ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ

Posted On November - 13 - 2019

15 ਨਵੰਬਰ ਨੂੰ ਸਥਾਪਨਾ ਦਿਵਸ ’ਤੇ ਵਿਸ਼ੇਸ਼

ਇਕਵਾਕ ਸਿੰਘ ਪੱਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ‘ਤੇਜਾ ਸਿੰਘ ਸਮੁੰਦਰੀ ਹਾਲ’ ਦੀ ਝਲਕ।

ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਥਾਪਨਾ ਦੇ 100ਵੇਂ ਸਾਲ ਵਿੱਚ ਦਾਖਲ ਹੋ ਰਹੀ ਹੈ। 99 ਸਾਲ ਪਹਿਲਾਂ ਗੁਰਦੁਆਰਾ ਪ੍ਰਬੰਧਾਂ ਅਤੇ ਗੁਰੂ ਘਰਾਂ ਵਿੱਚ ਗੁਰਮਤਿ ਮਰਿਆਦਾ ਬਹਾਲ ਕਰਵਾਉਣ ਲਈ ਅਨੇਕਾਂ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ 15 ਨਵੰਬਰ 1920 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।
ਅੰਮ੍ਰਿਤਸਰ ਵਿੱਚ ਅਪਰੈਲ 1919 ਦੀ ਵਿਸਾਖੀ ਵੇਲੇ ਵਾਪਰੇ ਸਾਕੇ ਜੱਲ੍ਹਿਆਂਵਾਲਾ ਬਾਗ ਨੂੰ ਭੁੱਲਣਾ ਸੌਖਾ ਨਹੀਂ। ਅੰਗਰੇਜ਼ ਹਕੂਮਤ ਹਰ ਤਰ੍ਹਾਂ ਦੇ ਡਰਾਵੇ, ਜ਼ਬਰਦਸਤੀ ਅਤੇ ਕਤਲੋਗਾਰਤ ਰਾਹੀਂ ਭਾਰਤੀ ਮਨਾਂ ਵਿੱਚ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦੀ ਸੀ। ਇਹੀ ਕਾਰਨ ਸੀ ਕਿ ਹਕੂਮਤ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਗੁਰਦੁਆਰਾ ਪ੍ਰਬੰਧ ਕਿਸੇ ਹੋਰ ਆਜ਼ਾਦ ਲੋਕਲ ਕਮੇਟੀ ਦੇ ਹੱਥਾਂ ਵਿੱਚ ਚਲਾ ਜਾਵੇ, ਜੋ ਸਿੱਖਾਂ ਨੂੰ ਇੱਕਜੁੱਟ ਕਰਨ ਵਿੱਚ ਮਦਦ ਕਰ ਸਕੇ। ਸਿੰਘ ਸਭਾ ਲਹਿਰ ਬਣਨ ਮਗਰੋਂ ਸਿੱਖ ਆਗੂਆਂ ਵੱਲੋਂ ਸਰਕਾਰ ਤੱਕ ਪਹੁੰਚ ਕਰ ਕੇ ਗੁਰਦੁਆਰਾ ਪ੍ਰਬੰਧ ਅਧੀਨ ਆ ਰਹੀਆਂ ਵੱਡੀਆਂ ਖਾਮੀਆਂ ਨੂੰ ਖ਼ਤਮ ਕਰਕੇ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦੀ ਗੱਲ ਭਾਰਤ ਦੇ ਵਾਇਸਰਾਏ ਲਾਰਡ ਰਿੱਪਨ ਤੱਕ ਪੁੱਜ ਗਈ। ਇਸ ਮਗਰੋਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਆਰ.