ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ

Posted On December - 14 - 2019

ਕੁਲਦੀਪ ਸਿੰਘ ਲੋਹਟ

ਸ਼ਾਇਰ ਪਵਨ ਕੁਮਾਰ ਫੱਕਰ ਤਬੀਅਤ ਦਾ ਮਾਲਕ ਹੈ। ਸੱਤਵੀਂ ਜਮਾਤ ਵਿਚੋਂ ਹੀ ਭੱਜ ਕੇ ਜਗਰਾਵਾਂ ਦੇ ਰੀਗਲ ਸਿਨਮਾ ਦੇ ਗੇਟ ਅੱਗੇ ਜਿੱਥੇ ਉਸਦੇ ਬਾਪੂ ਪੰਡਤ ਰਾਮ ਸਰੂਪ ਦਾ ਪਾਨ ਬੀੜੀਆਂ ਤੇ ਚਾਹ ਬਣਾਉਣ ਵਾਲਾ ਖੋਖਾ ਸੀ, ’ਤੇ ਉਹ ਚਾਹ ਬਣਾਉਣ ਲੱਗਿਆ। ਜਿੱਥੇ ਪੂਰਾ ਸਾਲ ਟਿਕਟ ਬਲੈਕੀਏ, ਰਿਕਸ਼ੇ ਵਾਲਿਆਂ, ਵਿਹਲੜਾਂ ਦਾ ਰੌਲਾ-ਰੱਪਾ ਉਸਦੇ ਚਾਹ ਬਣਾਉਣ ਵਾਲੇ ਖੋਖੇ ਨੂੰ ਚਾਰ ਚੰਨ ਲਾਈ ਰੱਖਦਾ। ਉੱਥੇ ਹੀ ਸ਼ਾਮ ਨੂੰ ਹਰਜੀਤ ਸਿੰਘ (ਦੂਰਦਰਸ਼ਨ) ਤੇ ਫ਼ਿਲਮਸਾਜ਼ ਬਲਦੇਵ ਗਿੱਲ ਫ਼ਿਲਮਾਂ ਬਣਾਉਣ ਦੀਆਂ ਸਕੀਮਾਂ ਘੜਦੇ। ਉੱਥੇ ਹੀ ਸ਼ਾਮ ਨੂੰ ਮਾ. ਜੀਤਾ ਸਿੰਘ, ਤਾਰਾ ਸਿੰਘ ਆਲਮ, ਚਿੱਤਰਕਾਰ ਤੇ ਸ਼ਾਇਰ ਦੇਵ ਬਖਤਾਵਰ ਸਿੰਘ ਦਿਓਲ, ਪ੍ਰੋ. ਅਮਰਜੀਤ ਸ਼ਰਮਾ, ਅਜੀਤ ਪਿਆਸਾ ਸਾਹਿਤਕ ਬਹਿਸਾਂ ਕਰਦੇ। ਇੱਥੇ ਇੰਨਾ ਰੌਲਾ ਪੈਣ ਦੇ ਬਾਵਜੂਦ ਪੰਮੀ (ਪਵਨ ਕੁਮਾਰ) ਆਪਣੇ ਗਰਾਮੋਫੋਨ ਦੀ ਚਾਬੀ ਭਰਦਾ ਤੇ ਗੀਤਾਂ ਦੀਆਂ ਤਰਜ਼ਾਂ ਨਾਲ ਤਰਜ਼ਾਂ ਮੇਲ ਕੇ ਗੁਣਗੁਣਾਉਂਦਾ। ਫਿਰ ਉਹ ਹਰਫ਼ਾਂ ਨੂੰ ਜੋੜ-ਜੋੜ ਕੇ ਆਪਣੀ ਬੇਚੈਨ ਰੂਹ ਦੇ ਸੁਪਨੇ ਲੱਭਦਾ ਪਤਾ ਨਹੀਂ ਕਿਹੜੇ ਵੇਲੇ ਲੇਖਣੀ ਦੇ ਰਾਹ ਤੁਰ ਪਿਆ।
