ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ

Posted On November - 16 - 2019

ਗੋਵਰਧਨ ਗੱਬੀ

ਸਾਹਿਤ, ਕਲਾ ਤੇ ਸਿਨਮਾ ਸਮਾਜ ਦਾ ਆਇਨਾ ਹੁੰਦੇ ਹਨ। ਕਿਸੇ ਵੀ ਕਾਲ ਦੇ ਸਾਹਿਤ, ਕਲਾ ਤੇ ਸਿਨਮਾ ਵਿਚੋਂ ਸਾਨੂੰ ਉਸ ਸਮੇਂ ਦੇ ਸਮਾਜ ਦੇ ਦਰਸ਼ਨ ਆਸਾਨੀ ਨਾਲ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਦਾ ਹੈ ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹਿੰਦੀ ਫ਼ਿਲਮ ‘ਸਾਂਢ ਕੀ ਆਂਖ’ ਵਿਚ।
ਇਹ ਫ਼ਿਲਮ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀ ਹੈ। ਫ਼ਿਲਮ 2000 ਵਿਚ ਉੱਤਰ ਪ੍ਰਦੇਸ਼ ਦੇ ‘ਬਾਗ਼ਪਤ’ ਜ਼ਿਲ੍ਹੇ ਦੇ ਪਿੰਡ ‘ਜੋਹਰੀ’ ਵਿਚ ਰਹਿੰਦੀਆਂ ਪੈਂਹਠ ਤੇ ਸੱਠ ਸਾਲ ਦੀਆਂ ਦੋ ਔਰਤਾਂ ਦੇ ਜੀਵਨ ਦੀ ਨਵੀਂ ਪਾਰੀ ਤੋਂ ਸ਼ੁਰੂ ਹੁੰਦੀ ਹੈ। ਚੰਦਰੋ ਤੇ ਪ੍ਰਕਾਸ਼ੀ ਨਾਮਕ ਦੋ ਔਰਤਾਂ ਰਿਸ਼ਤੇ ਵਿਚ ਜੇਠਾਣੀ ਤੇ ਦਰਾਣੀ ਲੱਗਦੀਆਂ ਹਨ। ਘੁੰਡ ਕੱਢ ਕੇ ਉਹ ਇਕ ਰਾਸ਼ਟਰ ਪੱਧਰ ਦੇ ਨਿਸ਼ਾਨੇਬਾਜ਼ੀ ਪ੍ਰੋਗਰਾਮ ਵਿਚ ਹਿੱਸਾ ਲੈਣ ਆਈਆਂ ਹੋਈਆਂ ਸਨ। ਘੁੰਡ ਦੇਖ ਆਮ ਜਨਤਾ ਤੇ ਹੋਰ ਪ੍ਰਤੀਯੋਗੀ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ। ਪਹਿਲਾਂ ਉਹ ਕੁਝ ਦੇਰ ਅਸਹਿਜ ਹੁੰਦੀਆਂ ਹਨ, ਪਰ ਜਲਦੀ ਹੀ ਸ਼ਾਂਤ, ਸਥਿਰ ਤੇ ਊਰਜਾ ਨਾਲ ਭਰ ਜਾਂਦੀਆਂ ਹਨ।
ਫ਼ਿਲਮ ਗੁਜ਼ਰੇ ਸਮੇਂ ਦੇ ਦਰਿਆ ਵਿਚ ਵਹਿਣ ਲੱਗਦੀ ਹੈ। ਉਹ ਦੋਵੇਂ ਇਕ ਵੱਡ ਆਕਾਰੀ ਸੰਯੁਕਤ ਪਰਿਵਾਰ ਵਿਚ ਰਹਿੰਦੀਆਂ ਹਨ। ਅੱਧੀ ਅੱਧੀ ਦਰਜਨ ਤੋਂ ਵੱਧ ਨਿਆਣੇ ਉੱਪਰੋਂ ਥਲੀ ਦੋਵੇਂ ਪੈਦਾ ਕਰ ਚੁੱਕੀਆਂ ਹਨ। ਰੋਟੀ ਟੁੱਕ ਪਕਾਉਣਾ, ਗੋਹਾ-ਕੂੜਾ ਚੁੱਕਣਾ, ਡੰਗਰ ਵੱਛੇ ਪਾਲਣਾ, ਖੇਤਾਂ ਵਿਚ ਕੰਮ ਕਰਨਾ ਅਤੇ ਘੁੰਡ ਵਿਚ ਰਹਿਣਾ ਉਨ੍ਹਾਂ ਨੇ ਕਬੂਲ ਕਰ ਲਿਆ। ਘਰ ਵਿਚ ਪੁਸ਼ਤ ਦਰ ਪੁਸ਼ਤ ਮਰਦਾਂ ਦਾ ਰਾਜ ਚੱਲਦਾ ਆ ਰਿਹਾ ਹੈ। ਸਾਰੇ ਫ਼ੈਸਲੇ ਪੁਰਸ਼ ਹੀ ਕਰਦੇ ਹਨ। ਔਰਤਾਂ ਨੂੰ ਸਿਰਫ਼ ਫ਼ੈਸਲਿਆਂ ਦੀ ਪਾਲਣਾ ਕਰਨੀ ਹੈ। ਜੇ ਕੋਈ ਔਰਤ ਬਾਗ਼ੀ ਹੁੰਦੀ ਹੈ ਤਾਂ ਉਸ ਦੀਆਂ ਹੱਡੀਆਂ-ਪਸਲੀਆਂ ਟੁੱਟਣਾ ਤੇ ਬੇਇੱਜ਼ਤ ਹੋਣਾ ਲਗਪਗ ਤੈਅ ਹੈ।
ਉਨ੍ਹਾਂ ਦੇ ਪਿੰਡ ਦਾ ਇਕ ਵਿਅਕਤੀ ਪਿੰਡ ਤੋਂ ਬਾਹਰ ਆਪਣਾ ਨਿੱਜੀ ‘ਬੰਦੂਕ ਸਿਖਲਾਈ ਕਲੱਬ’ ਖੋਲ੍ਹਦਾ ਹੈ। ਜਿੱਥੇ ਇਲਾਕੇ ਦੇ ਮੁੰਡੇ ਕੁੜੀਆਂ ਨੂੰ ਨਿਸ਼ਾਨਚੀ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਨਿਸ਼ਾਨਚੀ ਬਣਨ ਨਾਲ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਇਸ ਉਮੀਦ ਵਿਚ ਜੇਠਾਣੀ ਤੇ ਦਰਾਣੀ ਦੋਵੇਂ ਆਪੋ ਆਪਣੀਆਂ ਧੀਆਂ ਨੂੰ ਉੱਥੇ ਬੰਦੂਕ ਚਲਾਉਣ ਦੀ ਸਿਖਲਾਈ ਦਿਵਾਉਣਾ ਚਾਹੁੰਦੀਆਂ ਹਨ। ਧੀਆਂ ਬਹੁਤੀ ਦਿਲਚਸਪੀ ਨਹੀਂ ਵਿਖਾਉਂਦੀਆਂ, ਪਰ ਉਸ ਸਿਖਲਾਈ ਕਲੱਬ ਦੇ ਮੁੱਖ ਕੋਚ ਨੂੰ ਪਤਾ ਚੱਲ ਜਾਂਦਾ ਹੈ ਕਿ ਧੀਆਂ ਤਾਂ ਨਹੀਂ, ਪਰ ਉਨ੍ਹਾਂ ਦੀਆਂ ਮਾਵਾਂ ਦੇ ਨਿਸ਼ਾਨੇ ਬਹੁਤ ਪੱਕੇ ਹਨ। ਸੋ ਇਸ ਤਰ੍ਹਾਂ ਚੰਦਰੋ ਤੇ ਪ੍ਰਕਾਸ਼ੀ ਦੀ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ।

