ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ

Posted On December - 11 - 2019

ਤੀਰਥ ਸਿੰਘ ਢਿੱਲੋਂ*

ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਾਰਮਿਕ ਗ੍ਰੰਥ ਹੈ, ਜਿਹੜਾ ਸਾਰੇ ਦਾ ਸਾਰਾ ਰਾਗਬੱਧ ਹੈ (ਜਪੁ ਜੀ ਸਾਹਿਬ, ਸ਼ਲੋਕ ਵਾਰਾਂ ਅਤੇ ਕੁਝ ਹੋਰ ਬਾਣੀ ਨੂੰ ਛੱਡ ਕੇ)। ਗੁਰੂ ਗ੍ਰੰਥ ਸਾਹਿਬ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੇ 31 ਸ਼ੁੱਧ ਰਾਗ ਦਰਜ ਹਨ, ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ ਚਾਰ ਗੁਰਸਿੱਖਾਂ ਦੀ ਬਾਣੀ ਅੰਕਿਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅੰਤਿਕਾ ਵਜੋਂ ਦਰਜ ਰਾਗਾਮਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਅੰਦਰ ਵਰਤੇ ਗਏ ਰਾਗਾਂ ਤੋਂ ਇਲਾਵਾ ਹੋਰ ਪ੍ਰਚਲਿਤ ਅਤੇ ਅਪ੍ਰਚਲਿਤ ਰਾਗਾਂ ਅਤੇ ਰਾਗਣੀਆਂ ਦਾ ਉਲੇਖ ਕੀਤਾ ਗਿਆ ਹੈ। ਕੁੱਲ ਗਿਣਤੀ 18, 10 ਅਤੇ ਬੀਸ ਵਰਣਨ ਕੀਤੀ ਗਈ ਹੈ।
ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕਰਦਿਆਂ ਰਾਗਾਂ ਨੂੰ ਵਿਸ਼ੇਸ਼ ਸਥਾਨ ਦੇ ਕੇ ਇਨ੍ਹਾਂ ਦੀ ਸ੍ਰੇਸ਼ਠਤਾ ਦਾ ਬਖ਼ਾਨ ਕੀਤਾ ਹੈ, ਜਿਵੇਂ: ਰਾਗ ਨਾਦ ਸਬਦਿ ਸੋਹਣੇ।
– ਰਾਗ਼ ਰਤਨ ਪਰਿਵਾਰ ਪਰੀਆ ਸਬਦ ਗਾਵਨ
(ਰਾਮਕਲੀ ਰਾਗ)
– ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ।
* ਸ੍ਰੀ ਰਾਗ: ਇਸ ਰਾਗ ਨੂੰ ਰਾਗਾਂ ਸਿਰ ਰਾਗ ਮੰਨਿਆ ਜਾਂਦਾ ਹੈ; ਭਾਵ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਰਾਗ ਹੈ। ਪੁਰਾਤਨ ਰਾਗੀ ਬੜੀ ਮਿਹਨਤ ਅਤੇ ਰਿਆਜ਼ ਨਾਲ ਇਸ ਦਾ ਗਾਇਨ ਕਰਦੇ ਸਨ। ਇਸ ਰਾਗ ਦੇ ਗਾਇਨ ਦਾ ਸਮਾਂ ਸ਼ਾਮ ਦਾ ਹੈ। ਇਸ ਰਾਗ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਵਿਚ ਇਸ ਪ੍ਰਕਾਰ ਕੀਤੀ ਗਈ ਹੈ: ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ।।
ਭਾਵਿ ਸੱਚੇ ਮਨੋ ਅਤੇ ਪਿਆਰ ਭਾਵਨਾ ਨਾਲ ਇਸ ਰਾਗ ਨੂੰ ਗਾਇਆ ਜਾਵੇ ਕਿਉਂਕਿ ਗੁਰੂ ਸਾਹਿਬ ਮੁਤਾਬਿਕ ਇਹ ਪ੍ਰਧਾਨ ਰਾਗ ਹੈ।
* ਗਉੜੀ: ਵਿਦਵਾਨਾਂ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਗਉੜੀ ਦੇ ਕਈ ਪ੍ਰਕਾਰ ਹਨ, ਜਿਨ੍ਹਾਂ ਦੀ ਗਿਣਤੀ ਵਿਦਵਾਨ 11 ਤੱਕ ਦੱਸਦੇ ਹਨ ਜਿਵੇਂ ਗਉੜੀ ਬੈਰਾਗ਼ਣਿ, ਗਉੜੀ ਚੇਤੀ, ਗਉੜੀ ਦੱਖਣੀ, ਗਉੜੀ ਦੀਪਕੀ, ਗਉੜੀ ਮਾਝ, ਗਉੜੀ ਪੂਰਬੀ, ਗਉੜੀ ਗੁਆਰੇਰੀ, ਗਉੜੀ ਮਾਲਵਾ, ਗਉੜੀ ਸੋਰਠ ਅਤੇ ਗਉੜੀ ਮਾਲਾ ਆਦਿ। ਇਸ ਰਾਗ ਦੇ ਗਾਇਨ ਦਾ ਸਮਾਂ ਸ਼ਾਮ ਦਾ ਹੈ। ਇਸ ਰਾਗ ਦੀ ਉਪਮਾ ਇਸ ਪ੍ਰਕਾਰ ਕੀਤੀ ਗਈ ਹੈ: ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ।।

