ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ

Posted On December - 13 - 2019

ਗੁਰਚਰਨ ਨੂਰਪੁਰ

ਸਿੱਖਿਆ ਨੂੰ ਇੱਕ ਸਿਸਟਮ ਅਨੁਸਾਰ ਚਲਾਉਣ ਦੀ ਸ਼ੁਰੂਆਤ ਯੂਨਾਨ ਦੇ ਦਾਰਸ਼ਨਿਕ ਪਲੈਟੋ ਨੇ ਲਗਪਗ 400 ਈਸਵੀ ਪੂਰਵ ਯਾਨੀ ਅੱਜ ਤੋਂ ਚੌਵੀ ਸੌ ਸਾਲ ਪਹਿਲਾਂ ਯੂਨਾਨ ਵਿੱਚ ਕੀਤੀ। ਪਲੈਟੋ ਨੇ ਰਵਾਇਤੀ ਸਿੱਖਿਆ ਨੂੰ ਤਿੰਨ ਭਾਗਾਂ ਵਿੱਚ ਵੰਡਿਆ, ਪ੍ਰਾਇਮਰੀ ਸਿੱਖਿਆ, ਮਾਧਮਿਕ ਸਿੱਖਿਆ ਅਤੇ ਉੱਚ ਸਿੱਖਿਆ। ਪਲੈਟੋ ਹੀ ਸੀ, ਜਿਸ ਨੇ ਪਹਿਲੀ ਵਾਰ ਮਰਦਾਂ ਦੇ ਨਾਲ ਇਸਤਰੀ ਨੂੰ ਸਿੱਖਿਅਤ ਕਰਨ ਦਾ ਸਮਰਥਨ ਕੀਤਾ। ਪਲੈਟੋ ਜਿਸ ਨੂੰ ਅਫਲਾਤੂਨ ਵੀ ਕਿਹਾ ਜਾਂਦਾ ਹੈ, ਅਨੁਸਾਰ ਰਾਸ਼ਟਰ ਨਿਰਮਾਣ ਵਿੱਚ ਇਸਤਰੀ ਦਾ ਵੀ ਉੰਨਾ ਹੀ ਯੋਗਦਾਨ ਹੈ, ਜਿੰਨਾ ਕਿ ਪੁਰਸ਼ ਦਾ। ਇਸੇ ਲਈ ਉਸ ਨੇ ਪੁਰਸ਼ ਅਤੇ ਇਸਤਰੀਆਂ ਨੂੰ ਬਰਾਬਰ ਦੀ ਸਿੱਖਿਆ ਦੇਣ ਦੀ ਵਕਾਲਤ ਕੀਤੀ। ਪਲੈਟੋ ਦਾ ਸਿੱਖਿਆ ਸ਼ਾਸ਼ਤਰ, ਜਿਸ ਦੀ ਵਕਾਲਤ ਉਹ ਆਪਣੇ ਗ੍ਰੰਥ ‘ਰੀਪਬਲਿਕ’ ਵਿੱਚ ਕਰਦਾ ਹੈ ਦਾ ਵੱਡਾ ਦੋਸ਼ ਇਹ ਸੀ ਕਿ ਉਹ ਉਤਪਾਦਕਾਂ ਜਿਵੇਂ ਕਾਰੀਗਰ, ਕਿਸਾਨ ਅਤੇ ਮਜ਼ਦੂਰਾਂ ਦੀ ਸਿੱਖਿਆ ਦੇ ਹੱਕ ਵਿੱਚ ਨਹੀਂ ਸੀ। ਇਸ ਕਰ ਕੇ ਪਲੈਟੋ ਦੀ ਆਲੋਚਨਾ ਵੀ ਹੁੰਦੀ ਰਹੀ ਹੈ। ਅਜੋਕੀ ਸਿੱਖਿਆ ਦੀ ਸ਼ੁਰੂਆਤ ਪਲੈਟੋ ਦੀ ਸਭ ਤੋਂ ਪਹਿਲੀ ਉਸ ਅਕੈਡਮੀ ਤੋਂ ਹੋਈ ਮੰਨੀ ਜਾਂਦੀ ਹੈ, ਜੋ ਉਸ ਨੇ ਐਥਨਜ਼ ਦੇ ਨਜ਼ਦੀਕ ਬਣਾਈ। ਅਰਸਤੂ ਵਰਗੇ ਦਾਰਸ਼ਨਿਕ ਇਸੇ ਅਕੈਡਮੀ ਦੇ ਵਿਦਿਆਰਥੀ ਸਨ।
