ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਅਗਲੇ ਜਨਮ ’ਚ ਜ਼ਰੂਰ ਮਿਲਾਂਗੇ!

Posted On December - 14 - 2019

ਸਾਂਵਲ ਧਾਮੀ

ਇਹ ਕਹਾਣੀ ਗੁਜਰਾਤ ਜ਼ਿਲ੍ਹੇ ਦੀ ਏ। ਟਾਂਡਾ, ਗੁੱਝ-ਗਰਾਈਂ, ਮੋਟਾ, ਜਲਾਲਪੁਰ ਜੱਟਾਂ, ਕਿਲ੍ਹਾ ਸੂਰਾ ਸਿੰਘ ਤੇ ਭਾਗੋਵਾਲ ਪਿੰਡਾਂ ਦੇ ਵਿਚਕਾਰ ਜਿਹੇ ਮੁਸਲਮਾਨ ਗੁੱਜਰਾਂ ਤੇ ਸਿੱਖ ਲੁਬਾਣਿਆਂ ਦਾ ਇਕ ਦਰਮਿਆਨਾ ਜਿਹਾ ਪਿੰਡ ਸੀ ‘ਬੁੱਢਣ’। ਬੁੱਢਣ ਪਿੰਡ ਦੀਆਂ ਕੱਚੀਆਂ ਗਲੀਆਂ ’ਚ ਖੇਡਣ, ਛੱਪੜਾਂ ’ਚ ਨਹਾਉਣ ਤੇ ਡੰਗਰ ਚਾਰਨ ਵਾਲੇ ਗਭਰੋਟ ਹੁਣ ਨੱਬੇ ਵਰ੍ਹਿਆਂ ਨੂੰ ਢੁੱਕ ਚੁੱਕੇ ਨੇ। ਉਨ੍ਹਾਂ ’ਚੋਂ ਇਕ ਬਾਬਾ ਹਰਨਾਮ ਸਿੰਘ ਨੂੰ ਮਿਲਣ ਮੈਂ ਦਸੂਹਾ-ਮੁਕੇਰੀਆਂ ਰੋਡ ’ਤੇ ਵੱਸਦੇ ਪਿੰਡ ਖਾਨਪੁਰ ਗਿਆ। ਇਹ ਉਹੀ ਖਾਨਪੁਰ ਏ ਜਿੱਥੇ ਸੰਤਾਲੀ ’ਚ ਮੁਸਲਮਾਨਾਂ ਦਾ ਕੈਂਪ ਲੱਗਿਆ ਸੀ।
“ਮੈਂ ਤੇ ਅਬਦੁੱਲੇ ਨੇ ਬੜੇ ਡੰਗਰ ਚਾਰੇ। ਇਕੱਠੇ ਡੁੱਬਰਾਂ ’ਚ ਨਹਾਤੇ। ਉਹ ਮੁਹੰਮਦ ਖਾਂ ਜ਼ੈਲਦਾਰ ਦਾ ਭਤੀਜਾ ਸੀ। ਜ਼ੈਲਦਾਰ ਦਾ ਮੇਰੇ ਬਾਬੇ ਕਿਰਪਾ ਸਿੰਘ ਨਾਲ ਬਹੁਤ ਪਿਆਰ ਸੀ। ਪਿੰਡ ’ਚ ਕੋਈ ਅਫ਼ਸਰ ਆਉਂਦਾ ਤਾਂ ਉਹਦੀ ਟਹਿਲ ਸੇਵਾ ਮੇਰਾ ਬਾਬਾ ਹੀ ਕਰਦਾ। ਇਕ ਵਾਰ ਤਹਿਸੀਲਦਾਰ ਕਹਿਣ ਲੱਗਾ-ਕਿਰਪਾ ਸਿਆਂ, ਤੂੰ ਸਾਡੀ ਇੰਨੀ ਸੇਵਾ ਕਰਦਾ, ਕੋਈ ਫਾਇਦਾ ਲੈ ਲਾ। ਬਾਬਾ ਕਹਿੰਦਾ-ਪਿੰਡ ਦੇ ਪੂਰੇ ਲਹਿੰਦੇ ਪਾਸੇ ਦਾ ਮਾਮਲਾ ਮੁਆਫ਼ ਕਰ ਦਿਓ, ਜਨਾਬ। ਉਸ ਅਫ਼ਸਰ ਨੇ ਮੇਰੇ ਬਾਬੇ ਦਾ ਆਖਾ ਮੰਨ ਲਿਆ।
