ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

Posted On November - 18 - 2019

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਇਕ ਪੇਸ਼ਕਾਰੀ ਦੌਰਾਨ ਰਾਜਿੰਦਰ ਅਤੇ ਨੀਨਾ ਗੁਪਤਾ।

ਸਾਹਿਰ ਲੁਧਿਆਣਵੀ ਬਾਰੇ ਉਰਦੂ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਭਾਰਤ/ਪਾਕਿਸਤਾਨ ’ਚ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਉਸ ਦੀ ਸ਼ਾਇਰੀ ਤੇ ਗੀਤਕਾਰੀ ਨੂੰ ਨਿਰਖਿਆ-ਪਰਖਿਆ ਗਿਆ ਅਤੇ ਨਿੱਜੀ ਜੀਵਨ ਨੂੰ ਵੀ। ਉਸ ਦੇ ਰੋਮਾਂਸਾਂ, ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਜਾਂ (ਗਾਇਕਾ) ਸੁਧਾ ਮਲਹੋਤਰਾ ਨਾਲ ਸਾਂਝ ਦੇ ਕਿੱਸੇ, ਉਸ ਦੀ ਤਲਖ਼ਮਿਜ਼ਾਜੀ, ਉਸ ਦੀ ਸ਼ਰਾਬਖੋਰੀ, ਉਸ ਦਾ ਇਕਲਾਪਾ ਤੇ ਇਕੱਲ-ਪ੍ਰੇਮ, ਉਸ ਦੀ ਹੰਕਾਰੀ ਬਿਰਤੀ, ਉਸ ਦੀ ਦਾਨਿਸ਼ਵਰੀ, ਉਸ ਦੀ ਫਰਾਖ਼ਦਿਲੀ, ਉਸ ਦੀ ਸਾਫ਼ਗੋਈ- ਇਨ੍ਹਾਂ ਸਭਨਾਂ ਖ਼ੂਬੀਆਂ-ਖ਼ਾਮੀਆਂ ਦੇ ਦਰਜਨਾਂ ਕਿੱਸੇ ਬਹੁਤੀਆਂ ਕਿਤਾਬਾਂ ਵਿਚ ਦੁਹਰਾਏ ਜਾ ਚੁੱਕੇ ਹਨ। 2013 ਵਿਚ ਛਪੀ ਅਕਸ਼ੈ ਮਨਵਾਨੀ ਦੀ ਕਿਤਾਬ ‘ਸਾਹਿਰ ਲੁਧਿਆਣਵੀ: ਏ ਪੀਪਲ’ਜ਼ ਪੋਇਟ’ (ਹਾਰਪਰ ਕੌਲਿਨਜ਼) ਵਿਚ ਗੱਪਬਾਜ਼ੀ ਤੇ ਸਾਖ਼ੀਕਾਰੀ ਤੋਂ ਪਰਹੇਜ਼ ਕਰਦਿਆਂ ਸਾਹਿਰ ਦੇ ਜੀਵਨ ਤੇ ਰਚਨਾਕਾਰੀ ਦੀ ਸੰਤੁਲਿਤ ਤਸਵੀਰ ਪੇਸ਼ ਕੀਤੀ ਗਈ। ਇਸੇ ਕਾਰਨ ਇਸ ਕਿਤਾਬ ਦੀ ਤਾਰੀਫ਼ ਵੀ ਬਹੁਤ ਹੋਈ। ਹੁਣ ਸੁਰਿੰਦਰ ਦਿਓਲ ਦੀ ਕਿਤਾਬ ‘ਸਾਹਿਰ: ਏ ਲਿਟਰੇਰੀ ਪੋਇਟ’ (ਆਕਸਫੋਰਡ ਯੂਨੀਵਰਸਿਟੀ ਪ੍ਰੈਸ; 895 ਰੁਪਏ) ਮਨਵਾਨੀ ਦੀ ਕਿਰਤ ਵਾਲੇ ਰੁਝਾਨ ਨੂੰ ਅੱਗੇ ਤੋਰਦੀ ਹੈ। ਇਹ ਸਾਹਿਰ ਦੀਆਂ ਰਚਨਾਵਾਂ ਨੂੰ ਆਲਮੀ ਮੰਚ ’ਤੇ ਲਿਜਾਣ ਦਾ ਉਪਰਾਲਾ ਹੈ। ਲੇਖਕ ਨੇ ਸਾਹਿਰ ਦੀਆਂ 48 ਤੋਂ ਵੱਧ ਰਚਨਾਵਾਂ ਦਾ ਅੰਗਰੇਜ਼ੀ ਤਰਜਮਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਪਿਛੋਕੜ ਅਤੇ ਕਾਵਿਕ ਗੁਣਾਂ-ਔਗੁਣਾਂ ਦਾ ਖੁਲਾਸਾ ਕੀਤਾ ਹੈ। ਸਮੀਖਿਆ-ਸਮਾਲੋਚਨਾ ਦੇ ਨਾਲ ਨਾਲ ਸਾਹਿਰ ਦੀ ਨਿੱਜੀ ਜ਼ਿੰਦਗੀ ਅੰਦਰਲੇ ਉਨ੍ਹਾਂ ਮੋੜਾਂ ਤੇ ਮਰਹਲਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਜਿਨ੍ਹਾਂ ਦਾ ਪ੍ਰਭਾਵ ਉਸ ਦੀ ਸਿਰਜਣਾਕਾਰੀ ਉੱਤੇ ਪਿਆ। ਇਹ ਉੱਦਮ ਇਸ ਕਿਤਾਬ ਨੂੰ ਨਿਵੇਕਲਾ ਤੇ ਵੱਧ ਪੜ੍ਹਨਯੋਗ ਬਣਾਉਂਦਾ ਹੈ।
ਅੱਸੀਂ ਵਰ੍ਹਿਆਂ ਦਾ ਦਿਓਲ ਖ਼ੁਦ ਨੂੰ ਕਵੀ, ਉਪਨਿਆਸਕਾਰ, ਅਧਿਐਨਕਾਰ, ਤਰਜਮਾਕਾਰ ਤੇ ਫਲਸਫ਼ਾਕਾਰ ਬਿਆਨਦਾ ਹੈ। ਉਹ ਇਨ੍ਹਾਂ ਸਾਰੀਆਂ ਵਿਧਾਵਾਂ ਬਾਰੇ ਅੱਧੀ ਦਰਜਨ ਕਿਤਾਬਾਂ ਸਿਰਜ ਚੁੱਕਾ ਹੈ ਜਿਨ੍ਹਾਂ ਵਿਚੋਂ ਇਕ ਜਪੁਜੀ ਸਾਹਿਬ ਦੇ ਮਹਾਤਮ ਅਤੇ ਤਾਰਿਕਾ ਮੰਡਲੀ ਆਭਾ ਬਾਰੇ ਹੈ। ਇਹ ਕਿਤਾਬ ਉਸ ਨੇ ਆਪਣੀ ਪਤਨੀ ਦਲੇਰ ਦਿਓਲ ਨਾਲ ਮਿਲ ਕੇ ਲਿਖੀ। ਉਹ ਇਕ ਸਮੇਂ ਆਈਡੀਬੀਆਈ ਵਿਚ ਅਧਿਕਾਰੀ ਸੀ, ਪਰ 1983 ਵਿਚ ਵਿਸ਼ਵ ਬੈਂਕ ’ਚ ਅਹੁਦਾ ਮਿਲਣ ਕਰਕੇ ਵਾਸ਼ਿੰਗਟਨ ਡੀ.ਸੀ. ਜਾ ਵਸਿਆ। ਹੁਣ ਉਸ ਦਾ ਨਿਵਾਸ ਪੋਟੋਮੈਕ (ਮੈਰੀਲੈਂਡ) ਵਿਚ ਹੈ। ਚੰਦ ਸਾਲ ਪਹਿਲਾਂ ਮਿਰਜ਼ਾ ਗ਼ਾਲਿਬ ਦੇ ਦੀਵਾਨ ਦੇ ਅੰਗਰੇਜ਼ੀ ਤਰਜਮੇ ਨੇ ਉਸ ਦੀ ਸ਼ਾਖ ਚੋਖੀ ਬੁਲੰਦ ਕੀਤੀ। ਇਸ ਕਾਮਯਾਬੀ ਨੇ ਉਸ ਨੂੰ ਸਾਹਿਰ ਦੀ ਸ਼ਾਇਰੀ ਅੰਗਰੇਜ਼ੀ ਪਾਠਕਾਂ ਤਕ ਪਹੁੰਚਾਉਣ ਦੇ ਰਾਹ ਤੋਰਿਆ।
