ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼

Posted On November - 16 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ
ਮਨਦੀਪ ਸਿੰਘ ਸਿੱਧੂ

ਭਾਰਤੀ ਫ਼ਿਲਮਾਂ ਦੇ ਤਮਾਮ ਮਜ਼ਾਹੀਆ ਅਦਾਕਾਰਾਂ ਵਿਚੋਂ ਮਿਰਜ਼ਾ ਮੁਸ਼ੱਰਫ਼ ਦੀ ਕਾਮੇਡੀ ਦੀ ਵੱਖਰੀ ਪਛਾਣ ਸੀ। ਪਹਿਲਾਂ ਪੰਜਾਬੀ/ਹਿੰਦੀ ਅਤੇ ਫਿਰ ਉਸੇ ਸੰਵਾਦ ਨੂੰ ਅੰਗਰੇਜ਼ੀ ’ਚ ਦੁਹਰਾ ਕੇ ਬੋਲਣਾ ਉਸਦੀ ਅਦਾਕਾਰੀ ਦਾ ਵਿਸ਼ੇਸ਼ ਹੁਨਰ ਸੀ। ਮਿਰਜ਼ਾ ਮੁਸ਼ੱਰਫ਼ ਸਿਰਫ਼ ਮਜ਼ਾਹੀਆ ਅਦਾਕਾਰ ਹੀ ਨਹੀਂ ਬਲਕਿ ਉਹ ਸੁਭਾਅ ਦਾ ਵੀ ਬੜਾ ਹਸਮੁੱਖ ਤੇ ਮਿਲਣਸਾਰ ਸੀ। ਉਸਨੂੰ ਕਵਿਤਾਵਾਂ ਲਿਖਣ ਦਾ ਵੀ ਬਹੁਤ ਸ਼ੌਕ ਸੀ ਤੇ ਉਹ ਵੀ ਹਾਸ-ਰਸ ਵਾਲੀਆਂ।
ਮਿਰਜ਼ਾ ਮੁਸ਼ੱਰਫ਼ ਦੀ ਪੈਦਾਇਸ਼ 4 ਜੁਲਾਈ 1913 ਨੂੰ ਸਾਂਝੇ ਪੰਜਾਬ ਦੇ ਸ਼ਹਿਰ ਸ਼ੁਜਾਹਾਬਾਦ ਦੇ ਨਵਾਬ ਲੁਹਾਰੂ (ਮੁਗ਼ਲ) ਦੇ ਪੰਜਾਬੀ ਮੁਸਲਿਮ ਘਰਾਣੇ ਵਿਚ ਹੋਈ। ਉਸਦੇ ਵਾਲਿਦ ਮਿਰਜ਼ਾ ਅਨਵਰ ਹੁਸੈਨ ਪੁਲੀਸ ਇੰੰਸਪੈਕਟਰ ਸਨ। ਮਿਰਜ਼ਾ ਮੁਸ਼ੱਰਫ਼ ਨੇ ਦਿਆਲ ਸਿੰਘ ਮਜੀਠੀਆ ਹਾਈ ਸਕੂਲ, ਲਾਹੌਰ ਤੋਂ ਦਸਵੀਂ ਕੀਤੀ। ਫਿਰ ਉਸਦੀ ਰੁਚੀ ਪੱਤਰਕਾਰਤਾ ਅਤੇ ਲੇਖਨ ਵਿਚ ਹੋ ਗਈ। ਲਿਹਾਜ਼ਾ 1930 ਵਿਚ ‘ਜ਼ਿਮੀਂਦਾਰ’, ‘ਸ਼ਾਹਿਦ’ ਅਤੇ ‘ਤਰੀਯਾਕ’ ਨਾਮੀਂ ਅਖ਼ਬਾਰਾਂ ਦੇ ਅਸਿਸਟੈਂਟ ਐਡੀਟਰ ਰਹੇ। ਫ਼ਿਲਮਾਂ ਤੋਂ ਪਹਿਲਾਂ ਉਸਨੇ ਸਿਆਸਤ ਵਿਚ ਵੀ ਹਿੱਸਾ ਲਿਆ। ਸਿਆਸੀ ਗਤੀਵਿਧੀਆਂ ਵਿਚ ਸ਼ਮੂਲੀਅਤ ਸਦਕਾ ਦੋ-ਦੋ ਵਾਰੀ ਛੇ-ਛੇ ਮਹੀਨੇ ਜੇਲ੍ਹ ਯਾਤਰਾ ਵੀ ਕੀਤੀ।