ਪਵਨ ਕੁਮਾਰ ਜਿਵੇਂ-ਜਿਵੇਂ ਲਿਖਦਾ ਪੜ੍ਹਦਾ ਤੇ ਸੂਝਵਾਨ ਸ਼ਾਇਰਾਂ ਦੀ ਸੰਗਤ ਕਰਦਾ ਗਿਆ, ਉਸਦੀ ਲਿਖਣ ਸ਼ੈਲੀ ਵਿਚ ਨਿਖਾਰ ਆਉਂਦਾ ਗਿਆ। ਉਸਦੀ ਰਚਨਾ ਪਰਿਪੱਕ ਤੇ ਜਵਾਨ ਹੁੰਦੀ ਗਈ। 1974 ਦੇ ਲਾਗੇ ਉਸਦੀ ਪਲੇਠੀ ਕਿਤਾਬ ‘ਪਰਵਾਜ਼’ (ਕਾਵਿ ਸੰਗ੍ਰਹਿ) ਪ੍ਰਕਾਸ਼ਿਤ ਹੋਈ। ਲੋਕ ਪੱਖੀ, ਸਾਹਿਤਕ, ਰੁਮਾਂਟਿਕ ਤੇ ਰੁਮਾਂਸਵਾਦੀ ਕਾਵਿ ਲਿਖਤਾਂ ਨਾਲ ਲਬਰੇਜ਼ ‘ਪਰਵਾਜ਼’ ਰਾਹੀਂ ਪਵਨ ਨੇ ਉੱਚੀ ਸਾਹਿਤਕ ਉਡਾਨ ਭਰੀ। ਉਹ ਪੰਜਾਬੀ ਸਾਹਿਤਕ ਖੇਤਰ ਵਿਚ ਨਵੀਂ ਸੰਭਾਵਨਾ ਵਜੋਂ ਉੱਭਰ ਕੇ ਸਾਹਮਣੇ ਆਇਆ। ਹਰਜੀਤ ਤੇ ਪੰਮੀ ਦੀ ਰੂਹ-ਬੁੱਤ ਦੀ ਯਾਰੀ ਸੀ। ਹਰਜੀਤ ਸਿੰਘ ਨੇ ਹੀ ਪੰਮੀ ਦੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇਣ ਦਾ ਫ਼ੈਸਲਾ ਲਿਆ।
ਇਹ ਉਹੀ ਪੰਮੀ ਉਰਫ਼ ਪਵਨ ਕੁਮਾਰ ਹੈ ਜਿਸਨੇ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਦੇ ਕਈ ਪ੍ਰਸਿੱਧ ਗੀਤਾਂ ਦੀ ਰਚਨਾ ਕੀਤੀ। ਇਹ ਉਹ ਗੀਤਕਾਰ ਹੈ ਜੋ ਗੁਰਬਤ ਦੇ ਸੇਕ ਨੂੰ ਨੰਗੇ ਪਿੰਡੇ ਹੰਢਾਉਂਦਾ ਪ੍ਰਵਾਨ ਚੜਿ੍ਹਆ। ਉਸਨੇ ਸੁਥਰੀਆਂ ਕਾਵਿ ਰਚਨਾਵਾਂ ਦੀ ਰਚਨਾ ਕੀਤੀ ਤੇ ਰੋਜ਼ੀ-ਰੋਟੀ ਲਈ ਪਾਪੜ ਬਣਾ ਕੇ ਵੀ ਵੇਚੇ। ਇਹ ਹਾਲਾਤ ਉਸਨੂੰ ਝੰਜੋੜਦੇ ਵੀ ਸਨ ਤੇ ਲਿਖਣ ਲਈ ਮਜਬੂਰ ਵੀ ਕਰਦੇ ਸਨ। ਸ਼ਾਇਦ ਇਨ੍ਹਾਂ ਹਾਲਤਾਂ ’ਚੋਂ ਹੀ ਉਪਜਿਆ ਗੀਤ ‘ਨਾ ਰੁੱਸ ਹੀਰੇ ਮੇਰੀਏ ਮੈਂ ਰਾਂਝਣ ਤੇਰਾ’ ਮੁਹੰਮਦ ਰਫੀ ਦੀ ਆਵਾਜ਼ ਬਣਿਆ। ਉਸਦੇ ਹਰਫ਼ਾਂ ’ਚੋਂ ਦਰਦ ਵਰ੍ਹਦਾ ਹੈ। ਕਰੁਣਾਮਈ ਤੇ ਸੰਵੇਦਨਸ਼ੀਲ ਸ਼ਾਇਰੀ ਰਾਹੀਂ ਪਵਨ ਨੇ ਆਪਣੀ ਅੰਦਰਲੀ ਪੀੜਾਂ ਨੂੰ ਖ਼ੂਬਸੂਰਤੀ ਨਾਲ ਬਿਆਨ ਕਰਕੇ ਦਿਖਾਇਆ। ਉਸਦੀ ਪੀੜ ਦਾ ਭਾਵ ਅਰਥ ਨਿੱਜ ਤੋਂ ਸਮੂਹ ਨਾਲ ਜੁੜ ਗਿਆ। ‘ਸੋਚ ਨੂੰ ਜ਼ੰਜੀਰ’ ਨਾਵਲ ਲਿਖ ਕੇ ਛਪਵਾਉਣ ਤਕ ਉਸਦੇ ਤੱਪੜ ਤਕ ਰੁਲ ਗਏ। ਕਿਸੇ ਵੀ ਆਲੋਚਕ ਜਾਂ ਅਦਾਰੇ ਨੇ ਉਸਦੀ ਇਸ ਕਲਾਕ੍ਰਿਤ ਦਾ ਨੋਟਿਸ ਨਹੀਂ ਲਿਆ। ਪਵਨ ਦੇ ਹਿੰਮਤ ਨਾਲ ਪੱਕੇ ਯਾਰਾਨੇ ਨੇ।
ਉਸਨੇ ਆਪਣੀ ‘ਅਧੂਰੀ ਆਸ’ ਪੂਰੀ ਕਰਨ ਲਈ ਇਕ ਹੋਰ ਨਾਵਲ ਦੇ ਹਰਫ਼ਾਂ ਦੀ ਨੀਂਹ ਧਰ ਲਈ। ਸਹੀ ਅਰਥਾਂ ਵਿਚ ਉਸਦੀ ‘ਅਧੂਰੀ ਆਸ’ ਪੂਰੀ ਤਾਂ ਹੋਈ, ਪਰ ਆਰਥਿਕ ਪੱਖੋਂ ਕੰਗਾਲੀ ਦੇ ਰਾਹ ਖੜ੍ਹਾ ਹੋ ਗਿਆ। ਉਸ ਵੱਲੋਂ ਲਿਖੇ ਗੀਤ ਰਿਕਾਰਡ ਰੂਪ ’ਚ ਸੁਣਨ ਨੂੰ ਮਿਲੇ ਤਾਂ ਸੰਗੀਤਕ ਖੇਤਰ ਵਿਚ ਇਨ੍ਹਾਂ ਗੀਤਾਂ ਨੂੰ ਬਹੁਤ ਮਾਣ ਸਨਮਾਨ ਮਿਲਿਆ। ਮੁਹੰਮਦ ਰਫ਼ੀ, ਆਸ਼ਾ ਭੌਸਲੇ, ਵਿਨੋਦ ਸਹਿਗਲ, ਮਹਿੰਦਰ ਕਪੂਰ, ਵਿਪਨ ਸਚਦੇਵਾ ਤੇ ਦਿਲਰਾਜ ਕਪੂਰ ਦੀਆਂ ਆਵਾਜ਼ਾਂ ਜ਼ਰੀਏ ਉਹ ਲਿਖਤਾਂ ਸਦਾ ਲਈ ਅਮਰ ਹੋ ਗਈਆਂ ਹਨ। ਉਸਦੇ ਲਿਖੇ ਗੀਤਾਂ ਵਿਚ ‘ਨਾ ਰੁੱਸ ਹੀਰੇ ਮੇਰੀਏ ਮੈਂ ਰਾਂਝਣ ਤੇਰਾ’, ‘ਮਾਏ ਨਾ ਵੱਟ ਪੂਣੀਆਂ ਨਾ ਵੱਟ ਚੱਰਖਾ ਸੂਤ’ ਅਤੇ ‘ਕਿਤੇ ਵੇਖ ਸੱਜਣ ਮੇਰੇ ਨੈਣਾਂ ਵਿਚ ਮੱਸਿਆ ਤੇ ਪੁੰਨਿਆ ਦੀਆਂ ਦੂਰੀਆਂ’ ਆਦਿ ਅੱਜ ਵੀ ਰੂਹ ਨੂੰ ਤਰੋਤਾਜ਼ਾ ਕਰ ਦਿੰਦੇ ਹਨ।