ਦਿਓਲ ਵੱਲੋਂ ਸਿਰਜੀ ਗਈ ਸਾਹਿਰ ਦੀ ਅਦਬੀ ਤਸਵੀਰ ਵਿਸ਼ਲੇਸ਼ਣੀ ਬਾਰੀਕੀਆਂ ਨਾਲ ਲੈਸ ਹੈ। ਉਹ ਸਾਹਿਰ ਦੀ ਫਿਲਮੀ ਤੇ ਗ਼ੈਰ-ਫਿਲਮੀ ਸ਼ਾਇਰੀ ਨੂੰ ਅਲਹਿਦਾ ਨਹੀਂ ਕਰਦਾ; ਇਸ ਦੀ ਸਮੁੱਚਤਾ ਨੂੰ ਨਿਰਖਦਾ ਹੈ। ਸਾਹਿਰ ਦਾ ਜੀਵਨ ਅੱਜ ਵੀ ਓਨਾ ਹੀ ਰਹੱਸਮਈ ਹੈ ਜਿੰਨਾ ਚਾਲੀ ਸਾਲ ਪਹਿਲਾਂ ਸੀ। ਨਾ ਉਹ ਆਪ ਰਿਹਾ, ਨਾ ਹੀ ਉਸ ਦੇ ਪਰਿਵਾਰ ਦੇ ਜੀਅ। ਉਸ ਦੇ ਦੋਸਤਾਂ ਦਾ ਦਾਇਰਾ ਵੀ ਬਹੁਤਾ ਵਸੀਹ ਨਹੀਂ ਸੀ। ਜਿਹੜੇ ਉਸ ਦੇ ਹਮਦਮ ਜਾਂ ਹਮਪਿਆਲਾ ਸਨ, ਉਨ੍ਹਾਂ ਲਈ ਵੀ ਉਸ ਨੇ ਆਪਣੀ ਜ਼ਿੰਦਗੀ ਤੇ ਜਜ਼ਬਾਤ ਦੇ ਕੁਝ ਚੋਣਵੇਂ ਬੂਹੇ ਹੀ ਖੋਲ੍ਹੇ। ਇਸੇ ਕਰਕੇ ਉਸ ਦੀ ਹਰ ਸ਼ਬਦੀ ਤਸਵੀਰ ਅੱਜ ਵੀ ਅਧੂਰੀ ਜਾਪਦੀ ਹੈ। ਇਸ ਪੱਖ ਨੂੰ ਕੇਂਦਰ ਬਿੰਦੂ ਬਣਾਉਣ ਦੀ ਥਾਂ ਦਿਓਲ ਨੇ ਸਾਹਿਰ ਦੇ ਅਦਬ ਉਪਰ ਵੱਧ ਧਿਆਨ ਕੇਂਦਰਿਤ ਕੀਤਾ ਹੈ। ਇਹ ਜਾਇਜ਼ ਪਹੁੰਚ ਹੈ।
ਦਿਓਲ ਦਾ ਪੱਕਾ ਯਕੀਨ ਹੈ ਕਿ ਸਾਹਿਰ ਦੀ ਜ਼ਿੰਦਗੀ ਨੂੰ ਉਸ ਦੀ ਸ਼ਾਇਰੀ ਤੋਂ ਅਲਹਿਦਾ ਨਹੀਂ ਕੀਤਾ ਜਾ ਸਕਦਾ। ਪਰ ਜਾਣਕਾਰੀ ਦੇ ਨਿੱਗਰ ਸਰੋਤਾਂ ਦੀ ਅਣਹੋਂਦ ਵਿਚ ਸਿਰਫ਼ ਅਦਬੀ ਮਿਰਚ-ਮਸਾਲੇ ਨੂੰ ਤੱਤਾਂ ਤੇ ਤੱਥਾਂ ਵਜੋਂ ਪਰੋਸਣ ਤੋਂ ਉਸ ਨੇ ਗੁਰੇਜ਼ ਕੀਤਾ ਹੈ। ਇਹ ਇਮਾਨਦਾਰੀ ਸਲਾਹੁਣਯੋਗ ਹੈ। ਦਿਓਲ ਅਨੁਸਾਰ ਸਾਹਿਰ ਜ਼ਿੰਦਗੀ ਦਾ ਸ਼ਾਇਰ ਸੀ। ਤਮਾਮ ਤਲਖ਼ੀਆਂ ਤੇ ਨਾਖੁਸ਼ਗਵਾਰੀਆਂ ਦੇ ਬਾਵਜੂਦ ਉਸ ਨੂੰ ਜ਼ਿੰਦਗੀ ਨਾਲ ਮੋਹ ਸੀ। ਉਹ ਆਸ਼ਾਵਾਦ ਦਾ ਸਾਧਕ ਸੀ। ਜ਼ੁਲਮ, ਜ਼ਲਾਲਤ ਤੇ ਜ਼ਿਆਦਤੀਆਂ ਵਾਲੇ ਆਲਮ ਵਿਚ ਵੀ ਉਹ ਆਸ ਦਾ ਪੱਲਾ ਛੱਡਣ ਲਈ ਤਿਆਰ ਨਹੀਂ ਸੀ ਹੁੰਦਾ। ਇਸੇ ਲਈ ਉਸ ਨੇ ਲਿਖਿਆ ਸੀ: ‘‘ਹਰਫ਼-ਇ ਹੱਕ ਅਜ਼ੀਜ਼ ਹੈ/ ਜ਼ੁਲਮ ਨਾਗ਼ਵਾਰ ਹੈ/ ਅਹਿਦ-ਏ ਨੌ ਸੇ ਆਜ ਭੀ/ ਅਹਿਦ ਉਸਤਾਵਰ ਹੈ/ ਮੈਂ ਅਭੀ ਮਰਾ ਨਹੀਂ।’’