ਉੱਜੜ ਕੇ ਆਇਆਂ ਨੂੰ ਵੈਰਾਨੀ ਜ਼ਮੀਨ ਬਦਲੇ ਕੋਈ ਜ਼ਮੀਨ ਨਹੀਂ ਸੀ ਮਿਲੀ। ਇਕ ਵਾਰ ਮੈਂ ਪਿਤਾ ਕੋਲੋਂ ਪੁੱਛਿਆ ਕਿ ਬੁੱਢਣ ’ਚ ਤਾਂ ਸਾਡੀ ਬਹੁਤ ਪੈਲੀ ਸੀ। ਇੱਧਰ ਇੰਨੀ ਘੱਟ ਕਿਉਂ ਮਿਲੀ? ਅੱਗੋਂ ਬਾਪੂ ਆਂਹਦਾ ਕਿ ਇਹ ਸਭ ਤੇਰੇ ਬਾਬੇ ਦੀ ਮਿਹਰਬਾਨੀ ਏ।” ਇਹ ਕਹਿੰਦਿਆਂ ਬਾਬਾ ਹਰਨਾਮ ਸਿੰਘ ਹੱਸ ਪਿਆ।
“ਸੰਤਾਲੀ ’ਚ ਤੁਸੀਂ ਆਪਣਾ ਪਿੰਡ ਕਿਵੇਂ ਛੱਡਿਆ?” ਮੈਂ ਸਵਾਲ ਕੀਤਾ।
“ਜਿਸ ਦਿਨ ਹਮਲੇ ਦਾ ਰੌਲਾ ਪਿਆ ਤਾਂ ਮੇਰੇ ਪਿਤਾ ਨੇ ਹਲ ਜੋੜਿਆ ਹੋਇਆ ਸੀ। ਮੈਂ ਸੱਦਣ ਗਿਆ। ਮੇਰੇ ਪਿਤਾ ਨੇ ਪਾਣੀ ਪੀਤਾ, ਹੱਸਿਆ ਤੇ ਕਹਿਣ ਲੱਗਾ-ਇਸ ਤਰ੍ਹਾਂ ਹੀ ਹੁੰਦੀ ਏ। ਰਾਜ ਪਲਟਾ ਹੁੰਦਾ ਏ। ਲੋਕਾਂ ਨੇ ਨਹੀਂ ਜਾਣਾ ਹੁੰਦਾ। ਮੈਂ ਉਸਨੂੰ ਜ਼ੋਰ ਨਾਲ ਪਿੰਡ ਲੈ ਕੇ ਆਇਆ ਤਾਂ ਤਕਰੀਬਨ ਸਾਰੇ ਸਿੱਖ ਘਰਾਂ ’ਚੋਂ ਨਿਕਲ ਚੁੱਕੇ ਸਨ। ਮੇਰੇ ਪਿਤਾ ਦਾ ਇਕ ਦੋਸਤ ਹੁੰਦਾ ਸੀ; ਮੋਟੇ ਪਿੰਡ ਦਾ ਸਰਦੁੱਲਾ। ਉਹ ਹਜ਼ਾਮਤਾਂ ਕਰਦਾ ਹੁੰਦਾ ਸੀ। ਰੌਲਿਆਂ ਤੋਂ ਦੋ ਕੁ ਸਾਲ ਪਹਿਲਾਂ ਦੀ ਗੱਲ ਏ। ਪਿੜਾਂ ’ਚ ਫਲ਼ੀਆਂ ਲੱਗੀਆਂ ਹੁੰਦੀਆਂ ਸਨ। ਸਰਦੁੱਲੇ ਚਾਚੇ ਦੀਆਂ ਚਾਰ ਭਰੀਆਂ, ਕਿਸੇ ਨੇ ਕੱਢ ਲਈਆਂ। ਉਹ ਮੇਰੇ ਪਿਓ ਅੱਗੇ ਰੋ ਪਿਆ। ਉਹ ਦੋਵੇਂ ਫਲ਼ੀਆਂ ’ਚ ਘੁੰਮੇ। ਉਸਨੇ ਆਪਣੀਆਂ ਭਰੀਆਂ ਪਛਾਣ ਲਈਆਂ। ਮੇਰਾ ਪਿਤਾ ਕਹਿੰਦਾ-ਚਾਰ ਆਪਣੀਆਂ ਚੁੱਕ ਤੇ ਚਾਰ ਹੋਰ। ਮੂਹਰਿਓਂ ਸਰਦੁੱਲਾ ਚਾਚਾ ਆਖਦਾ-ਤੋਬਾ! ਤੋਬਾ!! ਤੋਬਾ!!! ਸਰਦਾਰਾ, ਮੈਂ ਹਲਾਲ ’ਚ ਹਰਾਮ ਕਿਸ ਤਰ੍ਹਾਂ ਰਲਾਵਾਂ? ਮੈਂ ਤਾਂ ਹੁਣ ਆਪਣੀਆਂ ਵੀ ਨਹੀਂ ਚੁੱਕਣੀਆਂ। ਫਿਰ ਮੇਰਾ ਪਿਓ ਚਹੁੰ ਭਰੀਆਂ ਦੇ ਦਾਣੇ ਤੇ ਤੂੜੀ ਸਰਦੁੱਲੇ ਦੇ ਘਰ ਪਹੁੰਚਾ ਕੇ ਆਇਆ ਸੀ।
ਪਿੰਡੋਂ ਤੁਰਦਿਆਂ ਬਾਪੂ ਨੂੰ ਆਪਣਾ ਯਾਰ ਸਰਦੁੱਲਾ ਯਾਦ ਆ ਗਿਆ। ਉਸਦੇ ਘਰ ਅਸੀਂ ਪੰਜ ਦਿਨ ਲੁਕੇ ਰਹੇ ਸਾਂ। ਉੱਥੇ ਜ਼ੈਲਦਾਰ ਦਾ ਭਰਾ ਕਰਮ ਇਲਾਹੀ ਵੀ ਸਾਨੂੰ ਮਿਲਣ ਆਇਆ। ਉਹ ਮੇਰੇ ਬਾਪ ਨੂੰ ਕਹਿਣ ਲੱਗਾ- ਫਿਰ ਨਾ ਕਹੀਂ ਕਿ ਮੈਂ ਯਾਰ ਮਾਰੀ ਕੀਤੀ ਆ। ਜੇ ਤਾਂ ਇੱਥੇ ਰਹਿਣਾ ਤਾਂ ਪਿੱਛੇ ਬੁੱਢਣ ਲੈ ਆ, ਜੀਆ-ਜੰਤ ਸਾਰਾ। ਤੇਰੀ ’ਵਾ ਵੱਲ ਵੀ ਨਹੀਂ ਵੇਖੇਗਾ ਕੋਈ, ਪਰ ਇਕ ਗੱਲ ਆ ਤੈਨੂੰ ਆਪਣਾ ਦੀਨ ਛੱਡਣਾ ਪੈਣਾ।
ਮੇਰਾ ਪਿਓ ਆਂਹਦਾ-ਚੌਧਰੀ ਜੀ, ਅਸੀਂ ਸਲਾਹ ਕਰਕੇ ਦੱਸਾਂਗੇ। ਸਾਰੇ ਜੀਅ ਇਹ ਗੱਲ ਸੁਣ ਕੇ ਤੜਪ ਉੱਠੇ ਸਨ। ਕਹਿੰਦੇ- ਅਸੀਂ ਸ਼ਰੇਆਮ ਖੜ੍ਹ ਕੇ ਵੱਢੇ ਜਾਵਾਂਗੇ, ਪਰ ਆਹ ਕੰਮ ਨਹੀਂ ਕਰਨਾ।

ਸਾਂਵਲ ਧਾਮੀ

ਅਗਲੀ ਸ਼ਾਮ ਥਾਣੇਦਾਰ ਨੇ ਸਰਦੁੱਲੇ ਚਾਚੇ ਨੂੰ ਸੱਦਿਆ। ਪੁੱਛਣ ਲੱਗਾ- ਤੇਰੇ ਘਰ ਕਾਫ਼ਰ ਲੁਕੇ ਹੋਏ ਨੇ? ਉਸਨੇ ਨਾਂਹ ਕੀਤੀ ਤਾਂ ਥਾਣੇਦਾਰ ਕਹਿਣ ਲੱਗਾ-ਸਵੇਰੇ ਤੇਰੇ ਘਰ ਦੀ ਤਲਾਸ਼ੀ ਹੋਵੇਗੀ। ਸਰਦੁੱਲਾ ਚਾਚਾ ਦੌੜਦਾ ਹੋਇਆ ਘਰ ਆਇਆ ਤੇ ਮੇਰੇ ਪਿਤਾ ਦੇ ਗਲ ਲੱਗ ਰੋਣ ਲੱਗਾ। ਬਾਪੂ ਕਹਿੰਦਾ-ਸਰਦੁੱਲਿਆ ਕੋਈ ਗੱਲ ਨਹੀਂ, ਤੂੰ ਸਾਨੂੰ ਰਾਜੇ ਦੇ ਖੂਹ ’ਤੇ ਪਹੁੰਚਾ ਦੇ। ਰਾਜਾ ਬੜੀਲੇ ਪਿੰਡ ਦਾ ਧੜੱਲੇਦਾਰ ਮੁਸਲਮਾਨ ਜੱਟ ਸੀ। ਰਾਜੇ ਨੇ ਸਾਡੀ ਟਹਿਲ-ਸੇਵਾ ਕੀਤੀ ਤੇ ਆਪਣੀ ਘੋੜੀ ਮੂਹਰੇ ਲਗਾ ਕੇ ਸਾਨੂੰ ਛੱਡਣ ਤੁਰ ਪਿਆ। ਜਦੋਂ ਲੁਟੇਰੇ ਸਾਨੂੰ ਘੇਰਨ ਲੱਗਦੇ ਤਾਂ ਉਹ ਗਲ ’ਚ ਪਾਏ ਸਾਫ਼ੇ ਦਾ ਪੱਲਾ ਮਾਰ ਦਿੰਦਾ। ਉਹ ਪਿਛਾਂਹ ਹੱਟ ਜਾਂਦੇ। ਹੱਦ ’ਤੇ ਆ ਕੇ ਉਹ ਕਹਿਣ ਲੱਗਾ- ਚੰਗਾ ਬਈ ਸਰਦਾਰੋ, ਜਿੰਨੀ ਨਿਭ ਗਈ, ਸੋਹਣੀ ਨਿਭ ਗਈ। ਕਦੇ ਕੋਈ ਭੁੱਲ ਹੋ ਗਈ ਹੋਵੇ ਤਾਂ ਮੁਆਫ਼ ਕਰਿਓ।” ਗੱਲਾਂ ਕਰਦਾ ਬਾਬਾ ਹਰਨਾਮ ਸਿੰਘ ਚਾਣਚੱਕ ਚੁੱਪ ਹੋ ਗਿਆ।
“ਫਿਰ ਕੀ ਹੋਇਆ?” ਬਾਬੇ ਦੀ ਚੁੱਪ ਲੰਬੇਰੀ ਹੋ ਗਈ ਤਾਂ ਮੈਂ ਸਵਾਲ ਕੀਤਾ।
“ਫਿਰ ਅਸੀਂ ਆਏ ਮਨੌਰ, ਮਨੌਰ ਤੋਂ ਛੰਬ-ਜੌੜੀਆਂ ਤੇ ਅਗਾਂਹ ਜੰਮੂ। ਮੀਂਹ ਬੜੇ ਪੈਣ। ਅਸੀਂ ਮੰਦਰ ’ਚ ਬੜੇ ਤਾਂ ਪੁਜਾਰੀ ਧੱਕੇ ਮਾਰੇ, ਪਰ ਅਸੀਂ ਬਦੋ-ਬਦੀ ਬਹਿ ਗਏ। ਉਹ ਵਿਚਾਰਾ ਵੀ ਪਾਸੇ ਹੋ ਕੇ ਬਹਿ ਗਿਆ। ਕੁਝ ਦਿਨਾਂ ਬਾਅਦ ਅਸੀਂ ਤੁਰ ਪਏ। ਗੁਰਦਾਸਪੁਰ ਆ ਕੇ ਸਾਨੂੰ ਪਤਾ ਲੱਗਾ ਕਿ ਸਾਡੇ ਚਾਚੇ-ਤਾਏ ਇੱਥੇ ਖਾਨਪੁਰ ਬੈਠੇ ਨੇ। ਬਹੱਤਰ ਵਰ੍ਹੇ ਹੋ ਗਏ ਪੁੱਤਰਾ, ਅੱਜ ਵੀ ਬੁੱਢਣ ਵਾਲਾ ਉਹ ਘਰ ਤੇ ਖੇਤ ਉਵੇਂ ਦਿਸਦੇ ਨੇ। ਉਵੇਂ ਦਿਸਦੇ ਨੇ ਮੇਰੇ ਯਾਰ ਅਬਦੁੱਲਾ ਤੇ ਮਹਿੰਦੀ!”
ਬਾਬਾ ਹਰਨਾਮ ਸਿੰਘ ਦੀ ਇਹ ਇੰਟਰਵਿਊ ਮੈਂ ਆਪਣੇ ਯੂ-ਟਿਊਬ ਚੈਨਲ ’ਤੇ ਪਾਈ ਤਾਂ ਟਾਂਡੇ ਵੱਸਦੇ ਮੁਹੰਮਦ ਆਸਿਫ਼ ਹੁਰੀਂ ਬੁੱਢਣ ਜਾ ਕੇ ਬਾਬੇ ਅਬਦੁੱਲੇ ਨੂੰ ਲੱਭ ਲਿਆ।
ਦੋਵਾਂ ਦੋਸਤਾਂ ਦੀ ਗੱਲ ਕਰਵਾਉਣ ਲਈ ਮੈਂ ਖਾਨਪੁਰ ਤੇ ਆਸਿਫ਼ ਬੁੱਢਣ ਪਹੁੰਚ ਗਏ। ਇੱਧਰਲੇ ਬਾਬਾ ਜੀ ਬਿਮਾਰ ਪਏ ਸਨ, ਪਰ ਇਸ ਖ਼ਬਰ ਨੇ ਉਨ੍ਹਾਂ ਨੂੰ ਕਿਸੇ ਅਨੋਖੇ ਜਿਹੇ ਚਾਅ ਨਾਲ ਭਰ ਦਿੱਤਾ।
ਵੀਡੀਓ-ਕਾਲ ਸ਼ੁਰੂ ਹੋਈ ਤਾਂ ਇਸ ਬਾਬੇ ਨੇ ਅਬਦੁੱਲੇ ਨੂੰ ਪਛਾਣ ਲਿਆ। ਕਹਿਣ ਲੱਗੇ-ਬਿਰਧ ਹੋ ਗਿਆ, ਪਰ ਸ਼ਕਲ ਉਹੀ ਏ। ਇਹ ਬਹੁਤ ਤਕੜਾ ਹੁੰਦਾ ਸੀ। ਆਪਣੇ ਹਾਣੀਆਂ ਨੂੰ ਨਾਲ ਨਹੀਂ ਸੀ ਲੱਗਣ ਦਿੰਦਾ। ਹੁਣ ਬੋਲਦਾ ਈ ਨਹੀਂ।
ਬਾਬਾ ਅਬਦੁੱਲਾ ਨਿਰੰਤਰ ਰੋਈ ਜਾ ਰਿਹਾ ਸੀ।
“ਮੈਂ ਤਾਂ ਖ਼ੁਸ਼ ਹੁੰਦਾ ਪਿਆਂ। ਤੂੰ ਇਸ ਤਰ੍ਹਾਂ ਨਾ ਕਰ ਅਬਦੁੱਲਿਆ। ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਿ ਉਸਨੇ ਸਾਨੂੰ ਮਿਲਾ ਦਿੱਤਾ ਏ। ਹੁਣ ਇਕ ਗੱਲ ਦੱਸ ਕਿ ਆਪਣੇ ਯਾਰ ਮਹਿੰਦੀ ਦਾ ਕੀ ਹਾਲ ਏ?” ਇੱਧਰਲੇ ਬਾਬੇ ਨੇ ਗੱਲ ਤੋਰ ਲਈ।
“ਉਹ ਫ਼ੌਤ ਹੋ ਗਿਆ!’’
