ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਇੰਗਲੈਂਡ, ਕੈਨੇਡਾ ਤੇ ਅਮਰੀਕਾ ਵੱਲੋਂ ਜਿੱਤਾਂ ਦਰਜ

Posted On December - 2 - 2019

ਦੇਸਰਾਜ/ਪਾਲ ਸਿੰਘ ਨੌਲੀ
ਸੁਲਤਾਨਪੁਰ ਲੋਧੀ/ਜਲੰਧਰ, 1 ਦਸੰਬਰ

ਟੂਰਨਾਮੈਂਟ ਦਾ ਆਗਾਜ਼ ਕਰਵਾਉਂਦੇ ਹੋਏ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ।

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦਾ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਆਗਾਜ਼ ਹੋ ਗਿਆ, ਜਿਨ੍ਹਾਂ ਦਾ ਉਦਘਾਟਨ ਪੰਜਾਬ ਦੇ ਖੇਡ ਅਡੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਤਿੰਨ ਲੀਗ ਮੈਚ ਖੇਡੇ ਗਏ। ਪਹਿਲਾ ਮੈਚ ਇੰਗਲੈਂਡ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿੱਚ ਇੰਗਲੈਂਡ ਨੇ ਇਕਪਾਸੜ ਮੁਕਾਬਲੇ ਵਿਚ 66-21 ਨਾਲ ਜਿੱਤ ਦਰਜ ਕੀਤੀ। ਦੂਜੇ ਮੈਚ ਵਿੱਚ ਕੈਨੇਡਾ ਨੇ ਕੀਨੀਆ ਨੂੰ 57-30 ਅੰਕਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਤੀਜੇ ਦਿਲਚਸਪ ਮੁਕਾਬਲੇ ਵਿੱਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ 48-42 ਅੰਕਾਂ ਦੇ ਫ਼ਰਕ ਨਾਲ ਮਾਤ ਦਿੱਤੀ।
ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਦਾ ਪਵਿੱਤਰ ਨਗਰੀ ਪਹੁੰਚਣ ’ਤੇ ਸਵਾਗਤ ਕੀਤਾ। ਖੇਡ ਮੰਤਰੀ ਰਾਣਾ ਸੋਢੀ ਨੇ ਟੂਰਨਾਮੈਂਟ ਵਿੱਚ ਸ਼ਿਰਕਤ ਕਰ ਰਹੀਆਂ ਅੱਠ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਟੀਮਾਂ ਦੇ ਕਪਤਾਨਾਂ ਨਾਲ ਜਾਣ-ਪਛਾਣ ਵੀ ਕੀਤੀ। ਉਨ੍ਹਾਂ ਦੱਸਿਆ ਕਿ ਚਿਰਾਂ ਤੋਂ ਉਡੀਕੇ ਜਾ ਰਹੇ ਇਸ ਟੂਰਨਾਮੈਂਟ ਦੇ ਮੁਕਾਬਲੇ 10 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਕੰਠ ਕਲੇਰ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾਾ। ਇਸ ਤੋਂ ਇਲਾਵਾ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਵੀ ਪਈਆਂ।
ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਮੇਜ਼ਬਾਨ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਸ੍ਰੀਲੰਕਾ ਹਨ ਜਦਕਿ ਪੂਲ ‘ਬੀ’ ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ। ਇਨ੍ਹਾਂ ਟੀਮਾਂ ਵਿੱਚ 144 ਖਿਡਾਰੀ ਅਤੇ ਪ੍ਰਬੰਧਕੀ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਦੇ ਮੈਚ ਸੁਲਤਾਨਪੁਰ ਲੋਧੀ ਤੋਂ ਇਲਾਵਾ ਅੰਮ੍ਰਿਤਸਰ, ਫ਼ਿਰੋਜ਼ਪੁਰ, ਬਠਿੰਡਾ, ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣਗੇ। ਫਾਈਨਲ 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਚੈਂਪੀਅਨ ਟੀਮ ਨੂੰ 25 ਲੱਖ, ਉਪ ਜੇਤੂ ਨੂੰ 15 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਡੀਸੀ ਕਪੂਰਥਲਾ ਇੰਜ: ਡੀਪੀਐੱਸ ਖਰਬੰਦਾ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਏਡੀਸੀ (ਵਿਕਾਸ) ਅਵਤਾਰ ਸਿੰਘ ਭੁੱਲਰ, ਪਨਸਪ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਅਤੇ ਪੰਜਾਬ ਯੁਵਕ ਵਿਕਾਸ ਬੋਰਡ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਮੌਜੂਦ ਸਨ।

ਲਾਂਘਾ ਖੁੱਲ੍ਹਣ ਦੇ ਬਾਵਜੂਦ ਪਾਕਿ ਖਿਡਾਰੀਆਂ ਨੂੰ ਨਹੀਂ ਮਿਲਿਆ ਵੀਜ਼ਾ

ਕੌਮਾਂਤਰੀ ਕਬੱਡੀ ਦੌਰਾਨ ਹੋਏ ਮੈਚ ਦਾ ਦ੍ਰਿਸ਼।

ਜਲੰਧਰ (ਸੁਲਤਾਨਪੁਰ ਲੋਧੀ): ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਮੁਲਕਾਂ ਦੀਆਂ ਅੱਠ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਪਾਕਿਸਤਾਨ ਦੀ ਕਬੱਡੀ ਟੀਮ ਦੇ ਆਉਣ ਬਾਰੇ ਕਿਹਾ ਜਾ ਰਿਹਾ ਸੀ ਪਰ ਭਾਰਤ ਸਰਕਾਰ ਵੱਲੋਂ ਵੀਜ਼ਾ ਨਾ ਮਿਲਣ ਕਾਰਨ ਉਥੋਂ ਦੀ ਟੀਮ ਨਹੀਂ ਆ ਸਕੀ। ਕੈਨੇਡਾ ਦੀ ਟੀਮ ਨੂੰ ਵੀ ਵੀਜ਼ਾ ਲੈਣ ਵਿੱਚ ਪ੍ਰੇਸ਼ਾਨੀ ਆਈ ਦੱਸੀ ਜਾਂਦੀ ਹੈ। ਆਖ਼ਰੀ ਮੌਕੇ ’ਤੇ ਕੈਨੇਡਿਆਈ ਖਿਡਾਰੀਆਂ ਨੂੰ ਵੀਜ਼ਾ ਮਿਲਿਆ। ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਇਹ ਪਹਿਲਾ ਮੌਕਾ ਸੀ, ਜਦੋਂ ਲਹਿੰਦੇ ਪੰਜਾਬ ਦੇ ਕਬੱਡੀ ਖਿਡਾਰੀਆਂ ਨੇ ਸੁਲਤਾਨਪੁਰ ਲੋਧੀ ਖੇਡਣ ਆਉਣਾ ਸੀ। -ਨਿੱਜੀ ਪੱਤਰ ਪ੍ਰੇਰਕ

 


Comments Off on ਇੰਗਲੈਂਡ, ਕੈਨੇਡਾ ਤੇ ਅਮਰੀਕਾ ਵੱਲੋਂ ਜਿੱਤਾਂ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.