ਦਿਓਲ ਨੇ ਸਾਹਿਰ ਦੀ ਸ਼ਾਇਰੀ ਨੂੰ ਚਾਰ ਅਨੁਭਾਗਾਂ ਵਿਚ ਵੰਡਿਆ ਹੈ: ਤੁਰਸ਼ੀ ’ਚੋਂ ਮਿੱਠਤ ਖੋਜਦੀਆਂ ਰਚਨਾਵਾਂ, ਜੰਗ ਤੇ ਅਮਨ ਦੀ ਬਾਤ ਪਾਉਂਦੀਆਂ ਰਚਨਾਵਾਂ, ਮਿਠਾਸ ਤੇ ਮੁਰਾਦ ਨਾਲ ਲਬਰੇਜ਼ ਗ਼ਜ਼ਲਾਂ, ਅਤੇ ਇਲਾਹੀ ’ਚੋਂ ਦੁਨਿਆਵੀ ਤੇ ਦੁਨਿਆਵੀ ’ਚੋਂ ਇਲਾਹੀ ਲੱਭਦੇ ਭਜਨ। ਕਿਤਾਬ ਦੀ ਅੰਤਿਕਾ ਅਨੁਸਾਰ- ‘‘ਸਾਹਿਰ ਨੂੰ ਪੜ੍ਹਨਾ ਪਾਠਕ ਨੂੰ ਕਈ ਪੱਧਰਾਂ ’ਤੇ ਪ੍ਰਭਾਵਿਤ ਕਰਦਾ ਹੈ- ਤਾਰਕਿਕ, ਬੌਧਿਕ, ਭਾਵਨਾਤਮਕ ਤੇ ਮਨੋਵਿਗਿਆਨਕ। ਇਹ ਸਾਰੇ ਪੱਖ ਸਾਹਿਰ ਨੂੰ ਹੋਰ ਪੜ੍ਹਨ ਦੀ ਜਿਗਿਆਸਾ ਖ਼ਤਮ ਨਹੀਂ ਹੋਣ ਦਿੰਦੇ। ਇਹੋ ਹੈ ਸਾਹਿਰ (ਜਾਦੂਗਰ) ਦੀ ਸਿਰਜਣਸ਼ੀਲਤਾ ਦਾ ਜਾਦੂ।’’ ਸਾਹਿਰ ਪ੍ਰਤੀ ਅਕੀਦਤ ਲਈ ਇਹ ਸ਼ਬਦ ਬਹੁਤ ਢੁਕਵੇਂ ਹਨ।
* * *
ਓ.ਪੀ. ਨਈਅਰ ਦੀ ਫਿਲਮ ਸੰਗੀਤ ਦੇ ਖੇਤਰ ਵਿਚ ਆਮਦ ਪੰਜਾਬੀ ਫਿਲਮ ‘ਦੁੱਲਾ ਭੱਟੀ ਉਰਫ਼ ਅੰਨ੍ਹੀ ਜਵਾਨੀ’ (1940) ਰਾਹੀਂ ਗਾਇਕ ਦੇ ਰੂਪ ਵਿਚ ਹੋਈ। ‘ਮਦਰ ਇੰਡੀਆ’ ਤੇ ‘ਆਨ’ ਵਰਗੀਆਂ ਸ਼ਾਹਕਾਰ ਹਿੰਦੋਸਤਾਨੀ ਫਿਲਮਾਂ ਬਣਾਉਣ ਵਾਲੇ ਫਿਲਮਸਾਜ਼ ਮਹਿਬੂਬ ਖ਼ਾਨ ਨੂੰ ਬਤੌਰ ਨਿਰਦੇਸ਼ਕ ਪਹਿਲੀ ਕਾਮਯਾਬੀ ਪੰਜਾਬੀ ਫਿਲਮ ‘ਅਲੀ ਬਾਬਾ’ (1940) ਰਾਹੀਂ ਨਸੀਬ ਹੋਈ। ਇਸ ਫਿਲਮ ਦਾ ਸੰਗੀਤ ਅਨਿਲ ਬਿਸਵਾਸ ਦਾ ਸੀ ਅਤੇ ਉਨ੍ਹਾਂ ਨੇ ਇਸ ਵਿਚ ਇਕ ਪੰਜਾਬੀ ਗੀਤ ਵੀ ਗਾਇਆ। ਬੰਬਈ ਵਿਚ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਸਾਹਿਰ ਲੁਧਿਆਣਵੀ ਨੇ ਪੰਜਾਬੀ ਫਿਲਮ ‘ਬਾਲੋ’ (1951) ਲਈ 10 ਗੀਤ ਲਿਖੇ। ਇਨ੍ਹਾਂ ਨੂੰ ਸੁਰਬੰਦ ਮਰਾਠੀ ਸੰਗੀਤਕਾਰ ਦੱਤਾ ਨਾਇਕ (ਐੱਨ. ਦੱਤਾ) ਨੇ ਕੀਤਾ ਜੋ ਕਿ ਉਨ੍ਹੀਂ ਦਿਨੀਂ ਖ਼ੁਦ ਵੀ ਸੰਘਰਸ਼ ਕਰ ਰਿਹਾ ਸੀ। ਇਸ ਫਿਲਮ ਦਾ ਨਾਇਕ ਕਮਲ ਕਪੂਰ ਸੀ ਜੋ ਕਿ ਆਪਣੀਆਂ ਹਰੀਆਂ ਅੱਖਾਂ ਤੇ ਗੋਰੇ ਰੰਗ ਕਾਰਨ ਬਾਅਦ ਵਿਚ ਪੰਜ ਦਹਾਕਿਆਂ ਤਕ ਹਿੰਦੀ ਫਿਲਮਾਂ ’ਚ ਬਤੌਰ ਖਲਨਾਇਕ ਵਿਚਰਦਾ ਰਿਹਾ। ਨੂਰ ਜਹਾਂ ਤੇ ਸ਼ਿਆਮਾ ਦੀ ਫਿਲਮ ਜਗਤ ਵਿਚ ਆਮਦ ਵੀ ਪੰਜਾਬੀ ਫਿਲਮਾਂ ਰਾਹੀਂ ਹੋਈ।
ਇਸੇ ਤਰਜ਼ ਦੀ ਅਸੀਮ ਜਾਣਕਾਰੀ ਨਾਲ ਲੈਸ ਹੈ ਮਨਦੀਪ ਸਿੱਧੂ ਤੇ ਭੀਮਰਾਜ ਗਰਗ ਦੀ ਕਿਤਾਬ ‘ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ (1935-85)’ (ਗੁਰਮਿਹਰ ਪਬਲੀਕੇਸ਼ਨਜ਼, ਪਟਿਆਲਾ; 1800 ਰੁਪਏ)। ਇਸ ਕਿਤਾਬ ਵਿਚ 221 ਫਿਲਮਾਂ ਬਾਰੇ ਤਰਤੀਬਵਾਰ ਜਾਣਕਾਰੀ ਸ਼ਾਮਲ ਹੈ। ਪੰਜਾਬੀ ਫਿਲਮਾਂ ਦਾ ਇਤਿਹਾਸ ਸਾਂਭਣਾ ਮਨਦੀਪ ਦਾ ਜਨੂਨ ਹੈ, ਇਸ ਹਕੀਕਤ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕ ਚੰਗੀ ਤਰ੍ਹਾਂ ਵਾਕਫ਼ ਹਨ। ਫਿਲਮਾਂ ਤੇ ਸੰਗੀਤ ਨਾਲ ਆਪਣੇ ਰੂਹਾਨੀ ਰਿਸ਼ਤੇ ਕਾਰਨ ਹੀ ਉਹ ਤਿੰਨ ਦਹਾਕਿਆਂ ਤੋਂ ਇਨ੍ਹਾਂ ਬਾਰੇ ਤੱਥ ਤੇ ਤੱਤ ਇਕੱਤਰ ਕਰਦਾ ਆ ਰਿਹਾ ਹੈ। ਇਸੇ ਘਾਲਣਾ ਵਿਚ ਲੱਗੇ ਹੋਣ ਕਾਰਨ ਉਸ ਨੂੰ ਜੀਵਨ ਨਾਲ ਜੁੜੀਆਂ ਕਈ ਖ਼ੁਸ਼ੀਆਂ ਦੀ ਕੁਰਬਾਨੀ ਦੇਣੀ ਪਈ। ਉਂਜ, ਉਹ ਖ਼ੁਸ਼ਕਿਸਮਤ ਹੈ ਕਿ ਉਸ ਨੂੰ ਆਪਣੇ ਮਾਪਿਆਂ ਅਤੇ ਪਰਿਵਾਰ ਦੇ ਹੋਰ ਜੀਆਂ ਪਾਸੋਂ ਭਰਪੂਰ ਸਹਿਯੋਗ ਮਿਲਿਆ। ਹੁਣ ਉਸ ਦੀ ਸਾਧਨਾ ਨੂੰ ਬੂਰ ‘ਸਚਿੱਤਰ ਇਤਿਹਾਸ’ ਦੇ ਰੂਪ ਵਿਚ ਪਿਆ ਹੈ। ਇਸੇ ਸਾਧਨਾ ਨੇ ਭੀਮਰਾਜ ਗਰਗ, ਬਲਬੀਰ ਸਿੰਘ ਕੰਵਲ ਤੇ ਹਰਜਾਪ ਸਿੰਘ ਔਜਲਾ ਵਰਗੇ ਸੰਗੀਤ ਸ਼ੈਦਾਈਆਂ ਨੂੰ ਮਨਦੀਪ ਦੇ ਮਦਦਗਾਰ ਤੇ ਸਰਪ੍ਰਸਤ ਬਣਾਇਆ।
ਜੜਤ ਤੇ ਫ਼ੱਬਤ ਪੱਖੋਂ ਕਿਸੇ ਵੀ ਕੌਫੀਟੇਬਲ ਬੁੱਕ ਤੋਂ ਘੱਟ ਨਹੀਂ ਮਨਦੀਪ ਦੀ ਕਿਤਾਬ। ਇਸ ਅੰਦਰਲੇ ਆਪਣੇ ਸਨੇਹੀ ਸੰਦੇਸੇ ਰਾਹੀਂ ਬਲਬੀਰ ਸਿੰਘ ਕੰਵਲ ਹੁਰਾਂ ਨੇ ਇਸ ਕਿਤਾਬ ਨੂੰ ਪੰਜਾਬੀ ਫਿਲਮਾਂ ਦਾ ਐਨਸਾਈਕਲੋਪੀਡੀਆ ਅਤੇ ਮਨਦੀਪ ਨੂੰ ਤਪੀਸਰ ਦੱਸਿਆ ਹੈ। ਇਹ ਵਿਸ਼ੇਸ਼ਣ ਦੋਵਾਂ ਲਈ ਪੂਰੇ ਢੁਕਵੇਂ ਹਨ। ਮਨਦੀਪ, ਸਚਿੱਤਰ ਇਤਿਹਾਸ ਦੀ ਦੂਜੀ ਜਿਲਦ ਤਿਆਰ ਕਰ ਰਿਹਾ ਹੈ। ਉਸ ਦੀ ਲਗਨ ਤੇ ਮੁਸ਼ੱਕਤ ਨੂੰ ਸਰਕਾਰੋਂ-ਦਰਬਾਰੋਂ ਵੀ ਮਾਨਤਾ ਮਿਲਣੀ ਚਾਹੀਦੀ ਹੈ।
* * *
ਗ਼ਜ਼ਲ ਗਾਇਕ ਰਾਜਿੰਦਰ ਮਹਿਤਾ ਦੇ ਦੇਹਾਂਤ ਦੀ ਖ਼ਬਰ ਅਯੁੱਧਿਆ ਮਾਮਲੇ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਕਰਤਾਰਪੁਰ ਲਾਂਘੇ ਦੇ ਆਗਾਜ਼ ਨਾਲ ਜੁੜੀਆਂ ਖ਼ਬਰਾਂ ਵਿਚ ਗੁਆਚ ਕੇ ਰਹਿ ਗਈ। ਰਾਜਿੰਦਰ ਤੇ ਨੀਨਾ ਮਹਿਤਾ ਦੀ ਜੋੜੀ 1970ਵਿਆਂ ਵਿਚ ਗ਼ਜ਼ਲ ਗਾਇਕੀ ਦੇ ਖੇਤਰ ਵਿਚ ਪੈਰ ਪਾਉਣ ਅਤੇ ਇਸ ਨੂੰ ਫਿਲਮ ਸੰਗੀਤ ਵਰਗੀ ਮਕਬੂਲੀਅਤ ਦਿਵਾਉਣ ਵਾਲੀ ਪਹਿਲੀ ਜੋੜੀ ਸੀ। ਜਗਜੀਤ ਤੇ ਚਿਤ੍ਰਾ ਸਿੰਘ, ਭੁਪਿੰਦਰ ਤੇ ਮਿਤਾਲੀ ਸਿੰਘ ਅਤੇ ਅਨੂਪ ਤੇ ਸੋਨਾਲੀ ਜਲੋਟਾ ਦੀਆਂ ਜੋੜੀਆਂ ਦੀ ਆਮਦ ਮਹਿਤਾ ਜੋੜੀ ਤੋਂ ਬਾਅਦ ਵਾਲੇ ਵਰ੍ਹਿਆਂ ਦੌਰਾਨ ਹੋਈ। ਨੀਨਾ ਮਹਿਤਾ ਦੋ ਸਾਲ ਪਹਿਲਾਂ ਗੁਜ਼ਰ ਗਈ ਸੀ। ਉਸ ਤੋਂ ਗ਼ਮਜ਼ਦਾ ਰਾਜਿੰਦਰ ਬਿਮਾਰ ਰਹਿਣ ਲੱਗਾ ਅਤੇ 11 ਨਵੰਬਰ ਨੂੰ ਪ੍ਰਾਣ ਤਿਆਗ ਗਿਆ।