ਕਾਂਟਾ ਬਦਲਿਆ ਤਾਂ ਫ਼ਿਲਮੀ ਦੁਨੀਆਂ ਵੱਲ ਰੁਖ਼ ਕਰ ਲਿਆ। ਸਭ ਤੋਂ ਪਹਿਲਾਂ ਮਿਰਜ਼ਾ ਰੈਨਬੋ ਪਿਕਚਰਜ਼ ਕੰਪਨੀ ਦੇ ਮਾਲਕ ਸਰਦਾਰ ਖ਼ਲੀਲਉੱਲਾ ਖ਼ਾਨ ਨੂੰ ਮਿਲੇ ਜੋ ਪਟਿਆਲਾ ਰਿਆਸਤ ਦੇ ਸਿੱਖਿਆ ਮੰਤਰੀ ਵੀ ਸਨ। ਸਰਦਾਰ ਖ਼ਲੀਲ ਉਸ ਵੇਲੇ ਆਪਣੀ ਕੰਪਨੀ ਰੈਨਬੋ ਫ਼ਿਲਮਜ਼, ਬੰਬਈ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਕਜ਼ਾਕ ਕੀ ਲੜਕੀ’ (1937) ਦਾ ਨਿਰਮਾਣ ਕਰ ਰਹੇ ਸਨ। ਇਸ ਫ਼ਿਲਮ ਵਿਚ ਮਿਰਜ਼ਾ ਨੂੰ ਮਜ਼ਾਹੀਆ ਅਦਾਕਾਰ ਦਾ ਛੋਟਾ ਜਿਹਾ ਪਾਰਟ ਮਿਲਿਆ ਜੋ ਬਹੁਤ ਪਸੰਦ ਕੀਤਾ ਗਿਆ। ਉਸਦੀ ਦੂਜੀ ਫ਼ਿਲਮ ਨਿਊ ਓਰੀਐਂਟ ਫ਼ਿਲਮ, ਲਾਹੌਰ ਦੀ ਕੇ. ਪ੍ਰਫੁੱਲ ਰੌਇ ਨਿਰਦੇਸ਼ਿਤ ‘ਪ੍ਰੇਮ ਯਾਤਰਾ’ (1937) ਸੀ। ਮਿਰਜ਼ਾ ਦੀ ਅਦਾਕਾਰੀ ਤੋਂ ਮੁਤਾਸਿਰ ਅਬਦੁੱਲ ਰਸ਼ੀਦ ਕਾਰਦਾਰ ਉਸ ਨੂੰ ਕਲਕੱਤਾ ਲੈ ਟੁਰੇ। ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਬਣ ਰਹੀ ਮੋਤੀਮਹੱਲ ਥੀਏਟਰਜ਼, ਕਲਕੱਤਾ ਦੀ ਫ਼ਿਲਮ ‘ਮਿਲਾਪ’ (1937) ਵਿਚ ਅਦਾਕਾਰੀ ਕਰਨ ਦਾ ਮੌਕਾ ਦਿੱਤਾ। ਉਸਨੇ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਮੰਦਿਰ’ (1937) ਵਿਚ ਵੀ ਕੰਮ ਕੀਤਾ। ਜਨਰਲ ਫ਼ਿਲਮਜ਼, ਬੰਬਈ ਦੀ ‘ਇੰਡਸਟਰੀਅਲ ਏਰੀਆ’ ਉਰਫ਼ ‘ਨਿਰਾਲਾ ਹਿੰਦੋਸਤਾਨ’ (1938) ਅਤੇ ਇਸੇ ਬੈਨਰ ਦੀ ਹੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਬਾਗਬਾਨ’ (1938) ’ਚ ਮਿਰਜ਼ਾ ਨੇ ‘ਲੰਗੜੇ ਅਪਰਾਧੀ’ ਦੀ ਭੂਮਿਕਾ ਨਿਭਾਈ। ਫ਼ਿਲਮ ਦੇ 9 ਗੀਤਾਂ ’ਚੋਂ ਇਕ ਗੀਤ ਹਫ਼ੀਜ਼ ਜਲੰਧਰੀ ਅਤੇ 8 ਗੀਤ ਮਿਰਜ਼ਾ ਮੁਸ਼ੱਰਫ਼ ਨੇ ਲਿਖੇ ਸਨ। ਇਸ ਫ਼ਿਲਮ ਨੂੰ ਵੇਖਣ ਤੇ ਮਿਰਜ਼ਾ ਮੁਸ਼ੱਰਫ਼ ਦੀ ਅਦਾਕਾਰੀ ਤੋਂ ਮੁਤਾਸਿਰ ਕਾਰਦਾਲੀ ਦੇ ਨਵਾਬ ਦੀ ਧੀ ਉਸਨੂੰ ਮਿਲਣ ਦਿੱਲੀ ਆਈ ਜਿੱਥੇ ਜਲਦੀ ਹੀ ਦੋਵਾਂ ਨੇ ਵਿਆਹ ਕਰ ਲਿਆ। ਐਵਰੇਸਟ ਪਿਕਚਰਜ਼ ਕਾਰਪੋਰੇਸ਼ਨ, ਬੰਬਈ ਦੀ ਫ਼ਿਲਮ ‘ਸਿਤਾਰਾ’ (1939), ਜਨਰਲ ਫ਼ਿਲਮਜ਼ ਦੀ ਫ਼ਿਲਮ ‘ਪਤੀ ਪਤਨੀ’ (1939), ਸੁਪਰੀਮ ਪਿਕਚਰਜ਼, ਬੰਬਈ ਦੀ ਇਤਿਹਾਸਕ ਫ਼ਿਲਮ ‘ਗਾਜ਼ੀ ਸਲਾਊਦੀਨ’ (1939), ਰਣਜੀਤ ਮੂਵੀਟੋਨ, ਬੰਬਈ ਦੀ ਫ਼ਿਲਮ ‘ਅਧੂਰੀ ਕਹਾਣੀ’ ਉਰਫ਼ ‘ਅਨਫਿਨਿਸ਼ ਟੇਲ’ (1939), ਮਹਿਰਾ ਪਿਕਚਰਜ਼, ਬੰਬਈ ਦੀ ਸਟੰਟ ਫ਼ਿਲਮ ‘ਦੇਖਾ ਜਾਏਗਾ’ (1939), ਵਨਰਾਜ ਪਿਕਚਰਜ਼, ਬੰਬਈ ਦੀ ਫ਼ਿਲਮ ‘ਵਤਨ ਕੇ ਲੀਏ’ (1939) ਤੋਂ ਇਲਾਵਾ ਜਯਭਾਰਤ ਮੂਵੀਟੋਨ, ਬੰਬਈ ਦੀ ਫ਼ਿਲਮ ‘ਗ਼ਰੀਬ ਕਾ ਲਾਲ’ (1939) ’ਚ ਮਿਰਜ਼ਾ ਨੇ ਅਦਾਕਾਰੀ ਕਰਨ ਦੇ ਨਾਲ ਇਕ ਗੀਤ ਵੀ ਗਾਇਆ।
ਰਣਜੀਤ ਮੂਵੀਟੋਨ, ਬੰਬਈ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਹੋਲੀ’ (1940), ਤਰੁਣ ਪਿਕਚਰਜ਼, ਬੰਬਈ ਦੀ ਫ਼ਿਲਮ ‘ਪ੍ਰਭਾਤ’ (1941), ਸਨਰਾਈਜ਼ ਪਿਕਚਰਜ਼, ਬੰਬਈ ਦੀ ਫ਼ਿਲਮ ‘ਘਰ ਕੀ ਲਾਜ’ (1941), ‘ਘਰ ਸੰਸਾਰ’, ‘ਮਾਲਨ’ (1942), ‘ਦੁਹਾਈ’ (1943), ‘ਕਾਲਜੀਅਨ’, ‘ਮਾਂ ਬਾਪ’ (1944) ਤੇ ‘ਘਰ’ (1945), ਜਨਕ ਪਿਕਚਰਜ਼, ਬੰਬਈ ਦੀ ਫ਼ਿਲਮ ‘ਰਾਏ ਸਾਹਬ’ (1942), ਤਾਜਮਹੱਲ ਪਿਕਚਰਜ਼, ਬੰਬਈ ਦੀ ‘ਉਜਾਲਾ’ (1942), ਕੀਰਤੀ ਪਿਕਚਰਜ਼, ਬੰਬਈ ਦੀ ‘ਬਾਰਾਤ’ (1942), ਦੀਨ ਪਿਕਚਰਜ਼, ਬੰਬਈ ਦੀ ‘ਕੋਸ਼ਿਸ਼’ (1943) ਆਦਿ ਵਿਚ ਉਸਨੇ ਸ਼ਾਨਦਾਰ ਕਿਰਦਾਰਨਿਗਾਰੀ ਕੀਤੀ।

ਮਨਦੀਪ ਸਿੰਘ ਸਿੱਧੂ

