ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ

Posted On November - 21 - 2019

ਸੁਖਦੀਪ ਸਿੰਘ ਗਿੱਲ

ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਾਂ ਤੇ ਐਪਸ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਵਟਸਐਪ ਤੇ ਸਨੈਪਚੈਟ ਆਦਿ ਅੱਜ-ਕੱਲ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਬਹੁਤ ਪ੍ਰਚਿਲਤ ਹਨ। ਅੱਜ ਕੱਲ੍ਹ ਤਕਰੀਬਨ ਹਰ ਉਹ ਵਿਅਕਤੀ ਸੋਸ਼ਲ ਮੀਡੀਆ ਦੇ ਇਨ੍ਹਾਂ ਸਾਧਨਾਂ ਨੂੰ ਵਰਤਦਾ ਹੈ, ਜਿਸ ਦੇ ਵੀ ਮੋਬਾਈਲ ਫੋਨ ਵਿੱਚ ਇਸ ਦੀ ਸੁਵਿਧਾ ਹੈ, ਜਾਂ ਉਸ ਕੋਲ ਕੰਪਿਊਟਰ ਆਦਿ ਹੈ। ਇਨ੍ਹਾਂ ਨੂੰ ਸਮਾਂ ਬਤੀਤ ਕਰਨ ਦਾ ਸਾਧਨ ਮੰਨਿਆ ਜਾਂਦਾ ਹੈ, ਜਾਣਕਾਰੀ ਪ੍ਰਾਪਤ ਕਰਨ ਦਾ ਸਾਧਨ ਵੀ ਤੇ ਵਿਗੜਨ ਜਾਂ ਸਮੇਂ ਦੀ ਬਰਬਾਦੀ ਕਰਨ ਦਾ ਜ਼ਰੀਆ ਵੀ ਮੰਨਿਆ ਜਾਂਦਾ ਹੈ। ਇਹ ਵਰਤਣ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਉਹ ਕੀ ਚਾਹੁੰਦਾ ਹੈ, ਕੁਝ ਪ੍ਰਾਪਤ ਕਰਨਾ ਜਾਂ ਆਪਣਾ ਕੀਮਤੀ ਵਕਤ ਬਰਬਾਦ ਕਰਨਾ। ਇਨ੍ਹਾਂ ਦੀ ਵਰਤੋਂ ਕਰਨ ਵਾਲੇ ਲੋਕ ਆਪਣੇ ਦੋਸਤਾਂ ਵਿੱਚ ਆਪਣੀਆਂ ਕਾਮਯਾਬੀਆਂ ਖੁਸ਼ੀਆਂ ਵੰਡਦੇ ਹਨ। ਲੋਕ ਆਪਣੇ-ਆਪਣੇ ਵਿਚਾਰ ਸਾਂਝੇ ਕਰਦੇ ਹਨ, ਕਿਸੇ ਖ਼ਬਰਾਂ ਦੇ ਚੈਨਲ ਵਾਂਗ ਇਹ ਦੇਸ਼ ਦੁਨੀਆਂ ਦੀ ਜਾਣਕਾਰੀ ਵੀ ਦਿੰਦੀਆਂ ਹਨ।
ਜ਼ਿਆਦਾਤਰ ਲੋਕ ਆਪਣੀਆਂ ਤਸਵੀਰਾਂ ਪਾਉਂਦੇ ਹਨ, ਜਿਸ ਨੂੰ ਆਈਡੀ ਵਿੱਚ ਬਣਾਏ ਗਏ ਦੋਸਤ ਤੇ ਫਾਲੋਅਰਜ਼ ਆਦਿ ਵੇਖ ਸਕਦੇ ਹਨ ਤੇ ਉਹ ਲਾਈਕ ਤੇ ਕੁਮੈਂਟ ਦਿੰਦੇ ਹਨ। ਇਨ੍ਹਾਂ ਕੁਮੈਂਟਾਂ ਦੀ ਭਾਸ਼ਾ ਦੋਸਤਾਂ ਦੀ ਸ਼ਖਸੀਅਤ ਅਤੇ ਖੇਤਰ ਦੇ ਹਿਸਾਬ ਨਾਲ਼ ਹੁੰਦੀ ਹੈ। ਪੜ੍ਹੇ-ਲਿਖੇ ਲੋਕ ਅਦਬ ਵਿੱਚ ਰਹਿ ਕੇ ਇਸਦੀ ਵਰਤੋਂ ਕਰਦੇ ਹਨ ਤੇ ਨਾ ਸਮਝ ਜਾਂ ਛੇਤੀ ਆਪਾ ਖੋ ਦੇਣ ਵਾਲੇ ਕੁਝ ਵੀ ਕਰਦੇ ਹਨ। ਇਸ ਲਈ ਆਪਣੇ ਲਈ ਮਾਹੌਲ ਵਿਅਕਤੀ ਖੁਦ ਚੁਣਦਾ ਹੈ। ਕਈ ਬਹੁਤ ਲੱਚਰ ਸ਼ਬਦਾਵਲੀ ਦੇ ਕੁਮੈਂਟ ਵੀ ਦੇ ਦਿੰਦੇ ਹਨ। ਇਸ ਤੋਂ ਇਲਾਵਾ ਦੋਸਤਾਂ ਦੇ ਦੋਸਤਾਂ (ਪੀਪਲ ਯੂ ਮੇ ਨੋਅ) ਦੀਆਂ ਆਈਡੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚ ਕੁਝ ਗਲ਼ਤ ਲੋਕਾਂ ਦੀਆਂ ਵੀ ਹੁੰਦੀਆਂ ਹਨ। ਇਸ ਲਈ ਇਨ੍ਹਾਂ ਸੋਸ਼ਲ ਮੀਡੀਆ ਸਾਧਨਾਂ ਤੋਂ ਬੱਚਿਆਂ ਤੇ ਪੜ੍ਹਨ ਵਾਲੇ ਨੌਜਵਾਨਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਦਿਮਾਗ ਦੀ ਥਾਂ ਦਿਲ ਤੋਂ ਚੋਣ ਕਰ ਸਕਦੇ ਹਨ। ਪਰ ਅੱਜ ਕੱਲ੍ਹ ਵਿਦਿਆਰਥੀਆਂ ਵਿੱਚ ਇਨ੍ਹਾਂ ਦੀ ਵਰਤੋਂ ਕਰਨ ਦਾ ਰੁਝਾਨ ਵਧਣ ਲੱਗਾ ਹੈ। ਫੇਸਬੁੱਕ ਤਾਂ ਨੌਜਵਾਨਾਂ ਵਿਚ ਪਹਿਲਾਂ ਹੀ ਕਾਫ਼ੀ ਮਕਬੂਲ ਹੈ ਪਰ ਹੁਣ ਖ਼ਾਸਕਰ ਵਿਦਿਆਰਥੀ ਵਰਗ ਇੰਟਾਗ੍ਰਾਮ ਵੱਲ ਵੀ ਕਾਫ਼ੀ ਰੁਚਿਤ ਹੋ ਰਿਹਾ ਹੈ। ਇਸ ਕਰਕੇ ਉਨ੍ਹਾਂ ਦੀ ਬੋਲਚਾਲ ’ਤੇ ਸੋਸ਼ਲ ਮੀਡੀਆ ਦੇ ਕੁਮੈਂਟਾਂ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਮਾਪੇ ਆਪਣੇ ਬੱਚਿਆਂ ਨੂੰ ਲੋੜ ਅਨੁਸਾਰ ਫੋਨ ਲੈ ਕੇ ਦਿੰਦੇ ਹਨ ਪਰ ਉਹ ਸੋਸ਼ਲ ਮੀਡੀਆ ’ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਵਿੱਚ ਲੱਗੇ ਰਹਿੰਦੇ ਹਨ। ਇਨ੍ਹਾਂ ਨੂੰ ਵਰਤਣ ਵੇਲੇ ਵਕਤ ਦਾ ਪਤਾ ਨਹੀਂ ਲਗਦਾ ਕਿ ਕਦੋਂ ਗੁਜ਼ਰ ਗਿਆ, ਜੇ ਕੋਈ ਦਸ ਮਿੰਟ ਸੋਚ ਕੇ ਚਲਾਉਣਾ ਚਾਹੇ ਤਾਂ ਵੀ ਮੁੜ ਇਨ੍ਹਾਂ ਨੂੰ ਬੰਦ ਕਰਨ ਦਾ ਜੀਅ ਨਹੀਂ ਕਰਦਾ ਤੇ ਘੰਟਾ-ਦੋ ਘੰਟਿਆਂ ਦੇ ਖਰਚ ਹੋ ਜਾਣ ਦਾ ਪਤਾ ਨਹੀਂ ਲਗਦਾ। ਇਨ੍ਹਾਂ ’ਤੇ ਹੋਰ ਵਰਤੋਂਕਾਰਾਂ ਵੱਲੋਂ ਪਾਈਆਂ ਪੋਸਟਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਤੇ ਲਾਈਕ ਤੇ ਕੁਮੈਂਟ ਦੇਣ ਵਿੱਚ ਵਿਅਕਤੀ ਰੁੱਝ ਕੇ ਰਹਿ ਜਾਂਦਾ ਹੈ ਪਰ ਇਹ ਕੰਮ ਮੁੱਕਣ ਵਿੱਚ ਨਹੀਂ ਆਉਂਦਾ। ਵੱਖਰੇ ਵੱਖਰੇ ਦੋਸਤਾਂ ਤੋਂ ਵੱਖਰਾ ਵੱਖਰਾ ਮਸਾਲਾ ਮਿਲਦਾ ਰਹਿੰਦਾ ਹੈ ਤੇ ਇਸ ਨੂੰ ਬੰਦ ਕਰਨ ਨੂੰ ਜੀਅ ਨਹੀਂ ਕਰਦਾ। ਇਸ ਕਰਕੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਰਹਿੰਦੀ ਹੈ ਤੇ ਇਸ ਦਾ ਪਤਾ ਨਹੀਂ ਲਗਦਾ।
ਜੇ ਕੋਈ ਚਾਹੁੰਦਾ ਹੈ ਕਿ ਉਸ ਦੁਆਰਾ ਪਾਈ ਗਈ ਪੋਸਟ ਚਾਹੇ ਉਹ ਕਿੰਨੀ ਵੀ ਜ਼ਰੂਰੀ ਜਾਂ ਮਹੱਤਵਪੂਰਨ ਕਿਉਂ ਨਾ ਹੋਵੇ ਲੋਕ ਲਾਈਕ ਕਰਨ ਤਾਂ ਪਹਿਲਾਂ ਉਸ ਨੂੰ ਵੀ ਦੂਜਿਆਂ ਦੀਆਂ ਪੋਸਟਾਂ ਲਾਈਕ ਕਰਨੀਆਂ ਪੈਂਦੀਆਂ ਹਨ ਤੇ ਕੁਮੈਂਟ ਦੇਣੇ ਜ਼ਰੂਰੀ ਹੁੰਦੇ ਹਨ ਨਹੀਂ ਸਾਹਮਣੇ ਵਾਲੇ ਉਸ ਦੀਆਂ ਪੋਸਟਾਂ ਵੱਲ ਧਿਆਨ ਦੇਣਗੇ ਇਹ ਜ਼ਰੂਰੀ ਨਹੀਂ। ਇਸ ਲਈ ਬੱਚੇ ਦੂਜਿਆਂ ਦੁਆਰਾ ਦਿੱਤੇ ਗਏ ਕੁਮੈਂਟ: ਕੋਕਾ, ਅੱਤ, ਸਿਰਾ ਆਦਿ ਨੂੰ ਆਪਣੀ ਬੋਲੀ ਵਿੱਚ ਸ਼ਾਮਿਲ ਕਰ ਲੈਂਦੇ ਹਨ ਤੇ ਇਸ ਨਾਲ ਉਨ੍ਹਾਂ ਦੀ ਸ਼ਖਸੀਅਤ ’ਤੇ ਬੁਰਾ ਅਸਰ ਪੈਂਦਾ ਹੈ। ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਪੋਸਟ ’ਤੇ ਕੀ ਪ੍ਰਤੀਕਰਮ ਦੇਣਾ ਚਾਹੀਦਾ ਹੈ। ਬਹੁਤ ਸਾਰੀਆਂ ਪੋਸਟਾਂ ਤੇ ਲਿਖਿਆ ਹੁੰਦਾ ਹੈ ਸ਼ੇਅਰ ਕਰੋ ਤੇ ਉਹ ਸ਼ੇਅਰ ਕਰ ਦਿੰਦੇ ਹਨ ਤੇ ਸ਼ਰਮਸਾਰ ਮਾਪਿਆਂ ਨੂੰ ਹੋਣਾ ਪੈਂਦਾ ਹੈ।
ਅੱਜ ਕੱਲ੍ਹ ਦੇ ਸਮੇਂ ਵਿੱਚ ਜਿੱਥੇ ਅਬਾਦੀ ਬਹੁਤ ਵਧ ਰਹੀ ਹੈ ਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੁੰਦੇ ਜਾ ਰਹੇ ਹਨ, ਇਸ ਹਾਲਤ ਵਿੱਚ ਵਿਦਿਆਰਥੀਆਂ ਵਿੱਚ ਮੁਕਾਬਲਾ ਬਹੁਤ ਵਧ ਗਿਆ ਹੈ। ਚਾਹੇ ਕੋਈ ਜਨਰਲ ਹੋਵੇ ਬੇਸ਼ੱਕ ਰਾਖਵੇਂਕਰਨ ਦਾ ਹੱਕਦਾਰ, ਬਿਨਾਂ ਮਿਹਨਤ ਕਰਨ ਦੇ ਨੌਕਰੀ ਮਿਲਣੀ ਸੌਖੀ ਨਹੀਂ। ਡਾਕਟਰ ਬਣਨ ਦੀ ਇੱਛਾ ਰੱਖਣ ਵਾਲੇ ਬੱਚਿਆਂ ਨੂੰ 15 ਘੰਟਿਆਂ ਦੇ ਆਸ-ਪਾਸ ਪੜ੍ਹਨ ਦੀ ਲੋੜ ਹੁੰਦੀ ਹੈ, ਇੰਜਨੀਅਰਿੰਗ ਲਈ ਇੱਕ ਅੱਧਾ ਘੰਟਾ ਘੱਟ, ਤੇ ਹੋਰ ਕਿੱਤੇ ਦੇ ਕੋਰਸ ਕਰਨ ਲਈ ਵੀ ਦਸ-ਬਾਰਾਂ ਘੰਟਿਆਂ ਦੀ ਮਿਹਨਤ ਲਾਜ਼ਮੀ ਹੈ। ਇਸ ਲਈ ਵਿਦਿਆਰਥੀਆਂ ਨੂੰ ਤਾਂ ਫੋਨ ਆਪਣੀ ਪੜ੍ਹਾਈ ਦੀ ਪੂਰਤੀ ਤੋਂ ਬਿਨਾਂ ਵਰਤਣਾ ਕੇਵਲ ਤੇ ਕੇਵਲ ਸਮੇਂ ਦੀ ਬਰਬਾਦੀ ਹੈ। ਉਹ ਵੇਲੇ ਲੱਦ ਗਏ ਜਦ 50 ਫ਼ੀਸਦੀ ਨੰਬਰ ਲੈਣ ਵਾਲੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਸਨ ਤੇ ਉਹ ਵੇਲੇ ਵੀ ਚਲੇ ਗਏ ਜਦੋਂ 60 ਫ਼ੀਸਦੀ ਨੰਬਰ ਲੈਣ ਵਾਲੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਸਨ ਹੁਣ ਜ਼ਮਾਨਾ ਮਿਹਨਤਾਂ ਦਾ ਹੈ। ਬਾਕੀ ਕੋਰਸ ਕਰਨ ਤੋਂ ਬਾਅਦ ਹੁੰਦੇ ਟੈਸਟ ਕਮਜ਼ੋਰ ਤਾਂ ਕੀ ਕੱਢਣਗੇ ਚੰਗਿਆਂ ਚੰਗਿਆਂ ਦੀ ਬੱਸ ਕਰਵਾ ਦਿੰਦੇ ਹਨ।
ਇਸ ਲਈ ਆਪਣੇ ਬੱਚਿਆਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਹੋਰ ਸੋਸ਼ਲ ਸਾਈਟਸ ਤੋਂ ਦੂਰ ਰਹਿਣ ਦੀ ਸਿਖਿਆ ਸਮੇਂ ਸਮੇਂ ਦਿੰਦੇ ਰਹਿਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਰੁੱਝੇ ਰਹਿਣ ਦੀ ਆਦਤ ਉਨ੍ਹਾਂ ਦੇ ਸੁਭਾਅ ਵਿੱਚ ਚਿੜਚੜਾਪਨ ਲਿਆ ਦਿੰਦੀ ਹੈ ਤੇ ਉਹ ਮਾਪਿਆਂ ਤੋਂ ਦੂਰ ਤੇ ਇਕੱਲਾਪਨ ਚਾਹੁੰਦੇ ਹੋਏ ਪੜ੍ਹਨ ਦੀ ਥਾਂ ਗਲਤ ਰਾਹੇ ਪੈ ਜਾਂਦੇ ਹਨ। ਬੱਚਿਆਂ ਨੇ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਹੁੰਦੇ ਹਨ। ਪੜ੍ਹਾਈ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਸਮੇਂ ਦੀ ਬਰਬਾਦੀ ਬੱਚਿਆਂ ਦੇ ਭਵਿੱਖ ਲਈ ਖਤਰਾ ਸਾਬਤ ਹੋ ਸਕਦੀ ਹੈ। ਜੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਦਾ ਰੁਝਾਨ ਖ਼ਤਮ ਹੋ ਜਾਵੇ ਤਾਂ ਦੁਬਾਰਾ ਸਹੀ ਰਾਹ ’ਤੇ ਲਿਆਉਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ।

-ਈਟੀਟੀ ਚਹਿਲਾਂਵਾਲੀ
ਸੰਪਰਕ: 94174-51887


Comments Off on ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.