“ਤੇਰੇ ਪੁੱਤਰ ਕੀ ਕਰਦੇ ਨੇ?” ਇੱਧਰਲੇ ਬਾਬੇ ਨੇ ਪੁੱਛਿਆ।
“ਇਕ ਪੁਲੀਸ ’ਚ, ਦੂਜਾ ਵਾਹੀ ਕਰਦਾ ਤੇ ਤੀਜਾ ਦੁਬਈ ਗਿਆ ਹੋਇਆ।”
“ਖੇਤ ਉਸੀ ਤਰ੍ਹਾਂ ਨੇ?”
“ਹਾਂ!”
“ਬਣਾਂ, ਰੱਖ, ਘੱਪ, ਤਰਿੰਢਾ ਤੇ ਜਿਹੜੀ ਉਹ ਜੰਗਲਾਤ ਸੀ?”
“ਆਹੋ, ਸਭ ਉਵੇਂ ਨੇ, ਨਾਮਿਆਂ।”
“ਜਿਹੜੀ ਉਹ ਬੰਨੀ ਬਣਾਈ ਸੀ, ਉਹ ਉਵੇਂ ਏ? ਸਾਡੇ ਖੇਤਾਂ ’ਚ ਕੌਣ ਬੈਠੇ ਨੇ? ਸਾਡਾ ਘਰ ਉਵੇਂ ਏਂ? ਜ਼ੈਲਦਾਰਾਂ ਦੀ ਟੌਹਰ ਉਵੇਂ ਏ? ਪੁਰਾਣਿਆਂ ’ਚੋਂ ਕੌਣ-ਕੌਣ ਜਿਉਂਦਾ?”
ਬਾਬਾ ਹਰਨਾਮ ਸਿੰਘ ਸਵਾਲ-ਦਰ-ਸਵਾਲ ਕਰਦਾ ਰਿਹਾ, ਪਰ ਬਾਬੇ ਅਬਦੁੱਲੇ ਕੋਲੋਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਹੋਇਆ।
“ਅਬਦੁੱਲ ਜੀ…ਤੁਸੀਂ ਚੌਧਰੀ ਹੋ ਸਾਡੇ! ਸਾਡੇ ਕੋਲੋਂ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾ। ਤੁਸੀਂ ਜ਼ੈਲਦਾਰ ਓ ਸਾਡੇ। ਖ਼ਿਮਾ ਕਰਨੀ! ਮੈਂ ਬੜਾ ਖ਼ੁਸ਼ ਹੋਇਆ ਜੀ, ਤਹਾਨੂੰ ਵੇਖ ਕੇ। ਬਿਰਧ ਤਾਂ ਹੋ ਗਿਆਂ ਏਂ, ਪਰ ਨੁਹਾਰ ਓਦਾ ਦੀ ਏ। ਜਿੱਦਾਂ ਅਸੀਂ ਖੇਡਦੇ ਹੁੰਦੇ ਸੀ। ਪਰਿਵਾਰ ਸੇਵਾ-ਸੂਵਾ ਠੀਕ ਕਰਦੈ?”