ਡੀ. ਆਰ. ਡੀ ਪ੍ਰੋਡਕਸ਼ਨਸ਼, ਬੰਬਈ ਦੀ ਫ਼ਿਲਮ ‘ਆਇਨਾ’ (1944) ਤੋਂ ਬਾਅਦ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਨੇਕ ਪਰਵੀਨ’ (1946) ’ਚ ਮਿਰਜ਼ਾ ਮੁਸ਼ੱਰਫ਼ ਨੇ ‘ਵਕੀਲ ਮਿਰਜ਼ਾ’ ਦਾ ਕਿਰਦਾਰ ਨਿਭਾਇਆ ਅਤੇ ਸੰਵਾਦ ‘ਅਬੇ ਚੋਟੀ ਕੇ’ ਤੇ ‘ਵਾਹ ਵਾਹ’ ਬਹੁਤ ਮਕਬੂਲ ਹੋਏ। ਆਇਨਾ ਪਿਕਚਰਜ਼, ਬੰਬਈ ਦੇ ਬੈਨਰ ਹੇਠ ਜਦੋਂ ਐੱਸ. ਐੱਮ. ਯੂਸਫ਼ ਨੇ ਆਪਣੀ ਹਿਦਾਇਤਕਾਰੀ ’ਚ ਫ਼ਿਲਮ ‘ਗ੍ਰਹਿਸਥੀ’ (1948) ਬਣਾਈ ਤਾਂ ਪ੍ਰਾਣ ਤੇ ਕੁਲਦੀਪ ਕੌਰ ਨਾਲ ਮਿਰਜ਼ਾ ਮੁਸ਼ੱਰਫ਼ ਨੂੰ ਵੀ ਅਹਿਮ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਆਇਨਾ ਪਿਕਚਰਜ਼, ਬੰਬਈ ਦੀ ਫ਼ਿਲਮ ‘ਦਿਲ ਕੀ ਬਸਤੀ’ (1949) ਵਿਚ ਵੀ ਮਿਰਜ਼ਾ ਦੀ ਅਦਾਕਾਰੀ ਪਸੰਦ ਕੀਤੀ ਗਈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀਰੋਇਨ ਨਿਗ਼ਾਰ ਸੁਲਤਾਨਾ ਨੇ ਫ਼ਿਲਮਸਾਜ਼ ਐੱਸ. ਐੱਮ. ਯੂਸਫ਼ ਨਾਲ ਮੁਹੱਬਤੀ ਵਿਆਹ ਕਰ ਲਿਆ ਅਤੇ ਨਿਕਾਹਨਾਮੇ ਵਿਚ ਪਿਓ ਦਾ ਪਾਰਟ ਮਿਰਜ਼ਾ ਮੁਸ਼ੱਰਫ਼ ਨੇ ਅਦਾ ਕੀਤਾ। ਇਸ ਤੋਂ ਬਾਅਦ ਮਿਰਜ਼ਾ ਮੁਸ਼ੱਰਫ਼ ਨੇ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਗੁਮਾਸ਼ਤਾ’ (1951) ’ਚ ਵੀ ਹਾਸ ਅਦਾਕਾਰੀ ਨਾਲ ਫ਼ਿਲਮਬੀਨ ਖ਼ੂਬ ਹਸਾਏ।
ਹਿੰਦੀ ਦੇ ਨਾਲ-ਨਾਲ ਉਸਨੇ ਪੰਜਾਬੀ ਫ਼ਿਲਮਾਂ ਵਿਚ ਵੀ ਸ਼ਾਨਦਾਰ ਅਦਾਕਾਰੀ ਕੀਤੀ। ਮਿਰਜ਼ਾ ਮੁਸ਼ੱਰਫ਼ ਦੀ ਪਹਿਲੀ ਪੰਜਾਬੀ ਫ਼ਿਲਮ ਦਰਬਾਨ ਥੀਏਟਰਜ਼, ਬੰਬੇ ਦੀ ਐੱਸ. ਅਰੋੜਾ ਨਿਰਦੇਸ਼ਿਤ ‘ਸ਼ਾਹ ਜੀ’ (1954) ਸੀ। ਇਹ ਫ਼ਿਲਮ 4 ਅਪਰੈਲ 1954 ਨੂੰ ਓਡੀਅਨ ਥੀਏਟਰ, ਜਲੰਧਰ ਵਿਖੇ ਰਿਲੀਜ਼ ਹੋਈ। ਉਸਦੀ ਦੂਜੀ ਪੰਜਾਬੀ ਫ਼ਿਲਮ ਵਿਸ਼ਵ ਵਿਜੈ ਮੰਦਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ‘ਗੁੱਡੀ’ (1961) ਸੀ। ਫ਼ਿਲਮ ’ਚ ਮਿਰਜ਼ਾ ਨੇ ‘ਸਟੇਸ਼ਨ ਮਾਸਟਰ’ ਦਾ ਪਾਰਟ ਅਦਾ ਕਰਦਿਆਂ ਅਦਾਕਾਰ ਵਾਸਤੀ (ਨਿਹਾਲਾ ਗਾਰਡ) ਨਾਲ ਆਪਸੀ ਸੰਵਾਦ-ਅਦਾਇਗੀ ਖ਼ੂਬ ਹਾਸ-ਰਸ ਪੈਦਾ ਕਰਦੀ ਹੈ। ਸੀ. ਐੱਲ. ਫ਼ਿਲਮਜ਼, ਬੰਬੇ ਦੀ ਐੱਸ. ਨਿਰੰਜਨ ਨਿਰਦੇਸ਼ਿਤ ਫ਼ਿਲਮ ‘ਲਾਡੋ ਰਾਣੀ’ (1963) ’ਚ ਉਸਨੇ ‘ਸਰਦਾਰੀ ਲਾਲ’ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ 1 ਮਾਰਚ 1963 ਨੂੰ ਪ੍ਰਕਾਸ਼ ਸਿਨਮਾ, ਅੰਮ੍ਰਿਤਸਰ ’ਚ ਨੁਮਾਇਸ਼ ਹੋਈ। ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਡੀ. ਸੋਹਨਾ ਨਿਰਦੇਸ਼ਿਤ ਫ਼ਿਲਮ ‘ਗੱਭਰੂ ਦੇਸ਼ ਪੰਜਾਬ ਦੇ’ (1966) ’ਚ ਮਿਰਜ਼ਾ ਮੁਸ਼ੱਰਫ਼ ਤੇ ਖ਼ਰੈਤੀ ਭੈਂਗਾ ਦੀ ਜੋੜੀ ਨੇ ਦਰਸ਼ਕ ਖ਼ੂਬ ਹਸਾਏ। ਗਣੇਸ਼ ਮੂਵੀਜ਼, ਬੰਬੇ ਦੀ ਖਾਵਰ ਜ਼ਮਾਨ ਨਿਰਦੇਸ਼ਿਤ ਫ਼ਿਲਮ ‘ਪਰਦੇਸਣ’ (1969) ’ਚ ਮਿਰਜ਼ਾ ਨੇ ‘ਨੱਥੂ ਕੁਆਰਾ’ ਦਾ ਸੋਹਣਾ ਪਾਰਟ ਅਦਾ ਕੀਤਾ। ਫ਼ਿਲਮਾਂ ’ਚ ਪੰਜਾਬੀ/ਹਿੰਦੀ ਸੰਵਾਦ ਨੂੰ ਅੰਗਰੇਜ਼ੀ ’ਚ ਦੁਹਰਾਉਣਾ ਉਸ ਦੀ ਅਦਾਕਾਰੀ ਦੀ ਖਾਸੀਅਤ ਸੀ। ਇੰਦਰਜੀਤ ਹਸਨਪੁਰੀ ਦੇ ਜ਼ਾਤੀ ਬੈਨਰ ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਧਰਮ ਕੁਮਾਰ ਨਿਰਦੇਸ਼ਿਤ ਤੇ ਦਾਜ ਪ੍ਰਥਾ ’ਤੇ ਆਧਾਰਿਤ ਫ਼ਿਲਮ ‘ਦਾਜ’ (1976) ’ਚ ਉਸਨੇ ਪੂੰਜੀਪਤੀ ‘ਬੁੱਢੇ ਲਾੜੇ’ ਦਾ ਪਾਰਟ ਨਿਭਾਇਆ। ਹਿੰਦੀ ਵਿਚ ਇਹ ਫ਼ਿਲਮ ਲੁਧਿਆਣਾ ਫ਼ਿਲਮਜ਼, ਬੰਬਈ ਦੇ ਬੈਨਰ ਹੇਠ ‘ਦਹੇਜ’ (1981) ਦੇ ਨਾਮ ਨਾਲ ਡੱਬ ਹੋਈ। ਵਿਸ਼ਾਲ ਰਾਜ ਪ੍ਰੋਡਕਸ਼ਨਜ਼, ਬੰਬੇ ਦੀ ਦਲਜੀਤ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਜੈ ਮਾਤਾ ਦੀ’ (1977) ਵਿਚ ਮਿਰਜ਼ਾ ਨੇ ਵਫ਼ਾਦਾਰ ਨੌਕਰ ‘ਲੱਲੂ’ ਦਾ ਰੋਲ ਨਿਭਾਇਆ ਜੋ ‘ਰੈਟ’ ਨੂੰ ਬਿੱਲੀ ਤੇ ‘ਕੈਟ’ ਨੂੰ ਚੂਹਾ ਆਖਦਾ ਹੋਇਆ ਖ਼ੂਬ ਹਸਾਉਂਦਾ ਹੈ। ਇਹ ਫ਼ਿਲਮ 21 ਮਾਰਚ 1980 ਨੂੰ ਏਸੀ ਥੀਏਟਰ, ਪਟਿਆਲਾ ਵਿਖੇ ਰਿਲੀਜ਼ ਹੋਈ। ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਪਰਿਵਾਰ ਨਿਯੋਜਨ ’ਤੇ ਆਧਾਰਿਤ ਫ਼ਿਲਮ ‘ਸੁਖੀ ਪਰਿਵਾਰ’ (1979) ਉਸਦੀ ਆਖਰੀ ਪੰਜਾਬੀ ਫ਼ਿਲਮ ਸੀ। ਇਸ ਫ਼ਿਲਮ ਵਿਚ ਮਿਰਜ਼ਾ ਨੇ ‘ਮੁਣਸ਼ੀ’ ਦਾ ਕਿਰਦਾਰ ਅਦਾ ਕੀਤਾ।
ਉਸਦੀ ਮਜ਼ਾਹੀਆ ਅਦਾਕਾਰੀ ਨਾਲ ਸਜੀਆਂ ਕੁਝ ਹੋਰ ਯਾਦਗਾਰੀ ਫ਼ਿਲਮਾਂ ‘ਹੰਸਤੇ ਆਸੂ’, ‘ਡੋਲਤੀ ਨੈਯਾ’ (1950), ‘ਨਿਰਮਲ’ (1951), ‘ਫਰਿਆਦ’ (1952), ‘ਸ਼ੋਲੇ’ (1953), ‘ਕੈਪਟਨ ਕਿਸ਼ੋਰ’ (1957), ‘ਪੋਸਟ ਬਾਕਸ’ 999’ (1958), ‘ਰੂਪ ਰੁਪੱਈਆ’ (1968), ‘ਸ਼ਿਮਲਾ ਰੋਡ’ (1969), ‘ਦੀਦਾਰ’ ਤੇ ‘ਰੂਠਾ ਨਾ ਕਰੋ’ (1970), ‘ਪ੍ਰਾਸ਼ਚਿਤ’ (1977) ਆਦਿ ਹਨ। ‘ਪਾਂਚਵੀਂ ਮੰਜ਼ਿਲ’ (1982) ਉਸਦੀ ਆਖਰੀ ਹਿੰਦੀ ਫ਼ਿਲਮ ਸੀ। ਉਹ ਕੁਝ ਸਮਾਂ ਪਾਪੁਲਰ ਇੰਡੀਆ ਪ੍ਰੋਡਕਸ਼ਨਜ਼ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਵੀ ਰਿਹਾ। ਆਪਣੀ ਪੂਰੀ ਜ਼ਿੰਦਗੀ ਮਜ਼ਾਹੀਆ ਅਦਾਕਾਰੀ ਨਾਲ ਦਰਸ਼ਕਾਂ ਨੂੰ ਹਸਾਉਣ ਵਾਲਾ ਇਹ ਮਖੌਲੀਆ ਅਦਾਕਾਰ 10 ਜਨਵਰੀ 1991 ਨੂੰ 78 ਸਾਲ ਦੀ ਉਮਰੇ ਬੰਬਈ ’ਚ ਵਫ਼ਾਤ ਪਾ ਗਿਆ।

ਸੰਪਰਕ: 97805-09545


Comments Off on ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.