ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਕੀ ਅਸੀਂ ਕਦੇ ਜਾਗਾਂਗੇ ?

Posted On December - 8 - 2019

ਭਾਰਤੀ ਲੋਕ ਖ਼ੁਦ ਨੂੰ ਆਧੁਨਿਕ ਕਹਾਉਣਾ ਪਸੰਦ ਕਰਦੇ ਹਨ, ਪਰ ਹਾਲੇ ਵੀ ਉਹ ਦਕੀਆਨੂਸੀ ਪਰੰਪਰਾਵਾਂ ਛੱਡਣ ਲਈ ਤਿਆਰ ਨਹੀਂ। ਹਰ ਸ਼ੈਅ ਨੂੰ ਪੁਰਾਤਨ ਸਿੱਧ ਕਰਕੇ ਖ਼ੁਸ਼ ਹੋਣਾ ਸਾਡੇ ਸੁਭਾਅ ਦਾ ਹਿੱਸਾ ਬਣ ਗਿਆ ਹੈ। ਇਹ ਲੇਖ ਆਧੁਨਿਕ ਲੀਹਾਂ ’ਤੇ ਚੱਲ ਕੇ ਜੀਵਨ ਨੂੰ ਬਿਹਤਰ ਬਣਾਉਣ ਦੀ ਪ੍ਰੇਰਨਾ ਦਿੰਦਾ ਹੈ।

ਨਰਿੰਦਰ ਸਿੰਘ ਕਪੂਰ
ਮਾਰਗ ਦਰਸ਼ਨ

ਗੂੰਜ ਮੌਲਿਕ ਨਹੀਂ ਹੁੰਦੀ, ਦੁਹਰਾਓ ਸੱਜਰਾ ਨਹੀਂ ਹੁੰਦਾ, ਵਿਸ਼ਵਾਸ ਵਿਗਿਆਨ ਨਹੀਂ ਬਣਦਾ। ਜ਼ਿੰਦਗੀ ਦੇ ਰਸਤਿਆਂ ’ਤੇ ਪੈਰਾਂ ਨੇ ਨਿਸ਼ਾਨ ਸੁੱਤਿਆਂ ਨਹੀਂ ਬਣਦੇ। ਰੁਕੇ ਹੋਏ ਸਮਾਜ ਕਿਸੇ ਲਈ ਆਦਰਸ਼ ਨਹੀਂ ਬਣਦੇ। ਸੰਸਾਰ ਵਿਚ ਸੋਚ ਅਤੇ ਤਕਨੀਕ ਦੇ ਬਦਲਣ ਨਾਲ ਕਮਾਉਣ ਅਤੇ ਰਹਿਣ-ਸਹਿਣ ਦੇ ਢੰਗ ਬਦਲ ਰਹੇ ਹਨ ਪਰ ਅਸੀਂ ਵੇਲਾ ਵਿਹਾ ਚੁੱਕੀ ਮੱਧਕਾਲੀ ਧਾਰਮਿਕ ਸੋਚ ਅਤੇ ਦੁਹਰਾਓਵਾਦੀ ਵਿਹਾਰ ਨਾਲ ਹੀ ਅਜੋਕੀਆਂ ਸਮੱਸਿਆਵਾਂ ਹੱਲ ਕਰਨ ਦੇ ਭੁਲੇਖਿਆਂ ਵਿਚ ਭਟਕ ਰਹੇ ਹਾਂ। ਸੰਸਾਰ ਵਿਚ ਸਰੋਕਾਰ ਅਤੇ ਸਮੀਕਰਣ ਬਦਲ ਗਏ ਹਨ। ਅਜੋਕੇ ਪੰਜਾਬ ਦਾ ਸੰਦਰਭ ਭਾਰਤ ਨਹੀਂ, ਸਾਰਾ ਸੰਸਾਰ ਹੈ ਪਰ ਅਸੀਂ ਢੇਰੀ ਢਾਹੁਣ ਵਾਲੇ ਉਪਰਾਲਿਆਂ ਨੂੰ ਵਿਗਿਆਨ ਸਿੱਧ ਕਰ ਰਹੇ ਹਾਂ। ਸੰਸਾਰ ਨਾਲੋਂ ਅਲੱਗ-ਥਲੱਗ ਹੋ ਕੇ ਅਸੀਂ ਕੇਵਲ ਪੱਛੜ ਹੀ ਸਕਦੇ ਹਾਂ ਅਤੇ ਤੇਜ਼ੀ ਨਾਲ ਪੱਛੜ ਰਹੇ ਹਾਂ। ਪੰਜਬ ਪੱਛੜ ਹੀ ਨਹੀਂ ਰਿਹਾ, ਨਸ਼ਿਆਂ ਅਤੇ ਪਰਾਲੀ ਕਾਰਨ ਬਦਨਾਮ ਵੀ ਹੋ ਰਿਹਾ ਹੈ। ਅੱਜ ਤੋਂ ਦੋ ਦਹਾਕੇ ਪਹਿਲਾਂ ਹਰ ਰੋਜ਼ ਸਵੇਰੇ ਜਾਗਣ ਦਾ ਕੋਈ ਮਨੋਰਥ ਹੋਇਆ ਕਰਦਾ ਸੀ, ਹਰ ਸਵੇਰ ਇਕ ਨਵੀਂ ਚੁਣੌਤੀ ਅਤੇ ਨਵਾਂ ਅਵਸਰ ਹੁੰਦੀ ਸੀ, ਕੰਮ ਉਡੀਕ ਰਿਹਾ ਹੁੰਦਾ ਸੀ, ਕੁਝ ਕਰਨ ਦਾ ਉਤਸ਼ਾਹ ਹੁੰਦਾ ਸੀ, ਨਵੀਂ ਸਵੇਰ ਵਿਚ ਜੀਵਨ ਦਾ, ਉਜਲੇ ਭਵਿੱਖ ਦਾ ਭਰੋਸਾ ਹੋਇਆ ਕਰਦਾ ਸੀ ਪਰ ਹੁਣ ਨਸ਼ਿਆਂ ਦੀ ਵਿਆਪਕਤਾ ਕਾਰਨ ਅਤੇ ਜਵਾਨਾਂ ਦੇ ਵਿਦੇਸ਼ ਜਾਣ ਦੇ ਬੇਤਰਤੀਬੇ ਰੁਝਾਨ ਕਾਰਨ ਪੰਜਾਬ ਤੰਦਰੁਸਤ ਜਵਾਨੀ ਤੋਂ ਹੀ ਨਹੀਂ, ਜਵਾਨੀ ਦੇ ਸਰਮਾਏ ਪੱਖੋਂ ਵੀ ਕੰਗਾਲ ਅਤੇ ਖੋਖਲਾ ਹੋ ਰਿਹਾ ਹੈ। ਨਸ਼ਿਆਂ ਦੀ ਵਰਤੋਂ ਤੇ ਤਸਕਰੀ ਅਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਕਾਰਨ ਪੰਜਾਬ ਨੂੰ ਉਦਾਸੀ ਅਤੇ ਮਾਯੂਸੀ ਦੇ ਦੌਰੇ ਪੈ ਰਹੇ ਹਨ। ਪੰਜਾਬ ਹੁਣ ਇਕ ਸੰਕਟ ਨਾਲ ਨਿਪਟ ਹੀ ਰਿਹਾ ਹੁੰਦਾ ਹੈ ਕਿ ਨਵਾਂ ਸੰਕਟ ਇਸ ਨੂੰ ਘੇਰ ਲੈਂਦਾ ਹੈ। ਪੰਜਾਬ ਕਈ ਪੱਖਾਂ ਤੋਂ ਪੱਛੜ ਰਿਹਾ ਹੈ ਪਰ ਸਭ ਤੋਂ ਵਧੇਰੇ ਇਹ ਆਰਥਿਕ ਪੱਖੋਂ ਪੱਛੜ ਰਿਹਾ ਹੈ। ਜਦੋਂ ਚਾਵਲ-ਕਣਕ ਦਾ ਫ਼ਸਲੀ ਅਰਥਚਾਰਾ, ਵਿਗਿਆਨਕ, ਖੇਤੀ ਅਤੇ ਆਰਥਿਕ ਦ੍ਰਿਸ਼ਟੀ ਤੋਂ ਨਿਰਾਰਥਕ ਅਤੇ ਘਾਟੇ ਵਾਲਾ ਤੇ ਪੱਛੜਿਆ ਹੋਇਆ ਸਾਬਤ ਹੋ ਰਿਹਾ ਹੈ ਤਾਂ ਇਸ ਨਾਲ ਜ਼ਮੀਨਾਂ ਦੀਆਂ ਕੀਮਤਾਂ ਘਟ ਰਹੀਆਂ ਹਨ ਜਿਸ ਨਾਲ ਕਿਸਾਨੀ ਦੀ ਆਰਥਿਕ ਟੇਕ ਕਮਜ਼ੋਰ ਹੋ ਰਹੀ ਹੈ।
ਪੱਛੜੇ ਸਮਾਜਾਂ ਵਿਚ ਉਂਜ ਪਰੰਪਰਾ ਮਰ ਰਹੀ ਹੁੰਦੀ ਹੈ, ਪਰ ਅਨਪੜ੍ਹਾਂ ਵਿਚ ਇਹ ਜਾਰੀ ਰਹਿੰਦੀ ਹੈ। ਪਰੰਪਰਕ ਸਮਾਜਾਂ ਵਿਚ ਧਾਰਮਿਕ ਸਮਾਗਮਾਂ, ਤਿਉਹਾਰਾਂ, ਬਰਸੀਆਂ, ਸ਼ਤਾਬਦੀਆਂ, ਰਸਮਾਂ-ਰੀਤਾਂ ਨਾਲ ਨਿਰੰਤਰਤਾ ਦਾ ਭੁਲੇਖਾ ਉਸਰਦਾ ਹੈ। ਕੋਈ ਪਰਿਵਤਰਨ ਵਾਪਰ ਨਹੀਂ ਰਿਹਾ ਹੁੰਦਾ ਪਰ ਦੁਹਰਾਓਵਾਦੀ ਕੰਮਾਂ, ਰੁਝੇਵਿਆਂ ਅਤੇ ਝੰਜਟਾਂ ਵਿਚ ਰੁੱਝੇ ਰਹਿਣ ਕਰਕੇ ਪ੍ਰਭਾਵ ਪੈਂਦਾ ਹੈ ਕਿ ਬੜਾ ਕੁਝ ਵਾਪਰ ਰਿਹਾ ਹੈ। ਧਰਮ ਕੋਈ ਹੋਵੇ, ਉਹ ਧੁਰ ਅੰਦਰੋਂ ਪਰਿਵਰਤਨ ਵਿਰੋਧੀ ਹੁੰਦਾ ਹੈ। ਅਜੋਕਾ ਸੰਸਾਰ ਤਕਨਾਲੋਜੀ, ਵਿਗਿਆਨੀਆਂ ਅਤੇ ਇੰਜੀਨੀਅਰਾਂ ਉੱਤੇ ਨਿਰਭਰ ਕਰਦਾ ਹੈ, ਪੁਜਾਰੀਆਂ-ਭਾਈਆਂ-ਪੁਰੋਹਿਤਾਂ ’ਤੇ ਨਹੀਂ। ਜਿੱਥੇ ਕਿਧਰੇ ਵੀ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੋਵੇਗਾ, ਉੱਥੇ ਪਿੰਡ ਹੋਣਗੇ, ਜਿੱਥੇ ਪਿੰਡ ਹੋਣਗੇ, ਉਥੇ ਜਾਤਪਾਤ ਵੀ ਹੋਵੇਗਾ। ਅਤੇ ਪੇਂਡੂ ਜੀਵਨ ਕਿਸੇ ਵੀ ਸਮਾਜ ਦੀ ਮੁੱਖਧਾਰਾ ਨਹੀਂ ਹੁੰਦਾ। ਵਿਕਾਸ ਦੀਆਂ ਸੰਭਾਵਨਾਵਾਂ ਦੀ ਅਣਹੋਂਦ ਤੋਂ ਉਪਰਾਮ ਹੋਣ ਕਰਕੇ ਹੀ ਪੰਜਾਬ ਦੇ ਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ, ਜਿੱਥੇ ਨਵੀਆਂ ਸੰਭਾਵਨਾਵਾਂ ਨਹੀਂ, ਨਵੀਆਂ ਅਣਕਿਆਸੀਆਂ ਸਮੱਸਿਆਵਾਂ ਉਨ੍ਹਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਜਵਾਨਾਂ ਨੂੰ ਚੰਡੀਗੜ੍ਹ, ਦਿੱਲੀ ਆਦਿ ਜਾ ਕੇ ਸਫ਼ਲ ਹੋਣਾ ਔਖਾ ਲੱਗ ਰਿਹਾ ਹੈ ਪਰ ਜੇ ਉਨ੍ਹਾਂ ਵਿਚ ਤਕਨੀਕੀ ਮੁਹਾਰਤ ਪੱਖੋਂ ਕੁਝ ਨਵਾਂ ਕਰਨ ਦੀ ਯੋਗਤਾ ਸਮਰੱਥਾ ਹੀ ਨਹੀਂ ਹੈ ਤਾਂ ਇਹ ਕੈਨੇਡਾ, ਆਸਟਰੇਲੀਆ ਵਿਚ ਵੀ ਸੰਕਟ ਦਾ ਸ਼ਿਕਾਰ ਹੋਣਗੇ ਅਤੇ ਇਨ੍ਹਾਂ ਨੂੰ ਨੀਵੀਂ ਪੱਧਰ ਦੇ, ਸਰੀਰਕ ਮਿਹਨਤ ਵਾਲੇ, ਘੱਟ ਉਜਰਤਾਂ ਵਾਲੇ ਕੰਮ ਹੀ ਕਰਨੇ ਪੈਣਗੇ। ਦੂਜੇ ਪਾਸੇ ਜੇ ਜਵਾਨ ਵਿਦੇਸ਼ਾਂ ਵਿਚ ਚਲੇ ਜਾਣਗੇ ਤਾਂ ਪੰਜਾਬ ਹੋਰ ਪੱਛੜੇਗਾ ਕਿਉਂਕਿ ਜਵਾਨ ਸੁਭਾਅ ਪੱਖੋਂ ਪਰਿਵਰਤਨ-ਪੱਖੀ ਅਤੇ ਚੰਗੇਰੇ ਜੀਵਨ ਦੇ ਅਭਿਲਾਸ਼ੀ ਹੁੰਦੇ ਹਨ।

ਨਰਿੰਦਰ ਸਿੰਘ ਕਪੂਰ

ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ, ਪਰਿਵਰਤਨ ਦਾ ਉਦੇਸ਼ ਬਣਾ ਕੇ ਹੀ ਕੀਤੀ ਹੈ ਪਰ ਅਜੋਕਾ ਪੰਜਾਬ ਉਦੇਸ਼ਹੀਣ ਹੈ। ਪੰਜਾਬੀ ਉੱਠਦੇ ਜਲਦੀ ਹਨ ਪਰ ਇਹ ਜਾਗਦੇ ਦੇਰ ਨਾਲ ਹਨ, ਕਿਉਂਕਿ ਜਾਗਣਗੇ ਤਾਂ ਜੇ ਕੋਈ ਉਦੇਸ਼ ਹੋਵੇਗਾ, ਉਦੇਸ਼ ਤਾਂ ਬਣੇਗਾ ਜੇ ਕੁਝ ਨਵਾਂ ਕਰਨ ਦੀਆਂ ਸੰਭਾਵਨਾਵਾਂ ਅਤੇ ਅਵਸਰ ਹੋਣਗੇ। ਨਵੇਂ ਦੇ, ਪਰਿਵਰਤਨ ਅਤੇ ਵਿਕਾਸ ਦੇ ਸੰਕਲਪ, ਵਿਗਿਆਨ ਦੇ ਸਿਰਜੇ ਹੋਏ ਹਨ, ਧਰਮ ਦੇ ਪੱਖੋਂ ਇਨ੍ਹਾਂ ਦਾ ਕੋਈ ਅਰਥ ਨਹੀਂ। ਧਰਮ ਕੋਲ ਸਾਰੇ ਸੰਕਲਪ ਸਦੀਆਂ ਪੁਰਾਣੇ ਹਨ। ਉਦਾਹਰਣ ਵਜੋਂ ਭਾਰਤ ਵਿਚ ਸ਼ਿਵ ਦੇ ਪੁਰਾਤਨ ਮੰਦਰ ਲੱਖਾਂ ਹਨ, ਸਾਰੇ ਮੰਦਰ ਪੁਰਾਤਨ ਹੀ ਹਨ ਪਰ ਨਵੀਨ ਮੰਦਰ ਇਕ ਵੀ ਨਹੀਂ। ਇਵੇਂ ਹੀ ਅਸੀਂ ਕਿਸੇ ਧਾਰਮਿਕ ਸਥਾਨ ਨੂੰ ਇਤਿਹਾਸਕ ਅਰਥਾਤ ਪੁਰਾਣਾ ਸਿੱਧ ਕਰਕੇ ਬੜੇ ਪ੍ਰਸੰਨ ਹੁੰਦੇ ਹਾਂ। ਪੰਜਾਬ ਕੋਲ ਧਾਰਮਿਕ ਵਿਸ਼ਵਾਸ ਹਨ, ਵਿਗਿਆਨਕ ਗਿਆਨ ਨਹੀਂ। ਧਰਮ ਨਾਲ ਅਸੀਂ ਕੇਵਲ ਪੱਛੜਾਂਗੇ, ਸਫ਼ਲ ਅਤੇ ਵਿਕਸਿਤ ਅਸੀਂ ਵਿਗਿਆਨ ਨਾਲ, ਵਿਗਿਆਨਕ ਤਕਨੀਕਾਂ ਨਾਲ ਹੀ ਹੋਵਾਂਗੇ। ਗਿਆਨ ਦੀ ਅਣਹੋਂਦ ਕਾਰਨ ਸਾਡੇ ਕੋਲੋਂ ਕਲਪਨਾ ਵੀ ਗੁਆਚ ਰਹੀ ਹੈ। ਪ੍ਰਤੀਤ ਹੁੰਦਾ ਹੈ ਕਿ ਪਰੰਪਰਾ ਪਾਲਣਾ ਹੀ ਸਾਡਾ ਸਭ ਤੋਂ ਵੱਡਾ ਰੁਜ਼ਗਾਰ ਹੈ। ਇਕ ਅਨੁਮਾਨ ਅਨੁਸਾਰ ਭਾਰਤ ਦੀ ਤੇਰ੍ਹਾਂ ਪ੍ਰਤੀਸ਼ਤ ਆਬਾਦੀ ਨੂੰ ਵੱਖ-ਵੱਖ ਧਰਮ ਪਾਲ ਰਹੇ ਹਨ। ਇਹ ਆਬਾਦੀ ਉਪਜਾਉਂਦੀ ਕੁਝ ਨਹੀਂ, ਇਸ ਆਬਾਦੀ ਕਾਰਨ ਹੀ ਭਾਰਤ ਪੱਛੜਿਆ ਹੋਇਆ ਹੈ। ਅਸੀਂ ਨਵੇਂ ਨੂੰ ਵਿਸਾਰ ਰਹੇ ਹਾਂ। ਜੇ ਕੁਝ ਨਵਾਂ ਹੈ ਤਾਂ ਉਹ ਸਾਡੇ ਕੋਲ ਨਹੀਂ ਹੈ। ਸਾਡੇ ਕੋਲ ਜੋ ਹੈ, ਉਹ ਸਭ ਪੁਰਾਣਾ ਹੈ। ਸਾਡੀ ਬੁਨਿਆਦੀ ਸਮੱਸਿਆ ਇਹ ਹੈ ਕਿ ਸਾਡੇ ਪਰੰਪਰਕ ਸਮਾਜ ਨੂੰ ਆਧੁਨਿਕ ਲੀਹਾਂ ’ਤੇ ਕਿਵੇਂ ਪਾਇਆ ਜਾਵੇ। ਇਹ ਸਾਰੇ ਭਾਰਤ ਦੀ ਸਮੱਸਿਆ ਹੈ। ਜਾਪਾਨ ਇਕ ਪਰੰਪਰਕ ਸਮਾਜ ਸੀ ਪਰ ਜਾਪਾਨ ਨੇ ਧਰਮ ਨੂੰ ਰੁਕਾਵਟ ਨਹੀਂ ਬਣਨ ਦਿੱਤਾ, ਸਹਾਇਕ ਬਣਾਇਆ ਹੈ। ਵਿਗਿਆਨ ਅਤੇ ਤਕਨਾਲੋਜੀ ਨੂੰ ਅਪਣਾ ਕੇ ਅੱਜ ਜਾਪਾਨ ਸੰਸਾਰ ਦਾ ਇਕ ਮੋਹਰੀ ਅਰਥਚਾਰਾ ਹੈ। ਜੇ ਤੁਹਾਡੇ ਜੀਵਨ ਦਾ ਕੋਈ ਮਨੋਰਥ ਹੈ ਤਾਂ ਇਹ ਸਬੂਤ ਹੈ ਕਿ ਤੁਸੀਂ ਕੁਝ ਨਵਾਂ ਕਰੋਗੇ ਜਾਂ ਨਵੇਂ ਢੰਗ ਨਾਲ ਕਰੋਗੇ। ਪਰੰਪਰਕ ਸਮਾਜਾਂ ਵਿਚ ਕੁਝ ਨਵਾਂ, ਨਿਵੇਕਲਾ ਕਰਨਾ ਇਕ ਚੁਣੌਤੀ ਹੁੰਦਾ ਹੈ। ਕਿਉਂਕਿ ਬਹੁਤੇ ਚਲ ਰਹੇ ਵਹਿਣ ਵਿਚ ਸ਼ਾਮਲ ਹੋ ਕੇ ਸੰਤੁਸ਼ਟ ਹੋ ਜਾਂਦੇ ਹਨ ਕਿਉਂਕਿ ਉਪਰਲਿਆਂ ਵੱਲੋਂ ਕੋਈ ਉਤਸ਼ਾਹ ਨਹੀਂ ਹੁੰਦਾ ਅਤੇ ਬਰਾਬਰ ਵਾਲੇ ਤੁਹਾਡੇ ਵੱਲੋਂ ਕੁਝ ਨਵਾਂ ਕਰਨ ਦੇ ਤੁਹਾਡੇ ਯਤਨਾਂ ਨੂੰ ਆਪਣੀ ਹੋਂਦ ਲਈ ਚੁਣੌਤੀ ਸਮਝਣਗੇ। ਕੁਝ ਨਵਾਂ ਕਰਨ ਦੀਆਂ ਸੰਭਾਵਨਾਵਾਂ ਲਗਭਗ ਚਾਲ੍ਹੀ ਸਾਲ ਦੀ ਉਮਰ ਤਕ ਹੀ ਹੁੰਦੀਆਂ ਹਨ, ਇਸ ਉਪਰੰਤ ਕੁਝ ਨਵਾਂ ਕਰਨਾ ਕਿਸੇ ਦੀ ਤਰਜੀਹ ਨਹੀਂ ਹੁੰਦੀ। ਇਸ ਪੜਾਓ ’ਤੇ ਕੁਝ ਨਵਾਂ ਕੀਤੇ ਬਿਨਾਂ ਸਾਰਨ ਦੀ ਆਦਤ ਪੈ ਜਾਂਦੀ ਹੈ ਪਰ ਪਛਾਣ ਕੁਝ ਨਵਾਂ ਕਰਨ ਨਾਲ ਹੀ ਹੁੰਦੀ ਹੈ। ਉਂਜ ਬਹੁਤਿਆਂ ਦਾ ਯਤਨ ਕੁਝ ਨਵਾਂ ਕਰਨ ਦਾ ਹੀ ਹੁੰਦਾ ਹੈ, ਕਿਉਂਕਿ ਅਜਿਹਾ ਕਰਨ ਦੀ ਇੱਛਾ ਹਰ ਕਿਸੇ ਵਿਚ ਉਛਾਲਾ ਮਾਰਦੀ ਹੈ ਪਰ ਹਰ ਕੋਈ ਪਹਿਲ ਕਰਨ ਤੋਂ, ਪੀੜ ਤੋਂ ਵੱਖਰਾ ਹੋਣ ਤੋਂ, ਘਬਰਾ ਰਿਹਾ ਹੁੰਦਾ ਹੈ। ਬਹੁਤੇ ਲੋਕ ਕੰਮਾਂ-ਕਾਜਾਂ ਵਿਚ ਪੈ ਕੇ ਕੁਝ ਹੋਰ ਹੀ ਬਣ ਜਾਂਦੇ ਹਨ। ਜਿਵੇਂ ਥਾਣੇ ਵਿਚ ਲੱਗ ਕੇ ਚੰਗਾ ਭਲਾ ਬੰਦਾ ਥਾਣੇਦਾਰ ਵਾਲੀ ਆਕੜ ਪਹਿਨ ਲੈਂਦਾ ਹੈ ਅਤੇ ਕੋਈ ਅਧਿਆਪਕ ਲਗਦੇ ਸਾਰ ਹੀ, ਆਪਣੀਆਂ ਆਦਤਾਂ ਦੇ ਉਲਟ, ਉਪਦੇਸ਼ ਦੇਣ ਲੱਗ ਪੈਂਦਾ ਹੈ ਅਤੇ ਕੋਈ ਮੰਤਰੀ ਬਣ ਕੇ ਕੁਝ ਹੀ ਮਹੀਨਿਆਂ ਵਿਚ ਨਰਕ ਨੂੰ ਸਵਰਗ ਬਣਾ ਦੇਣ ਦੇ ਬਿਆਨ ਦੇਣ ਲੱਗ ਪੈਂਦਾ ਹੈ। ਕਈ ਆਪਣੇ ਅਹੁਦੇ ਦੇ ਘੋੜੇ ਤੋਂ ਉਤਰਦੇ ਹੀ ਨਹੀਂ। ਇਹ ਸਾਰੀਆਂ ਪਰੰਪਰਕ ਵਿਹਾਰ ਦੀਆਂ ਉਦਾਹਰਣਾਂ ਹਨ। ਬਹੁਤਿਆਂ ਦੀ ਇਹ ਨਿਰੰਤਰ ਸ਼ਿਕਾਇਤ ਹੁੰਦੀ ਹੈ ਕਿ ਜਿਸ ਦੇ ਉਹ ਯੋਗ ਹਨ, ਉਹ ਮਿਲਿਆ ਨਹੀਂ। ਕਈ ਆਪਣੇ ਆਪ ਨੂੰ ਪੁੱਛਦੇ ਹਨ ਕਿ ਕੀ ਕਰੀਏ? ਕਿਉਂਕਿ ਉਹ ਆਪ ਫ਼ੈਸਲਾ ਨਹੀਂ ਕਰ ਸਕਦੇ, ਉਹ ਕਿਸੇ ਦੀ ਨਕਲ ਕਰਨ ਲੱਗ ਪੈਂਦੇ ਹਨ। ਉਂਜ ਪਰੰਪਰਕ ਸਮਾਜਾਂ ਵਿਚ ਕੁਝ ਨਵਾਂ ਸੋਚਣਾ ਜਾਂ ਕਰਨਾ ਬਹੁਤਾ ਸੰਭਵ ਨਹੀਂ ਹੁੰਦਾ। ਸੌ ਵਿਚੋਂ ਇਕ-ਦੋ ਹੀ ਹੁੰਦੇ ਹਨ, ਜਿਹੜੇ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਨ੍ਹਾਂ ਨੇ ਦਾਖਲ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸਾਧ ਲਿਆ ਹੁੰਦਾ ਹੈ, ਸੁਵਖਤੇ ਉੱਠਣ ਦੀ ਆਦਤ ਪਾ ਲਈ ਹੁੰਦੀ ਹੈ, ਸਹੀ ਕੰਮ ਨੂੰ ਠੀਕ ਢੰਗ ਨਾਲ ਕਰਨ ਦਾ ਮਨ ਬਣਾ ਲਿਆ ਹੁੰਦਾ ਹੈ। ਇਹ ਸਥਿਤੀ ਕੋਈ ਹੋਵੇ, ਯਤਨ ਜਾਰੀ ਰੱਖਦੇ ਹਨ, ਜਿਸ ਕਾਰਨ ਇਹ ਵੇਖਦਿਆਂ-ਵੇਖਦਿਆਂ ਕਿਧਰ ਦੇ ਕਿਧਰ ਨਿਕਲ ਜਾਂਦੇ ਹਨ। ਜਿਸ ਸਮਾਜ ਵਿਚ ਕਝ ਨਵਾਂ ਕਰਨ ਵਾਲੇ ਸੌ ਵਿਚੋਂ ਚਾਰ-ਪੰਜ ਹੋਣ, ਉਨ੍ਹਾਂ ਨੂੰ ਵੇਖ ਕੇ ਦਸ ਹੋਰ ਜਾਗ ਪੈਂਦੇ ਹਨ। ਇਹ ਜਿੱਥੇ ਹੁੰਦੇ ਹਨ, ਉਸ ਸੰਸਥਾ ਜਾਂ ਅਦਾਰੇ ਦਾ ਨਾਂ ਚਮਕਾ ਦਿੰਦੇ ਹਨ। ਇਹ ਨੌਕਰ ਨਹੀਂ, ਮਾਲਕ ਬਣਦੇ ਹਨ।
ਜਿਨ੍ਹਾਂ ਨੂੰ ਆਪਣਾ ਮਨੋਰਥ ਪਤਾ ਹੁੰਦਾ ਹੈ ਉਹ ਰੁਕਾਵਟਾਂ, ਬੰਧਨਾਂ, ਸੀਮਾਵਾਂ, ਮਜਬੂਰੀਆਂ ਦੇ ਬਾਵਜੂਦ ਯਤਨ ਜਾਰੀ ਰੱਖਦੇ ਹਨ। ਇਨ੍ਹਾਂ ਲਈ ਹਰੇਕ ਅਸਫ਼ਲਤਾ ਤਜਰਬਾ ਬਣ ਜਾਂਦੀ ਹੈ। ਜੇ ਤੁਸੀਂ ਕੁਝ ਕਰੋਗੇ ਤਾਂ ਤੁਹਾਨੂੰ ਤੁਹਾਡੇ ਵਰਗੇ ਅਤੇ ਤੁਸੀਂ ਆਪਣੇ ਵਰਗਿਆਂ ਨੂੰ ਸਹਿਜੇ ਹੀ ਪਛਾਣ ਲਓਗੇ। ਦੋਸਤੀਆਂ ਇਉਂ ਹੀ ਪੈਂਦੀਆਂ ਹਨ, ਟੀਮਾਂ ਅਤੇ ਭਾਈਵਾਲੀਆਂ ਇਉਂ ਹੀ ਬਣਦੀਆਂ ਹਨ। ਅਜੋਕਾ ਯੁੱਗ ਵਿਅਕਤੀਆਂ ਦਾ ਨਹੀਂ, ਟੀਮਾਂ ਦਾ ਯੁੱਗ ਹੈ। ਟੀਮ ਦੇ ਹਰੇਕ ਮੈਂਬਰ ਦੀ ਵਿਲੱਖਣ ਯੋਗਤਾ ਅਤੇ ਨਿਵੇਕਲਾ ਯੋਗਦਾਨ ਹੁੰਦਾ ਹੈ। ਹਰ ਕਿਸੇ ਵਿਚ ਪੂਰੀ ਟੀਮ ਦੀ ਸ਼ਕਤੀ ਆ ਜਾਂਦੀ ਹੈ। ਸੂਚਨਾ ਤਕਨਾਲੋਜੀ ਨਾਲ ਸਬੰਧਤ ਕੰਪਨੀਆਂ ਅਤੇ ਅਦਾਰੇ ਇਵੇਂ ਹੀ ਉਸਰੇ ਹਨ। ਪੁਰਾਣੇ ਲੋਕ ਵਸੀਲਿਆਂ ਤੋਂ ਬਿਨਾਂ ਵੀ ਇਸ ਲਈ ਸਾਰਥਕ ਜੀਵਨ ਜਿਉਂਦੇ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਵਰਗਿਆਂ ਦਾ ਸਾਥ ਪ੍ਰਾਪਤ ਸੀ। ਮੁਹੱਲੇ ਭਰ ਦੀਆਂ ਦੀ ਇਸਤਰੀਆਂ ਸੇਵੀਆਂ ਵੱਟਦੀਆਂ ਸਨ ਰਲ ਕੇ, ਤ੍ਰਿੰਝਣ ਲੱਗਦੇ ਸਨ, ਗਿੱਧਾ ਪੈਂਦਾ ਸੀ, ਤੀਆਂ ਦੀ ਰੌਣਕ ਹੁੰਦੀ ਸੀ। ਲੋਕ ਯਾਤਰਾ ’ਤੇ ਜਾਂਦੇ ਸਨ, ਜਥਾ ਬਣਾ ਕੇ। ਅਜੋਕੇ ਸਮੇਂ ਵਿਚ ਉਦਾਸੀ ਦਾ ਇਕ ਕਾਰਨ ਇਹ ਹੈ ਕਿ ਅਸੀਂ ਆਪਣੇ ਵਰਗਿਆਂ ਨਾਲੋਂ ਟੁੱਟ ਗਏ ਹਾਂ। ਜਿੰਨੀ ਵਧੇਰੇ ਲੋਕਾਂ ਨਾਲ ਤੁਹਾਡੀ ਜਾਣ-ਪਛਾਣ ਹੋਵੇਗੀ, ਓਨੀ ਤੁਹਾਡੀ ਸ਼ਕਤੀ ਵਧੇਰੇ ਹੋਵੇਗੀ, ਤੁਸੀਂ ਬਿਮਾਰ ਨਹੀਂ ਪਓਗੇ, ਕੁਰਾਹੇ ਨਹੀਂ ਭਟਕੋਗੇ, ਲੀਹ ਤੋਂ ਨਹੀਂ ਉਤਰੋਗੇ, ਨਿਰਾਸ਼ ਨਹੀਂ ਹੋਵੋਗੇ।
