ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਹੁਣ ਤਾਂ ਛੱਜ ਵੀ ਨਹੀਂ ਬੋਲਦਾ…

Posted On November - 23 - 2019

ਹਰਪ੍ਰੀਤ ਸਿੰਘ ਸਵੈਚ

ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਹੈ ‘ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜਿਸ ਵਿਚ ਨੌਂ ਸੌ ਛੇਕ’ ਪਰ ਅਜੋਕੇ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਕਹਾਵਤ ਇਸ ਤਰ੍ਹਾਂ ਕਹਿਣ ਨੂੰ ਦਿਲ ਕਰਦਾ ਹੈ, ‘ਛਾਨਣੀ ਨੂੰ ਛੱਡੋ ਹੁਣ ਤਾਂ ਛੱਜ ਵੀ ਨਹੀਂ ਬੋਲਦਾ।’ ਵਿਗਿਆਨਕ ਤਰੱਕੀ ਦੀ ਦੌੜ ਨੇ ਵਿਚਾਰੇ ਛੱਜ ਨੂੰ ਬੋਲਣ ਜੋਗਾ ਛੱਡਿਆ ਹੀ ਨਹੀਂ ਹੈ।
ਆਧੁਨਿਕ ਮਸ਼ੀਨੀ ਯੁੱਗ ਤੇ ਹਫੜਾ-ਦਫੜੀ ਵਾਲੀ ਜ਼ਿੰਦਗੀ ਵਿਚ ਜਿੱਥੇ ਪੰਜਾਬੀ ਸੱਭਿਆਚਾਰ ਖੁਰਦਾ ਨਜ਼ਰ ਪੈਂਦਾ ਹੈ, ਉੱਥੇ ਪੰਜਾਬੀ ਜਨ-ਜੀਵਨ ਦਾ ਅਟੁੱਟ ਹਿੱਸਾ ਰਹੀਆਂ ਵਸਤਾਂ ਵੀ ਆਪਣਾ ਆਧਾਰ ਗੁਆ ਰਹੀਆਂ ਪ੍ਰਤੀਤ ਹੁੰਦੀਆਂ ਹਨ। ਕਿਸੇ ਵੇਲੇ ਸਾਡੇ ਘਰਾਂ ਦਾ ਸ਼ਿੰਗਾਰ ਰਿਹਾ ਛੱਜ ਅੱਜ ਸਿਰਫ਼ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
ਪੁਰਾਤਨ ਸਮਿਆਂ ਵਿਚ ਛੱਜ ਬਣਾਉਣਾ ਵੀ ਪੰਜਾਬੀ ਲੋਕਾਂ ਦਾ ਪ੍ਰਸਿੱਧ ਕਿੱਤਾ ਰਿਹਾ ਹੈ। ਕਾਨਿਆਂ ਅਤੇ ਬਾਂਸ ਨੂੰ ਚਮੜੇ ਨਾਲ ਗੰਢ ਕੇ ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ ਕਿਹਾ ਜਾਂਦਾ ਸੀ। ਛੱਜ ਘਾੜਿਆਂ ਦਾ ਪੂਰਾ ਪਰਿਵਾਰ ਮਿਲ ਕੇ ਛੱਜ ਬਣਾਉਂਦਾ ਹੁੰਦਾ ਸੀ। ਪਰੰਪਰਾਗਤ ਖੇਤੀ ਵਿਚ ਦਾਣਿਆਂ ਨੂੰ ਛੰਡਣ ਲਈ ਛੱਜ ਦਾ ਅਹਿਮ ਸਥਾਨ ਹੁੰਦਾ ਹੈ। ਛੱਜ ਨਾਲ ਦਾਣੇ ਛੰਡ ਕੇ ਸਾਫ਼ ਕੀਤੇ ਜਾਂਦੇ ਸੀ। ਕਣਕ, ਛੋਲੇ, ਦਾਲਾਂ ਆਦਿ ਛੱਜ ਨਾਲ ਹੀ ਛੰਡੀਆਂ ਜਾਂਦੀਆਂ ਸਨ। ਅੱਜ ਪਿੰਡਾਂ ਵਿਚ ਸ਼ਾਇਦ ਹੀ ਕਿਸੇ ਘਰ ਵਿਚ ਸੁਆਣੀਆਂ ਦਾਣੇ ਛੰਡਣ ਲਈ ਛੱਜ ਦਾ ਪ੍ਰਯੋਗ ਕਰਦੀਆਂ ਹੋਣਗੀਆਂ। ਅਜੋਕੇ ਯੁੱਗ ਵਿਚ ਛੱਜ ਦੇ ਨਾਲ-ਨਾਲ ਇਹ ਲੋਕ ਕਿੱਤਾ ਵੀ ਲਗਪਗ ਲੋਪ ਹੀ ਹੋ ਗਿਆ ਹੈ।