ਗੋਵਰਧਨ ਗੱਬੀ

ਕੁਝ ਸਾਲਾਂ ਵਿਚ ਹੀ ਉਹ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਉੱਪਰ ਕਈ ਸਾਰੇ ਤਮਗੇ ਤੇ ਇਨਾਮ ਜਿੱਤਦੀਆਂ ਹਨ। ਉਨ੍ਹਾਂ ਦੀ ਪਛਾਣ ਬਣਦੀ ਹੈ। ਅਖੀਰ ਉਹ ਆਪਣੇ ਆਪ ਨੂੰ ਵੀ ਪੂਰਨ ਤੇ ਆਜ਼ਾਦ ਮਨੁੱਖ ਸਮਝਣ ਦੇ ਸਮਰੱਥ ਹੁੰਦੀਆਂ ਹਨ, ਪਰ ਇਸ ਸਭ ਕਾਸੇ ਦੇ ਚੱਲਦਿਆਂ ਉਨ੍ਹਾਂ ਦੀ ਜ਼ਿੰਦਗੀ ਤੇ ਘਰ ਵਿਚ ਕੀ ਕੀ ਝੱਖੜ ਆਉਂਦੇ ਹਨ। ਇਹੀ ਸਾਰਾ ਕੁਝ ਇਸ ਫ਼ਿਲਮ ਵਿਚ ਬਹੁਤ ਹੀ ਬਾਰੀਕੀ ਨਾਲ ਵਿਖਾਇਆ ਗਿਆ ਹੈ। ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਦੀ ਨਿਰਦੇਸ਼ਨਾ ਕਾਬਿਲ ਏ ਤਾਰੀਫ਼ ਹੈ।
ਇਹ ਫ਼ਿਲਮ ਦੇਖਦਿਆਂ ਇਕ ਧਾਰਨਾ ਤਾਂ ਹੋਰ ਪਕੇਰੀ ਹੋ ਜਾਂਦੀ ਹੈ ਕਿ ਅਸੀਂ ਅੱਜ ਭਾਵੇਂ ਇੱਕੀਵੀਂ ਸਦੀ ਵਿਚ ਰਹਿ ਰਹੇ ਹਾਂ, ਪਰ ਸਾਡੇ ਇਸ ਪੁਰਸ਼ ਪ੍ਰਧਾਨ ਸਮਾਜ ਵਿਚ ਅਜੇ ਵੀ ਔਰਤਾਂ ਨੂੰ ਦੂਸਰਾ ਦਰਜਾ ਹੀ ਦਿੱਤਾ ਜਾਂਦਾ ਹੈ। ਇਸ ਫ਼ਿਲਮ ਦੇ ਬਹੁਤੇ ਪੁਰਸ਼ ਵੀ ਆਮ ਵਾਂਗ ਫੁਕਰੇ ਹਨ। ਉਹ ਸਾਰਾ ਦਿਨ ਘਰ ਵਿਚ ਬੈਠੇ ਹੁੱਕਾ ਪੀਂਦੇ ਹਨ। ਬੇਤੁਕੀਆਂ ਬਹਿਸਾਂ ਕਰਦੇ ਹਨ, ਪਰ ਖੇਤਾਂ ਵਿਚ ਕੰਮ ਕਰਨ ਲਈ ਆਪਣੀਆਂ ਔਰਤਾਂ ਨੂੰ ਭੇਜਦੇ ਹਨ। ਜੇ ਉਹ ਆਪਣੀ ਮਰਜ਼ੀ ਦਾ ਕੁਝ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਜਾਂਦਾ ਹੈ। ਉਦਾਹਰਨ ਵਜੋਂ ਜਦੋਂ ਉਨ੍ਹਾਂ ਦੀਆਂ ਪਤਨੀਆਂ ਮਸ਼ਹੂਰ ਨਿਸ਼ਾਨਚੀ ਬਣ ਚੁੱਕੀਆਂ ਹਨ ਤਾਂ ਉਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ। ਉਨ੍ਹਾਂ ਅੰਦਰਲੇ ਹਊਮੇ ਨੂੰ ਠੇਸ ਪੁੱਜਦੀ ਹੈ। ਘਰ ਦਾ ਮੁਖੀ ਉਨ੍ਹਾਂ ਵੱਲੋਂ ਜਿੱਤੇ ਸੋਨੇ ਦੇ ਮੈਡਲਾਂ ਨੂੰ ਪੈਰਾਂ ਹੇਠ ਮਸਲਦਾ ਹੈ ਜਿਸ ਨਾਲ ਉਸਦੇ ਹਊਮੇ ਨੂੰ ਕੁਝ ਰਾਹਤ ਮਿਲਦੀ ਹੈ।
ਅਸੀਂ ਇਹ ਸਭ ਜਾਣਦੇ ਵੀ ਹਾਂ ਕਿ ਔਰਤ ਸਸ਼ਕਤੀਕਰਨ ਤੋਂ ਬਿਨਾਂ ਕੋਈ ਵੀ ਸਮਾਜ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ, ਉਸਦੇ ਬਾਵਜੂਦ ਅੱਜ ਸਾਡੇ ਪੁਰਸ਼ਾਂ ਦੇ ਜ਼ਿਹਨ ਇਹ ਕਬੂਲਣ ਨੂੰ ਤਿਆਰ ਨਹੀਂ ਹਨ ਕਿ ਪੁਰਸ਼ ਤੇ ਔਰਤ ਦੋਵੇਂ ਬਰਾਬਰ ਹਨ। ਲੋਕ ਮੱਤ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਵਧੇਰੇ ਸਾਰਥਕ ਹੋ ਸਕਦਾ ਹੈ ਜਿਸ ਨਾਲ ਲੋਕਾਂ ਦੀ ਸੋਚ ਵਿਚ ਤਬਦੀਲੀ ਆ ਸਕਦੀ ਹੈ। ਇਸ ਪ੍ਰਤੀ ਇਕੱਲਾ ਕਾਨੂੰਨ ਕੁਝ ਨਹੀਂ ਕਰ ਸਕਦਾ, ਸਗੋਂ ਸਾਰੇ ਸਮਾਜ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ। ਬਸ, ਪੁਰਸ਼ਾਂ ਨੂੰ ਸਿਰਫ਼ ਇੰਨਾ ਹੀ ਸਮਝਣ ਤੇ ਕਬੂਲਣ ਦੀ ਲੋੜ ਹੈ ਕਿ ਅੱਜ ਦੀਆਂ ਔਰਤਾਂ ਕਿਸੇ ਵੀ ਪੁਰਸ਼ ਕੋਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਹਨ।

ਸੰਪਰਕ: 94171-73700


Comments Off on ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.