ਕਾਰ ਰੁੱਖ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ !    ਜਲਾਲਪੁਰ ਦੀ ਕੋਠੀ ਦਾ ਘਿਰਾੳ ਕਰਨ ਜਾਂਦੇ ‘ਆਪ’ ਆਗੂ ਹਿਰਾਸਤ ’ਚ ਲਏ !    ਕਰੋਨਾ: ਭਾਰਤ ਵਿੱਚ ਐਮਰਜੈਂਸੀ ਦੌਰਾਨ ਰੈਮਡੀਸਿਵਿਰ ਦੀ ਵਰਤੋਂ ਨੂੰ ਮਨਜੂਰੀ !    ਭਾਰਤ ਆਰਥਿਕ ਵਿਕਾਸ ਦਰ ਮੁੜ ਹਾਸਲ ਕਰੇਗਾ: ਮੋਦੀ !    ਟਰੰਪ ਨੇ ਦੇਸ਼ ਵਿੱਚ ਫੌਜ ਲਾਉਣ ਦੀ ਚਿਤਾਵਨੀ ਦਿੱਤੀ !    ਦੇਸ਼ ਵਿੱਚ ਦੋ ਲੱਖ ਦੇ ਨੇੜੇ ਪੁੱਜੀ ਕਰੋਨਾ ਮਰੀਜ਼ਾਂ ਦੀ ਗਿਣਤੀ !    ਪੁਲਵਾਮਾ ਵਿੱਚ ਦੋ ਅਤਿਵਾਦੀ ਮਾਰੇ !    ਜਲੰਧਰ ਵਿੱਚ ਕਰੋਨਾ ਵਾਇਰਸ ਦੇ 10 ਮਰੀਜ਼ ਆਏ !    ਕਾਂਗਰਸੀ ਆਗੂ ਦੇ ਇਕਲੌਤੇ ਪੁੱਤ ਨੇ ਖ਼ੁਦਕੁਸ਼ੀ ਕੀਤੀ !    ਚੰਡੀਗੜ੍ਹ : ਕਰੋਨਾ ਪੀੜਤ ਬਜ਼ੁਰਗ ਔਰਤ ਦੀ ਮੌਤ !    

ਕਰਤਾਰਪੁਰ ਲਾਂਘੇ ਬਾਰੇ ਪਾਕਿ ਦੇ ਮਾੜੇ ਇਰਾਦੇ ਬੇਨਕਾਬ: ਕੈਪਟਨ

Posted On December - 2 - 2019

ਪਾਕਿ ਮੰਤਰੀ ਵੱਲੋਂ ਲਾਂਘੇ ਦਾ ਸਿਹਰਾ ਫ਼ੌਜ ਮੁਖੀ ਬਾਜਵਾ ਨੂੰ ਦਿੱਤੇ ਜਾਣ ਮਗਰੋਂ ਮੁੱਖ ਮੰਤਰੀ ਵੱਲੋਂ ਚਿਤਾਵਨੀ

ਬਲਵਿੰਦਰ ਜੰਮੂ
ਚੰਡੀਗੜ੍ਹ, 1 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਦਾ ਇਹ ਬਿਆਨ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ‘ਦਿਮਾਗ ਦੀ ਕਾਢ’ ਹੈ, ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕਦਾ ਹੈ।
ਪਾਕਿਸਤਾਨੀ ਮੰਤਰੀ ਦੇ ਇਸ ਖੁਲਾਸੇ ’ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਅੱਜ ਕੈਪਟਨ ਨੇ ਕਿਹਾ ਕਿ ਇਸ ਮੁੱਦੇ ’ਤੇ ਉਨ੍ਹਾਂ ਵੱਲੋਂ ਜਤਾਏ ਖ਼ਦਸ਼ਿਆਂ ਦੀ ਪੁਸ਼ਟੀ ਹੋਈ ਹੈ। ਰਸ਼ੀਦ ਨੇ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਦਾ ਪਰਦਾਫ਼ਾਸ਼ ਕਰ ਦਿੱਤਾ ਹੈ ਜਦਕਿ ਭਾਰਤ ਨੂੰ ਉਮੀਦ ਸੀ ਕਿ ਇਹ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਦਾ ਪੁਲ ਬਣੇਗਾ। ਮੁੱਖ ਮੰਤਰੀ ਨੇ ਰਸ਼ੀਦ ਦੀ ਇਸ ਟਿੱਪਣੀ ਦਾ ਵੀ ਸਖ਼ਤ ਨੋਟਿਸ ਲਿਆ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਇਹ ਲਾਂਘਾ ਭਾਰਤ ਨੂੰ ਠੇਸ ਪਹੁੰਚਾਏਗਾ ਤੇ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜ਼ਖ਼ਮ ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ। ਇਨ੍ਹਾਂ ਟਿੱਪਣੀਆਂ ਨੂੰ ਭਾਰਤ ਦੀ ਸੁਰੱਖਿਆ ਤੇ ਅਖੰਡਤਾ ਲਈ ਖ਼ਤਰਾ ਦੱਸਦਿਆਂ ਕੈਪਟਨ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤਫ਼ਹਿਮੀ ਪੈਦਾ ਕਰਨ ਦਾ ਯਤਨ ਨਾ ਕਰੇ। ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ਲਾਂਘਾ ਖੁੱਲ੍ਹਣ ਲਈ ਸਾਡੇ ਵੱਲੋਂ ਕੀਤੇ ਧੰਨਵਾਦ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਭਾਰਤ ਮੂੰਹ-ਤੋੜਵਾਂ ਜਵਾਬ ਦੇਵੇਗਾ। ਕੈਪਟਨ ਨੇ ਜ਼ਿਕਰ ਕੀਤਾ ਕਿ ਉਹ ਹਮੇਸ਼ਾ ਇਹੀ ਕਹਿੰਦੇ ਆਏ ਹਨ ਕਿ ਸਿੱਖ ਹੋਣ ਨਾਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਤੇ ਇਸ ਰਾਹੀਂ ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਪੂਰੀ ਹੋਈ ਹੈ। ਪਰ ਲਾਜ਼ਮੀ ਤੌਰ ’ਤੇ ਮੁਲਕ ਲਈ ਕਿਸੇ ਖ਼ਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਪਟਨ ਕਈ ਮੌਕਿਆਂ ’ਤੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਰਹੇ ਹਨ ਕਿ ਗੁਆਂਢੀ ਮੁਲਕ ਲਾਂਘਾ ਖੋਲ੍ਹ ਕੇ ਸਿੱਖਾਂ ਨੂੰ ਆਈਐੱਸਆਈ ਦੇ ਏਜੰਡੇ ‘ਰੈਫਰੈਂਡਮ 2020’ (ਰਾਇਸ਼ੁਮਾਰੀ) ਲਈ ਭੜਕਾਉਣ ਦੀ ਕੋਸ਼ਿਸ਼ ਨਾ ਕਰੇ।

‘ਸਿੱਧੂ ਪਾਕਿ ਸਰਕਾਰ ਨਾਲ ਮੇਲ-ਮਿਲਾਪ ਮੌਕੇ ਚੌਕਸ ਰਹੇ’

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯਾਦ ਰਹੇ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਦੇ ਫ਼ੈਸਲੇ ਦਾ ਖ਼ੁਲਾਸਾ ਕੀਤਾ ਸੀ। ਕੈਪਟਨ ਨੇ ਕਿਹਾ ਕਿ ਫ਼ੌਜ ਮੁਖੀ ਨੇ ਸਿੱਧੂ ਨਾਲ ਉਸ ਵੇਲੇ ਗੱਲ ਕੀਤੀ ਸੀ ਜਦ ਅਜੇ ਇਮਰਾਨ ਨੇ ਅਹੁਦਾ ਵੀ ਨਹੀਂ ਸੰਭਾਲਿਆ ਸੀ। ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਇਮਰਾਨ ਖ਼ਾਨ ਸਰਕਾਰ ਨਾਲ ਮੇਲ-ਮਿਲਾਪ ਮੌਕੇ ਚੌਕਸੀ ਵਰਤਣ। ਪਾਕਿ ਪ੍ਰਧਾਨ ਮੰਤਰੀ ਨਾਲ ਆਪਣੀ ਦੋਸਤੀ ਦਾ ਕਿਸੇ ਵੀ ਢੰਗ ਨਾਲ ਆਪਣੇ ਫ਼ੈਸਲਿਆਂ ’ਤੇ ਪ੍ਰਭਾਵ ਨਾ ਕਬੂਲਣ ਕਿਉਂਕਿ ਇਹ ਭਾਰਤ ਦੇ ਹਿੱਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ।