ਘਰੇਲੂ ਕੰਮਾਂ-ਕਾਰਾਂ ਵਿਚ ਵਰਤੇ ਜਾਣ ਤੋਂ ਇਲਾਵਾ ਛੱਜ ਦਾ ਸੱਭਿਆਚਾਰਕ ਮਹੱਤਵ ਵੀ ਬਹੁਤ ਜ਼ਿਆਦਾ ਹੈ। ਪੰਜਾਬੀ ਲੋਕਧਾਰਾ ਦੀਆਂ ਬੋਲੀਆਂ, ਕਹਾਵਤਾਂ, ਮੁਹਾਵਰਿਆਂ, ਕਵਿਤਾਵਾਂ ਅਤੇ ਗੀਤਾਂ ਆਦਿ ਵਿਚ ਵੀ ਛੱਜ ਦਾ ਜ਼ਿਕਰ ਆਮ ਹੀ ਮਿਲਦਾ ਹੈ। ਨਾਨਕਾ ਮੇਲ ਮੌਕੇ ਦਿੱਤੀ ਜਾਣ ਵਾਲੀ ਸਿੱਠਣੀ ‘ਛੱਜ ਓਹਲੇ ਛਾਨਣੀ, ਪਰਾਤ ਓਹਲੇ ਤਵਾ, ਨਾਨਕੀਆਂ ਦਾ ਮੇਲ ਆਇਆ ਜਿਉਂ ਬਾਜ਼ੀਗਰਾਂ ਦਾ ਰਵਾ’ ਬਹੁਤ ਪ੍ਰਸਿੱਧ ਹੈ। ਅੱਜ ਵੀ ਜਦੋਂ ਕਿਸੇ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਨੀ ਹੁੰਦੀ ਹੈ ਤਾਂ ਛੱਜ ਨਾਲ ਦਾਣੇ ਛੱਟਦੀਆਂ ਮੁਟਿਆਰਾਂ ਨੂੰ ਸਭ ਤੋਂ ਪਹਿਲਾਂ ਪੇਸ਼ ਕੀਤਾ ਜਾਂਦਾ ਹੈ।
ਸਾਡੇ ਰੀਤੀ ਰਿਵਾਜਾਂ ਵਿਚ ਵੀ ਛੱਜ ਦਾ ਅਹਿਮ ਸਥਾਨ ਹੈ। ਵਿਆਹ ਤੇ ਨਾਨਕਾ ਮੇਲ ਵਿਚ ਛੱਜ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਹੈ। ਪੁਰਾਤਨ ਸਮਿਆਂ ਵਿਚ ਨਾਨਕਿਆਂ ਵੱਲੋਂ ਨਾਨਕ ਛੱਕ ਵੱਜੋਂ ਦਿੱਤੇ ਗਏ ਸਾਮਾਨ ਜਾਂ ਟੂਮਾਂ ਨੂੰ ਛੱਜ ਵਿਚ ਪਾ ਕੇ ਹੀ ਸਕੇ ਸਬੰਧੀਆਂ ਨੂੰ ਦਿਖਾਇਆ ਜਾਂਦਾ ਸੀ। ਘਰ ਵਾਲੇ ਛੱਜ ਵਿਚ ਪਏ ਸਾਮਾਨ ਨੂੰ ਸਾਂਭ ਲੈਂਦੇ ਸਨ ਤੇ ਖਾਲੀ ਛੱਜ ਨਾਨਕਿਆਂ ਦੇ ਹਵਾਲੇ ਕਰ ਦਿੰਦੇ ਹਨ। ਛੱਜ ਦੀ ਸ਼ਾਮਤ ਤਾਂ ਰਾਤ ਨੂੰ ਜਾਗੋ ਕੱਢਣ ਵੇਲੇ ਆਉਂਦੀ ਹੈ। ਕਿਤੇ ਕਿਤੇ ਛੱਜ ਨੂੰ ਭਿਓਂ ਕੇ ਰੱਖਣ ਦਾ ਰਿਵਾਜ ਵੀ ਸੀ ਤਾਂ ਜੋ ਨਾਨਕੀਆਂ ਇਸ ਨੂੰ ਤੋੜ ਨਾ ਸਕਣ। ਰਾਤ ਨੂੰ ਜਾਗੋ ਕੱਢਦੇ ਸਮੇਂ ਮੁਟਿਆਰਾਂ ਇਕ ਹੱਥ ਵਿਚ ਛੱਜ ਫੜ ਕੇ ਦੂਜੇ ਹੱਥ ਵਿਚ ਡੰਡੇ ਨਾਲ ਛੱਜ ਨੂੰ ਕੁੱਟਦੀਆਂ ਸਨ ਤੇ ਛੱਜ ਨੂੰ ਤੀਲਾ ਤੀਲਾ ਕਰ ਦਿੰਦੀਆਂ ਸਨ। ਫਿਰ ਕੋਈ ਸੁਆਣੀ ਕਹਿੰਦੀ ਹੈ ਕਿ ਬੱਸ ਕਰੋ ਹੁਣ ਛੱਜ ਪੂਰਿਆ ਗਿਆ। ਅੱਜਕੱਲ੍ਹ ਜਾਗੋ ਵਿਚ ਸਿਰਫ਼ ਦਿਖਾਵੇ ਮਾਤਰ ਹੀ ਛੱਜ ਤੋੜਿਆ ਜਾਂਦਾ ਹੈ।
