ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਛੇ ਸਾਲਾਂ ਤੋਂ ਖ਼ੁਦਕੁਸ਼ੀ ਮੁਆਵਜ਼ਾ ਲੈਣ ਲਈ ਧੱਕੇ ਖਾ ਰਿਹੈ ਪਰਿਵਾਰ

Posted On December - 6 - 2019

ਲੜੀ ਨੰਬਰ  18

‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਅਤੇ ਵਿਚਾਰਨਾ ਚਾਹੀਦਾ ਹੈ।

ਪਿੰਡ ਚੀਮਾ ’ਚ ਕਿਸਾਨ ਗੁਰਪ੍ਰੀਤ ਸਿੰਘ ਦਾ ਪਰਿਵਾਰ।

ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਦਸੰਬਰ
ਕਰਜ਼ੇ ਤੋਂ ਪ੍ਰੇਸ਼ਾਨ ਬਰਨਾਲਾ ਦੇ ਪਿੰਡ ਚੀਮਾ ਦਾ ਕਿਸਾਨ ਗੁਰਪ੍ਰੀਤ ਸਿੰਘ ਆਪ ਤਾਂ ਖ਼ੁਦਕੁਸ਼ੀ ਕਰ ਗਿਆ ਪਰ ਪਰਿਵਾਰ ਉਸ ਦੀ ਮੌਤ ਤੋਂ 7 ਸਾਲ ਬਾਅਦ ਵੀ ਆਰਥਿਕ ਤੰਗੀ ਝੱਲ ਰਿਹਾ ਹੈ। ਸਰਕਾਰ ਨੇ ਪਹਿਲਾਂ ਗੁਰਪ੍ਰੀਤ ਦੀ ਬਾਂਹ ਨਹੀਂ ਫੜੀ ਅਤੇ ਨਾ ਹੀ ਹੁਣ ਪਰਿਵਾਰ ਦੀ ਕੋਈ ਮਦਦ ਕੀਤੀ। ਘਰ ’ਚ ਹੁਣ ਚਾਰ ਔਰਤਾਂ ਅਤੇ ਇੱਕ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਹੈ। ਅਜਿਹੇ ’ਚ ਔਰਤਾਂ ਨੂੰ ਹੀ ਕਬੀਲਦਾਰੀ ਚਲਾਉਣੀ ਪੈ ਰਹੀ ਹੈ। ਕਰਜ਼ਾ ਲਾਹੁਣ ਲਈ ਪਰਿਵਾਰ ਨੂੰ ਆਪਣੀ ਜ਼ਮੀਨ ਵੀ ਵੇਚਣੀ ਪਈ।
ਮ੍ਰਿਤਕ ਕਿਸਾਨ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ 6 ਜੁਲਾਈ 2013 ਨੂੰ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਿਆ ਸੀ। ਗੁਰਪ੍ਰੀਤ ਨੂੰ ਜਿਗਰ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਸੀ। ਉਸ ਦਾ ਇਲਾਜ ਲੁਧਿਆਣਾ ਅਤੇ ਪਟਿਆਲਾ ਦੇ ਵੱਡੇ ਹਸਪਤਾਲਾਂ ਤੋਂ ਕਰਵਾਇਆ ਗਿਆ। ਉਸ ਦੇ ਇਲਾਜ ਦੌਰਾਨ ਪਰਿਵਾਰ ਸਿਰ ਕਰੀਬ 8 ਲੱਖ ਰੁਪਏ ਕਰਜ਼ਾ ਚੜ੍ਹ ਗਿਆ। ਇਹ ਕਰਜ਼ਾ ਪਰਿਵਾਰ ਨੇ ਆੜ੍ਹਤੀਆਂ ਅਤੇ ਸ਼ਾਹੂਕਾਰਾਂ ਤੋਂ ਪਰਨੋਟ ’ਤੇ ਲਿਆ ਸੀ। ਪਰਿਵਾਰ ਕੋਲ ਸਿਰਫ਼ ਢਾਈ ਏਕੜ ਜ਼ਮੀਨ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਗੁਰਪ੍ਰੀਤ ਨੇ ਤੰਦਰੁਸਤ ਹੋਣ ਮਗਰੋਂ ਕਰਜ਼ਾ ਲਾਹੁਣ ਲਈ ਪੂਰੀ ਵਾਹ ਲਾਈ, ਪਰ ਥੋੜ੍ਹੀ ਜ਼ਮੀਨ ਕਾਰਨ ਕਰਜ਼ਾ ਨਾ ਉਤਰਿਆ, ਜਿਸ ਕਰਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ।
ਗੁਰਪ੍ਰੀਤ ਦੀ ਮੌਤ ਤੋਂ ਬਾਅਦ ਘਰ ਦੀ ਕਬੀਲਦਾਰੀ ਉਸ ਦੀ ਪਤਨੀ ਚਰਨਜੀਤ ਕੌਰ ’ਤੇ ਆ ਗਈ, ਜਿਸ ਲਈ ਬਜ਼ੁਰਗ ਸੱਸ, 2 ਧੀਆਂ ਅਤੇ ਇੱਕ ਸਾਧਾਰਨ ਬੇਟੇ ਦਾ ਢਿੱਡ ਭਰਨ ਦੇ ਨਾਲ ਨਾਲ ਕਰਜ਼ਾ ਲਾਹੁਣਾ ਵੱਡੀ ਸਮੱਸਿਆ ਸੀ। ਕਿਸੇ ਵੀ ਸਰਕਾਰ ਜਾਂ ਲੀਡਰ ਨੇ ਪਰਿਵਾਰ ਦੀ ਸਾਰ ਨਹੀਂ ਲਈ। ਪਰਿਵਾਰ ਵੱਲੋਂ ਖ਼ੁਦਕੁਸ਼ੀ ਪੀੜਤ ਮੁਆਵਜ਼ਾ ਲੈਣ ਲਈ ਫ਼ਾਈਲ ਵੀ ਲਾਈ ਗਈ, ਜਿਸ ਤੋਂ ਬਾਅਦ ਮੁਆਵਜ਼ਾ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਕਈ ਵਾਰ ਗੇੜੇ ਵੀ ਲਾਏ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਪਿਛਲੇ ਛੇ ਸਾਲਾਂ ਤੋਂ ਮੁਆਵਜ਼ਾ ਲੈਣ ਲਈ ਲਾਈ ਫ਼ਾਈਲ ਸਰਕਾਰੀ ਦਫ਼ਤਰਾਂ ’ਚ ਰੁਲ ਰਹੀ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰ ਹੋਣ ਕਾਰਨ ਮਦਦ ਕਰਨੀ ਤਾਂ ਦੂਰ ਦੀ ਗੱਲ, ਉਸ ਦੀ ਵਿਧਵਾ ਅਤੇ ਸੱਸ ਦੀ ਬੁਢਾਪਾ ਪੈਨਸ਼ਨ ਵੀ ਨਹੀਂ ਲਾਈ ਗਈ। ਉਸ ਦੀ ਸੱਸ ਹਰਦੇਵ ਕੌਰ 62 ਸਾਲ ਦੀ ਹੈ ਅਤੇ ਉਹ ਵੀ ਵਿਧਵਾ ਹੈ। ਪੈਨਸ਼ਨ ਲੈਣ ਲਈ ਫ਼ਾਰਮ ਵੀ ਭਰੇ ਸਨ ਪਰ ਕਿਸੇ ਨੇ ਪੈਨਸ਼ਨ ਨਹੀਂ ਲਾਈ। ਜੇਕਰ ਸਰਕਾਰ ਨੇ ਕੋਈ ਹੋਰ ਮਦਦ ਨਹੀਂ ਦੇਣੀ, ਘੱਟੋ-ਘੱਟ ਪੈਨਸ਼ਨ ਤਾਂ ਲਾ ਦੇਵੇ। ਹੁਣ ਉਨ੍ਹਾਂ ਪੈਨਸ਼ਨ ਲੈਣ ਲਈ ਤੀਜੀ ਵਾਰ ਫ਼ਾਰਮ ਭਰੇ ਹਨ।