ਇੰਨੇ ਹਿੱਟ ਗੀਤ ਦੇਣ ਵਾਲੇ ਇਸ ਸ਼ਾਇਰ ’ਤੇ ਇਕ ਵੇਲਾ ਅਜਿਹਾ ਵੀ ਆਇਆ, ਜਦੋਂ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦੋ ਖਣਾਂ ਦੀ ਛੱਤ ਵੀ ਨਾ ਬਚੀ। ਕਿਰਾਏ ਦੇ ਮਕਾਨ ’ਚ ਗੁਜ਼ਰ ਬਸੀ ਕਰਨੀ ਪਈ। ਫਿਰ ਉਸਨੇ ਸਾਹਿਤਕ ਸਰਗਰਮੀਆਂ, ਫ਼ਿਲਮਾਂ ਤੇ ਗੀਤਾਂ ਤੋਂ ਕਿਨਾਰਾ ਕਰ ਲਿਆ। ਢਿੱੱਡ ਦੀ ਅੱਗ ਬੁਝਾਉਣ ਲਈ ਮਕਾਨਾਂ ਨੂੰ ਰੰਗ ਰੋਗਨ ਕਰਨ ਜਾ ਲੱਗਾ, ਪਕੌੜੇ ਤਲੇ, ਛੋਲੇ ਭਟੂਰਿਆਂ ਦੀ ਰੇਹੜੀ ਲਾਈ, ਪਾਪੜ ਵੇਲ ਕੇ ਸਾਈਕਲ ’ਤੇ ਟੋਕਰਾ ਬੰਨ੍ਹ ਕੇ ਗਲੀਆਂ ਵਿਚ ਹੋਕਾ ਦੇ ਕੇ ਵੇਚੇ ਤੇ ਬੱਚੇ ਪਾਲੇ। ਸ਼ਾਇਦ ਇਹ ਦੁਖਾਂਤ ਨਾ ਬਣਦਾ ਜੇ ਪਵਨ ਦੀ ਸ਼ਾਇਰੀ, ਗੀਤਕਾਰੀ ਦੀ ਫੋਕੀ ਵਾਹ-ਵਾਹ ਨਾਲੋਂ ਬਣਦਾ ਮੁੱਲ ਪੈਂਦਾ। ਉਸਨੂੰ ਸਮਝਣ ਵਾਲੇ ਦੱਸਦੇ ਹਨ ਕਿ ਉਹ ਸਿਰਫ਼ ਲਿਖਣ ਪੜ੍ਹਨ ਤਕ ਹੀ ਸੀਮਤ ਰਿਹਾ। ਉਸਨੂੰ ਵਿਚਾਰਾਂ ਦਾ ਵਣਜ ਕਰਨਾ ਨਾ ਆਇਆ। ਉਹ ਲਿਖਤਾਂ-ਖਿਆਲਾਂ ਨੂੰ ਯਥਾਰਥਵਾਦੀ ਭਾਵਨਾ ਨਾਲ ਨਿਭਾਉਂਦਾ ਰਿਹਾ। ਹਰਫ਼ਾਂ ਨਾਲ ਸਮਝੌਤਾ ਉਸਨੂੰ ਬਰਦਾਸ਼ਤ ਨਹੀਂ।
