ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼

Posted On December - 8 - 2019

ਜਸਵੰਤ ਸਿੰਘ ਮੱਤੀ

ਸੰਘਰਸ਼ਸ਼ੀਲ ਆਗੂ ਤੇ ਲੋਕ-ਸ਼ਾਇਰ ਬੂਟਾ ਸਿੰਘ ਦਾ ਜਨਮ ਪਿਤਾ ਮੋਹਨ ਸਿੰਘ ਅਤੇ ਮਾਤਾ ਪਾਰੋ ਦੇ ਘਰ ਪਿੰਡ ਕਰਤਾਰਪੁਰ (ਜ਼ਿਲ੍ਹਾ ਗੁੱਜਰਾਂਵਾਲਾ, ਪਾਕਿਸਤਾਨ) ਵਿਖੇ ਹੋਇਆ। ਬੂਟਾ ਸਿੰਘ ਹੋਰੀਂ ਪੰਜ ਭਰਾ ਸਨ। ਚਾਰ ਏਕੜ ਜ਼ਮੀਨ ਸੀ ਅਤੇ ਕੱਚਾ ਘਰ ਸੀ। ਬਚਪਨ ’ਚ ਬੂਟਾ ਸਿੰਘ ਮੱਝਾਂ ਚਾਰਨ ਦਾ ਕੰਮ ਕਰਦਾ ਸੀ। ਅਚਾਨਕ ਮੱਝਾਂ ਕਿਸੇ ਗੁਆਂਢੀ ਦੇ ਖੇਤ ਜਾ ਵੜੀਆਂ। ਮੱਝਾਂ ਵੜਨ ਪਿੱਛੇ ਗੁਆਂਢੀਆਂ ਨਾਲ ਲੜਾਈ ਝਗੜਾ ਵਧ ਗਿਆ। ਇਹ ਕੇਸ ਕਾਫ਼ੀ ਸਮਾਂ ਅਦਾਲਤ ਵਿਚ ਚਲਦਾ ਰਿਹਾ। ਅਦਾਲਤ ਨੇ ਬੂਟਾ ਸਿੰੰਘ ਦੇ ਪਿਤਾ ਅਤੇ ਦੋਵੇਂ ਤਾਇਆਂ ਨੂੰ ਵੀਹ-ਵੀਹ ਸਾਲ ਦੀ ਸਜ਼ਾ ਸੁਣਾਈ ਜਿਸ ਸਜ਼ਾ ਤਹਿਤ ਕਾਲੇਪਾਣੀ ਭੇਜਣ ਦਾ ਹੁਕਮ ਜਾਰੀ ਹੋਇਆ।
ਅਖੀਰ ਹਿੱਸੇ ਦੀ ਜ਼ਮੀਨ ਗਹਿਣੇ ਧਰਕੇ ਮਾਲ-ਪਸ਼ੂ ਤੇ ਭਾਂਡੇ-ਟੀਂਡੇ ਵੇਚ ਕੇ ਉਨ੍ਹਾਂ ਦਾ ਪਰਿਵਾਰ ਅਕਾਲਗੜ੍ਹ ਦੇ ਰੇਲਵੇ ਸ਼ਟੇਸ਼ਨ ਤੋਂ ਰੇਲਗੱਡੀ ਰਾਹੀਂ ਕਲਕੱਤੇ ਪਹੁੰਚਿਆ ਅਤੇ ਕਲਕੱਤੇ ਤੋਂ ਅੱਗੇ ਸਮੁੰਦਰੀ ਜਹਾਜ਼ ਰਾਹੀਂ ਅੰਡੇਮਾਨ ਟਾਪੂ ’ਤੇ ਪਹੁੰਚ ਗਿਆ।
ਰਾਜਸੀ ਕੈਦੀਆਂ ਨੂੰ ਸੈਲੂਲਰ ਜੇਲ੍ਹ ’ਚ ਰੱਖਿਆ ਜਾਂਦਾ ਸੀ। ਕਤਲ ਕੇਸ ਜਾਂ ਹੋਰ ਦੋਸ਼ਾਂ ’ਚ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਛੇ ਮਹੀਨੇ ਸੈਲੂਲਰ ਜੇਲ੍ਹ ’ਚ ਰਹਿਣਾ ਪੈਂਦਾ ਸੀ ਤੇ ਬਾਅਦ ਵਿਚ ਇਨ੍ਹਾਂ ਨੂੰ ਬਸਤੀਆਂ ਵਿਚ ਰੱਖਿਆ ਜਾਂਦਾ ਸੀ, ਪਰ ਇਨ੍ਹਾਂ ਕੈਦੀਆਂ ਨੂੰ ਸਾਰਾ ਕੰਮਕਾਰ ਸਰਕਾਰ ਦਾ ਹੀ ਕਰਨਾ ਪੈਂਦਾ।