“ਕਰਦੇ ਨੇ ਸੇਵਾ!” ਬਾਬੇ ਅਬਦੁੱਲੇ ਦੇ ਬੋਲ ਭਾਰੇ ਹੋ ਗਏ ਸਨ।
“…ਤੇ ਬੋਲਦਾ ਕਿਉਂ ਨਹੀਂ? ਮੈਂ ਆਣ-ਜੋਗਾ ਹੁੰਦਾ ਤਾਂ ਜ਼ਰੂਰ ਆਉਣਾ ਸੀ। ਚਲੋ, ਜੇ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ।” ਇਨ੍ਹਾਂ ਗੱਲਾਂ ਦਾ ਵੀ ਓਧਰੋਂ ਕੋਈ ਜਵਾਬ ਨਹੀਂ ਆਇਆ। ਗੱਲਬਾਤ ਬੰਦ ਹੋ ਗਈ।
“ਹਾਣੀ ਨੂੰ ਹਾਣ ਪਿਆਰਾ ਹੁੰਦਾ। ਮੈਨੂੰ ਬਹੁਤ ਖ਼ੁਸ਼ੀ ਹੋਈ। ਲਹੂ ਵਧ ਗਿਆ ਮੇਰਾ। ਜੋ ਹੋਣਾ ਸੀ, ਹੋ ਗਿਆ। ਮੈਂ ਨਹੀਂ ਕਦੇ ਦਿਲ ’ਤੇ ਲਾਈ। ਹੁਣ ਤਾਂ ਅਗਲੇ ਪਾਸੇ ਦੀਆਂ ਤਿਆਰੀਆਂ ਨੇ। ਹੁਣ ਰੋਣ ਦਾ ਫਾਇਦਾ ਏ ਕੋਈ?” ਇੱਧਰਲੇ ਬਾਬੇ ਕੋਲੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ।
ਮੈਂ ਤੁਰਨ ਲੱਗਾ ਤਾਂ ਆਸਿਫ਼ ਦਾ ਫੋਨ ਫਿਰ ਤੋਂ ਆ ਗਿਆ। ਦਰਅਸਲ, ਬਾਬੇ ਅਬਦੁੱਲੇ ਨੇ ਰੋਂਦਿਆ-ਰੋਂਦਿਆਂ ਬਾਬਾ ਹਰਨਾਮ ਸਿੰਘ ਲਈ ਇਕ ਸੁਨੇਹਾ ਛੱਡਿਆ ਸੀ। ਮੈਂ ਫੋਨ ਬਾਬੇ ਦੇ ਕੰਨ ਨਾਲ ਲਗਾ ਦਿੱਤਾ।
“ਬਾਬਾ ਜੀ ਅਬਦੁੱਲੇ ਹੁਰਾਂ ਆਖਿਆ ਹੈ ਕਿ…।” ਆਸਿਫ਼ ਨੇ ਗੱਲ ਸ਼ੁਰੂ ਕੀਤੀ।
“…ਮੇਰੇ ਯਾਰ ਹਰਨਾਮ ਸਿੰਘ ਨੂੰ ਆਖ ਦਈਂ ਕਿ ਜੇ ਇਸ ਜ਼ਿੰਦਗੀ ’ਚ ਮਿਲਣਾ ਨਸੀਬ ਨਾ ਹੋਇਆ ਤਾਂ ਅਸੀਂ ਅਗਲੇ ਜਨਮ ’ਚ ਜ਼ਰੂਰ ਮਿਲਾਂਗੇ।”
ਆਪਣੇ ਯਾਰ ਦਾ ਇਹ ਸੁਨੇਹਾ ਸੁਣਦਿਆਂ ਬਾਬਾ ਹਰਨਾਮ ਸਿੰਘ ਦਾ ਸਬਰ ਜਵਾਬ ਦੇ ਗਿਆ। ਪਹਿਲਾਂ ਆਪਣਾ ਚਿਹਰਾ ਹੱਥਾਂ ’ਚ ਲੁਕੋ ਕੇ ਅੰਦਰੋਂ-ਅੰਦਰੀਂ ਰੋਂਦੇ ਰਹੇ ਤੇ ਫਿਰ ਉੱਚੀ-ਉੱਚੀ ਹਟਕੋਰੇ ਭਰਨ ਲੱਗੇ।

ਸੰਪਰਕ: 97818-43444


Comments Off on ਅਗਲੇ ਜਨਮ ’ਚ ਜ਼ਰੂਰ ਮਿਲਾਂਗੇ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.