ਜਗਰਾਓਂ ਦਾ ਰੀਗਲ ਸਿਨਮਾ ਕੀ ਉੱਜੜਿਆ ਉਸ ਲਈ ਸਾਰੇ ਰਿਸ਼ਤੇ ਨਾਤੇ ਖਾਲੀ ਡੱਬੇ ਬੋਤਲਾਂ ਬਣ ਕੇ ਰਹਿ ਗਏ। ਹੁਣ ਉਹ ਕੱਚਾ ਮਲਕ ਰੋਡ ਦੇ ਗੋਲਡਨ ਬਾਗ ਵਾਲੀ ਗਲੀ ’ਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ’ਚ ਸੌਦਾ ਤੋਲਦਾ ਵੇਚ ਵੱਟ ਕੇ ਰੋਟੀ ਦਾ ਜੁਗਾੜ ਕਰਦਾ ਹੈ। ਬੜੀਆਂ, ਪਕੌੜਿਆਂ ਦਾ ਭਾਅ ਦੱਸਦਾ ਸ਼ਾਇਦ ਕਦੇ-ਕਦਾਈਂ ਸੋਚ ਵੀ ਲੈਂਦਾ ਹੈ ਕਿ ਕਾਸ਼! ਉਹ ਕਲਮ ਦਾ ਤਿਆਗ ਕਰਕੇ ਸਮਾਂ ਰਹਿੰਦਿਆਂ ਆਲੂ ਗੰਢਿਆਂ ਦਾ ਭਾਅ ਪੁੱਛਦਾ ਤਾਂ ਕਵੀ ਤੇ ਲੇਖਕ ਨਾ ਬਣਦਾ। ਪਵਨ ਕੁਮਾਰ ਨਾਲੋਂ ‘ਪੰਮੀ ਪਾਪੜਾਂ ਵਾਲਾ’ ਹੀ ਕਾਫ਼ੀ ਸੀ। ਉਹ ਇਹ ਸੋਚ ਕੇ ਉਦਾਸ ਜਿਹਾ ਹੋ ਜਾਂਦਾ।

ਸੰਪਰਕ: 98764-92410

ਰਾਸ਼ਟਰੀ ਐਵਾਰਡ ਜੇਤੂ ਫ਼ਿਲਮ ‘ਚੰਨ ਪ੍ਰਦੇਸੀ’

1980 ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਐਵਾਰਡ ਪ੍ਰਾਪਤ ਹੋਇਆ ਸੀ, ਪਰ ਅੱਜ ਇਸਦਾ ਗੀਤਕਾਰ ਦੋ ਵਕਤ ਦੀ ਰੋਟੀ ਲਈ ਵੀ ਪਾਪੜ ਵੇਲ ਰਿਹਾ ਹੈ। ਇਸ ਫ਼ਿਲਮ ਨੂੰ ਬਲਦੇਵ ਗਿੱਲ, ਵਰਿਆਮ ਮਸਤ, ਜੋਗਿੰਦਰ ਸਿੰਘ ਚੀਮਾ, ਯੋਗਰਾਜ ਸੇਦਾ ਦੀ ਮੁੱਖ ਟੀਮ ਵੱਲੋਂ ਚਿਤ੍ਰਾਰਥ ਦੇ ਨਿਰਦੇਸ਼ਨ ਵਿਚ ਬਣਾਇਆ ਗਿਆ ਸੀ। ਇਸਦੇ ਗੀਤ ਪਵਨ ਕੁਮਾਰ ਤੋਂ ਇਲਾਵਾ ਹਰਜੀਤ ਗਿੱਲ ਤੇ ਵਰਿਆਮ ਮਸਤ ਨੇ ਲਿਖੇ ਸਨ। ਕਹਾਣੀ ਤੇ ਸਕਰੀਨ ਪਲੇ ਰਵਿੰਦਰ ਪੀਪਟ ਨੇ ਲਿਖਿਆ ਸੀ।


Comments Off on ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.