ਕੁਝ ਨਵਾਂ ਕਰਨ ਦੇ ਨੇਮ ਨਹੀਂ ਹੁੰਦੇ, ਕੁਝ ਕਰੋਗੇ ਤਾਂ ਨੇਮ ਬਣ ਜਾਣਗੇ। ਸਾਰੀਆਂ ਖੇਡਾਂ ਅਤੇ ਕਾਰਜਾਂ ਦਾ ਨਿਰਮਾਣ ਇਉਂ ਹੀ ਹੋਇਆ ਹੈ। ਕੁਝ ਨਵਾਂ ਕਰਨ ਦੌਰਾਨ ਭਾਂਤ-ਭਾਂਤ ਦੇ ਲੋਕਾਂ ਨਾਲ ਵਾਹ ਪਏਗਾ, ਹੋਰਾਂ ਤੋਂ ਸਿੱਖਣ ਅਤੇ ਹੋਰਾਂ ਨੂੰ ਸਿਖਾਉਣ ਦੇ ਅਵਸਰ ਮਿਲਣਗੇ। ਅਜਿਹੇ ਸਬੰਧ ਸਾੜੇ ਅਤੇ ਸਵਾਰਥ ਤੋਂ ਉੱਚੇ ਹੁੰਦੇ ਹਨ। ਇਕ ਮਾਹਿਰ ਨੇ ਆਪਣੇ ਇਕ ਜਾਣੂੰ ਦੇ ਸੁਝਾਓ ’ਤੇ ਇਕ ਵੱਡੀ ਕੰਪਨੀ ਵਿਚ ਲੱਗਣ ਲਈ ਆਪਣੀ ਯੋਗਤਾ ਦੇ ਵੇਰਵੇ ਭੇਜੇ। ਇਸ ਦੌਰਾਨ ਉਸ ਨੇ ਹੋਰ ਕੰਪਨੀਆਂ ਵਿਚ ਵੀ ਪਹੁੰਚ ਕੀਤੀ ਅਤੇ ਇਕ ਪ੍ਰਸਿੱਧ ਕੰਪਨੀ ਵਿਚ ਉਸ ਦੀ ਚੋਣ ਹੋ ਗਈ। ਇਕ ਸਾਲ ਮਗਰੋਂ ਪਹਿਲੀ ਕੰਪਨੀ ਵੱਲੋਂ ਵੀ ਨਿਯੁਕਤੀ ਦੀ ਚਿੱਠੀ ਆ ਗਈ। ਉਸ ਨੇ ਪਹਿਲੀ ਕੰਪਨੀ ਨੂੰ ਲਿਖਿਆ: ਮੇਰੀ ਹੋਰ ਕੰਪਨੀ ਵਿਚ ਨਿਯੁਕਤੀ ਹੋ ਗਈ ਹੈ, ਮੇਰਾ ਨੈਤਿਕ ਫਰਜ਼ ਬਣਦਾ ਹੈ ਕਿ ਮੈਂ ਉੱਥੇ ਹੀ ਕੰਮ ਕਰਾਂ ਪਰ ਮੈਂ ਤੁਹਾਨੂੰ ਇਕ ਯੋਗ ਵਿਅਕਤੀ ਦਾ ਵੇਰਵਾ ਭੇਜ ਰਿਹਾ ਹਾਂ, ਤੁਸੀਂ ਉਸ ਨੂੰ ਲੱਗਣ ਬਾਰੇ ਪੁੱਛ ਲਓ। ਇਉਂ ਉਸ ਦਾ ਜਾਣੂ ਮਾਹਿਰ ਵੀ ਚੁਣ ਲਿਆ ਗਿਆ। ਪਹਿਲਾਂ ਉਨ੍ਹਾਂ ਦੀ ਜਾਣ-ਪਛਾਣ ਹੀ ਸੀ, ਹੁਣ ਉਹ ਗੂੜ੍ਹੇ ਮਿੱਤਰ ਵੀ ਬਣ ਗਏ ਸਨ। ਨੀਵੀਆਂ ਨੌਕਰੀਆਂ ’ਤੇ ਲੱਗਣ ਵਾਲਿਆਂ ਦੀ ਭੀੜ ਹੁੰਦੀ ਹੈ, ਮਾਹਿਰਾਂ ਨੂੰ ਕੰਪਨੀਆਂ ਪੇਸ਼ਕਸ਼ ਕਰਦੀਆਂ ਹਨ। ਜੇ ਤੁਸੀਂ ਮਾਹਿਰ ਹੋ ਤਾਂ ਤੁਹਾਨੂੰ ਅਨੇਕਾਂ ਮੌਕੇ ਮਿਲਣਗੇ, ਜੇ ਕਿਸੇ ਮੌਕੇ ਦਾ ਤੁਸੀਂ ਲਾਭ ਨਹੀਂ ਉਠਾ ਸਕੋਗੇ ਤਾਂ ਉਹੋ ਜਿਹਾ ਹੀ ਮੌਕਾ ਰੂਪ ਬਦਲ ਕੇ ਫਿਰ ਮਿਲੇਗਾ। ਇਉਂ ਹੀ ਜੇ ਕਿਸੇ ਸਮੱਸਿਆ ਜਾਂ ਮੁਸ਼ਕਿਲ ਤੋਂ ਤੁਸੀਂ ਭੱਜੋਗੇ ਤਾਂ ਰੂਪ ਬਦਲ ਕੇ ਉਹੋ ਜਿਹੀ ਮੁਸ਼ਕਿਲ ਫਿਰ ਉਪਜੇਗੀ, ਕਈ ਵਾਰ ਉਪਜੇਗੀ। ਜਦੋਂ ਤੱਕ ਤੁਸੀਂ ਉਹ ਮੁਸ਼ਕਿਲ ਹੱਲ ਨਹੀਂ ਕਰਦੇ, ਉਹ ਉਪਜਦੀ ਰਹੇਗੀ। ਇਕ ਵਿਦਿਆਰਥੀ ਸਕੂਲੋਂ ਦੌੜ ਜਾਂਦਾ ਸੀ, ਪੜ੍ਹਾਈ ਦੀ ਇਹ ਘਾਟ ਹਰੇਕ ਪ੍ਰੀਖਿਆ ਵੇਲੇ ਉਸ ਦਾ ਰਾਹ ਰੋਕ ਲੈਂਦੀ ਸੀ। ਉਸ ਨੇ ਮਗਰੋਂ ਦੋ ਸਾਲ ਵੱਖਰਾ ਯਤਨ ਕਰਕੇ, ਇਸ ਘਾਟ ਨੂੰ ਜਦੋਂ ਪੂਰਾ ਕੀਤਾ ਤਾਂ ਜਾ ਕੇ ਉਸ ਦਾ ਰਾਹ ਪੱਧਰਾ ਹੋਇਆ।
ਕੁਝ ਨਵਾਂ ਕਰਨ ਅਤੇ ਅੱਗੇ ਵਧਣ ਦਾ ਅਵਸਰ ਹਰ ਕਿਸੇ ਨੂੰ ਮਿਲਦਾ ਹੈ ਪਰ ਨਿੱਜੀ ਆਦਤਾਂ ਅਤੇ ਚਰਿੱਤਰ ਦੀਆਂ ਕਮਜ਼ੋਰੀਆਂ ਕਾਰਨ, ਵਿਕਾਸ ਕਰਨਾ ਸੰਭਵ ਨਹੀਂ ਹੁੰਦਾ ਭਾਵੇਂ ਇਨ੍ਹਾਂ ਕਮਜ਼ੋਰੀਆਂ ਦਾ ਸਬੰਧ ਤੁਹਾਡੀ ਆਮਦਨ ਨਾਲ ਨਾ ਵੀ ਹੋਵੇ ਤਾਂ ਵੀ ਇਹ ਕਮਜ਼ੋਰੀਆਂ ਤੁਹਾਡੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ ਵੱਲ ਯੋਗ ਸਮੇਂ ਧਿਆਨ ਨਾ ਦਿੱਤੇ ਜਾਣ ਕਰਕੇ ਇਹ ਚਰਿੱਤਰ ਦੇ ਦੋਸ਼ ਬਣ ਜਾਂਦੀਆਂ ਹਨ। ਫਜ਼ੂਲ-ਖਰਚੀ ਜਾਂ ਜੂਏ ਦੀ ਆਦਤ, ਹੋਰਾਂ ਤੋਂ ਉਧਾਰ ਮੰਗਣ, ਇਸ ਤੋਂ ਲੈ ਕੇ ਉਸ ਨੂੰ ਮੋੜਨ ਦੀ ਆਦਤ, ਤੁਹਾਨੂੰ ਉਲਝਾਈ ਰੱਖੇਗੀ। ਜਿਹੜੇ ਲੋਕ ਵਿਕਾਸ ਨਹੀਂ ਕਰਦੇ, ਉਨ੍ਹਾਂ ਵਿਚ ਉਂਜ ਤਾਂ ਕਈ ਗੁਣ ਹੁੰਦੇ ਹਨ ਪਰ ਜ਼ਿੰਮੇਵਾਰੀ ਦੀ ਘਾਟ, ਜਾਂ ਸਮੇਂ ਦੀ ਪਾਬੰਦੀ, ਜਾਂ ਕੰਮ ਟਾਲਣ ਦੀ ਆਦਤ, ਉਨ੍ਹਾਂ ਦਾ ਰਾਹ ਰੋਕ ਲੈਂਦੀ ਹੈ। ਇਕ ਹੋਟਲ ਵਿਚ ਇਕ ਗਾਹਕ ਨੇ ਉੱਥੇ ਹਾਜ਼ਰ ਬੈਰ੍ਹੇ ਨੂੰ ਇਕ ਚਮਚਾ ਲਿਆ ਕੇ ਦੇਣ ਲਈ ਕਿਹਾ। ਬੈਰ੍ਹੇ ਨੇ ਚਮਚਾ ਲਿਆ ਕੇ ਦੇਣ ਦੀ ਬਜਾਏ ਕਿਹਾ ਕਿ ਇਹ ਟੇਬਲ ਮੇਰਾ ਨਹੀਂ ਹੈ। ਗਾਹਕ ਨੇ ਮਗਰੋਂ ਇਹ ਗੱਲ ਮਾਲਕ ਨੂੰ ਦੱਸੀ ਅਤੇ ਮਾਲਕ ਨੇ ਬੈਰ੍ਹੇ ਨੂੰ ਹਟਾ ਦਿੱਤਾ। ਜਿਹੜਾ ਕੰਮ ਭਾਵੇਂ ਤੁਹਾਡਾ ਨਹੀਂ, ਪਰ ਤੁਸੀਂ ਜਾਣਦੇ ਹੋ ਕਿ ਇਹ ਕੀਤਾ ਜਾਣਾ ਚਾਹੀਦਾ ਹੈ ਅਤੇ ਜੇ ਤੁਸੀਂ ਉਹ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹੋ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਨਾ ਕੇਵਲ ਜ਼ਿੰਮੇਵਾਰੀ ਹੀ ਨਿਭਾਉਂਦੇ ਹੋ, ਤੁਹਾਡੇ ਵਿਚ ਲੋੜੀਂਦੀ ਕਿਸੇ ਹੋਰ ਹੀ ਜ਼ਿੰਮੇਵਾਰੀ ਅਪਨਾਉਣ ਦੀ ਵੀ ਯੋਗਤਾ ਹੈ। ਇਸ ਨਾਲ ਤੁਹਾਡੇ ਲਈ ਕਈ ਬੰਦ ਬੂਹੇ ਖੁੱਲ੍ਹ ਜਾਣਗੇ। ਕਹਿੰਦੇ ਹਨ ਕਿ ਬੋਲਾ ਉਹ ਨਹੀਂ ਹੁੰਦਾ ਜਿਸ ਨੂੰ ਸੁਣਦਾ ਨਹੀਂ, ਬੋਲਾ ਉਹ ਹੁੰਦਾ ਹੈ ਜਿਹੜਾ ਸੁਣਦਾ ਨਹੀਂ। ਇਉਂ ਹੀ ਬੇਰੁਜ਼ਗਾਰ ਉਹ ਨਹੀਂ ਜਿਸ ਕੋਲ ਕੰਮ ਨਹੀਂ ਹੁੰਦਾ, ਬੇਰੁਜ਼ਗਾਰ ਉਹ ਹੁੰਦਾ ਹੈ ਜਿਹੜਾ ਕੰਮ ਨਹੀਂ ਕਰਦਾ।
ਸਖ਼ਤ ਮਿਹਨਤ ਹਮੇਸ਼ਾ ਸਫ਼ਲਤਾ ਨਹੀਂ ਬਣਦੀ। ਜਿਹੜੇ ਸਫ਼ਲ ਹੁੰਦੇ ਹਨ, ਉਨ੍ਹਾਂ ਨੇ ਨਿਰਸੰਦੇਹ ਮਿਹਨਤ ਕੀਤੀ ਹੁੰਦੀ ਹੈ ਪਰ ਕਈ ਅਸਫ਼ਲ ਹੋਣ ਵਾਲਿਆਂ ਨੇ ਸਫ਼ਲ ਹੋਣ ਵਾਲਿਆਂ ਨਾਲੋਂ ਵੀ ਵਧੇਰੇ ਮਿਹਨਤ ਕੀਤੀ ਹੁੰਦੀ ਹੈ ਪਰ ਸਫ਼ਲ ਹੋਣ ਵਾਲਿਆਂ ਦੀ ਵਿਉਂਤਬੰਦੀ ਬਿਹਤਰ ਅਤੇ ਕੰਮ ਕਰਨ ਦੀ ਵਿਧੀ ਵਿਗਿਆਨਕ ਹੁੰਦੀ ਹੈ। ਕਿਸੇ ਦੀ ਪ੍ਰਸ਼ੰਸਾ ਨਾਲ ਕਾਰਜ ਕਰਨ ਵਾਲੇ ਦੀ ਕਾਰਗੁਜ਼ਾਰੀ ਬਿਹਤਰ ਹੋ ਜਾਂਦੀ ਹੈ ਪਰ ਇਕੱਲੀ ਪ੍ਰਸ਼ੰਸਾ ਹੀ ਨਹੀਂ, ਯੋਗਤਾ ਵੀ ਹੋਣੀ ਚਾਹੀਦੀ ਹੈ। ਮਾਹਿਰ ਆਪਣੀ ਤਕਨੀਕ ਅਤੇ ਯੋਗਤਾ ਸੁਧਾਰਦੇ ਰਹਿੰਦੇ ਹਨ।