ਈ. ਈਗਰਟਨ ਨੇ ਵਾਇਸਰਾਏ ਨੂੰ ਚਿੱਠੀ ਰਾਹੀਂ ਖ਼ਬਰਦਾਰ ਕੀਤਾ। ਉਨ੍ਹਾਂ ਲਿਖਿਆ,‘‘ਮੇਰਾ ਖ਼ਿਆਲ ਹੈ ਕਿ ਸਿੱਖ ਗੁਰਦੁਆਰਿਆਂ ਦਾ ਇੰਤਜ਼ਾਮ ਇੱਕ ਅਜਿਹੀ ਕਮੇਟੀ, ਜੋ ਸਰਕਾਰ ਦੇ ਕੰਟਰੋਲ ਤੋਂ ਆਜ਼ਾਦ ਹੋਵੇ, ਦੇ ਹੱੱਥਾਂ ਵਿੱਚ ਦੇਣਾ, ਸਿਆਸੀ ਪੱਖ ਤੋਂ ਖ਼ਤਰਨਾਕ ਹੋਵੇਗਾ ਅਤੇ ਮੈਂ ਉਮੀਦ ਕਰਦਾ ਹਾਂ ਕਿ ਜਨਾਬ ਅਜਿਹੇ ਹੁਕਮ ਜਾਰੀ ਕਰਵਾਉਣ ਵਿੱਚ ਮਦਦਗਾਰ ਹੋਣਗੇ, ਜਿਸ ਨਾਲ ਪਿਛਲੇ 30 ਸਾਲ ਤੋਂ ਕਾਮਯਾਬੀ ਨਾਲ ਚਲਦਾ ਇੰਤਜ਼ਾਮ ਜਾਰੀ ਰਹੇਗਾ।’’ ਚਿੱਠੀ ਵਿੱਚ ਲਿਖੀ ਉਪਰੋਕਤ ਇਬਾਰਤ ਇਹ ਸਾਬਤ ਕਰਦੀ ਹੈ ਕਿ ਅੰਗਰੇਜ਼ ਹਕੂਮਤ ਕਦੇ ਵੀ ਨਹੀਂ ਸੀ ਚਾਹੁੰਦੀ ਕਿ ਗੁਰਦੁਆਰਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਚਲਾ ਜਾਵੇ ਕਿਉਂਕਿ ਇਸ ਨਾਲ ਸਿੱਖਾਂ ਨੂੰ ਜਿੱਥੇ ਇੱਕ ਪਲੈਟਫਾਰਮ ਮੁਹੱਈਆ ਹੁੰਦਾ ਸੀ, ਉੱਥੇ ਸਮੁੱਚੇ ਪੰਥ ਵਿੱਚ ਏਕਾ ਪੈਦਾ ਕਰਕੇ ਇੱਕ ਵੱਡੀ ਸ਼ਕਤੀ ਬਣਨ ਦਾ ਇਸ਼ਾਰਾ ਵੀ ਕਰਦਾ ਸੀ।
ਉਸ ਵੇਲੇ ਸ਼ਰਧਾਲੂਆਂ ਨਾਲ ਬਦਸਲੂਕੀ, ਗੁਰ ਮਰਿਆਦਾ ਦਾ ਘਾਣ, ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦ ਮੰਨ ਕੇ ਆਪਹੁਦਰੀਆਂ ਕਰਨਾ, ਮਾਇਆ ਦੀ ਹੋਣ ਵਾਲੀ ਚੜ੍ਹਤ/ਆਮਦਨੀ ਦੇ ਨਾਂ ਲੜਾਈ ਝਗੜੇ ਅਤੇ ਭ੍ਰਿਸ਼ਟਾਚਾਰ ਆਦਿ ਆਮ ਗੱਲਾਂ ਹੋ ਗਈਆਂ ਸਨ। ਅਕਾਲੀ ਅਖਬਾਰ ਦੀ ਸ਼ੁਰੂਆਤ ਕਾਰਨ ਉਸ ਵਿੱਚ ਛਪ ਰਹੇ ਮਜ਼ਮੂਨ/ਲੇਖ ਅਤੇ ਅਪੀਲਾਂ ਸਿੱਖ ਮਨਾਂ ’ਤੇ ਗਹਿਰਾ ਅਸਰ ਕਰ ਰਹੀਆਂ ਸਨ ਅਤੇ ਸਮੁੱਚਾ ਪੰਥ ਆਪ ਮੁਹਾਰੇ ਇੱਕ-ਮੁੱਠ ਹੁੰਦਾ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਬਣਨ ਮਗਰੋਂ ਸਮੁੱਚਾ ਪੰਥ ਇੱਕ ਮੰਚ ’ਤੇ ਇਕੱਠਾ ਹੋਣ ਲੱਗਿਆ। ਗੁਰਦੁਆਰਾ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਗੁਰਮਰਿਆਦਾ ਦੀ ਬਹਾਲੀ ਲਈ ਲੰਮਾ ਸਮਾਂ ਜੱਦੋ-ਜਹਿਦ ਕਰਨੀ ਪਈ, ਜਿਸ ਵਿੱਚ ਸੈਂਕੜੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ, ਸਾਕੇ ਵਰਤੇ, ਮੋਰਚੇ ਲੱਗੇ ਤੇ ਜੇਲ੍ਹਾਂ ਭਰੀਆਂ।

ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਮਗਰੋਂ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ।

ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਮੋਰਚਾ ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ, ਗੁਰਦੁਆਰਾ ਬਾਬੇ ਕੀ ਬੇਰ, ਜੈਤੋ ਮੋਰਚਾ, ਤਰਨ ਤਾਰਨ ਸਾਹਿਬ ਦੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣਾ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰੀ ਪੁਜਾਰੀਆਂ ਨੂੰ ਭਜਾਉਣਾ; ਇਹ ਸਾਰਾ ਕੁੱਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਹੇਠ ਉਸ ਵੇਲੇ ਦੀਆਂ ਸਿਰਕੱਢ ਸਿੱਖ ਸੰਸਥਾਵਾਂ/ਅਦਾਰਿਆਂ ਦੇ ਸਹਿਯੋਗ ਨਾਲ ਹੋਇਆ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ, ਜੋ ਸਿੱਖ ਸਿਆਸਤ ਦੀ ਇੱਕ ਵਾਹਿਦ ਸਿਆਸੀ ਜਮਾਤ ਵਜੋਂ ਉਭਰਿਆ।
ਇੱਥੋਂ ਤੱਕ ਕਿ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਆਜ਼ਾਦੀ ਦੇ ਪਹਿਲੇ ਸ਼ਹੀਦ ਹਜ਼ਾਰਾ ਸਿੰਘ ਦੀ ਦਾਸਤਾਨ ਸੁਣਨ ਤੋਂ ਬਾਅਦ ਮਹਾਤਮਾ ਗਾਂਧੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵਿਸ਼ੇਸ਼ ਤੌਰ ’ਤੇ ਤਾਰ ਭੇਜੀ ਗਈ, ਜਿਸ ਵਿੱਚ ਲਿਖਿਆ ਸੀ, ‘‘ਮੈਨੂੰ ਦੇਸ਼ ਆਜ਼ਾਦ ਕਰਵਾਉਣ ਦਾ ਨੁਸਖਾ ਮਿਲ ਗਿਆ ਹੈ, ਗੁਰਦੁਆਰਾ ਆਜ਼ਾਦ ਹੋ ਗਿਆ, ਮੁਬਾਰਕ ਹੋਵੇ। ਹੁਣ ਦੇਸ਼ ਵੀ ਤੁਸੀਂ ਅਜ਼ਾਦ ਕਰਵਾਉਣਾ ਹੈ।’’
ਚਾਬੀਆਂ ਦੇ ਮੋਰਚੇ ਦੀ ਫਤਹਿ ਪਿੱਛੋਂ ਜਨਵਰੀ 1922 ਨੂੰ ਮਹਾਤਮਾ ਗਾਂਧੀ ਵੱਲੋਂ ਭੇਜੀ ਤਾਰ ਵਿੱਚ ਸ਼ਬਦ ਸਨ, ‘‘ਦੇਸ਼ ਸੁਤੰਤਰਤਾ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ। ਮੈਂ ਸਿੱਖ ਕੌਮ ਨੂੰ ਵਧਾਈ ਦਿੰਦਾ ਹਾਂ।’’
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਅਕਾਲੀ ਦਲ, ਸਿੱਖ ਨੇਤਾਵਾਂ ਦੀ ਯੋਗ ਅਗਵਾਈ ਸਦਕਾ ਸਮੁੱਚੇ ਪੰਥ ਵਿਚਲੇ ਜੋਸ਼ ਅੱਗੇ ਹਰ ਮੈਦਾਨ ਫਤਹਿ ਹੁੰਦਾ ਜਾ ਰਿਹਾ ਸੀ ਅਤੇ ਗੁਰਦੁਆਰਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆ ਰਿਹਾ ਸੀ। ਗੁਰਦੁਆਰਾ ਸੁਧਾਰ ਲਹਿਰ ਨੂੰ ਦੇਸ਼ ਦੇ ਨਾਮੀ ਆਗੂਆਂ ਵੱਲੋਂ ਦੇਸ਼ ਸੁਤੰਤਰਤਾ ਦਾ ਅੰਦੋਲਨ ਮੰਨ ਲਿਆ ਗਿਆ ਹੈ, ਜੋ ਉਕਤ ਵੇਲੇ ਦੇ ਉਨ੍ਹਾਂ ਦੇ ਵਿਚਾਰਾਂ ਤੋਂ ਸਾਫ ਪ੍ਰਗਟ ਹੁੰਦਾ ਹੈ। ਇਸ ਬਾਬਤ ਪੰਡਤ ਮੋਤੀ ਲਾਲ ਨਹਿਰੂ ਨੇ ਆਖਿਆ ਸੀ, ‘‘ਮੈਂ ਪ੍ਰਣਾਮ ਕਰਦਾ ਹਾਂ ਅਕਾਲੀਆਂ ਨੂੰ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਘੋਲ ਅਰੰਭਿਆ ਹੈ ਅਤੇ ਅਜ਼ਾਦੀ ਲਈ ਲੜ ਰਹੇ ਹਨ।’’ ਪੰਡਤ ਮਦਨ ਮੋਹਨ ਮਾਲਵੀਆ ਦੇ ਵਿਚਾਰ ਸਨ, ‘‘ਗੁਰੂ ਕੇ ਬਾਗ ਵਿੱਚੋਂ ਹੀ ਦੇਸ਼ ਸੁਤੰਤਰਤਾ ਦੀ ਲਹਿਰ ਉੱਠੀ ਹੈ ਅਤੇ ਹੁਣ ਇਸ ਨੇ ਹੀ ਦੇਸ਼ ਨੂੰ ਸੁਤੰਤਰ ਕਰਵਾਉਣਾ ਹੈ।’’ ਪਟਾ ਭਾਈ ਸੀਤਾ ਰਮੱਈਆ ਅਨੁਸਾਰ, ‘‘ਜਿਸ ਦੇਸ਼ ਕੋਲ ਸਿੱਖਾਂ ਜਿਹੀ ਸ਼ਹੀਦਾਂ ਦੀ ਕੌਮ ਮੌਜੂਦ ਹੋਵੇ, ਉਹ ਦੇਸ਼ ਬਹੁਤੀ ਦੇਰ ਗੁਲਾਮ ਨਹੀਂ ਰਹਿ ਸਕਦਾ।’’ ਲਾਲਾ ਲਾਜਪਤ ਰਾਇ ਦੇ ਸ਼ਬਦਾਂ ਵਿੱਚ, ‘‘ਅਜ਼ਾਦੀ ਹਰ ਇੱਕ ਦਾ ਹੱਕ ਹੈ, ਅਸੀਂ ਕਪੁੱਤਰ ਹਾਂ, ਪਰ ਅਕਾਲੀ ਸਪੁੱਤਰ ਹਨ, ਜਿਹੜੇ ਆਪਣੇ ਇਸ ਹੱਕ ਲਈ ਲੜ ਰਹੇ ਹਨ।’’