ਲਾਂਘੇ ਬਾਰੇ ਪਾਕਿ ਮੰਤਰੀ ਦਾ ਬਿਆਨ ਮੰਦਭਾਗਾ: ਲੌਂਗੋਵਾਲ

ਪਟਿਆਲਾ (ਰਵੇਲ ਸਿੰਘ ਭਿੰਡਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਜਿੱਥੇ ਭਾਰਤ-ਪਾਕਿਸਤਾਨ ਬਿਹਤਰ ਸਬੰਧਾਂ ਦੀ ਆਸ ਬੱਝੀ ਹੈ, ਉੱਥੇ ਹੀ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤਾ ਗਿਆ ਬਿਆਨ ਮੰਦਭਾਗਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅੱਜ ਜਦੋਂ ਸਿੱਖਾਂ ਦੀਆਂ ਅਰਦਾਸਾਂ ਨਾਲ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਤਾਂ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਵੱਲੋਂ ਇਹ ਬਿਆਨ ਦੇਣਾ ਕਿ ਲਾਂਘਾ ਖੋਲ੍ਹਣ ਪਿੱਛੇ ਫ਼ੌਜ ਮੁਖੀ ਬਾਜਵਾ ਦਾ ਹੱਥ ਸੀ, ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਜਿੱਥੇ ਭਾਰਤ- ਪਾਕਿ ਸਬੰਧ ਬਿਹਤਰ ਹੋਣ ਦੀ ਆਸ ਬੱਝੀ ਹੈ, ਉੱਥੇ ਹੀ ਪਾਕਿਸਤਾਨ ਦੇ ਰੇਲਵੇ ਮੰਤਰੀ ਵੱਲੋਂ ਦਿੱਤੇ ਬਿਆਨ ਨੇ ਕਾਫ਼ੀ ਠੇਸ ਪਹੁੰਚਾਈ ਹੈ, ਉਨ੍ਹਾਂ ਦਾ ਬਿਆਨ ਕੁੜੱਤਣ ਪੈਦਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ-ਪਾਕਿਸਤਾਨ ਸਰਕਾਰਾਂ ਦੇ ਯਤਨਾਂ ਨਾਲ ਖੁੱਲ੍ਹਿਆ ਹੈ। ਅੱਜ ਜਦੋਂ ਵੱਡੀ ਗਿਣਤੀ ਸੰਗਤ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨ ਦੇ ਦਰਸ਼ਨ ਕਰ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ ਤਾਂ ਅਜਿਹੇ ’ਚ ਸ਼ੇਖ ਰਸ਼ੀਦ ਨੇ ਆਪਣੀ ਹੀ ਸਰਕਾਰ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਲਟ ਬਿਆਨ ਦਿੱਤਾ ਹੈ। ਦੂਜੇ ਪਾਸੇ ਭਾਰਤ ਸਰਕਾਰ ਨੂੰ ਵੀ ਇਹ ਬਿਆਨ ਚੁੱਭਦਾ ਰਹੇਗਾ, ਜਿਸ ਨਾਲ ਆਪਸੀ ਸਬੰਧਾਂ ’ਚ ਕੁੜੱਤਣ ਆਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕੇਟਿਵ ਮੈਂਬਰ ਕੁਲਦੀਪ ਕੌਰ ਟੌਹੜਾ ਤੇ ਸ਼ਵਿੰਦਰ ਸਿੰਘ ਸੱਭਰਵਾਲ ਹਾਜ਼ਰ ਸਨ।


Comments Off on ਕਰਤਾਰਪੁਰ ਲਾਂਘੇ ਬਾਰੇ ਪਾਕਿ ਦੇ ਮਾੜੇ ਇਰਾਦੇ ਬੇਨਕਾਬ: ਕੈਪਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.