ਚਰਨਜੀਤ ਕੌਰ ਨੇ ਦੱਸਿਆ ਕਿ ਹੁਣ ਪਰਿਵਾਰ ਕੋਲ 2 ਏਕੜ ਜ਼ਮੀਨ ਬਚੀ ਹੈ। ਮਹਿੰਗਾਈ ਦੇ ਦੌਰ ’ਚ ਦੋ ਧੀਆਂ ਨੂੰ ਵੀ ਆਰਥਿਕ ਤੰਗੀ ਦੇ ਬਾਵਜੂਦ ਪੜ੍ਹਾ ਰਹੀ ਹੈ। ਇੱਕ ਧੀ 12ਵੀਂ ਪਾਸ ਕਰ ਚੁੱਕੀ ਹੈ ਤੇ ਦੂਜੀ ਗਿਆਰ੍ਹਵੀਂ ’ਚ ਪੜ੍ਹ ਰਹੀ ਹੈ। ਬਾਰ੍ਹਵੀਂ ਤੋਂ ਬਾਅਦ ਪੜ੍ਹਾਈ ਲਈ ਬਹੁਤ ਜ਼ਿਆਦਾ ਖ਼ਰਚ ਆਉਂਦਾ ਹੈ, ਜੋ ਉਹ ਕਰਨ ਤੋਂ ਅਸਮਰੱਥ ਹਨ। ਪੁੱਤਰ ਮਾਨਸਿਕ ਤੌਰ ’ਤੇ ਸਾਧਾਰਨ ਹੈ, ਜਿਸ ਕਰਕੇ ਜ਼ਮੀਨ ਠੇਕੇ ’ਤੇ ਦੇਣੀ ਪੈਂਦੀ ਹੈ। ਘਰ ਖ਼ਰਚ ਚਲਾਉਣ ਲਈ ਮੱਝਾਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਦਾ ਦੁੱਧ ਵੇਚ ਕੇ ਕੁੱਝ ਪੈਸੇ ਆ ਜਾਂਦੇ ਹਨ। ਗੁਰਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਦਾ ਮੁਆਵਜ਼ਾ ਲੈਣ ਲਈ ਪਰਿਵਾਰ ਵੱਲੋਂ ਦੁਬਾਰਾ ਫ਼ਾਈਲ ਲਾਈ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਖ਼ੁਦਕੁਸ਼ੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੀਆਂ ਧੀਆਂ ਨੂੰ ਪੜ੍ਹਾ ਸਕੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰਾਂ ਫ਼ੋਕੇ ਬਿਆਨਾਂ ’ਚ ਹੀ ਕਿਸਾਨ ਹਿਤੈਸ਼ੀ ਹੁੰਦੀਆਂ ਹਨ। ਪਰ ਅਸਲੀਅਤ ਵਿੱਚ ਕਿਸਾਨ ਪਰਿਵਾਰ ਦੀ ਬਾਂਹ ਕੋਈ ਨਹੀਂ ਫ਼ੜਦਾ। ਚੀਮਾ ਦੇ ਇਸ ਖ਼ੁਦਕੁਸ਼ੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਤਾਂ ਸਰਕਾਰ ਨੇ ਕੀਤਾ ਦੇਣਾ ਸੀ, ਘਰ ਦੀਆਂ ਔਰਤਾਂ ਦੀ ਪੈਨਸ਼ਨ ਤੱਕ ਨਹੀਂ ਲਾਈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਇਸ ਪਰਿਵਾਰ ਨੂੰ ਮੁਆਵਜ਼ਾ ਦੇਵੇ ਤੇ ਲੜਕੀਆਂ ਦੀ ਉੱਚ ਸਿੱਖਿਆ ਦਾ ਜ਼ਿੰਮਾ ਚੁੱਕੇ। ਇਸ ਤੋਂ ਇਲਾਵਾ ਮ੍ਰਿਤਕ ਕਿਸਾਨ ਦੀ ਪਤਨੀ ਅਤੇ ਮਾਂ ਦੀ ਪੈਨਸ਼ਨ ਲਾਈ ਜਾਵੇ।


Comments Off on ਛੇ ਸਾਲਾਂ ਤੋਂ ਖ਼ੁਦਕੁਸ਼ੀ ਮੁਆਵਜ਼ਾ ਲੈਣ ਲਈ ਧੱਕੇ ਖਾ ਰਿਹੈ ਪਰਿਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.