ਦੂਜੀ ਆਲਮੀ ਜੰਗ ਦੌਰਾਨ 1942 ਵਿਚ ਜਪਾਨੀਆਂ ਨੇ ਅੰਡੇਮਾਨ ਟਾਪੂ ’ਤੇ ਕਬਜ਼ਾ ਕਰ ਲਿਆ। ਜਪਾਨੀਆਂ ਅਤੇ ਚੀਨੀਆਂ ਵਿਚਕਾਰ ਅੰਨ੍ਹੇਵਾਹ ਮਾਰ-ਧਾੜ ਹੋਈ। ਟਾਪੂ ’ਤੇ ਰਹਿ ਰਹੇ ਕੈਦੀਆਂ ਦਾ ਰਾਸ਼ਨ-ਪਾਣੀ ਬੰਦ ਕਰ ਦਿੱਤਾ ਗਿਆ। ਟਾਪੂ ’ਤੇ ਭੁੱਖਮਰੀ ਫੈਲ ਗਈ। ਲੋਕ ਬਿਮਾਰ ਹੋਣ ਲੱਗੇ। ਬੂਟਾ ਸਿੰਘ ਦੇ ਤਿੰਨ ਭਰਾ ਮਹਾਂਮਾਰੀ ਦਾ ਸ਼ਿਕਾਰ ਹੋ ਗਏ। ਬੂਟਾ ਸਿੰਘ ਵੀ ਬਿਮਾਰ ਹੋਣ ਕਾਰਨ ਹਸਪਤਾਲ ਵਿਚ ਦਾਖਲ ਸੀ। ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਹਸਪਤਾਲ ਵਿਚ ਜਪਾਨੀ ਡਾਕਟਰ ਆ ਕੇ ਮਰੀਜ਼ਾਂ ਦਾ ਤਸੱਲੀਬਖ਼ਸ਼ ਇਲਾਜ ਕਰ ਰਹੇ ਸਨ। ਛੇ ਮਹੀਨੇ ਬਾਅਦ ਬੂਟਾ ਸਿੰਘ ਠੀਕ ਹੋਇਆ ਤਾਂ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਬਿਮਾਰੀ ਨਾਲ ਉਸ ਦੇ ਮਾਂ-ਬਾਪ ਇਸ ਸੰਸਾਰ ਤੋਂ ਤੁਰ ਗਏ। ਇਉਂ ਬੂਟਾ ਸਿੰਘ ਕਾਲੇਪਾਣੀ ਦੀ ਸਜ਼ਾ ਦੌਰਾਨ ਆਪਣੇ ਤਿੰਨ ਭਰਾਵਾਂ ਤੇ ਮਾਂ-ਬਾਪ ਨੂੰ ਗੁਆ ਚੁੱਕਾ ਸੀ। ਸਜ਼ਾ ਪੂਰੀ ਹੋਣ ਉਪਰੰਤ ਉਹ ਪੰਦਰਾਂ ਵਰ੍ਹਿਆਂ ਦੀ ਉਮਰ ’ਚ ਮੁੜ ਕਰਤਾਰਪੁਰ (ਪਾਕਿਸਤਾਨ) ਆ ਗਿਆ ਸੀ।
ਬੂਟਾ ਸਿੰਘ ਨੇ ਦੱਸਿਆ ਕਿ ਮੁੜ ਕਰਤਾਰਪੁਰ ਆ ਕੇ ਬੜੀ ਮਿਹਨਤ ਤੇ ਮਜ਼ਦੂਰੀ ਕਰਕੇ ਗਹਿਣੇ ਪਈ ਜ਼ਮੀਨ ਛੁਡਾ ਲਈ। ਗੁਜ਼ਾਰਾ ਕਰਨ ਲਈ ਮੱਝਾਂ ਵੀ ਲੈ ਲਈਆਂ ਸਨ। ਜ਼ਿੰਦਗੀ ਮੁੜ ਲੀਹ ’ਤੇ ਆ ਗਈ ਸੀ। ਅਚਾਨਕ ਫੇਰ ਨਵੀਂ ਆਫ਼ਤ ਆ ਪਈ, ਜਦੋਂ ਗੁਆਂਢੀ ਪਿੰਡ ਦੇ ਮੁਸਲਮਾਨਾਂ ਨੇ ਆ ਕੇ ਦੱਸਿਆ ਕਿ ਸਾਡੇ ਪਿੰਡ ’ਤੇ ਹਮਲਾ ਹੋਣ ਵਾਲਾ ਹੈ। ਹਿੰਦੂ ਅਤੇ ਮੁਸਲਮਾਨਾਂ ਨੂੰ ਅੱਡ ਅੱਡ ਕੀਤਾ ਜਾ ਰਿਹਾ ਹੈ। ਅਗਲੇ ਹੀ ਦਿਨ ਚਾਰ-ਪੰਜ ਫ਼ੌਜੀ ਜਵਾਨ ਆਏ ਤੇ ਉਨ੍ਹਾਂ ਨੇ ਕਿਹਾ ਕਿ ਪਿੰੰਡ ਖਾਲੀ ਕਰ ਦਿਓ, ਨਹੀਂ ਤਾਂ ਮਾਰੇ ਜਾਓਗੇ। ਲੋਕਾਂ ’ਚ ਹਫੜਾ-ਦਫੜੀ ਮੱਚ ਗਈ। ਸਾਰਿਆਂ ਨੇ ਆਪੋ-ਆਪਣਾ ਲੋੜੀਂਦਾ ਸਾਮਾਨ ਬੰਨ੍ਹ ਲਿਆ ਤੇ ਅਕਾਲਗੜ੍ਹ ਦੇ ਰਫ਼ਿਊਜੀ ਕੈਂਪ ਵੱਲ ਚੱਲ ਪਏ। ਸਾਰੇ ਪਿੰਡਾਂ ਦੇ ਹਿੰਦੂ ਤਬਕੇ ਦੇ ਲੋਕ ਰਫ਼ਿਊਜੀ ਕੈਂਪ ’ਚ ਇਕੱਠੇ ਕਰ ਲਏ ਗਏ ਸਨ। ਦੋ ਦਿਨ ਰਫ਼ਿਊਜੀ ਕੈਂਪ ’ਚ ਰੱਖਣ ਤੋਂ ਬਾਅਦ ਸਾਰਿਆਂ ਨੂੰ ਇਕ ਟਰੱਕ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ। ਅੰਮ੍ਰਿਤਸਰ ਤੋਂ ਰੇਲਗੱਡੀ ਰਾਹੀਂ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ। ਰਾਜਪੁਰੇ ਤੋਂ ਫਿਰ ਟਰੱਕ ਰਾਹੀਂ ਬੁਢਲਾਡੇ ਨੇੜਲੇ ਪਿੰਡ ਡਸਕਾ ਵਿਖੇ ਲਿਆਂਦਾ ਗਿਆ।
ਪਿੰਡ ਦੇ ਬਹੁਤ ਸਾਰੇ ਲੋਕ ਬਾਹਰੋਂ ਆਏ ਲੋਕਾਂ ਦਾ ਹਾਲ-ਚਾਲ ਪੁੱਛ ਰਹੇ ਸਨ। ਬੂਟਾ ਸਿੰਘ ਨੂੰ ਘਰ ਅਲਾਟ ਹੋ ਗਿਆ ਸੀ ਤੇ ਸੌ ਵਿੱਘੇ ਜ਼ਮੀਨ ਮਿਲ ਗਈ ਸੀ। ਪਿੰਡ ਵਿਚ ਕੋਈ ਸਕੂਲ ਨਹੀਂ ਸੀ। ਬੂਟਾ ਸਿੰਘ ਅਜੇ ਹੋਰ ਪੜ੍ਹਨਾ ਚਾਹੁੰਦਾ ਸੀ। ਉਸ ਨੂੰ ਪਤਾ ਲੱਗਿਆ ਕਿ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਵਿਖੇ ਯਤੀਮ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ ਹੈ। ਬੂਟਾ ਸਿੰਘ ਆਪਣੇ ਪੜ੍ਹਨ ਦੇ ਦ੍ਰਿੜ੍ਹ ਇਰਾਦੇ ਨੂੰ ਲੈ ਕੇ ਤਲਵੰਡੀ ਸਾਬੋ ਵੱਲ ਚੱਲ ਪਿਆ, ਪਰ ਰਾਹ ਵਿਚ ਰਾਤ ਪੈ ਗਈ। ਰਾਤ ਠਹਿਰਣ ਲਈ ਪਿੰਡ ਬਾਜੇਵਾਲਾ ਦੇ ਗੁਰਦੁਆਰੇ ਵਿਚ ਚਲਾ ਗਿਆ। ਗੁਰੂਘਰ ਦੇ ਗ੍ਰੰਥੀ ਸਿੰਘ ਨੇ ਉਸ ਤੋਂ ਸਾਰੀ ਪੁੱਛਗਿੱਛ ਕਰਕੇ ਰਾਤ ਠਹਿਰਣ ਦਾ ਪ੍ਰਬੰਧ ਕੀਤਾ। ਅਗਲੇ ਦਿਨ ਸਵੇਰ ਹੁੰਦਿਆਂ ਹੀ ਗ੍ਰੰਥੀ ਸਿੰਘ ਨੇ ਬੂਟਾ ਸਿੰਘ ਨੂੰ ਆਪਣੇ ਗੁਰੂਘਰ ’ਚ ਹੀ ਡਾਲੀ ਕਰਨ ਦੀ ਸੇਵਾ ਤੇ ਸਵੇਰੇ-ਸ਼ਾਮ ਨਿੱਤਨੇਮ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਗੁਰਦੁਆਰਾ ਬਾਜੇਵਾਲਾ ਵਿਖੇ ਆਜ਼ਾਦੀ ਘੁਲਾਟੀਏ ਤੇ ਇਨਕਲਾਬੀ ਲੋਕਾਂ ਦਾ ਆਉਣਾ-ਜਾਣਾ ਸੀ। ਲੁਧਿਆਣਾ ਦੀ ਜੇਲ੍ਹ ’ਚੋਂ ਸੁਰੰਗ ਰਾਹੀਂ ਭੇਜੇ ਗੁਰਚਰਨ ਸਿੰਘ ਰੰਧਾਵਾ, ਰਾਜਿੰਦਰ ਸ਼ਰੀਂਹ ਤੇ ਵਧਾਵਾ ਰਾਮ ਇਸੇ ਗੁਰਦੁਆਰੇ ’ਚ ਠਹਿਰੇ ਹੋਏ ਸਨ। ਇਨ੍ਹਾਂ ਪਾਸ ਜਰਨੈਲ ਸਿੰਘ ਝੇਰਿਆਂਵਾਲੀ, ਚੰਨਣ ਸਿੰਘ, ਦਲੀਪ ਸਿੰਘ, ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਜੰਗੀਰ ਸਿੰਘ ਜੋਗਾ, ਹਰਦੇਵ ਸਿੰਘ ਮਾਨਸਾ, ਅਜਮੇਰ ਸਿੰਘ ਤਾਮਕੋਟ ਤੇ ਸਰਵਣ ਸਿੰਘ ਬੀਰ ਸਾਰੇ ਕਾਮਰੇਡ ਗੁਰਦੁਆਰੇ ਵਿਚ ਹੀ ਠਹਿਰਦੇ ਸਨ। ਰਾਤ ਨੂੰ ਗੁਰਦੁਆਰੇ ਦੇ ਇਕ ਬੰਦ ਕਮਰੇ ਵਿਚ ਸਟੱਡੀ ਸਕੂਲ ਲਾਇਆ ਜਾਂਦਾ ਸੀ। ਅਗਲੇ ਕੰਮਾਂ ਦੀ ਰੂਪ-ਰੇਖਾ ਉਲੀਕੀ ਜਾਂਦੀ ਸੀ। ਕਾਮਰੇਡ ਬੂਟਾ ਸਿੰਘ ਸਵੇਰ ਹੁੰਦਿਆਂ ਹੀ ਇਸ ਕਮਰੇ ਨੂੰ ਜਿੰਦਰਾ ਲਾ ਕੇ ਡਾਲੀ ਕਰਨ ਚਲਾ ਜਾਂਦਾ। ਤਕਰੀਬਨ ਦਸ ਵਜੇ ਇਨ੍ਹਾਂ ਸਾਰੇ ਸਾਥੀਆਂ ਨੂੰ ਰੋਟੀ ਪਾਣੀ ਛਕਾਉਂਦਾ। ਉਹ ਵੀ ਰਾਤ ਨੂੰ ਹੁੰਦੀ ਕਾਮਰੇਡਾਂ ਦੀ ਵਿਚਾਰ-ਚਰਚਾ ਨੂੰ ਗਹੁ ਨਾਲ ਸੁਣਦਾ। ਇਕ ਦਿਨ ਉਸ ਨੇ ਦਰਸ਼ਨ ਸਿੰਘ ਅਵਾਰਾ ਦੀ ਕਿਤਾਬ ‘ਬਗਾਵਤ’ ਪੜ੍ਹੀ। ਇਹ ਕਿਤਾਬ ਪੜ੍ਹ ਕੇ ਉਸ ਦਾ ਇਨਕਲਾਬੀ ਵਿਚਾਰਾਂ ਵੱਲ ਝੁਕਾਅ ਵਧ ਗਿਆ। 1952 ਵਿਚ ਅਸੈਂਬਲੀ ਚੋਣ ਹੋਣੀ ਸੀ। ਇਸ ਚੋਣ ਤੋਂ ਪਹਿਲਾਂ ਹੀ ਬੂਟਾ ਸਿੰਘ ਨੇ ਗੁਰਦੁਆਰਿਆਂ ਦੇ ਕਾਰਜਾਂ ਦੀ ਥਾਂ ਆਪਣੀ ਉਮਰ ਲੋਕ ਸੰਘਰਸ਼ਾਂ ਲੇਖੇ ਲਾਉਣ ਦਾ ਅਹਿਦ ਕੀਤਾ।
ਬੂਟਾ ਸਿੰਘ ਨੇ ਆਪਣੇ ਸਾਥੀਆਂ ਹਰਦੇਵ ਸਿੰਘ ਮਾਨਸ਼ਾਹੀਆ, ਸਰਵਣ ਬੀਰ, ਅਜਮੇਰ ਸਿੰਘ ਤਾਮਕੋਟ, ਭੂਰਾ ਸਿੰਘ ਤੇ ਦਲੀਪ ਸਿੰਘ ਬਾਜੇਵਾਲਾ ਨੂੰ ਨਾਲ ਲੈ ਕੇ ਡਰਾਮਾ ਸਕੁਐਡ ਤਿਆਰ ਕੀਤਾ। ਉਹ ਆਪ ਹੀ ਕਵਿਤਾਵਾਂ ਲਿਖਦਾ ਅਤੇ ਆਪ ਹੀ ਗਾਉਂਦਾ ਸੀ। ਉਸ ਦਾ ਆਪਣਾ ਕੋਈ ਪਰਿਵਾਰ ਨਹੀਂ ਸੀ ਤੇ ਨਾ ਹੀ ਆਪਣਾ ਘਰ ਸੀ। ਜਿਸ ਪਿੰਡ ਜਾਂਦਾ ਉਹੀ ਉਸ ਦਾ ਘਰ ਸੀ।
ਲਾਲ ਪਾਰਟੀ ਅੰਦਰ ਕੁਝ ਮਤਭੇਦ ਚੱਲ ਰਹੇ ਸਨ। ਲਾਲ ਪਾਰਟੀ ’ਚ ਚੱਲ ਰਹੇ ਮਤਭੇਦਾਂ ਤੋਂ ਨਿਰਾਸ਼ ਹੋ ਕੇ ਬੂਟਾ ਸਿੰਘ ਨੇ ਮਾਨਸਾ ਰੇਲਵੇ ਸਟੇਸ਼ਨ ਦੇ ਸਾਹਮਣੇ ਕਾਰਾਂ ਦੀ ਵਰਕਸ਼ਾਪ ’ਤੇ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਅਚਾਨਕ 1954 ਵਿਚ ਪੈਪਸੂ ਅਸੈਂਬਲੀ ਦੀਆਂ ਚੋਣਾਂ ਦਾ ਐਲਾਨ ਹੋਇਆ। ਪਾਰਟੀ ਨੂੰ ਅਣਥੱਕ ਕਾਮਿਆਂ ਦੀ ਲੋੜ ਸੀ। ਲਾਲ ਪਾਰਟੀ ਦਾ ਸੀ.ਪੀ.ਆਈ. ਨਾਲ ਰਲੇਵਾਂ ਹੋ ਗਿਆ ਸੀ। ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਚੋਣ ਮੈਦਾਨ ਵਿਚ ਸਨ। ਕਾਮਰੇਡ ਬੂਟਾ ਸਿੰਘ ਨੂੰ ਮਨਾ ਕੇ ਫਿਰ ਹਰਦੇਵ ਸਿੰਘ ਮਾਨਸ਼ਾਹੀਆ ਨਾਲ ਡਰਾਮਾ ਪਾਰਟੀ ’ਚ ਸ਼ਾਮਿਲ ਕੀਤਾ ਗਿਆ।
ਹਰਦੇਵ ਸਿੰਘ ਮਾਨਸ਼ਾਹੀਆ ਨੇ ਬੂਟਾ ਸਿੰਘ ਨੂੰ ਆਪਣਾ ਛੋਟਾ ਭਰਾ ਬਣਾ ਲਿਆ ਸੀ। ਹਰਦੇਵ ਸਿੰਘ ਨੇ ਆਪਣੀ ਜ਼ਮੀਨ ’ਚੋਂ ਪੰਜ ਏਕੜ ਜ਼ਮੀਨ ਬੂਟਾ ਸਿੰਘ ਦੇ ਨਾਂ ਲਵਾ ਦਿੱਤੀ ਸੀ। 1954, 1957, 1967 ਤੇ 1977 ਲਗਾਤਾਰ ਸਾਰੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੂਟਾ ਸਿੰਘ ਨੇ ਹਰਦੇਵ ਸਿੰਘ ਮਾਨਸ਼ਾਹੀਆ, ਸਰਵਣ ਬੀਰ ਤੇ ਦਲੀਪ ਸਿੰਘ ਬਾਜੇਵਾਲਾ ਨਾਲ ਮਿਲ ਕੇ ਡਰਾਮਾ ਪਾਰਟੀ ’ਚ ਕੰਮ ਕੀਤਾ। ਸਾਰੇ ਸਾਥੀਆਂ ਨਾਲ ਮਿਲ ਕੇ ਸਾਰੀਆਂ ਵਿਧਾਨ ਸਭਾ ਚੋਣਾਂ ਵਿਚ ਅਣਥੱਕ ਹੋ ਕੇ ਦਿਨ-ਰਾਤ ਸੇਵਾਵਾਂ ਨਿਭਾਉਂਦਾ ਰਿਹਾ।
1980 ਵਿਚ ਪੰਜਾਬ ਵਿਚ ਮੱਧਕਾਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ। ਸੀ.ਪੀ.ਆਈ. ਵੱਲੋਂ ਹਲਕਾ ਮਾਨਸਾ ਤੋਂ ਕਾਮਰੇਡ ਬੂਟਾ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ। ਕਾਮਰੇਡ ਦਾ ਮੁਕਾਬਲਾ ਇੰਦਰਾ ਗਾਂਧੀ ਦੇ ਨੇੜਲੇ ਤਰਲੋਚਨ ਸਿੰਘ ਰਿਆਸਤੀ ਵਿਚਕਾਰ ਸੀ। ਤਰਲੋਚਨ ਸਿੰਘ ਰਿਆਸਤੀ ਪਾਸ 124 ਗੱਡੀਆਂ ਦਾ ਕਾਫ਼ਲਾ ਸੀ, ਪਰ ਕਾਮਰੇਡਾਂ ਪਾਸ ਆਪੋ-ਆਪਣੇ ਸਾਈਕਲ ਤੇ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਸਨ।