ਪਲੈਟੋ ਦੇ ਸਿੱਖਿਆ ਸ਼ਾਸ਼ਤਰ ਅਨੁਸਾਰ ਸਿੱਖਿਆ ਦਾ ਉਦੇਸ਼ ਉੱਤਮ ਨਾਗਰਿਕ ਪੈਦਾ ਕਰਨਾ ਹੈ। ਉਹ ਮੰਨਦਾ ਸੀ ਕਿ ਸਿੱਖਿਆ ਰਾਜ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ। ਪਲੈਟੋ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹ ਸਮਝਦਾ ਸੀ ਕਿ ਸਿੱਖਿਆ ਦੁਆਰਾ ਯੋਗ ਵਿਅਕਤੀ, ਵਿਦਵਾਨ ਸ਼ਾਸ਼ਕ ਅਰਥਾਤ ‘ਦਾਰਸ਼ਨਿਕ ਰਾਜੇ’ ਤਿਆਰ ਕੀਤੇ ਜਾਣ। ਉਹਦਾ ਮੰਨਣਾ ਸੀ ਕਿ ਜਿੰਨੀ ਦੇਰ ਰਾਜੇ ਦਾਰਸ਼ਨਿਕ ਨਹੀਂ ਹੋਣਗੇ ਉੰਨੀ ਦੇਰ ਵਿਸ਼ਵ ਦੀਆਂ ਸਮੱਸਿਆਵਾਂ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋ ਸਕਣਗੀਆਂ। ਪਲੈਟੋ ਦੀ ਸਿੱਖਿਆ ਪ੍ਰਣਾਲੀ ਵਿੱਚ ਖੇਡਾਂ ’ਤੇ ਜ਼ੋਰ ਦਿੱਤਾ ਜਾਂਦਾ ਸੀ। ਮੈਥ, ਭੂਗੋਲ, ਇਤਿਹਾਸ, ਨਾਗਰਕਿ ਸ਼ਾਸ਼ਤਰ ਅਤੇ ਗਿਆਨ ਵਿਗਿਆਨ ਦੀ ਸਿੱਖਿਆ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਨੂੰ ਪੜ੍ਹਇਆ ਜਾਂਦਾ ਸੀ। ਸਿੱਖਿਆ ਮਨੁੱਖ ਦੇ ਚਰਿੱਤਰ ਨਿਰਮਾਣ, ਸਰੀਰਕ ਤੰਦਰੁਸਤੀ ਅਤੇ ਬੌਧਿਕ ਵਿਕਾਸ ਲਈ ਦਿੱਤੀ ਜਾਂਦੀ ਸੀ।

ਗੁਰਚਰਨ ਨੂਰਪੁਰ

ਉਹ ਸਿੱਖਿਆ ਪ੍ਰਣਾਲੀ ਜੋ ਮਨੁੱਖ ਦੇ ਚਰਿੱਤਰ, ਬੌਧਿਕ ਵਿਕਾਸ ਅਤੇ ਸਰੀਰਕ ਵਿਕਾਸ ਤੋਂ ਸ਼ੁਰੂ ਹੋਈ ਅੱਜ ਕਿੱਥੇ ਖੜੀ ਹੈ? ਜਿੱਥੇ ਅੱਜ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੁਝ ਚੰਗਾ ਵਾਪਰਿਆ ਹੈ, ਉੱਥੇ ਸਿੱਖਿਆ ਬੜੀ ਤੇਜ਼ੀ ਨਾਲ ਬਹੁਤ ਵੱਡਾ ਕਾਰੋਬਾਰ ਬਣ ਗਈ ਹੈ। ਸਿੱਖਿਆ ਦਾ ਮਨੋਰਥ ਕੇਵਲ ਚੰਗੇ ਇਨਸਾਨ ਪੈਦਾ ਕਰਨਾ ਨਹੀਂ ਰਿਹਾ। ਅਸੀਂ ਉਸ ਪਾਸੇ ਵੱਲ ਵੱਧ ਰਹੇ ਹਾਂ ਕਿ ਸਿੱਖਿਆ ਰਾਹੀਂ ਚੰਗੇ ਉਪਭੋਗਤਾਵਾਦੀ ਪੈਦਾ ਕੀਤੇ ਜਾਣ। ਸਿੱਖਿਆ ਵਿੱਚ ਕੁਝ ਖਾਸ ਤਰ੍ਹਾਂ ਦੀਆਂ ਤਰਜ਼ੀਹਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਕਿ ਇਸ ਰਾਹੀਂ ਪਦਾਰਥਕ ਲੋੜਾਂ ਦੀ ਪੂਰਤੀ ਕਰਨ ਵਾਲੇ ਅਤੇ ਵਸਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਲੇ ਨਾਗਰਿਕ ਪੈਦਾ ਕੀਤੇ ਜਾਣ। ਅਜੋਕੀ ਸਿੱਖਿਆ ਦਾ ਵੱਡਾ ਦੋਸ਼ ਇਹ ਹੈ ਕਿ ਇਸ ਨੂੰ ਗ੍ਰਹਿਣ ਕਰ ਕੇ ਮਨੁੱਖ ਅੰਦਰਲੀ ਨਿਰਛਲਤਾ, ਭ੍ਰਿਸ਼ਟਤਾ ਘੱਟਣ ਦੀ ਬਜਾਏ ਵੱਧਦੀ ਹੈ। ਬਹੁਗਿਣਤੀ ਪੜ੍ਹਿਆ ਲਿਖਿਆ ਵਰਗ ਭ੍ਰਿਸ਼ਟ ਢੰਗਾਂ ਨਾਲ ਵੱਧ ਤੋਂ ਵੱਧ ਕਮਾਉਣ ਨੂੰ ਆਪਣੀ ਪ੍ਰਾਪਤੀ ਮੰਨਣ ਲੱਗ ਪਿਆ ਹੈ। ਉੱਚ ਸਿੱਖਿਆ ਗ੍ਰਹਿਣ ਕਰ ਕੇ ਬਣੇ ਸਰਜਨ ਵੱਲੋਂ ਬਿਨਾਂ ਲੋੜ ਤੋਂ ਆਪਰੇਸ਼ਨ ਕਰਨ ਵਰਗੇ ਵਰਤਾਰੇ ਆਮ ਹੋ ਗਏ ਹਨ। ਦੂਜਿਆਂ ਤੋਂ ਚਲਾਕੀ ਨਾਲ ਵੱਧ ਤੋਂ ਵੱਧ ਧਨ ਇਕੱਠਾ ਕਰਨ ਵਾਲੇ ਜੈਂਟਲਮੈਨ ਸਤਿਕਾਰਯੋਗ ਹਨ। ਅਸੀਂ ਪੜ੍ਹਦੇ ਹਾਂ ਕਿ ਪੇਂਡੂ ਅਤੇ ਘੱਟ ਪੜ੍ਹੇ ਇਲਾਕਿਆਂ ਦੇ ਮੁਕਾਬਲੇ ਸਿੱਖਿਅਤ ਇਲਾਕਿਆਂ ਵਿੱਚ ਭਰੂਣ ਹੱਤਿਆ ਵਧੇਰੇ ਹੁੰਦੀ ਹੈ। ਅਸੀਂ ਜਦੋਂ ਦੇਖਦੇ ਹਾਂ ਸੱਤਾ ਤਾਕਤ ਪ੍ਰਸ਼ਾਸਨਿਕ ਵਿਵਸਥਾ ਸੁਰੱਖਿਆ ਬਲਾਂ ਦੇ ਜ਼ੋਰ ’ਤੇ ਕਿਸੇ ਇਲਾਕੇ ਵਿੱਚ ਜਲ ਜੰਗਲ ਅਤੇ ਜ਼ਮੀਨਾਂ ਨੂੰ ਤਬਾਹ ਕਰ ਕੇ ਉੱਥੋਂ ਦੇ ਬਸ਼ਿੰਦਿਆਂ ਨੂੰ ਹਾਸ਼ੀਆ ਗ੍ਰਸਤ ਕਰਦੀ ਹੈ। ਸਥਾਨਕ ਲੋਕ ਜੋ ਪੜ੍ਹੇ ਲਿਖੇ ਨਹੀਂ ਹੁੰਦੇ ਜਾਂ ਘੱਟ ਪੜ੍ਹੇ ਹੁੰਦੇ ਹਨ ਅਜਿਹਾ ਸਭ ਕੁਝ ਰੋਕਣ ਲਈ ਲੜਦੇ ਹਨ ਮਰਦੇ ਹਨ ਤਬਾਹ ਕਰ ਦਿੱਤੇ ਜਾਂਦੇ ਹਨ। ਸਾਧਨ ਸੰਪਨ ਲੋਕ ਭਾਵੇਂ ਪਹਿਲਾਂ ਵੀ ਅਜਿਹਾ ਕਰਦੇ ਸਨ ਪਰ ਵਿਗਿਆਨਕ ਟੈਕਨੀਕ ਨੇ ਇਸ ਅਮਲ ਨੂੰ ਬੇਤਹਾਸ਼ਾ ਵਧਾ ਦਿੱਤਾ ਹੈ।
ਧਰਮ, ਰਾਜਨੀਤੀ, ਸਭਿਆਚਾਰ ਅਤੇ ਸਿੱਖਿਆ ਇਹ ਚਾਰੇ ਤਰਜ਼ੀਹਾਂ, ਜੋ ਸਮਾਜ ਲਈ ਚੰਗਾ ਮਾੜਾ ਸਿਰਜਣ ਦੀ ਤਾਕਤ ਰੱਖਦੀਆਂ ਹਨ, ਬਜ਼ਾਰ ਦੇ ਪ੍ਰਭਾਵ ਹੇਠ ਹਨ। ਬਾਜ਼ਾਰ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੰਚਾਲਤ ਕਰ ਰਿਹਾ ਹੈ। ਬਾਜ਼ਾਰ ਅਤੇ ਮੰਡੀ ਦੇ ਇਸ ਯੁੱਗ ਵਿੱਚ ਮਨੁੱਖ ਨੂੰ ਇੱਕ ਇਨਸਾਨ ਨਹੀਂ ਬਲਕਿ ਮੰਡੀ ਦੀ ਜਿਨਸ ਸਮਝਿਆ ਜਾਣ ਲੱਗਿਆ ਹੈ। ਸਿੱਖਿਆ ਦੇ ਖੇਤਰ ਵਿੱਚ ਬਜ਼ਾਰਮੁਖੀ ਤਰਜ਼ੀਹਾਂ ਨੂੰ ਅੱਗੇ ਵਧਾਉਣ ਲਈ ਵੇਖਿਆ ਜਾ ਰਿਹਾ ਹੈ ਕਿ ਕਿੱਥੋਂ ਕਿੰਨਾ ਕਿੰਨਾ ਕਿਵੇਂ ਕਮਾਇਆ ਜਾ ਸਕਦਾ ਹੈ।
ਸਾਡੀ ਸਿੱਖਿਆ ਮਨੁੱਖ ਦੇ ਬੁਨਿਆਦੀ ਮਸਲਿਆਂ ਨੂੰ ਸੰਬੋਧਤ ਨਹੀਂ ਹੈ। ਸਾਡੀਆਂ ਮੁਸ਼ਕਲਾਂ ਸਮੱਸਿਆਵਾਂ ਕੁਝ ਹੋਰ ਹਨ ਸਾਨੂੰ ਦੱਸਿਆ ਕੁਝ ਹੋਰ ਜਾ ਰਿਹਾ ਹੈ। ਅਜਿਹੇ ਧੁੰਦਲਕੇ ਵਾਲੀ ਸਥਿਤੀ ਵਿੱਚ ਅਧਿਆਪਕ ਦੇ ਫਰਜ਼ਾਂ ਦਾ ਦਾਇਰਾ ਬੜਾ ਵਿਸ਼ਾਲ ਹੋ ਜਾਂਦਾ ਹੈ। ਅੱਜ ਲੋੜ ਹੈ ਕਿ ਅਧਿਆਪਕ ਸਮਾਜ ਵਿੱਚ ਇੱਕ ਨਾਇਕ ਦੀ ਭੂਮਿਕਾ ਨਿਭਾਉਣ ਲਈ ਅੱਗੇ ਆਵੇ। ਉਸ ਨੂੰ ਆਪਣੇ ਬੌਧਿਕ ਵਿਕਾਸ ਲਈ ਲਗਾਤਾਰ ਕਿਤਾਬਾਂ ਨਾਲ ਜੁੜਨਾ ਪਵੇਗਾ। ਅਧਿਆਪਕ ਨੂੰ ਰੂਸੀ ਨਾਵਲ ‘ਪਹਿਲਾ ਅਧਿਆਪਕ’ ਦੇ ਨਾਇਕ ‘ਦੂਈਸ਼ੇਨ’ ਵਰਗੀ ਭੂਮਿਕਾ ਨਿਭਾਉਣੀ ਪਵੇਗੀ। ਜਿਵੇਂ ਪਹਿਲਾਂ ਵਿਦਿਆਰਥੀ ਆਪਣੇ ਆਲੇ ਦੁਆਲੇ ਅਤੇ ਸਮਾਜ ਤੋਂ ਸਿੱਖਦੇ ਸਨ, ਅੱਜ ਅਜਿਹਾ ਨਹੀਂ ਹੈ। ਉਸ ਕੋਲ ਸਿੱਖਣ ਦੇ ਹੋਰ ਵੀ ਸਾਧਨ ਹਨ, ਮੋਬਾਈਲ ਟੀਵੀ ਅਤੇ ਇੰਟਰਨੈੱਟ ਦੇ ਸੰਸਾਰ ਨੇ ਅੱਜ ਵਿਦਿਆਰਥੀ ਨੂੰ ਉਹੋ ਜਿਹਾ ਨਹੀਂ ਰਹਿਣ ਦਿੱਤਾ ਜਿਹਾ ਕਿ ਉਹ ਅੱਜ ਤੋਂ ਵੀਹ ਸਾਲ ਪਹਿਲਾਂ ਸੀ। ਤਕਨੀਕੀ ਵਿਕਾਸ ਨੇ ਅਧਿਆਪਕ ਕੇ ਕੰਮ ਦੇ ਦਾਇਰੇ ਨੂੰ ਹੋਰ ਵਿਸ਼ਾਲ ਬਣਾ ਦਿੱਤਾ ਹੈ।
ਅੱਜ ਸਮੇਂ ਦੀ ਮੰਗ ਹੈ ਕਿ ਸਿੱਖਿਆ ਵਿਦਿਆਰਥੀ ਨੂੰ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਆਰਥਿਕ ਪੱਖੋਂ ਸਮਝ ਬਣਾਉਣ ਲਈ ਉਸ ਦੀ ਅਗਵਾਈ ਕਰੇ। ਉਸ ਦੇ ਵਿਅਕਤੀਤਵ ਦਾ ਵਿਕਾਸ ਕਰੇ। ਪੈਸੇ ਅਤੇ ਸਾਧਨਾਂ ਦੀ ਸਹੀ ਵਰਤੋਂ ਸਾਡੇ ਸਮਾਜ ਦਾ ਲਈ ਇੱਕ ਬਹੁਤ ਵੱਡਾ ਮਸਲਾ ਹੈ, ਇਸ ਸਬੰਧੀ ਪਾਠ ਕਰਮ ਬਣਾਏ ਜਾਣ ਦੀ ਲੋੜ ਹੈ। ਬੇਲੋੜੇ ਅਤੇ ਅਕਾਊ ਪਾਠਕ੍ਰਮ ਜਿਨ੍ਹਾਂ ਦਾ ਜੀਵਨ ਦੇ ਸਰੋਕਾਰਾਂ ਨਾਲ ਬਾਹਲਾ ਸਬੰਧ ਨਹੀਂ, ਹਟਾ ਦੇਣੇ ਚਾਹੀਦੇ ਹਨ। ਸਿੱਖਿਆ ਦੀ ਜਿਸ ਤਰਜ਼ੀਹ ’ਤੇ ਹੁਣ ਤੱਕ ਕੰਮ ਨਹੀਂ ਹੋਇਆ, ਉਹ ਇਹ ਹੈ ਕਿ ਸਿਖਾਉਣ ਲਈ ਇਹ ਬੜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿੱਖਣ ਲਈ ਉਤਸੁਕ ਕੀਤਾ ਜਾਵੇ। ਸਾਡੇ ਬੱਚੇ ਅੱਜ ਕਿਤਾਬਾਂ ਪੜ੍ਹ ਰਹੇ ਹਨ ਪਰ ਉਨ੍ਹਾਂ ਵਿੱਚ ਨਵਾਂ ਸਿੱਖਣ ਦੀ ਪ੍ਰਵਿਰਤੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਅੱਜ ਲੋੜ ਹੈ ਕਿ ਵੱਖ ਵੱਖ ਜਮਾਤਾਂ ਦੇ ਪਾਠਕ੍ਰਮ ਅਜਿਹੇ ਢੰਗ ਨਾਲ ਲਿਖੇ ਜਾਣ ਕਿ ਉਹ ਬੱਚਿਆਂ ਵਿੱਚ ਅਗਾਂਹ ਸਿੱਖਣ ਦੀ ਜਗਿਆਸਾ ਪੈਦਾ ਕਰਨ। ਅੰਧਵਿਸ਼ਵਾਸ ਸਾਡੇ ਸਮਾਜ ਲਈ ਇੱਕ ਗੰਭੀਰ ਮਸਲਾ ਹੈ, ਜੋ ਮਨੁੱਖੀ ਬੁੱਧੀ ਨੂੰ ਜੜ੍ਹ ਕਰੀ ਰੱਖਦਾ ਹੈ। ਸਾਡੀਆਂ ਕਿਤਾਬਾਂ ਵਿੱਚ ਵਿਗਿਆਨਕ ਸੋਚ ਅਤੇ ਤਰਕਸ਼ੀਲ ਵਿਸ਼ਿਆਂ ਵਾਲੇ ਪਾਠ ਹੋਣੇ ਚਾਹੀਦੇ ਹਨ। ਮਿਸਾਲ ਵਜੋਂ ਅੱਜ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਟੀਵੀ, ਮੋਬਾਈਲ ਅਤੇ ਪੁਲਾੜ ਵਿੱਚ ਛੱਡੇ ਉਪਗ੍ਰਹਿ ਵਿਗਿਆਨ ਦੀ ਦੇਣ ਹਨ ਪਰ ਇਨ੍ਹਾਂ ਦੀ ਮਦਦ ਨਾਲ ਜੋ ਵਿਅਕਤੀ ਟੀਵੀ ਚੈਨਲ ਤੇ ਕਰਾਮਾਤੀ ਨਗ ਮੁੰਦਰੀਆਂ ਵੇਚ ਕੇ ਮੁਨਾਫਾ ਬਟੋਰਦਾ ਹੈ, ਇਹ ਸਰਾਸਰ ਅੰਧਵਿਸ਼ਵਾਸ ਹੈ। ਸਕੂਲਾਂ ਕਾਲਜਾਂ ਵਿੱਚ ਬੱਚਿਆਂ ਦੀ ਰੁਚੀ ਅਨੁਸਾਰ ਪਾਠਕ੍ਰਮ ਹੋਣ ਜਿਵੇਂ ਕੋਈ ਬੱਚਾ ਜੇਕਰ ਪੇਂਟਿੰਗ ਬਣਾਉਣ ਵਿੱਚ ਰੁਚੀ ਲੈਂਦਾ ਹੈ ਤਾਂ ਉਸ ’ਤੇ ਦੂਜੇ ਵਿਸ਼ਿਆਂ ਦਾ ਬੋਝ ਘੱਟ ਕਰ ਕੇ ਉਸ ਦੀ ਕਲਾਤਮਿਕ ਪ੍ਰਤਿਭਾ ਨੂੰ ਹੋਰ ਨਿਖਾਰਨ ਦੀ ਵਿਵਸਥਾ ਹੋਵੇ। ਸਮੇਂ ਦੀ ਮੰਗ ਅਨੁਸਾਰ ਵਿਦਿਆਰਥੀ ਇੱਕ ਤੋਂ ਵੱਧ ਬੋਲੀਆਂ ਸਿੱਖਣ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਉਸ ਦੀ ਮਾਂ ਬੋਲੀ ਤੋਂ ਦੂਰ ਕਰ ਦਿੱਤਾ ਜਾਵੇ। ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਇਸ ਕਰ ਕੇ ਹਨ ਕਿ ਅਨੇਕਾਂ ਸਕੂਲਾਂ ਵਿੱਚ ਬੱਚੇ ਨੂੰ ਮਾਂ ਬੋਲੀ ਬੋਲਣ ਤੋਂ ਵਰਜਿਆ ਜਾਂਦਾ ਹੈ। ਜਦਕਿ ਬੱਚਾ ਸਭ ਤੋਂ ਵੱਧ ਆਪਣੀ ਮਾਂ ਬੋਲੀ ਵਿੱਚ ਹੀ ਸਿੱਖ ਸਕਦਾ ਹੈ। ਸਕੂਲਾਂ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐਨ ਐਸ ਐਸ) ਦੇ ਕੈਂਪ ਹਰ ਸਕੂਲ ਅਤੇ ਹਰ ਵਿਦਿਆਰਥੀ ਲਈ ਜ਼ਰੂਰੀ ਕਰ ਦੇਣੇ ਚਾਹੀਦੇ ਹਨ। ਅਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਨੂੰ ਕੰਮ ਨਾਲ ਜੋੜਨ ਅਤੇ ਦੂਜਿਆਂ ਦੇ ਕੰਮ ਆਉਣ ਦੀ ਪ੍ਰਵਿਰਤੀ ਪੈਦਾ ਕਰਨ ਵਿੱਚ ਸਹਾਈ ਹੋਣਗੀਆਂ ਹਨ। ਅੱਜ ਮਾਪਿਆਂ ਲਈ ਇਹ ਵੱਡਾ ਮਸਲਾ ਹੈ ਕਿ ਦਸਵੀਂ ਕਰਨ ਬਾਅਦ ਉਹਨਾਂ ਦੇ ਬੱਚੇ ਕਿਹੜੇ ਵਿਸ਼ੇ ਪੜ੍ਹਨ ਅਤੇ ਕਿੱਥੋਂ ਪੜ੍ਹਨ। ਹਰ ਮਹੀਨੇ ਸਕੂਲਾਂ ਵਿੱਚ ਮਾਪਿਆਂ ਅਤੇ ਬੱਚਿਆਂ ਲਈ ਗਾਇਡੈਂਸ ਅਤੇ ਕਾਊਂਸਲਿੰਗ ਲਈ ਵਿਸ਼ੇਸ਼ ਸੈਮੀਨਾਰ ਲਗਾਏ ਜਾਣ। ਰਾਈਟ ਟੂ ਐਜੂਕੇਸ਼ਨ ਜਿਸ ਵਿੱਚ ਹਰ ਪਾਇਵੇਟ ਸਕੂਲ ਵਿੱਚ 25% ਗਰੀਬ ਮਾਪਿਆਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਲੈਣ ਦਾ ਅਧਿਕਾਰ ਹੈ, ਇਸ ਸਬੰਧੀ ਕੋਰਟ ਦੇ ਅਦੇਸ਼ਾਂ ਦੇ ਬਾਵਜੂਦ ਸਰਕਾਰ ਨੇ ਢਿਲਮੱਠ ਵਾਲੀ ਨੀਤੀ ਅਪਣਾਈ ਹੋਈ ਹੈ। ਇਸ ਨੂੰ ਯਕੀਨੀ ਬਣਾਉਣ ਲਈ ਸਾਰਥਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਿੱਖਿਆ ਵਿੱਚ ਕਾਰੋਬਾਰ ਅੱਜ ਇੱਥੋਂ ਤੱਕ ਭਾਰੂ ਹੋ ਗਿਆ ਹੈ ਕਿ ਕੁਝ ਸਕੂਲਾਂ ਵਿੱਚ ਬੱਚਿਆਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਦਾਖਲੇ ਹੋਣ ਲੱਗੇ ਹਨ। ਇੱਕ ਸਕੂਲ ਬੱਚੇ ਦਾ ਦਾਖਲਾ ਕਰਾਉਣ ਸਬੰਧੀ ਪਤਾ ਕਰਨ ਗਏ ਵਿਅਕਤੀ ਨੂੰ ਕਿਹਾ ਗਿਆ ਕਿ ਕਿਤਾਬਾਂ, ਕਾਪੀਆਂ, ਪਿੰਨ ਪੈਨਸਲਾਂ, ਵਰਦੀ, ਬੂਟ, ਜ਼ੁਰਾਬਾਂ, ਟਾਈ, ਬੱਚੇ ਦਾ ਆਉਣਾ ਜਾਣਾ ਅਤੇ ਖਾਣਾ ਸਭ ਕੁਝ ਸਕੂਲ ਦਾ ਹੋਵੇਗਾ। ਪਿਤਾ ਨੇ ਹੈਰਾਨ ਜਿਹੇ ਹੋ ਕੇ ਪੁੱਛਿਆ, ‘ਬੱਚਾ ਤਾਂ ਸਾਡਾ ਹੀ ਹੋਵੇਗਾ ਨਾ ਜਾਂ ਬੱਚਾ ਵੀ ਸਕੂਲ ਦੇਵੇਗਾ?
ਸਿੱਖਿਆ ਮੁਲਕ ਦੇ ਮੰਤਰੀਆਂ, ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਲਈ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਤੇ ਇਹ ਜਿਵੇਂ ਪਲੈਟੋ ਨੇ ਕਿਹਾ ਸੀ ਇਹ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ। ਸਿੱਖਿਆ ਅਦਾਰਿਆਂ ਨੂੰ ਰਾਜਨੀਤੀ ਦੇ ਅਖਾੜੇ ਬਣਨ ਤੋਂ ਰੋਕਣਾ ਸਮੇਂ ਦੀ ਲੋੜ ਹੈ। ਸਕੂਲਾਂ ਕਾਲਜਾਂ ਵਿੱਚ ਦਾਖਲੇ ਲਈ ਟੈਸਟ, ਫਿਰ ਕਿਸੇ ਅਦਾਰੇ ਵਿੱਚ ਦਾਖਲ ਹੋਣ ਲਈ ਟੈਸਟ, ਬੀਐੱਡ ਕਰਨ ਬਾਅਦ ਟੈੱਟ ਪਾਸ ਕਰਨ ਵਰਗੇ ਟੈਸਟ ਅਤੇ ਟੈਸਟਾਂ ਤੋਂ ਫਿਰ ਟੈਸਟ। ਇੰਜ ਲੱਗਦਾ ਹੈ ਜਿਵੇਂ ਸਿੱਖਿਆ ‘ਟੈਸਟ ਰੋਗ’ ਤੋਂ ਪੀੜਤ ਹੋ ਗਈ ਹੋਵੇ। ਅੱਜ ਸਿੱਖਿਆ ਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਦੀ ਵੀ ਲੋੜ ਹੈ। ਇਸ ਸਭ ਕੁਝ ਦੀ ਕੋਈ ਸੀਮਾ ਹੋਣੀ ਚਾਹੀਦੀ ਹੈ। ਸਿੱਖਿਆ ਸਿੱਖਣ ਲਈ ਸੇਧਤ ਹੋਣੀ ਚਾਹੀਦੀ ਹੈ ਨਾ ਕਿ ਤੋਤਾ ਰਟਣ ਲਈ ਪਰ ਇਸ ਨੂੰ ਸਰਟੀਫਿਕੇਟ ਹਾਸਲ ਕਰਨ ਤੱਕ ਸੀਮਤ ਕਰ ਦਿੱਤਾ ਗਿਆ ਹੈ। ਇੱਥੇ ਹੰਗਰੀ ਦੇਸ਼ ਦੀ ਇੱਕ ਉਦਾਹਰਨ ਲੈ ਸਕਦੇ ਹਾਂ, ਉੱਥੇ ਇਮਤਿਹਾਨ ਸਿਲੇਬਸ ਦੇ ਅਭਿਆਸ ਅਨੁਸਾਰ ਨਹੀਂ ਲਏ ਜਾਂਦੇ। ਉੱਥੇ ਸਿੱਖਿਆ ਨੂੰ ਘੜੇ ਘੜਾਏ ਜਵਾਬਾਂ ਤੱਕ ਸੀਮਤ ਨਹੀਂ ਰੱਖਿਆ ਗਿਆ ਬਲਕਿ ਇਮਤਿਹਾਨ ਇਸ ਲਈ ਲਿਆ ਜਾਂਦਾ ਹੈ ਕਿ ਵਿਦਿਆਰਥੀ ਪੂਰਾ ਸਾਲ ਕੀ ਕੀ ਅਤੇ ਕਿੰਨਾ ਕੁ ਸਿੱਖਿਆ ਹੈ। ਅਜਿਹੀਆਂ ਤਰਜੀਹਾਂ ’ਤੇ ਕੰਮ ਕੀਤਾ ਜਾਣਾ ਅਜੇ ਬਾਕੀ ਹੈ ਕਿ ਕਿਹੜੇ ਕਿਹੜੇ ਵਿਸ਼ੇ ਅਤੇ ਕਿਤਾਬਾਂ ਪੜ੍ਹਾ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਚੰਗੇ ਇਨਸਾਨ ਬਣਾਇਆ ਜਾਵੇ। ਸਾਡਾ ਸਮਾਜ ਬੇਸ਼ੱਕ ਪਹਿਲਾਂ ਨਾਲੋਂ ਵਧੇਰੇ ਸਿੱਖਿਅਤ ਹੋ ਗਿਆ ਹੈ ਪਰ ਜ਼ਿੰਦਗੀ ਦਾ ਸੁਹਜ ਸਵਾਦ ਅਸੀਂ ਗਵਾ ਲਿਆ ਹੈ। ਅੱਜ ਲੋੜ ਹੈ ਕਿ ਸਿੱਖਿਆ ਰਾਹੀਂ ਹਰ ਵਿਦਿਆਰਥੀ ਮੌਜੂਦਾ ਦੌਰ ਦੀਆਂ ਹਕੀਕਤਾਂ ਨੂੰ ਸਮਝੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਸਿੱਖਿਆ ’ਚੋਂ ਬੇਲੋੜਾ ਬੋਝ ਖਤਮ ਕਰ ਕੇ ਸਮੇਂ ਦੇ ਹਾਣ ਦੇ ਪਾਠ ਕਰਮ ਬਣਾਏ ਜਾਣ।

ਸੰਪਰਕ: 9855051099


Comments Off on ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.