ਇਸ ਨਾਲ ਕੁਝ ਲੋਕ ਵਿਸ਼ਵਾਸ ਵੀ ਜੁੜੇ ਹੋਏ ਸਨ। ਪੁਰਾਤਨ ਸਮਿਆਂ ਵਿਚ ਬਹੁਤੀ ਜਾਗਰੂਕਤਾ ਨਾ ਹੋਣ ਕਾਰਨ ਇਹ ਮੰਨਿਆ ਜਾਂਦਾ ਸੀ ਕਿ ਤਿੰਨ ਕੁੜੀਆਂ ਤੋਂ ਬਾਅਦ ਹੋਇਆ ਮੁੰਡਾ ਜਾਂ ਤਿੰਨ ਮੁੰਡਿਆਂ ਤੋਂ ਬਾਅਦ ਹੋਈ ਕੁੜੀ ਮਾਂ-ਪਿਓ ਲਈ ਅਸ਼ੁੱਭ ਹੁੰਦੀ ਹੈ। ਅਜਿਹੇ ਬੱਚੇ ਦੀ ਅਸ਼ੁੱਭਤਾ ਨੂੰ ਦੂਰ ਕਰਨ ਲਈ ਉਸ ਨੂੰ ਛੱਜ ਪਾੜ ਕੇ ਉਸ ਵਿਚੋਂ ਲੰਘਾਇਆ ਜਾਂਦਾ ਸੀ। ਇਸੇ ਤਰ੍ਹਾਂ ਜੇਕਰ ਪਿੰਡ ਵਿਚ ਦੋ ਧਿਰਾਂ ਦੀ ਲੜਾਈ ਹੋ ਜਾਵੇ ਤੇ ਦੋਵੇਂ ਹੀ ਬਰਾਬਰ ਦੇ ਕਸੂਰਵਾਰ ਹੋਣ ਤਾਂ ਦੋਹਾਂ ਧਿਰਾਂ ਨੂੰ ਲਾਅਨਤਾਂ ਪਾਉਣ ਲਈ ਗਲੀ ਮੁਹੱਲੇ ਵਾਲੇ ਦੋਹਾਂ ਘਰਾਂ ਅੱਗੇ ਤੋਹਾਂ ਦਾ ਛੱਜ ਭਰ ਕੇ ਸੁੱਟ ਦਿੰਦੇ ਸਨ ਤੇ ਨਾਲੇ ਟੱਪਾ ਗਾਉਂਦੇ ਸਨ ‘ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ।’
ਪਿੰਡਾਂ ਦੇ ਹਰ ਘਰ ਵਿਚ ਆਮ ਮਿਲਣ ਵਾਲਾ ਛੱਜ ਅੱਜ ਦੁਕਾਨਾਂ ਵਿਚ ਸ਼ੋਅ ਪੀਸ ਵਾਂਗ ਪਿਆ ਆਪਣੇ ਸੁਨਹਿਰੀ ਸਮੇਂ ਨੂੰ ਯਾਦ ਕਰਦਾ ਦਿਖਾਈ ਦਿੰਦਾ ਹੈ। ਬੇਸ਼ੱਕ ਅਜਿਹੀਆਂ ਪੁਰਾਤਨ ਵਸਤਾਂ ਦੀ ਅੱਜ ਦੇ ਵਿਗਿਆਨਕ ਯੁੱਗ ਵਿਚ ਕੋਈ ਬਹੁਤੀ ਵਰਤੋਂ ਨਹੀਂ ਰਹੀ, ਪਰ ਫਿਰ ਵੀ ਆਪਣੇ ਵਿਰਸੇ ਨਾਲ ਜੋੜਨ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਪੁਰਾਤਨ ਚੀਜ਼ਾਂ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ।

ਸੰਪਰਕ: 98782-24000


Comments Off on ਹੁਣ ਤਾਂ ਛੱਜ ਵੀ ਨਹੀਂ ਬੋਲਦਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.