ਹਲਕੇ ਦੇ ਕਾਂਗਰਸੀ ਬਾਹਰਲਾ ਉਮੀਦਵਾਰ ਹੋਣ ਕਾਰਨ ਰਿਆਸਤੀ ’ਤੇ ਗੁੱਸੇ ਸਨ। ਅਖੀਰ ਨਤੀਜੇ ਆਉਣ ’ਤੇ 8632 ਵੋਟਾਂ ਦੇ ਫ਼ਰਕ ਨਾਲ ਬੂਟਾ ਸਿੰਘ ਹਲਕਾ ਮਾਨਸਾ ਤੋਂ ਵਿਧਾਇਕ ਚੁਣਿਆ ਗਿਆ।
ਵਿਧਾਇਕ ਬਣਨ ਤੋਂ ਬਾਅਦ ਉਸ ਨੇ ਆਪਣਾ ਘਰ ਵਸਾਉਣ ਦਾ ਮਨ ਬਣਾ ਲਿਆ। ਉਸ ਨੇ ਰਾਮਪੁਰਾ ਫੂਲ ਦੀ ਜੰਮਪਲ ਦਰਸ਼ਨਾ ਦੇਵੀ ਨੂੰ ਆਪਣੀ ਹਮਸਫ਼ਰ ਬਣਾ ਲਿਆ। 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੂਟਾ ਸਿੰਘ ਨੂੰ ਫਿਰ ਉਮੀਦਵਾਰ ਬਣਾਇਆ ਗਿਆ। ਇਨ੍ਹਾਂ ਚੋਣਾਂ ਦੌਰਾਨ ਬੂਟਾ ਸਿੰਘ ਨੂੰ 64 ਅਤੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 36 ਹੋਣ ਦੇ ਬਾਵਜੂਦ ਜੇਤੂ ਕਰਾਰ ਦਿੱਤਾ ਗਿਆ, ਪਰ ਪੰਜ ਸੱਤ ਸਾਲ ਕੇਸ ਸੁਪਰੀਮ ਕੋਰਟ ਵਿਚ ਚਲਦਾ ਰਿਹਾ। 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੂਟਾ ਸਿੰਘ ਨੂੰ ਫਿਰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ, ਪਰ ਉਸ ਸਮੇਂ ਉਹ 1700 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ। 1992 ਵਿਚ ਮਾਨਸਾ ਜ਼ਿਲ੍ਹਾ ਬਣ ਗਿਆ ਸੀ। ਸੀ.ਪੀ.ਆਈ. ਵੱਲੋਂ ਬੂਟਾ ਸਿੰਘ ਨੂੰ ਮਾਨਸਾ ਜ਼ਿਲ੍ਹੇ ਦਾ ਜਰਨਲ ਸਕੱਤਰ ਬਣਾਇਆ ਗਿਆ। ਅਣਥੱਕ ਘਾਲਣਾ ਘਾਲਣ ਵਾਲੇ ਬੂਟਾ ਸਿੰਘ ਦਾ 30 ਨਵੰਬਰ ਦੀ ਰਾਤ ਨੂੰ ਦੇਹਾਂਤ ਹੋ ਗਿਆ।

ਸੰਪਰਕ: 98785-47007


Comments Off on ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.