ਤੀਰਥ ਸਿੰਘ ਢਿੱਲੋਂ*

* ਰਾਗਿ ਵਡਹੰਸ: ਇਸ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਵੱਡੀ ਮਹੱਤਤਾ ਦਿੱਤੀ ਗਈ ਹੈ, ਪਰ ਭਾਰਤੀ ਸ਼ਾਸਤਰੀ ਸੰਗੀਤ ਵਿਚ ਇਸ ਦਾ ਗਾਇਨ ਬਹੁਤਾ ਪ੍ਰਚੱਲਿਤ ਨਹੀਂ। ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਰਾਗ ਦਾ ਬਖ਼ਾਨ ਗੁਰਬਾਣੀ ਵਿਚ ਇਸ ਪ੍ਰਕਾਰ ਕੀਤਾ ਗਿਆ ਹੈ:
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ।
* ਰਾਗਿ ਸੋਰਠ: ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮੁੱਖ ਰਾਗ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਸ ਦੀ ਉਪਮਾ ਗੁਰਬਾਣੀ ਇਸ ਪ੍ਰਕਾਰ ਕਰਦੀ ਹੈ:
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ।।
ਅਤੇ
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ।।
* ਧਨਾਸਰਿ ਰਾਗ: ਗੁਰਬਾਣੀ ਵਿਚ ਇਸ ਨੂੰ ਪ੍ਰਮੁੱਖ ਸਥਾਨ ਹਾਸਲ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਤੀਜਾ ਪਹਿਰ ਹੈ। ਗੁਰਬਾਣੀ ਵਿਚ ਇਸ ਦਾ ਜ਼ਿਕਰ ਇਸ ਪ੍ਰਕਾਰ ਹੈ: ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ।।
* ਰਾਗ ਬਿਲਾਵਲ: ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ। ਆਸਾ ਦੀ ਵਾਰ ਦੀ ਚੌਕੀ ਤੋਂ ਬਾਅਦ ਹਰਿਮੰਦਰ ਸਾਹਿਬ ਵਿਖੇ ਬਿਲਾਵਲ ਦੀ ਚੌਕੀ ਦੀ ਮਰਿਯਾਦਾ ਹੈ। ਇਸ ਦੀ ਉਪਮਾ ਹੇਠ ਲਿਖੇ 7 ਪ੍ਰਮਾਣ ਬਖ਼ਾਨ ਕਰਦੇ ਹਨ:
– ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ।
– ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ।।
– ਦੂਜੇ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ।।
– ਬਿਲਾਵਲੁ ਕਰਿਹੁ ਤੁਮ ਪਿਆਰਿਹੋ ਏਕੇਸੁ ਸਿਉ ਲਿਵ ਲਾਇ।।
– ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ।।
– ਵੁਠੇ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ।।
– ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ।।
* ਰਾਗ ਰਾਮ ਕਲੀ: ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮੁੱਖ ਰਾਗ ਹੈ। ਇਸ ਦੇ ਗਾਇਨ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ। ਹਰਿਮੰਦਰ ਸਾਹਿਬ ’ਚ ਅਨੰਦ ਦੀ ਚੌਕੀ ਲੱਗਦੀ ਹੈ। ਇਸ ਸਬੰਧੀ ਗੁਰਬਾਣੀ ਦਾ ਫਰਮਾਨ ਹੈ :
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ।।
* ਰਾਗ ਮਾਰੂ: ਗੁਰੂ ਗ੍ਰੰਥ ਸਾਹਿਬ ਵਿਚ ਇਸ ਦੇ ਤਿੰਨ ਪ੍ਰਕਾਰ ਹਨ; ਰਾਗ ਮਾਰੂ, ਕਾਫੀ ਅਤੇ ਮਾਰੂ ਦੱਖਣੀ। ਇਨ੍ਹਾਂ ਦੇ ਗਾਇਨ ਦਾ ਸਮਾਂ ਕ੍ਰਮਵਾਰ ਦਿਨ ਦਾ ਤੀਜਾ ਪਹਿਰ, ਰਾਤ ਦਾ ਪਹਿਲਾ ਪਹਿਰ ਅਤੇ ਦਿਨ ਦਾ ਪਹਿਲਾ ਪਹਿਰ ਹੈ। ਮਾਰੂ ਰਾਗ ਦੀ ਉਪਮਾ ਗੁਰਬਾਣੀ ਵਿਚ ਇਸ ਪ੍ਰਕਾਰ ਕੀਤੀ ਗਈ ਹੈ:
ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ।।
* ਰਾਗ ਕੇਦਾਰਾ: ਇਸ ਦੇ ਗਾਇਨ ਦਾ ਸਮਾਂ ਰਾਗ ਦਾ ਪਹਿਲਾਂ ਪਹਿਰ ਹੈ। ਇਸ ਦੀ ਮਹੱਤਤਾ ਨੂੰ ਗੁਰਬਾਣੀ ਇਉਂ ਉਜਾਗਰ ਕਰਦੀ ਹੈ: ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ।।
* ਰਾਗ ਮਲਾਰੁ: ਰਾਤ ਦੇ ਤੀਜੇ ਪਹਿਰ ਵਿਚ ਗਾਏ ਜਾਣ ਵਾਲੇ ਇਸ ਰਾਗ ਨੂੰ ਖੇੜਾ ਅਤੇ ਸੀਤਲਤਾ ਪ੍ਰਦਾਨ ਕਰਨ ਵਾਲਾ ਰਾਗ ਮੰਨਦਿਆ ਇਉਂ ਫਰਮਾਨ ਕੀਤਾ ਗਿਆ ਹੈ:
– ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ।।
– ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ।।

*ਮੈਂਬਰ ਕੀਰਤਨ ਸਬ ਕਮੇਟੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
ਸੰਪਰਕ: 98154-61710


Comments Off on ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.