ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਹਾਵ-ਭਾਵ ਪ੍ਰਧਾਨ ਬਰੋਕ ਕਲਾ

Posted On November - 23 - 2019

ਬਰੋਕ ਕਲਾ ਵਿਚ ‘ਆਖਿਰੀ ਰਾਤਰੀ ਭੋਜ’ (ਉੱਪਰ ਖੱਬੇ), ਜਿਆਨ ਲੋਰੇਂਜ਼ੋ ਬਰਨੀਨੀ ਦਾ ਡੇਵਿਡ (ਉੱਪਰ ਸੱਜੇ) ਅਤੇ ਬਾਰੋਕ ਇਮਾਰਤਸਾਜ਼ੀ ਦਾ ਇਕ ਨਮੂਨਾ (ਹੇਠ)।

ਰਣਦੀਪ ਮੱਦੋਕੇ

ਸਾਲ 1400-1500 ਯੂਰੋਪੀ ਮੁੜ ਸੁਰਜੀਤੀ ਦਾ ਸਮਾਂ ਸੀ ਜਿਸ ਦੀ ਕਲਾ, ਕਲਾਕਾਰਾਂ ਅਤੇ ਇਸਦੇ ਪ੍ਰਭਾਵਾਂ ਬਾਰੇ ਅਸੀਂ ਪਹਿਲੇ ਲੇਖਾਂ ਵਿਚ ਜ਼ਿਕਰ ਕੀਤਾ ਸੀ। 1600 ਤੋਂ 1700 ਦਾ ਸਮਾਂ ਬਾਰੋਕ ਕਲਾ ਅੰਦੋਲਨ ਦਾ ਸਮਾਂ ਹੈ, ਕਰਾਵੇਜੀਓ, ਪੀਟਰ ਪਾਲ ਰੁਬੇਨਜ਼, ਅਰਤੇਮੀਸਿਆ ਜੇਨਟਿਲੇਸਚੀ, ਜਿਆਨ ਲੋਰੇਂਜ਼ੋ ਬਰਨੀਨੀ, ਰੇਮਬ੍ਰਾਂਟ ਵਾਨ ਰਿਜਨ, ਡੀਏਗੋ ਵੇਲਜ਼ਕੁਜ਼ ਅਤੇ ਐਂਥਨੀ ਵਾਨ ਡਾਇਕ ਬਾਰੋਕ ਅੰਦੋਲਨ ਦੇ ਪ੍ਰਮੁੱਖ ਕਲਾਕਾਰ ਸਨ। ਮੁੜ ਸੁਰਜੀਤੀ ਲਹਿਰ ਤੋਂ ਬਾਅਦ ਬਰੋਕ ਲਹਿਰ ਵੀ ਸਮੇਂ ਦੇ ਸਹਿਜ ਵਿਕਾਸ ਵਿਚ ਵਾਪਰਦੀਆਂ ਸਮਾਜਿਕ, ਸੱਭਿਆਚਾਰਕ, ਸਿਆਸੀ ਅਤੇ ਵਿੱਤੀ ਉਥਲ-ਪੁਥਲਾਂ ਦਾ ਹੀ ਪ੍ਰਗਟਾਵਾ ਸੀ। ਸਥਾਪਿਤ ਕੈਥੋਲਿਕ ਮੱਤ ਤਬਦੀਲੀ ਦੀ ਹਵਾ ਖ਼ਿਲਾਫ਼ ਆਪਣੀ ਤਾਕਤ ਨੂੰ ਬਰਕਰਾਰ ਰੱਖਣ ਦੀ ਲੜਾਈ ਲੜ ਰਿਹਾ ਸੀ। ਇਸ ਸਮੇਂ ਤਕ ਇਸਾਈ ਮੱਤ ਕੈਥੋਲਿਕਾਂ ਅਤੇ ਪ੍ਰੋਟੈਸਟੈਂਟ ਵਿਚ ਵੰਡਿਆ ਜਾ ਚੁੱਕਾ ਸੀ ਅਤੇ ਇਨ੍ਹਾਂ ਦੀ ਆਪਸੀ ਖਿੱਚੋਤਾਣ ਚੱਲ ਰਹੀ ਸੀ। ਧਾਰਮਿਕ ਸੁਧਾਰਾਂ ਅਤੇ ਉਲਟ ਸੁਧਾਰਵਾਦੀ ਭੇੜ ਸਿਖਰ ’ਤੇ ਸੀ।
ਬਰੋਕ ਕਲਾ ਬਾਰੇ ਕਿਹਾ ਜਾਂਦਾ ਹੈ, ਇਸਨੂੰ ਕੈਥੋਲਿਕ ਪ੍ਰਤੀਕਿਰਿਆਵਾਦੀਆਂ ਵੱਲੋਂ ਹੀ ਉਤਸ਼ਾਹਿਤ ਕੀਤਾ ਗਿਆ ਸੀ। ਬਰੋਕ ਕਲਾ ਵਿਚ ਜ਼ਿਆਦਾਤਰ ਮੁੜ ਸੁਰਜੀਤੀ ਕਲਾ ਲਹਿਰ ਵਾਲੇ ਵਿਸ਼ੇ ਹੀ ਦੁਹਰਾਏ ਗਏ, ਪਰ ਇਸਦੀ ਵਿਉਂਤਬੰਦੀ ਵਿਚ ਮੁੜ ਸੁਰਜੀਤੀ ਕਲਾ ਨਾਲੋਂ ਕਾਫ਼ੀ ਅੰਤਰ ਸੀ ਜਿਸਨੂੰ ਅਸੀਂ ਰਵਾਇਤੀ ਸਮੱਗਰੀ ਨੂੰ ਬਦਲੇ ਹੋਏ ਰੂਪਕ ਪੱਖ (ਅਤਿ ਰਹੱਸਵਾਦੀ) ਵੱਜੋਂ ਚਿੰਨ੍ਹਤ ਕਰ ਸਕਦੇ ਹਾਂ ਜਿਵੇਂ ਕਿ ਲੁਭਾਉਣੀ ਕਾਮੁਕਤਾ, ਨਾਟਕੀ ਯਥਾਰਥ, ਤੀਬਰ ਭਾਵਨਾਵਾਂ ਅਤੇ ਗਤੀ ਜੋ ਬਾਰੋਕ ਕਲਾ ਦੇ ਵਿਖਿਆਤ ਕਲਾਕਾਰ ਜਿਆਨ ਲੋਰੇਂਜ਼ੋ ਬਰਨੀਨੀ ਦੀ ਕਲਾ ਵਿਚ ਉੱਭਰਵੇਂ ਰੂਪ ਵਿਚ ਮੌਜੂਦ ਸੀ। ਮੁੜ ਸੁਰਜੀਤੀ ਅੰਦੋਲਨ ਦੀ ਕਲਾ ਵਿਚ ਗਹਿਰਾਈ ਅਤੇ ਸਮਾਨ ਪਰਿਪੇਖ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ, ਪਰ ਇਸ ਵਿਚ ਉੱਚਤਮ ਯਥਾਰਥ ਦੇ ਬਾਵਜੂਦ ਹਾਵ-ਭਾਵਾਂ ਦੀ ਕਮੀ ਰੜਕਦੀ ਸੀ। ਬਰੋਕ ਕਲਾ ਵਿਚ ਹਾਵ-ਭਾਵ ਬੜੇ ਪ੍ਰਧਾਨ ਸਨ। ਉਦਾਹਰਨ ਵੱਜੋਂ ਬਰਨੀਨੀ ਵੱਲੋਂ ਬਣਾਈ ਡੇਵਿਡ ਦੀ ਮੂਰਤੀ ਵਿਚ ਮਾਇਕਲਐਂਜਲੋ ਦੇ ਡੇਵਿਡ ਨਾਲੋਂ ਹਾਵ-ਭਾਵ ਜ਼ਿਆਦਾ ਸਨ, ਪਰ ਬਰੋਕ ਚਿੱਤਰਕਾਰੀ ਵਿਚ ਬਹੁਪੱਖੀ ਆਭਾਸ ਦੇ ਨਾਲ ਨਾਲ ਨਾਟਕੀ ਰੌਸ਼ਨੀ ਇਨ੍ਹਾਂ ਨੂੰ ਰੰਗਮੰਚੀ ਦਿਖ ਵੀ ਦਿੰਦੀ ਸੀ ਜਾਂ ਕਹਿ ਸਕਦੇ ਹਾਂ ਕਿ ਇਕ ਰਹੱਸਮਈ ਪ੍ਰਭਾਵ ਜੋ ਮੁੜ ਸੁਰਜੀਤੀ ਅੰਦੋਲਨ ਦੇ ਚਿੱਤਰਾਂ ਜਿਹਾ ਗੰਭੀਰ ਅਸਰ ਨਹੀਂ ਪਾਉਂਦਾ ਸੀ।
ਕੈਥੋਲਿਕ ਮੱਤ ਦੇ ਥਾਪੜੇ ਦੇ ਬਾਵਜੂਦ ਬਰੋਕ ਕਲਾ ਦੀ ਚਰਚਾ ਆਪਣੇ ਸਮਕਾਲੀਨ ਸਮੇਂ ਵਿਚ ਇੰਨੀ ਜ਼ਿਆਦਾ ਨਹੀਂ ਹੋਈ। ਕਾਫ਼ੀ ਸਮੇਂ ਬਾਅਦ ਇਸਨੂੰ ਗੌਲਿਆ ਗਿਆ ਅਤੇ ਇਸ ਦੀ ਤੁਲਨਾ ਮੁੜ ਸੁਰਜੀਤੀ ਅੰਦੋਲਨ ਦੀ ਕਲਾ ਨਾਲ ਕੀਤੀ ਗਈ। ਭਾਵੇਂ ਬਰੋਕ ਕਲਾ ਨੂੰ ਕੈਥੋਲਿਕ ਮੱਤ ਦੀ ਸਾਖ ਕਲਾ ਵਿਚ ਮੁੜ ਸਥਾਪਤ ਕਰਨ ਦੀ ਮੁਹਿੰਮ ਵੱਜੋਂ ਹੀ ਜਾਣਿਆ ਜਾਂਦਾ ਹੈ, ਪਰ ਸਮਾਂ ਪਿਛਲ-ਖੁਰੀਂ ਨਹੀਂ ਮੁੜਦਾ। ਸਮਾਜ ਅਤੇ ਸੱਭਿਆਚਾਰ ਨਿਰੰਤਰ ਅਗਾਂਹ ਵੱਲ ਹੀ ਵਧਦਾ ਹੈ, ਭਾਵੇਂ ਇਸ ਦੀ ਚਾਲਕ ਸ਼ਕਤੀ ਦੀ ਅਗਵਾਈ ਸਮਾਜਿਕ ਸਿਆਸੀ ਕ੍ਰਾਂਤੀ ਹੋਵੇ ਜਾਂ ਫਿਰ ਸਹਿਜ ਵਿਕਾਸ, ਪਰ ਇਸਦਾ ਅਸਰ ਸਮਾਜ ਅਤੇ ਸੱਭਿਆਚਾਰ ਵਿਚ ਲਗਾਤਾਰ ਦਿਖਦਾ ਹੈ, ਜੋ ਅਸੀਂ ਬਰੋਕ ਕਲਾ ਵਿਚ ਵੀ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਇਸ ਵਿਚ ਸਿਰਫ਼ ਧਾਰਮਿਕ ਵਿਸ਼ਵਾਸ ਨਾਲ ਸਬੰਧਿਤ ਕਲਾ ਸਿਰਜਣਾ ਹੀ ਨਹੀਂ ਹੋਈ ਸਗੋਂ ਮੁੜ ਸੁਰਜੀਤੀ ਅੰਦੋਲਨ ਦੀ ਕਲਾ ਤੋਂ ਅਗਾਂਹ ਸਾਧਾਰਨ ਜਨ ਜੀਵਨ, ਧਰਤ-ਦ੍ਰਿਸ਼, ਵਿਗਿਆਨ, ਖਗੋਲ ਵਿਗਿਆਨ ਅਤੇ ਇਲਾਜ ਪ੍ਰਣਾਲੀ ਵਿਚ ਹੋ ਰਹੇ ਨਵੇਂ ਤਜਰਬਿਆਂ ਨੂੰ ਵੀ ਚਿੱਤਰਿਆ ਗਿਆ ਕਿਉਂਕਿ ਬਰੋਕ ਕਲਾ ਸਿਰਫ਼ ਇਤਾਲਵੀ ਪ੍ਰਭਾਵਸ਼ਾਲੀ ਵਰਗ ਅਤੇ ਕੈਥੋਲਿਕ ਮੱਤ ਦੀਆਂ ਹੱਦਬੰਦੀਆਂ ਤੋਂ ਬਾਹਰ ਯੂਰੋਪ ਦੇ ਬਹੁਤੇ ਦੇਸ਼ਾਂ ਵਿਚ ਵੀ ਪਨਪੀ, ਜਿੱਥੇ ਇਕ ਨਵੀਂ ਵਪਾਰੀ ਜਮਾਤ ਪੈਦਾ ਹੋ ਚੁੱਕੀ ਸੀ ਜੋ ਕੈਥੋਲਿਕ ਮੱਤ ਦੇ ਮਧਯੁੱਗੀ ਪ੍ਰਤੀਕਿਰਿਆਵਾਦੀ ਵਿਸ਼ਵਾਸਾਂ ਦੀ ਬਜਾਏ ਪ੍ਰਗਤੀਵਾਦੀ ਸੀ।
ਜਿੱਥੇ ਇਤਾਲਵੀ ਸਪੈਨਿਸ਼ ਬਰੋਕ ਦੇ ਕਲਾਕਾਰਾਂ ਨੂੰ ਕੈਥੋਲਿਕ ਮੱਤ ਦੀ ਜੈ-ਜੈਕਾਰ ਕਰਨ ਲਈ ਉਤਸ਼ਾਹਿਤ ਕਰ ਰਿਹਾ ਸੀ, ਉੱਥੇ ਡੱਚ, ਫਰਾਂਸੀਸੀ, ਜਰਮਨ ਬਾਰੋਕ ਕਲਾਕਾਰਾਂ ਨੂੰ ਨਵ ਪ੍ਰਗਤੀਸ਼ੀਲ ਵਪਾਰੀ ਵਰਗ ਉਤਸ਼ਾਹਿਤ ਕਰ ਰਿਹਾ ਸੀ। ਇਸੇ ਸਮੇਂ ਵਿਗਿਆਨ ਆਪਣੇ ਆਧੁਨਿਕ ਮੁਹਾਂਦਰੇ ਵੱਲ ਪੁਲਾਂਘ ਪੁੱਟ ਰਿਹਾ ਸੀ। ਇਤਾਲਵੀ ਵਿਗਿਆਨੀ ਅਤੇ ਦਾਰਸ਼ਨਿਕ ਗਲੀਲਿਓ ਗਲੀਲੀ ਵੀ ਗਣਿਤ, ਖਗੋਲ ਅਤੇ ਭੌਤਿਕ ਵਿਗਿਆਨ ਬਾਰੇ ਆਪਣੇ ਤਜਰਬੇ ਕਰ ਰਹੇ ਸਨ। ਭਾਵੇਂ ਦੂਰਬੀਨ ਦੀ ਖੋਜ ਕਾਫ਼ੀ ਪਹਿਲਾਂ ਹੀ ਹੋ ਚੁੱਕੀ ਸੀ, ਪਰ ਗਲੀਲਿਓ ਨੇ ਉਸ ਸਮੇਂ ਦੀ ਇਕ ਅਤਿ ਆਧੁਨਿਕ ਦੂਰਬੀਨ ਬਣਾ ਕੇ ਸੌਰ-ਮੰਡਲ ਅਤੇ ਗ੍ਰਹਿਾਂ ਬਾਰੇ ਆਪਣਾ ਨਵਾਂ ਸਿਧਾਂਤ ਦਿੱਤਾ। ਇਹ ਕੈਥੋਲਿਕ ਗ੍ਰੰਥਾਂ ਦੀ ਧਰਤੀ, ਸੌਰ-ਮੰਡਲ ਅਤੇ ਬ੍ਰਹਿਮੰਡ ਬਾਰੇ ਪਰਿਕਲਪਨਾ ਦੇ ਉਲਟ ਸੀ, ਜਿਸਤੋਂ ਚਿੜ ਕੇ ਗਲੀਲਿਓ ਨੂੰ ਕੈਦ ਕਰ ਲਿਆ ਸੀ। ਇਸੇ ਤਰ੍ਹਾਂ ਭਾਫ਼ ਇੰਜਣ, ਥਰਮਾ ਮੀਟਰ, ਕਾਗਜ਼ ਆਦਿ ਹੋਰ ਕਈ ਪ੍ਰਮੁੱਖ ਖੋਜਾਂ ਵੀ ਹੋ ਚੁੱਕੀਆਂ ਸਨ। ਇਸ ਤਰ੍ਹਾਂ ਸਮਾਜ ਅਤੇ ਸੱਭਿਆਚਾਰ ਉੱਪਰ ਸਾਹਿਤ ਕਲਾ ਅਤੇ ਵਿਗਿਆਨ ਦਾ ਰਲਵਾਂ ਪ੍ਰਭਾਵ ਦਿਖਦਾ ਸੀ ਕਿਉਂਕਿ ਖਲਾਅ ਵਿਚ ਕੁਝ ਨਹੀਂ ਵਾਪਰਦਾ। ਸਮਾਜ ਅੰਦਰ ਵਾਪਰਦੇ ਹਰ ਵਰਤਾਰੇ ਦੀਆਂ ਤੰਦਾਂ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ।
ਇਹ ਬੜਾ ਕੁਦਰਤੀ ਹੈ ਕਿ ਜਦੋਂ ਵੀ ਮਨੁੱਖੀ ਸਮਾਜ ਵਿਚ ਪੁਰਾਤਨ ਮਾਪਦੰਡਾਂ ਨੂੰ ਰੱਦ ਕਰਕੇ ਨਵੇਂ ਵਿਚਾਰ ਆਉਂਦੇ ਹਨ ਤਾਂ ਹਰ ਖੇਤਰ ਵਿਚ ਇਸਦੀ ਅਗਾਂਹਵਾਧੂ ਝਲਕ ਦਿਖਦੀ ਹੈ ਅਤੇ ਖੜੋਤ ਅਤੇ ਪਿਛਲ ਮੋੜੇ ਦੇ ਸਮੇਂ ਸਹਿਤ ਕਲਾ ਅਤੇ ਬੌਧਿਕਤਾ ਦੇ ਖੇਤਰ ਵਿਚ ਭਰਮ ਭੁਲੇਖੇ ਅਤੇ ਸਤਹੀਪੁਣੇ ਦੀ ਭਰਮਾਰ ਹੁੰਦੀ ਹੈ। ਸੋ ਬਾਰੋਕ ਕਲਾ ਅੰਦੋਲਨ ਉੱਪਰ ਵੀ ਪਿਛਾਖੜੀ ਅਤੇ ਆਧੁਨਿਕਤਾਵਾਦ ਵਿਚ ਚੱਲ ਰਹੀ ਖਿਚੋਤਾਣ ਦੀ ਝਲਕ ਸਾਫ਼ ਦਿਖਦੀ ਹੈ।

ਸੰਪਰਕ: 98146-93368


Comments Off on ਹਾਵ-ਭਾਵ ਪ੍ਰਧਾਨ ਬਰੋਕ ਕਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.