ਸੁਰਿੰਦਰ ਸਿੰਘ ਤੇਜ

ਪੁਰਾਣੀ ਪੀੜ੍ਹੀ ਵਾਲੀ ਸਾਦਗੀ, ਸ਼ਾਇਸਤਗੀ ਤੇ ਹਯਾ ਹੁੰਦੀ ਸੀ ਮਹਿਤਾ ਜੋੜੀ ਦੀਆਂ ਪੇਸ਼ਕਾਰੀਆਂ ਵਿਚ। ਗ਼ਜ਼ਲਾਂ ਤੇ ਨਜ਼ਮਾਂ ਦੀ ਚੋਣ ਵੀ ਇਸੇ ਸਲੀਕੇ ਨਾਲ ਕੀਤੀ ਜਾਂਦੀ ਸੀ। ਪ੍ਰੇਮ ਵਾਰਬਰਟਨੀ ਦੀ ਨਜ਼ਮ ‘ਤਾਜ ਮਹਿਲ ਮੇਂ ਆ ਜਾਨਾ’ ਉਨ੍ਹਾਂ ਦੀ ਸਭ ਤੋਂ ਮਕਬੂਲ ਪੇਸ਼ਕਸ਼ ਸੀ। ਪ੍ਰੇਮ ਤੋਂ ਇਲਾਵਾ ਸੁਦਰਸ਼ਨ ਫ਼ਾਕਿਰ, ਨਕਸ਼ ਲਾਇਲਪੁਰੀ ਤੇ ਸੁਰਿੰਦਰ ਮਲਿਕ ਦੀਆਂ ਗ਼ਜ਼ਲਾਂ/ਨਜ਼ਮਾਂ ਨੂੰ ਵੀ ਇਸ ਜੋੜੀ ਨੇ ਸ਼ਿੱਦਤ ਨਾਲ ਗਾਇਆ। ਇਹ ਪ੍ਰਭਾਵ ਆਮ ਹੈ ਕਿ ਦੋਵੇਂ ਗੁਜਰਾਤੀ ਸਨ, ਪਰ ਹਕੀਕਤ ਇਹ ਹੈ ਕਿ ਰਾਜਿੰਦਰ ਪੰਜਾਬੀ ਸੀ ਅਤੇ ਨੀਨਾ (ਸ਼ਾਹ) ਗੁਜਰਾਤੀ। ਚੰਦ ਸਾਲ ਪਹਿਲਾਂ ਰਾਜਿੰਦਰ ਨੇ ਇਕ ਇੰਟਰਵਿਉੂ ਦੌਰਾਨ ਵਿਵਿਧ ਭਾਰਤੀ ਨੂੰ ਦੱਸਿਆ ਸੀ ਕਿ ਉਹ ਚੂਨਾ ਮੰਡੀ, ਲਾਹੌਰ ਦਾ ਜੰਮਪਲ ਸੀ। ਪਰਿਵਾਰ ਸਹਿਜਧਾਰੀ ਸਿੱਖ ਹੋਣ ਕਾਰਨ ਰਾਜਿੰੰਦਰ ਦੀ ਮਾਂ ਆਪਣੇ ਮੁਹੱਲੇ ਵਿਚ ਹਫ਼ਤਾਵਾਰੀ ਸਤਿਸੰਗ ਦੌਰਾਨ ਹਾਰਮੋਨੀਅਮ ’ਤੇ ਸ਼ਬਦ ਗਾਇਆ ਕਰਦੀ ਸੀ। ਮਾਂ ਦੇ ਅਜਿਹੇ ਗਾਇਨ ਤੋਂ ਹੀ ਰਾਜਿੰਦਰ ਨੂੰ ਸੰਗੀਤ ਦੀ ਜਾਗ ਲੱਗੀ। ਦੇਸ਼ ਵੰਡ ਤੋਂ ਬਾਅਦ ਇਹ ਪਰਿਵਾਰ ਲਖਨਊ ਜਾ ਵਸਿਆ। ਉੱਥੇ ਮੌਰਿਸ ਕਾਲਜ (ਹੁਣ ਭਾਤਖੰਡੇ ਕਾਲਜ) ਹੋਣ ਸਦਕਾ ਰਾਜਿੰਦਰ ਨੂੰ ਸ਼ਾਸਤਰੀ ਸੰਗੀਤ ਦੀ ਬਾਕਾਇਦਾ ਤਾਲੀਮ ਲੈਣ ਦਾ ਮੌਕਾ ਮਿਲ ਗਿਆ। ਜੀਵਨ ਬਸਰ ਲਈ ਉਸ ਨੇ ਭਾਰਤੀ ਜੀਵਨ ਬੀਮਾ ਨਿਗਮ ਵਿਚ ਨੌਕਰੀ ਸ਼ੁਰੂ ਕੀਤੀ, ਪਰ ਸੰਗੀਤ ਦਾ ਸ਼ੌਕ ਛੇਤੀ ਹੀ ਬੰਬਈ ਖਿੱਚ ਕੇ ਲੈ ਗਿਆ। ਬੰਬਈ ਵਿਚ ਉਸ ਨੇ ਫਿਲਮ ‘ਸ਼ਹੀਦ’ (1965) ਦੇ ਦੋ ਗੀਤਾਂ ‘ਸਰਫ਼ਰੋਸ਼ੀ ਕੀ ਤਮੰਨਾ…’ ਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਵਿਚ ਮੁਹੰਮਦ ਰਫ਼ੀ ਤੇ ਮੰਨਾ ਡੇਅ ਦਾ ਸਾਥ ਦੇਣ ਦਾ ਮੌਕਾ ਮਿਲਿਆ। ਇਸ ਨੇ ਸਮਾਜਿਕ ਸਮਾਗਮਾਂ ਤੇ ਮਹਿਫ਼ਿਲਾਂ ਵਿਚ ਉਸ ਦੀਆਂ ਪੇਸ਼ਕਾਰੀਆਂ ਦਾ ਦੁਆਰ ਖੋਲ੍ਹ ਦਿੱਤਾ।
ਨੀਨਾ ਨਾਲ ਰਾਜਿੰਦਰ ਦੀ ਪਹਿਲੀ ਮੁਲਾਕਾਤ ਆਕਾਸ਼ਵਾਣੀ ਦੇ ਬੰਬਈ ਕੇਂਦਰ ਵਿਚ ਇਕ ਰਿਕਾਰਡਿੰਗ ਦੌਰਾਨ ਹੋੋਈ। ਨੀਨਾ ਦੇ ਉਰਦੂ ਤਲੱਫ਼ੁਜ਼ ਵਿਚ ਕੁਝ ਖ਼ਾਮੀਆਂ ਸਨ ਜਿਨ੍ਹਾਂ ਨੂੰ ਰਾਜਿੰਦਰ ਨੇ ਦੂਰ ਕੀਤਾ। ਉਹ ਇਸ ਤੋਂ ਪ੍ਰਭਾਵਿਤ ਹੋਈ। ਮਹਿਤਾ ਉਪਨਾਮ ਨੇ ਇਹ ਆਕਰਸ਼ਣ ਹੋਰ ਵਧਾਇਆ। ਮਹਿਤਾ ਗੁਜਰਾਤੀ ਗੋਤ ਵੀ ਹੈ, ਲਿਹਾਜ਼ਾ ਨੀਨਾ ਨੇ ਰਾਜਿੰਦਰ ਨੂੰ ਗੁਜਰਾਤੀ ਸਮਝ ਲਿਆ। ਰਾਜਿੰਦਰ ਨੇ ਵੀ ਇਹ ਭਰਮ ਮਿਟਾਉਣਾ ਵਾਜਬ ਨਾ ਸਮਝਿਆ। ਪੁਆੜਾ ਉਦੋਂ ਪਿਆ ਜਦੋਂ ਦੋਵਾਂ ਦਾ ਰਿਸ਼ਤਾ ਪੱਕਾ ਕਰਨ ਦੀ ਗੱਲ ਤੁਰੀ। ਨੀਨਾ ਦਾ ਸ਼ਾਹ (ਬਣੀਆ) ਪਰਿਵਾਰ, ਪੰਜਾਬੀ ਖੱਤਰੀ ਨਾਲ ਧੀ ਵਿਆਹੁਣ ਦੇ ਖ਼ਿਲਾਫ਼ ਡਟ ਗਿਆ। ਲਿਹਾਜ਼ਾ, ਇਸ ਜੋੜੀ ਨੂੰ ਸਿਵਿਲ ਮੈਰਿਜ ਕਰਨੀ ਪਈ। ਵਿਆਹ ਤੋਂ ਬਾਅਦ 1967 ਵਿਚ ਇਸ ਜੋੜੀ ਨੇ ਸਮਾਜਿਕ ਸਮਾਗਮਾਂ ਤੇ ਮਹਿਫ਼ਿਲਾਂ ਵਿਚ ਗਾਉਣਾ ਸ਼ੁਰੂ ਕੀਤਾ। 1969 ਵਿਚ ਰਾਜ ਕਪੂਰ ਦੇ ਨਿਵਾਸ ’ਤੇ ਇਕ ਮਹਿਫ਼ਿਲ ਦੌਰਾਨ ਇਹ ਜੋੜੀ ਪੌਲੀਡੋਰ ਰਿਕਾਰਡਜ਼ ਵਾਲਿਆਂ ਦੀ ਨਜ਼ਰ ਚੜ੍ਹ ਗਈ। ਇਸ ਇਤਫ਼ਾਕ ਨੇ ਭਾਰਤੀ ਗ਼ਜ਼ਲ ਗਾਇਕੀ ਵਿਚ ਨਵੇਂ ਚਲਨ ਦਾ ਆਗਾਜ਼ ਸੰਭਵ ਬਣਾਇਆ।


Comments Off on ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.