ਕੰਮ ਨੂੰ ਟਾਲਣ ਅਤੇ ਮੁਲਤਵੀ ਕਰਨ ਦੀ ਆਦਤ ਅਸਫ਼ਲ ਵਿਅਕਤੀਆਂ ਦਾ ਉੱਘੜਵਾਂ ਲੱਛਣ ਹੁੰਦੀ ਹੈ। ਇਹ ਭਰਮ ਹੈ ਕਿ ਕੁਝ ਨਵਾਂ ਕਰਨ ਲਈ ਕੱਲ੍ਹ ਸਮਾਂ ਮਿਲੇਗਾ। ਜੇ ਸਵੈ-ਵਿਸ਼ਵਾਸ ਹੈ ਤਾਂ ਅੱਜ ਹੀ ਆਰੰਭ ਕਰੋਗੇ। ਸਾਨੂੰ ਅੰਗਰੇਜ਼ਾਂ ਨੇ ਦੱਸਿਆ ਕਿ ਤੁਹਾਡੇ ਵਿਚ ਨਵੀਨਤਾ ਨਹੀਂ ਹੈ। ਅਸੀਂ ਅੰਗਰੇਜ਼ਾਂ ਨੂੰ ਦਿੱਤਾ ਕੁਝ ਨਹੀਂ, ਉਨ੍ਹਾਂ ਤੋਂ ਲਿਆ ਹੀ ਹੈ। ਸਾਡੇ ਕੋਲ ਜੋ ਨਵਾਂ ਹੈ, ਉਹ ਪੱਛਮ ਦਾ ਸਿਰਜਿਆ ਹੋਇਆ ਹੈ। ਕੀ ਕਾਰਨ ਹੈ ਕਿ ਸਾਡੇ ’ਤੇ ਪ੍ਰਭਾਵ ਪੈਂਦਾ ਹੀ ਹੈ, ਅਸੀਂ ਪ੍ਰਭਾਵ ਪਾਉਂਦੇ ਨਹੀਂ। ਅੰਗਰੇਜ਼ਾਂ ਦੇ ਜਾਣ ਉਪਰੰਤ ਅਸੀਂ ਮੁੜ ਪੁਰਾਤਨਤਾ ਦੇ ਰਾਹ ਪੈ ਗਏ ਹਾਂ। ਅਸੀਂ ਕੋਈ ਨਵਾਂ ਸ਼ਹਿਰ ਵਸਾਇਆ ਨਹੀਂ, ਪੁਰਾਣਿਆਂ ਦੇ ਨਾਂ ਹੀ ਬਦਲੇ ਹਨ। ਅਸੀਂ ਪਿੱਛੇ ਵੇਖ ਕੇ ਅੱਗੇ ਟੁਰਨ ਦਾ ਯਤਨ ਕਰ ਰਹੇ ਹਾਂ। ਅਸੀਂ ਅਕਸਰ ਦੋ ਵਾਰੀ ਸੋਚਦੇ ਹਾਂ, ਅਵਸਰ ਦੇ ਮਿਲਣ ਤੋਂ ਪਹਿਲਾਂ ਅਤੇ ਅਵਸਰ ਦੇ ਗੁਆਚਣ ਤੋਂ ਮਗਰੋਂ। ਦੋਵੇਂ ਪ੍ਰਕਾਰ ਦੀ ਇਹ ਸੋਚ ਕਿਸੇ ਲੇਖੇ ਨਹੀਂ ਲੱਗਦੀ। ਅਸੀਂ ਬਹੁਤ ਉਦਾਸੀ ਵਾਲੇ ਸਮੇਂ ਵਿਚ ਜਿਊਂ ਰਹੇ ਹਾਂ।
ਜੇ ਭਵਿੱਖ ਦੀ ਨੁਹਾਰ ਬਦਲਣੀ ਹੈ ਤਾਂ ਆਪਣੀਆਂ ਬਾਹਵਾਂ ਝੁੰਗਣੀਆਂ ਪੈਣਗੀਆਂ। ਆਪਣਾ ਜੀਵਨ ਸੰਵਾਰਨ ਦੀ ਜ਼ਿੰਮੇਵਾਰੀ ਸਾਡੀ ਹੈ। ਸਵੈ-ਵਿਸ਼ਵਾਸ ਨਾਲ ਅੱਜ ਹੀ ਆਰੰਭ ਕਰੋ। ਮਾਣ ਕਰੋ ਕਿ ਕੁਝ ਨਵਾਂ ਕਰਨ ਦਾ ਅਵਸਰ ਮਿਲਿਆ ਹੈ। ਸਿੱਧ ਕਰੋ ਕਿ ਅਸੀਂ ਜਾਗ ਪਏ ਹਾਂ।

* ਅਜੋਕੇ ਪੰਜਾਬ ਦਾ ਸੰਦਰਭ ਭਾਰਤ ਨਹੀਂ, ਸਾਰਾ ਸੰਸਾਰ ਹੈ।
* ਨਸ਼ਿਆਂ ਦੀ ਵਿਆਪਕਤਾ ਕਾਰਨ ਅਤੇ ਜਵਾਨਾਂ ਦੇ ਵਿਦੇਸ਼ ਜਾਣ ਦੇ ਬੇਤਰਤੀਬੇ ਰੁਝਾਨ ਕਾਰਨ ਪੰਜਾਬ ਤੰਦਰੁਸਤ ਜਵਾਨੀ ਤੋਂ ਹੀ ਨਹੀਂ, ਜਵਾਨੀ ਦੇ ਸਰਮਾਏ ਪੱਖੋਂ ਵੀ ਕੰਗਾਲ ਅਤੇ ਖੋਖਲਾ ਹੋ ਰਿਹਾ ਹੈ।
* ਕੁਝ ਨਵਾਂ ਕਰਨ ਦੇ ਨੇਮ ਨਹੀਂ ਹੁੰਦੇ, ਕੁਝ ਕਰੋਗੇ ਤਾਂ ਨੇਮ ਬਣ ਜਾਣਗੇ। ਸਾਰੀਆਂ ਖੇਡਾਂ ਅਤੇ ਕਾਰਜਾਂ ਦਾ ਨਿਰਮਾਣ ਇਉਂ ਹੀ ਹੋਇਆ ਹੈ। ਕੁਝ ਨਵਾਂ ਕਰਨ ਦੌਰਾਨ ਭਾਂਤ-ਭਾਂਤ ਦੇ ਲੋਕਾਂ ਨਾਲ ਵਾਹ ਪਏਗਾ, ਹੋਰਾਂ ਤੋਂ ਸਿੱਖਣ ਅਤੇ ਹੋਰਾਂ ਨੂੰ ਸਿਖਾਉਣ ਦੇ ਅਵਸਰ ਮਿਲਣਗੇ। ਅਜਿਹੇ ਸਬੰਧ ਸਾੜੇ ਅਤੇ ਸਵਾਰਥ ਤੋਂ ਉੱਚੇ ਹੁੰਦੇ ਹਨ।
* ਕਹਿੰਦੇ ਹਨ ਕਿ ਬੋਲਾ ਉਹ ਨਹੀਂ ਹੁੰਦਾ ਜਿਸ ਨੂੰ ਸੁਣਦਾ ਨਹੀਂ, ਬੋਲਾ ਉਹ ਹੁੰਦਾ ਹੈ ਜਿਹੜਾ ਸੁਣਦਾ ਨਹੀਂ।  ਇਉਂ ਹੀ ਬੇਰੁਜ਼ਗਾਰ ਉਹ ਨਹੀਂ ਜਿਸ ਕੋਲ ਕੰਮ ਨਹੀਂ ਹੁੰਦਾ, ਬੇਰੁਜ਼ਗਾਰ ਉਹ ਹੁੰਦਾ ਹੈ ਜਿਹੜਾ ਕੰਮ ਨਹੀਂ ਕਰਦਾ।
* ਇਹ ਭਰਮ ਹੈ ਕਿ ਕੁਝ ਨਵਾਂ ਕਰਨ ਲਈ ਕੱਲ੍ਹ ਸਮਾਂ ਮਿਲੇਗਾ। ਜੇ ਸਵੈ-ਵਿਸ਼ਵਾਸ ਹੈ ਤਾਂ ਅੱਜ ਹੀ ਆਰੰਭ ਕਰੋਗੇ।


Comments Off on ਕੀ ਅਸੀਂ ਕਦੇ ਜਾਗਾਂਗੇ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.