ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ

Posted On December - 14 - 2019

ਅਜੀਤ ਸਿੰਘ ਚੰਦਨ

ਨੇਕ, ਇਮਾਨਦਾਰ ਤੇ ਸੁਹਿਰਦ ਹੋਏ ਬਿਨਾਂ ਜ਼ਿੰਦਗੀ ਦੀ ਖ਼ੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਜ਼ਿੰਦਗੀ ਦਾ ਅਸਲ ਆਨੰਦ ਮਾਣਿਆ ਜਾ ਸਕਦਾ ਹੈ। ਇਨ੍ਹਾਂ ਗੁਣਾਂ ਕਾਰਨ ਹੀ ਇਨਸਾਨ ਬਿਨਾਂ ਕਿਸੇ ਡਰ ਤੋਂ ਬੇਖ਼ੌਫ਼ ਹੋ ਕੇ ਜੀਅ ਸਕਦਾ ਹੈ। ਜਦੋਂ ਤੋਂ ਇਨਸਾਨ ਨੇ ਜ਼ਿੰਦਗੀ ਦੇ ਬੁਨਿਆਦੀ ਗੁਣਾਂ ਨੂੰ ਤਿਲਾਂਜਲੀ ਦਿੱਤੀ ਹੈ, ਉਦੋਂ ਤੋਂ ਇਹ ਝੂਠੀ ਜ਼ਿੰਦਗੀ ਜੀਅ ਕੇ ਤਸੱਲੀ ਭਾਲਦਾ ਹੈ। ਕਈ ਚੰਮ ਖ਼ੁਸ਼ੀਆਂ ’ਚ ਗ਼ਲਤਾਨ ਹੋ ਕੇ ਜ਼ਿੰਦਗੀ ਦਾ ਆਨੰਦ ਲੈਂਦੇ ਹਨ, ਪਰ ਇਹ ਇਕ ਤਰ੍ਹਾਂ ਨਾਲ ਝੂਠੀ ਜ਼ਿੰਦਗੀ ਗੁਜ਼ਾਰਦੇ ਹਨ। ਝੂਠੀਆਂ ਖ਼ੁਸ਼ੀਆਂ ਤੇ ਤਸੱਲੀਆਂ ਇਨਸਾਨ ਨੂੰ ਥੋੜ੍ਹੀ ਦੇਰ ਲਈ ਤਾਂ ਭਾਵੇਂ ਜ਼ਿੰਦਗੀ ਦੇ ਝੂਟੇ ਦੇ ਸਕਣ, ਪਰ ਇਨ੍ਹਾਂ ਭੈੜਾਂ ਤੋਂ ਪਰਦਾ ਹਟਾਇਆ ਜਾਂਦਾ ਹੈ ਤਾਂ ਇਨਸਾਨ ਖ਼ੁਦ ਹੀ ਨਮੋਸ਼ੀ ਵਿਚ ਡੁੱਬਿਆ ਰੋਂਦਾ-ਕੁਰਲਾਉਂਦਾ ਹੈ। ਜਦੋਂਕਿ ਅਸਲ ਜੀਵਨ ਦੀ ਡੋਰ ਉਸ ਦੇ ਹੱਥਾਂ ਵਿਚੋਂ ਖਿਸਕ ਚੁੱਕੀ ਹੁੰਦੀ ਹੈ।
ਸੱਚੇ ਤੇ ਸੁੱਚੇ ਜੀਵਨ ਦੀ ਡਗਰ ’ਤੇ ਤੁਰ ਕੇ ਇਨਸਾਨ, ਕੁਦਰਤ ਦੀਆਂ ਨਿਆਮਤਾਂ ਮਾਣਦਾ ਹੋਇਆ, ਇਕ ਸੱਚੇ ਸਵਰਗ ਦੀ ਕਲਪਨਾ ਕਰ ਸਕਦਾ ਹੈ। ਸਿਆਣੇ ਕਹਿੰਦੇ ਹਨ ਕਿ ਜੇ ਤੁਹਾਡੇ ਅੰਦਰ ਸੱਚ ਵਸਿਆ ਹੋਇਆ ਹੈ ਤੇ ਤੁਸੀਂ ਕੋਈ ਬੁਰੀ ਅਲਾਮਤ ਵੀ ਨਹੀਂ ਸਹੇੜੀ ਹੋਈ ਤਾਂ ਤੁਹਾਨੂੰ ਆਪਣੇ ਸਾਦੇ ਤੇ ਸੱਚੇ ਸੁੱਚੇ ਜੀਵਨ ਦਾ ਨਸ਼ਾ ਹੀ ਕਾਫ਼ੀ ਹੈ।
ਸਾਦਗੀ ਤੇ ਸਲੀਕੇ ਨਾਲ ਜ਼ਿੰਦਗੀ ਗੁਜ਼ਾਰਨੀ ਬੜੀ ਜੁਰੱਅਤ ਦਾ ਕੰਮ ਹੈ, ਜਿਸ ਨਾਲ ਇਨਸਾਨ ਦੀ ਆਪਣੇ ਚਿਹਰੇ ਦੀ ਸੁੱਚੀ ਲਿਸ਼ਕ ਹੀ ਉਸ ਨੂੰ ਬੜੀ ਤਾਕਤ ਬਖ਼ਸ਼ਦੀ ਹੈ। ਕਈ ਇਨਸਾਨ ਸਾਦਗੀ ਵਿਚ ਰਹਿ ਕੇ, ਬੇਦਾਗ਼ ਜੀਵਨ ਗੁਜ਼ਾਰਦੇ ਹਨ ਤੇ ਖ਼ੁਸ਼ੀ ’ਚ ਖੀਵੇ ਹੋ ਕੇ ਆਨੰਦ ਲੁੱਟਦੇ ਹਨ, ਪਰ ਜਦੋਂ ਤੋਂ ਇਨਸਾਨ ਨੇ ਆਧੁਨਿਕ ਜ਼ਿੰਦਗੀ ਵਿਚ ਪੈਰ ਪਾ ਕੇ ਐਸ਼ੋ-ਇਸ਼ਰਤ ਦੀ ਪਨਾਹ ਲਈ ਹੈ, ਉਦੋਂ ਤੋਂ ਹੀ ਉਹ ਬੇਚੈਨ ਤੇ ਫ਼ਿਕਰਾਂ ਵਿਚ ਗ੍ਰਸਿਆ ਆਪਣੀ ਸੱਚੀ ਤੇ ਸੁੱਚੀ ਖ਼ੁਸ਼ੀ ਦਾ ਅਸਲ ਰਾਹ ਭੁੱਲ ਬੈਠਾ ਹੈ।

ਅਜੀਤ ਸਿੰਘ ਚੰਦਨ

ਵਧੇਰੇ ਧਨ ਦੇ ਲਾਲਚ ’ਚ ਪੈ ਕੇ ਇਨਸਾਨ ਨੇ ਭਾਵੇਂ ਧਨ ਤਾਂ ਵਧੇਰੇ ਕਮਾਇਆ ਹੈ, ਪਰ ਜ਼ਿੰਦਗੀ ਦੀ ਅਸਲ ਨੀਂਹ ਉਸ ਦੇ ਪੈਰਾਂ ਹੇਠੋਂ ਖਿਸਕਦੀ ਨਜ਼ਰ ਆਉਂਦੀ ਹੈ। ਸੱਚੇ ਤੇ ਸੁੱਚੇ ਜੀਵਨ ’ਚ ਤਾਂ ਭਾਵੇਂ ਇਨਸਾਨ ਇਕ ਡੰਗ ਰੋਟੀ ਨਾ ਵੀ ਖਾਵੇ ਤਾਂ ਵੀ ਉਹ ਅਸਲੀ ਜ਼ਿੰਦਗੀ ਦੇ ਨਸ਼ੇ ਕਾਰਨ ਖੀਵਾ ਹੋਇਆ ਰਹਿੰਦਾ ਹੈ। ਸੰਤ, ਮਹਾਤਮਾ ਥੋੜ੍ਹੀ ਰੋਟੀ ਖਾ ਕੇ ਵੀ ਪ੍ਰਭੂ ਭਗਤੀ ਵਿਚ ਮਗਨ ਹੋਏ, ਜ਼ਿੰਦਗੀ ਦਾ ਅਸਲ ਆਨੰਦ ਮਾਣਦੇ ਹਨ।
ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਆਪਣੀ ਆਮਦਨ ਤੇ ਸੱਚੀ ਕਮਾਈ ’ਤੇ ਨਿਰਭਰ ਹੋ ਕੇ ਜ਼ਿੰਦਗੀ ਗੁਜ਼ਾਰਦੇ ਹੋ ਤਾਂ ਤੁਹਾਨੂੰ ਕੋਈ ਅਜਿਹਾ ਫ਼ਿਕਰ ਵੀ ਨਹੀਂ ਹੋਏਗਾ, ਜੋ ਤੁਹਾਡੀ ਸਿਹਤ ’ਚ ਕੋਈ ਵਿਗਾੜ ਪੈਦਾ ਕਰੇ। ਵਿਗਾੜ ਉਦੋਂ ਪੈਦਾ ਹੁੰਦਾ ਹੈ ਜਦੋਂ ਇਨਸਾਨ ਕਰਜ਼ੇ ਚੁੱਕ ਕੇ ਐਸ਼ ਕਰਨ ਲੱਗਦਾ ਹੈ। ਆਪਣੇ ਵਸੀਲਿਆਂ ਤੋਂ ਵੱਧ ਖ਼ਰਚ ਕਰਦਾ ਹੈ। ਝੂਠਾ ਜੀਵਨ ਜੀਅ ਕੇ ਖ਼ੁਸ਼ੀਆਂ ਭਾਲਦਾ ਹੈ। ਭੈੜੇ ਕੰਮਾਂ ਵਿਚ ਫਸ ਕੇ ਆਪਣੀ ਜੀਵਨ ਬੇੜੀ ਨੂੰ ਡਾਵਾਂਡੋਲ ਕਰ ਲੈਂਦਾ ਹੈ। ਨਸ਼ੇ ਕਰਕੇ ਅਸਲ ਜੀਵਨ ਨੂੰ ਭੁੱਲ ਕੇ ਡੌਰ-ਭੌਰ ਹੋਇਆ ਕਿਸੇ ਹੋਰ ਹੀ ਮਾਇਆ ਜਾਲ ਵਿਚ ਫਸ ਕੇ ਖ਼ੁਦਕੁਸ਼ੀ ਕਰਨ ਵੱਲ ਦੌੜਦਾ ਹੈ।
ਸਿਆਣੇ ਕਹਿੰਦੇ ਹਨ ਕਿ ਜੇ ਸਵੇਰ ਦਾ ਭੁੱਲਿਆ ਰਾਹੀ ਸ਼ਾਮ ਨੂੰ ਵੀ ਘਰ ਆ ਜਾਵੇ ਤਾਂ ਉਹ ਭੁੱਲਿਆ ਨਹੀਂ ਮੰਨਿਆ ਜਾਂਦਾ। ਆਪਣੀ ਗ਼ਲਤੀ ਨੂੰ ਸੁਧਾਰ ਕੇ ਜ਼ਿੰਦਗੀ ਦੇ ਅਸਲ ਰਾਹ ’ਤੇ ਪੈ ਜਾਣਾ ਹੀ ਸਿਆਣਪ ਹੈ। ਗ਼ਲਤੀ ਹਰੇਕ ਇਨਸਾਨ ਕਰਦਾ ਹੈ, ਪਰ ਫਿਰ ਚਿੰਤਨ ਕਰਕੇ ਆਪਣੀ ਗ਼ਲਤੀ ਨੂੰ ਸੁਧਾਰ ਲੈਣਾ ਬਹੁਤ ਲਾਹੇਵੰਦ ਹੁੰਦਾ ਹੈ। ਧਰਤੀ ਤੇ ਅਸਮਾਨ ਤਾਂ ਪਹਿਲਾਂ ਵਾਲਾ ਹੀ ਹੈ, ਪਰ ਇਨਸਾਨ ਦੀ ਆਪਣੀ ਨੀਅਤ ਖੋਟੀ ਹੋ ਗਈ ਹੈ। ਉਹ ਲੋਭ-ਲਾਲਚ, ਈਰਖ਼ਾ, ਸਾੜਾ, ਨਫ਼ਰਤ ਵਰਗੀਆਂ ਭੈੜੀਆਂ ਅਲਾਮਤਾਂ ਕਾਰਨ ਇਕ ਚੰਗਾ ਇਨਸਾਨ ਰਹਿ ਹੀ ਕਿੱਥੇ ਗਿਆ ਹੈ? ਅੰਦਰਲੀ ਬੇਚੈਨੀ ਤੇ ਝੂਠੀ ਜ਼ਿੰਦਗੀ ਦੀ ਐਸ਼ੋ-ਇਸ਼ਰਤ ਉਸ ਨੂੰ ਇਕ ਦਿਨ ਮੂੰਹ ਭਾਰ ਡੇਗ ਦਿੰਦੀ ਹੈ। ਇਸੇ ਲਈ ਅੱਜ ਬਹੁਤੇ ਇਨਸਾਨ ਜ਼ਿੰਦਗੀ ਦੀ ਤਸੱਲੀ ਤੇ ਟਿਕਾਅ ਖ਼ੁਦਕੁਸ਼ੀ ਵਿਚੋਂ ਭਾਲਦੇ ਹਨ।
ਸਿਆਣੇ ਕਹਿੰਦੇ ਹਨ ਕਿ ਇਨਸਾਨ ਦੀ ਜ਼ਿੰਦਗੀ ਦੀ ਵਾਗਡੋਰ ਵੀ ਉਸ ਦੇ ਆਪਣੇ ਹੱਥ ਵਿਚ ਹੀ ਹੁੰਦੀ ਹੈ। ਜਿਹੜਾ ਇਨਸਾਨ ਰਿਸ਼ਟ-ਪੁਸ਼ਟ ਹੈ, ਕਿਸੇ ਚੰਗੇ ਕੰਮ ’ਤੇ ਵੀ ਲੱਗਿਆ ਹੋਇਆ ਹੈ, ਉਸ ਦੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹਨ ਜਾਂਦੇ ਹਨ, ਉਹ ਇੰਜ ਜ਼ਿੰਦਗੀ ਦੀ ਭਟਕਣ ਵਿਚ ਫਸਿਆ, ਬੇਚੈਨ ਤੇ ਉਦਾਸ ਕਿਉਂ ਹੈ? ਉਸ ਦੀ ਬੇਚੈਨੀ ਦਾ ਕਾਰਨ ਕੀ ਹੈ? ਇਸ ਦਾ ਕਾਰਨ ਵੀ ਉਸ ਨੂੰ ਇਕੱਲਤਾ ਵਿਚ ਬੈਠ ਕੇ ਆਪ ਹੀ ਲੱਭਣਾ ਪਏਗਾ। ਤੁਹਾਡੀ ਬੇੜੀ ਦੇ ਚੱਪੂ ਤੁਹਾਡੇ ਆਪਣੇ ਹੱਥ ਵਿਚ ਹਨ। ਇਸ ਨੂੰ ਭਾਵੇਂ ਤੁਸੀਂ ਦੂਜੇ ਕਿਨਾਰੇ ਲੈ ਜਾਓ ਜਾਂ ਘਬਰਾ ਕੇ ਆਪਣੀ ਜਾਨ ਗੁਆ ਬੈਠੋ।
ਜੇ ਤੁਹਾਡੀ ਸਿਹਤ ਠੀਕ ਹੈ, ਤੁਸੀਂ ਕਿਸੇ ਦਾ ਕਰਜ਼ਾ ਵੀ ਨਹੀਂ ਮੋੜਨਾ ਤੇ ਤੁਹਾਡੇ ਘਰ ਸੁੱਖ-ਚੈਨ ਹੈ, ਫਿਰ ਇਸ ਜ਼ਿੰਦਗੀ ਨੂੰ ਚਾਅ ਤੇ ਉਮਾਹ ਨਾਲ ਕਿਉਂ ਨਹੀਂ ਗੁਜ਼ਾਰਦੇ? ਰੱਬ ਨੇ ਹੱਥ ਵੀ ਇਨਸਾਨ ਨੂੰ ਕੰਮ ਕਰਨ ਲਈ ਦਿੱਤੇ ਹੋਏ ਹਨ। ਆਪਣੇ ਹੱਥਾਂ ਨੂੰ ਸਦਾ ਕੰਮਾਂ ਵਿਚ ਲਗਾਈ ਰੱਖੋ। ਕੰਮ ਤੁਹਾਡਾ ਭਾਵੇਂ ਕੋਈ ਵੀ ਹੋਵੇ, ਪਰ ਕਰੋ ਮਨ-ਚਿੱਤ ਲਾ ਕੇ। ਕੰਮ ਵਿਚ ਦਿਲ ਲਗਾਓਗੇ ਤਾਂ ਤੁਹਾਡੀ ਫਜ਼ੂਲ ਦੀ ਬੇਚੈਨੀ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ। ਜਿਹੜੇ ਇਨਸਾਨ ਸਵੇਰ ਤੋਂ ਹੀ ਕੰਮਾਂ ਵੱਲ ਭੱਜਦੇ ਹਨ, ਉਨ੍ਹਾਂ ਦੇ ਚਿਹਰੇ ਖ਼ੁਸ਼ ਵਿਖਾਈ ਦਿੰਦੇ ਹਨ ਤੇ ਉਹ ਖਿੜੇ ਹੋਏ ਨਜ਼ਰ ਆਉਂਦੇ ਹਨ। ਕੰਮ ਕਰਨ ਨਾਲ ਹੀ ਕਈ ਇਨਸਾਨ ਬੜੀ ਲੰਮੀ ਉਮਰ ਭੋਗਦੇ ਹਨ। ਆਪਣੀ ਜ਼ਿੰਦਗੀ ਵਿਚ ਦਿਲਚਸਪੀ ਲਵੋਗੇ ਤਾਂ ਤੁਹਾਡੀ ਬਿਖਰੀ ਤੇ ਉਦਾਸ ਜ਼ਿੰਦਗੀ ਵੀ ਲੀਹ ’ਤੇ ਪੈ ਸਕਦੀ ਹੈ। ਕੁਦਰਤ ਸ਼ਾਂਤ-ਚਿੱਤ ਹੈ। ਸ਼ਾਂਤ-ਚਿੱਤ ਰਹਿ ਕੇ ਆਪਣਾ ਰਾਗ ਅਲਾਪਦੀ ਹੈ। ਹੁਣ ਵੀ ਦਰਿਆ ਵਗਦੇ ਹਨ। ਪੰਛੀ ਗਾਉਂਦੇ ਹਨ, ਹਵਾ ਵਗਦੀ ਹੈ। ਇਨ੍ਹਾਂ ਪੰਛੀਆਂ ਦੇ ਗੀਤ ਸੁਣ ਕੇ ਖ਼ੁਸ਼ੀਆਂ ਨਾਲ ਸਾਂਝ ਪਾ ਲਵੋ। ਆਪਣੇ ਆਪ ਨਾਲ ਇਕਸੁਰ ਹੋ ਜਾਵੋ। ਆਪਣੇ ਕੰਮ ਵਿਚ ਦਿਲਚਸਪੀ ਲਵੋ ਤੇ ਡਟ ਕੇ ਕੰਮ ਕਰੋ। ਇੰਜ ਤੁਹਾਨੂੰ ਸੁਚੱਜੀ ਤੇ ਖ਼ੁਸ਼ੀ ਭਰੀ ਜ਼ਿੰਦਗੀ ਦਾ ਰਾਹ ਆਪੇ ਹੀ ਲੱਭ ਜਾਵੇਗਾ।

ਸੰਪਰਕ: 97818-05861


Comments Off on ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.