੇ ਹਨ ਤਾਂ ਅਜਿਹੀ ਸਰਕਾਰ ਕੋਲੋਂ ਆਮ ਲੋਕਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਲ੍ਹ ਮੰਤਰੀ ਖਿਲਾਫ਼ ਸਖ਼ਤ ਕਾਰਵਾਈ ਕਰਨ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਗੈਂਗਸਟਰਾਂ ਅਤੇ ਕਾਂਗਰਸੀ ਗੁੰਡਿਆਂ ਉੱਪਰੋਂ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਚੁੱਕਿਆ ਗਿਆ ਹੈ ਜਿਸ ਕਰਕੇ ਉਹ ਸ਼ਰੇਆਮ ਗੋਲੀਆਂ ਚਲਾ ਰਹੇ ਹਨ।

ਗ੍ਰਹਿ ਮੰਤਰੀ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਢਿੱਲਵਾਂ ਕਤਲ ਕਾਂਡ ਨੂੰ 18 ਦਿਨ ਬੀਤ ਚੁੱਕੇ ਹਨ ਪਰ ਇਸ ਕੇਸ ਵਿਚ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਤਰੀਆਂ ਤੇ ਗੈਂਗਸਟਰਾਂ ਵਿਚਾਲੇ ਗੱਠਜੋੜ ਦੇ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਸੱਤ ਦਸੰਬਰ ਨੂੰ ਅਕਾਲੀ ਦਲ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਅਤੇ ਰਾਜੋਆਣਾ ਮਾਮਲੇ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਅਪੀਲ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਇਸ ਸਬੰਧੀ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ।


Comments Off on ਢਿੱਲਵਾਂ ਕਤਲ ਕਾਂਡ: ਅਕਾਲੀ ਦਲ ਦੇ ਰੁਖ਼ ਤੋਂ ਘਾਬਰੇ ਜੇਲ੍ਹ ਮੰਤਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.