ਇਸ ਤਰ੍ਹਾਂ ਹਰ ਮੋਰਚੇ ਅਤੇ ਲਹਿਰਾਂ ਨੂੰ ਫ਼ਤਹਿ ਕਰਦੀ ਹੋਈ ਕੇਵਲ ਗੁਰਦੁਆਰਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਅਤੇ ਗੁਰਮਰਿਆਦਾ ਬਹਾਲ ਕਰਵਾਉਣ ਲਈ ਹੋਂਦ ਵਿੱਚ ਲਿਆਂਦੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨਾਲ ਸਿੱਖ ਸਿਆਸਤ ਦੇ ਧੁਰੇ ਵੱਜੋਂ ਵੀ ਆਪਣੀ ਪਛਾਣ ਬਣਾ ਗਈ। ਭਾਵੇਂ ਕਿ ਮੌਜੂਦਾ ਦੌਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਜਾਂ ਅਧਿਕਾਰ ਖੇਤਰ ਗੁਰਦੁਆਰਾ ਪ੍ਰਬੰਧਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ, ਪਰ ਬਾਵਜੂਦ ਇਸ ਦੇ ਸਮੁੱਚੀ ਸਿੱਖ ਸਿਆਸਤ ਅੱਜ ਵੀ ਇਸ ਦੁਆਲੇ ਹੀ ਕੇਂਦਰਿਤ ਰਹਿੰਦੀ ਹੈ।
ਮੌਜੂਦਾ ਸਮੇਂ ਅੰਦਰ ਹਲਕੀ ਸਿਆਸਤ ਨੇ ਕਿਤੇ ਨਾ ਕਿਤੇ ਇਸ ਨਾਮਵਰ ਸੰਸਥਾ ਦੇ ਸਤਿਕਾਰ ਨੂੰ ਠੇਸ ਲਗਾਈ ਹੈ ਅਤੇ ਆਮ ਸਿੱਖ ਇਸ ਸੰਸਥਾ ਤੋਂ ਥੋੜੀ ਦੂਰੀ ਬਣਾ ਰਿਹਾ ਹੈ, ਜਿਸ ਦਾ ਕਾਰਨ ਪ੍ਰਬੰਧਕ ਢਾਂਚੇ ਵਿੱਚ ਖਾਮੀਆਂ/ਕਮੀਆਂ ਦਾ ਦਰਜ ਹੋਣਾ ਹੈ ਅਤੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਗੁਰਮਰਿਆਦਾ ਅਨੁਸਾਰ ਚਲਾਉਣ ਦੀ ਥਾਂ ਕੇਵਲ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਵਰਤਣਾ, ਹੱਦੋਂ ਵੱਧ ਸਿਆਸੀ ਦਖਲ, ਗੁਰਮਰਿਆਦਾ ਪ੍ਰਤੀ ਅਣਜਾਨਤਾ, ਸਿੱਖ ਹਿੱਤਾਂ ਬਾਰੇ ਸਟੈਂਡ ਨਾ ਲੈਣਾ ਆਦਿ ਕਈ ਕਿਸਮਾਂ ਦੀਆਂ ਖਾਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਆਉਂਦੇ ਸਮੇਂ ਸ਼੍ਰੋਮਣੀ ਕਮੇਟੀ ਆਪਣੇ 100 ਸਾਲਾਂ ਦਾ ਸਫਰ ਪੂਰਾ ਕਰਨ ਜਾ ਰਹੀ ਹੈ ਤਾਂ ਚਾਹੀਦਾ ਹੈ ਕਿ ਇਸ ਦਾ 1920 ਵਾਲਾ ਵੱਕਾਰ ਮੁੜ ਹਾਸਲ ਕੀਤਾ ਜਾਵੇ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਮੁੜ ਤੋਂ ਗੁਰੂ ਗ੍ਰੰਥ ਸਾਹਿਬ ਵਿਚਲੀ ਮਰਿਆਦਾ ਅਨੁਸਾਰ ਚਾਲਇਆ ਜਾਵੇ ਤਾਂ ਕਿ ਨਾਨਕ ਨਿਰਮਲ ਪੰਥ ਵਿੱਚੋਂ ਕਿਸੇ ਅਨਮਤੀ ਕਰਮ ਦੇ ਪਰਛਾਵੇਂ ਦੀ ਝਲਕ ਵੀ ਨਾ ਪਵੇ।

ਸੰਪਰਕ: 98150-24920


Comments Off on ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.