ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ

Posted On November - 19 - 2019

ਅੰਮ੍ਰਿਤਸਰ ਵਿਚ ਇਕ ਕੌਰੀਡੋਰ ਵਿਚ ਖੜ੍ਹੀ ਬੀਆਰਟੀਐੱੱਸ ਬੱਸ। -ਫੋਟੋ:ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਨਵੰਬਰ
ਲਗਪਗ 548 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ ਸ਼ੁਰੂ ਕੀਤੀ ਗਈ ਬੀਆਰਟੀਐੱਸ (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਹੌਲੀ ਹੌਲੀ ਲੋਕਾਂ ਵਿਚ ਮਕਬੂਲੀਅਤ ਹਾਸਲ ਕਰ ਰਿਹਾ ਹੈ ਅਤੇ ਇਸ ਵਿਚ ਸਵਾਰ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਹਾਲ ਹੀ ਵਿਚ ਬੀਆਰਟੀਐਸ ਬੱਸ ਸੇਵਾ ਨੂੰ ਕੇਂਦਰ ਵਲੋਂ ਸ਼ਹਿਰਾਂ ਵਿਚ ਆਵਾਜ਼ਾਈ ਲਈ ਸਰਵ ਸ਼੍ਰੇਸਠ ਬੱਸ ਸੇਵਾ ਦਾ ਅਵਾਰਡ ਦਿੱਤਾ ਗਿਆ ਹੈ। ਬੱਸ ਸੇਵਾ ਹੇਠ ਇਸ ਵੇਲੇ ਲਗਪਗ 72 ਬੱਸਾਂ ਸ਼ਹਿਰ ਵਿਚ 31 ਕਿਲੋਮੀਟਰ ਦੇ ਘੇਰੇ ਵਿਚ ਚੱਲ ਰਹੀਆਂ ਹਨ। ਲਗਪਗ 30 ਹਜ਼ਾਰ ਵਿਅਕਤੀ ਰੋਜ਼ਾਨਾ ਇਨ੍ਹਾਂ ਬੱਸਾਂ ਰਾਹੀਂ ਇਕ ਤੋਂ ਦੂਜੀ ਥਾਂ ’ਤੇ ਆ ਜਾ ਰਹੇ ਹਨ ਅਤੇ ਇਸ ਵਾਸਤੇ ਸਿਰਫ 10 ਤੋਂ 15 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਖਰਚ ਕਰਨਾ ਪੈ ਰਿਹਾ ਹੈ। ਇਸ ਬੱਸ ਸੇਵਾ ਨੂੰ ਪੰਜਾਬ ਬੱਸ ਮੈਟਰੋ ਸੁਸਾਇਟੀ (ਪੀਬੀਐਮਐਸ) ਦੇ ਨਾਂ ਹੇਠ ਚਲਾਇਆ ਜਾ ਰਿਹਾ ਹੈ। ਇਸ ਵੇਲੇ ਪੀਬੀਐਮਐਸ ਕੋਲ ਅਜਿਹੀਆਂ 93 ਬੱਸਾਂ ਹਨ। ਦਸੰਬਰ 2016 ਵਿਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਅਧੂਰੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਅਤੇ ਪਹਿਲੇ ਪੜਾਅ ਵਿਚ 60 ਬੱਸਾਂ ਚਲਾਈਆਂ ਗਈਆਂ ਸਨ। ਸ਼ੁਰੂ ਵਿਚ ਕੁਝ ਰੂਟ ਹੀ ਚਲਾਏ ਗਏ ਸਨ ਜਿਸ ਕਾਰਨ ਬੀਆਰਟੀਐਸ ਨੂੰ ਨੁਕਸਾਨ ਪੁੱਜਾ ਸੀ। ਸੂਬੇ ਵਿਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਉਸ ਵੇਲੇ ਦੇ ਸਥਾਨਕ ਸਰਕਾਰਾਂ ਦੇ ਤਤਕਾਲੀ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਸ ਯੋਜਨਾ ਨੂੰ ਨਵਿਆਉਣ ਮਗਰੋਂ ਜੋਸ਼ੋ ਖਰੋਸ਼ ਨਾਲ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਪਹਿਲੇ ਤਿੰਨ ਮਹੀਨੇ ਮੁਫ਼ਤ ਆਵਾਜਾਈ ਦੀ ਸਹੂਲਤ ਦਿੱਤੀ ਗਈ ਸੀ। ਉਸ ਵੇਲੇ ਇਨ੍ਹਾਂ ਬੱਸਾਂ ਰਾਹੀਂ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ 75 ਹਜ਼ਾਰ ਤੱਕ ਪੁੱਜ ਗਈ ਸੀ ਪਰ ਕਿਰਾਇਆ ਸ਼ੁਰੂ ਕਰਨ ਤੋਂ ਬਾਅਦ ਇਹ ਗਿਣਤੀ ਘੱਟ ਕੇ 15 ਤੋਂ 16 ਹਜ਼ਾਰ ਰਹਿ ਗਈ। ਹੁਣ ਨਵੀਂ ਯੋਜਨਾ ਤਹਿਤ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਦੀ ਸਹੂਲਤ ਦਿੱਤੀ ਗਈ ਹੈ, ਕਾਲਜ ਵਿਦਿਆਰਥੀਆਂ ਨੂੰ 66 ਫੀਸਦੀ ਛੋਟ, ਸੀਨੀਅਰ ਸਿਟੀਜ਼ਨ ਨਾਗਰਿਕਾਂ ਨੂੰ 50 ਫੀਸਦ ਛੋਟ, ਅਪਾਹਜਾਂ ਨੂੰ 50 ਫੀਸਦ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪੂਰੇ ਦਿਨ ਦਾ ਪਾਸ, ਮਹੀਨੇ ਦਾ ਪਾਸ ਆਦਿ ਸਹੂਲਤਾਂ ਵੀ ਦਿੱਤੀਆਂ ਗਈਆਂ। ਬੀਆਰਟੀਐੱਸ ਦੇ ਸੀਈਓ ਇੰਦਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਵੇਲੇ ਰੋਜ਼ਾਨਾ 86 ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਸੱਤ ਬੱਸਾਂ ਨੂੰ ਕਿਸੇ ਵੀ ਵੇਲੇ ਹੰਗਾਮੀ ਸਥਿਤੀ ਵਾਸਤੇ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 25 ਤੋਂ 30 ਹਜ਼ਾਰ ਵਿਅਕਤੀ ਇਸ ਸਹੂਲਤ ਲੈ ਰਹੇ ਹਨ। ਇਸ ਬੱਸ ਸੇਵਾ ਦੀ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਕਿਸੇ ਵਿੱਤੀ ਲਾਭ ਵਾਸਤੇ ਨਹੀਂ ਸਗੋਂ ਜਨਤਕ ਸੇਵਾ ਵਾਸਤੇ ਹੈ। ਇਸ ਵੇਲੇ ਮਾਸਿਕ ਖਰਚਾ ਲਗਪਗ 4 ਕਰੋੜ ਰੁਪਏ ਅਤੇ ਮਾਸਿਕ ਆਮਦਨ 60 ਤੋਂ 70 ਲੱਖ ਰੁਪਏ ਹੈ। ਇਹ ਵਿੱਤੀ ਘਾਟਾ ਸਰਕਾਰ ਦੀ ਮਦਦ ਨਾਲ ਪੂਰਾ ਹੋ ਰਿਹਾ ਹੈ। ਸਰਕਾਰ ਵਲੋਂ ਪੈਟਰੋਲ ਆਦਿ ਤੇ ਲਾਏ ਗਏ ਸੈੱਸ ਦੀ ਆਮਦਨ ਰਾਹੀਂ ਇਸ ਘਾਟੇ ਨੂੰ ਪੂਰਿਆ ਜਾ ਰਿਹਾ ਹੈ। ਬੱਸ ਸੇਵਾ ਦਾ ਲਾਭ ਲੈਣ ਵਾਲੇ ਬਲਦੇਵ ਸਿੰਘ ਨੇ ਆਖਿਆ ਕਿ ਇਨ੍ਹਾਂ ਬੱਸਾਂ ਦਾ ਰੱਖ ਰਖਾਓ ਹੋਣਾ ਜ਼ਰੂਰੀ ਹੈ। ਵਿਦਿਆਰਥਣ ਵਿਦਿਆ ਸ਼ਰਮਾ ਨੇ ਆਖਿਆ ਕਿ ਇਹ ਬੱਸ ਸੇਵਾ ਖਾਸ ਕਰ ਕੇ ਕੁੜੀਆਂ ਵਾਸਤੇ ਵਧੇਰੇ ਸੁਰੱਖਿਅਤ ਹੈ।


Comments Off on ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.