ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ

Posted On November - 20 - 2019

ਡਾ. ਧਰਮ ਸਿੰਘ

ਵਿਰਾਸਤ ਦੀ ਸੰਭਾਲ ਜਾਗਰੂਕ ਅਤੇ ਖੋਜ ਰੁਚੀ ਵਾਲਿਆਂ ਦੇ ਹਿੱਸੇ ਆਈ ਹੈ। ਪੰਜਾਬ ਅਤੇ ਪੰਜਾਬੀ ਦੇ ਪ੍ਰਸੰਗ ਵਿੱਚ ਹੀ ਵੇਖਣਾ ਹੋਵੇ ਤਾਂ ਇਤਿਹਾਸਕਾਰ ਕਰਮ ਸਿੰਘ, ਭਾਈ ਮੋਹਨ ਸਿੰਘ ਵੈਦ, ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਪਿਆਰਾ ਸਿੰਘ ਪਦਮ, ਡਾ. ਪਿਆਰ ਸਿੰਘ ਆਦਿ ਵਿਦਵਾਨਾਂ ਦੇ ਨਾਲ ਨਾਲ ਪ੍ਰੋ. ਪ੍ਰੀਤਮ ਸਿੰਘ ਦਾ ਨਾਂ ਸਹਿਜੇ ਹੀ ਲਿਆ ਜਾ ਸਕਦਾ ਹੈ। ਪ੍ਰੋ. ਪ੍ਰੀਤਮ ਸਿੰਘ ਦੀ ਪੰਜਾਬੀ ਭਾਸ਼ਾ, ਸਾਹਿਤ ਸੱਭਿਆਚਾਰ ਤੇ ਵਾਰਤਕ ਨੂੰ ਦੇਣ ਸਬੰਧੀ ਪੂਰਾ ਪੀਐੱਚ. ਡੀ. ਖੋਜ ਪ੍ਰਬੰਧ ਲਿਖਿਆ ਜਾ ਸਕਦਾ ਹੈ, ਪਰ ਇੱਥੇ ਅਸੀਂ ਉਸ ਦੀ ਵਿਰਾਸਤ ਨੂੰ ਸੰਭਾਲ ਵਾਸਤੇ ਕੀਤੀ ਗਈਆਂ ਕੋਸ਼ਿਸ਼ਾਂ ਦਾ ਹੀ ਸੰਖੇਪ ਵਿੱਚ ਲੇਖਾ-ਜੋਖਾ ਕਰਨਾ ਚਾਹਾਂਗੇ।
ਖੋਜ ਕਰਨੀ ਤੇ ਖੋਜ ਕਰਾਉਣੀ ਪ੍ਰੋ. ਪ੍ਰੀਤਮ ਸਿੰਘ ਦਾ ਪਹਿਲਾ ਤੇ ਆਖਰੀ ਇਸ਼ਕ ਸੀ ਤੇ ਇਸ ਕਾਰਜ ਲਈ ਸਭ ਤੋਂ ਪਹਿਲੀ ਤੇ ਬੁਨਿਆਦੀ ਲੋੜ ਖੋਜ ਸਮੱਗਰੀ ਦੀ ਭਾਲ ਤੇ ਇਕੱਤਰੀਕਰਣ ਦੀ ਹੁੰਦੀ ਹੈ। ਖੋਜ ਸਮੱਗਰੀ ਦੀ ਅਹਿਮੀਅਤ ਨੂੰ ਉਸ ਨੇ ਆਰੰਭ ਵਿੱਚ ਹੀ ਪਛਾਣ ਲਿਆ ਸੀ, ਇਸ ਕਰਕੇ ਉਸ ਨੂੰ ਜਿੱਥੋਂ ਵੀ ਕਿਸੇ ਪੁਰਾਣੇ ਗ੍ਰੰਥ ਦੀ ਸੂਹ ਮਿਲੀ, ਉਹ ਉੱਥੇ ਹੀ ਜਾ ਪਹੁੰਚਿਆ। ਕਿਤੇ ਪਿਆਰ ਨਾਲ, ਕਿਤੇ ਸਾਂਝ ਕੱਢ ਕੇ ਤੇ ਕਿਤੇ ਕਿਸੇ ਚੀਜ਼ ਦਾ ਡਰ ਦੇ ਕੇ ਉਸ ਨੇ ਤਕਰੀਬਨ ਇੱਕ ਹਜ਼ਾਰ ਹੱਥ-ਲਿਖਤ ਗ੍ਰੰਥ ਆਪਣੀ ਨਿੱਜੀ ਲਾਇਬ੍ਰੇਰੀ ਵਿੱਚ ਜਮ੍ਹਾਂ ਕਰ ਲਏ। ਉਸ ਦੀ ਨਿੱਜੀ ਲਾਇਬ੍ਰੇਰੀ ਹਵਾਲਾ ਲਾਇਬ੍ਰੇਰੀ ਬਣ ਗਈ ਸੀ, ਜਿਸ ਦਾ ਵਰਤੋਂ ਪ੍ਰੋ. ਪ੍ਰੀਤਮ ਸਿੰਘ ਨੇ ਨਾ ਕੇਵਲ ਆਪ ਕੀਤੀ, ਸਗੋਂ ਜਿਹੜੇ ਵੀ ਹਿੰਦੀ ਤੇ ਪੰਜਾਬੀ ਦੇ ਖੋਜਾਰਥੀ ਉਸ ਕੋਲ ਆਏ, ਉਸ ਨੇ ਦਿਲ ਖੋਲ੍ਹ ਕੇ ਵਿਰਾਸਤ ਉਨ੍ਹਾਂ ਅੱਗੇ ਰੱਖ ਦਿੱਤੀ। ਅੱਜ ਅੰਮ੍ਰਿਤਸਰ ਵਾਸੀ ਇਸ ਗੱਲੋਂ ਵਡਭਾਗੇ ਹਨ ਕਿ ਉਨ੍ਹਾਂ ਦੀ ਇਕੱਠੀ ਕੀਤੀ ਹੋਈ ਸਾਰੀ ਵਿਰਾਸਤੀ ਦੁਰਲੱਭ ਸਮੱਗਰੀ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ਦਾ ਹਿੱਸਾ ਬਣ ਚੁੱਕੀ ਹੈ। ਇਸ ਦਾ ਇੱਕ ਵੱਖਰਾ ਸੈਕਸ਼ਨ ਪ੍ਰੋ. ਪ੍ਰੀਤਮ ਸਿੰਘ ਸੈਕਸ਼ਨ ਨਾਂ ਹੇਠ ਜਾਣਿਆ ਜਾਂਦਾ ਹੈ। ਇਸ ਲਾਇਬ੍ਰੇਰੀ ਵਿੱਚ ਕਈ ਗ੍ਰੰਥ ਅਜਿਹੇ ਹਨ, ਜਿਨ੍ਹਾਂ ਦੀ ਕੇਵਲ ਇੱਕ-ਇੱਕ ਕਾਪੀ ਹੀ ਹੈ।
ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਲਈ ਸਮੇਂ-ਸਮੇਂ ’ਤੇ ਚੱਲੀਆਂ ਲਹਿਰਾਂ ਤੇ ਕਈ ਧਾਰਮਿਕ ਸੰਪਰਦਾਵਾਂ ਦਾ ਭਰਪੂਰ ਯੋਗਦਾਨ ਰਿਹਾ। ਮੱਧਕਾਲ ਵਿੱਚ ਚੱਲੀ ਭਗਤੀ ਲਹਿਰ ਨੇ ਜਿੱਥੇ ਸਮੁੱਚੇ ਭਾਰਤੀ ਸਾਹਿਤ ਨੂੰ ਅਮੀਰ ਕੀਤਾ, ਉੱਥੇ ਪੰਜਾਬੀ ਸਾਹਿਤ ਵੀ ਅਭਿੱਜ ਨਾ ਰਿਹਾ। ਗੁਰਮਤਿ ਦਰਸ਼ਨ ਦੇ ਪ੍ਰਚਾਰ-ਪਾਸਾਰ ਵਿੱਚ ਲੱਗੀਆਂ ਰਹੀਆਂ ਉਦਾਸੀ, ਸੇਵਾਪੰੰਥੀ, ਗਿਆਨੀ ਅਤੇ ਨਿਰਮਲੇ ਅਜਿਹੀਆਂ ਹੀ ਸੰਪਰਦਾਵਾਂ ਹਨ, ਜਿਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਦੀ ਚਰਚਾ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਰਹਿੰਦੀ ਹੈ। ‘ਮੀਣਾ ਸ਼ਾਖਾ’ ਸਿੱਖੀ ਦੀ ਅਜਿਹੀ ਹੀ ਇੱਕ ਸ਼ਾਖਾ ਸੀ ਪਰ ਗੁਰੂ ਘਰ ਨਾਲ ਟਕਰਾਅ ਕਾਰਨ ਵਿਦਵਾਨਾਂ ਦਾ ਧਿਆਨ ਬਹੁਤਾ ਇੱਧਰ ਨਾ ਗਿਆ ਤੇ ਜੇ ਗਿਆ ਵੀ ਹੈ ਤਾਂ ਇਸ ਸ਼ਾਖਾ ਵੱਲੋਂ ਲਿਖੇ ਗਏ ਸਾਹਿਤ ਨੂੰ ਗੁਰਬਾਣੀ ਦਾ ਨਕਲ ਜਾਂ ਪਰਛਾਵੇ ਹੇਠ ਲਿਖੇ ਜਾਣ ਕਰਕੇ ਇਸ ਨੂੰ ਵਧੇਰੇ ਅਹਿਮੀਅਤ ਨਾ ਦਿੱਤੀ ਗਈ। ਇਸ ਸ਼ਾਖਾ ਦੇ ਸਾਹਿਤ ਨੂੰ ‘ਕੱਚੀ ਬਾਣੀ’ ਕਰਕੇ ਵੀ ਜਾਣਿਆ ਜਾਂਦਾ ਰਿਹਾ। ਸਮੇਂ ਦੇ ਬੀਤਣ ਨਾਲ ਇਹ ਸ਼ਾਖਾ ਸਿੱਖੀ ਦੀ ਮੂਲ ਧਾਰਾ ਵਿੱਚ ਰਲ ਕੇ ਤਕਰੀਬਨ ਖਤਮ ਹੋ ਗਈ ਤੇ ਗੁਰੂ ਘਰ ਨਾਲ ਟਕਰਾਅ ਵੀ ਮੁੱਕ ਗਿਆ। ਏਸੇ ਸਮੇਂ ਅਸੀਂ ਦੇਖਦੇ ਹਾਂ ਕਿ ਮੀਣਾ ਸ਼ਾਖਾ ਦੇ ਸਾਹਿਤ ਨੂੰ ਵਿਧੀਵਤ ਤਰੀਕੇ ਨਾਲ ਸਾਂਭਣ ਅਤੇ ਇਸ ਦੇ ਅਧਿਐਨ ਤੇ ਖੋਜ ਲਈ ਯਤਨ ਹੋਣ ਲੱਗੇ ਹਨ।
ਇਸ ਸ਼ਾਖਾ ਦੇ ਲੇਖਕਾਂ ਵਿੱਚ ਮੁੱਖ ਲੇਖਕ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਜਿਸ ਦੀਆਂ ਕੁੱਝ ਰਚਨਾਵਾਂ ਪੰਜਾਬੀ ਅਤੇ ਹਿੰਦੀ ਵਿੱਚ ਸੰਪਾਦਿਤ ਹੋ ਕੇ ਛਪੀਆਂ ਤੇ ਇਨ੍ਹਾਂ ਬਾਰੇ ਕੁੱਝ ਖੋਜ ਕਾਰਜ ਵੀ ਹੋਇਆ। ਇਸ ਦੇ ਸਮੁੱਚੇ ਸਾਹਿਤ ਨੂੰ ਸਾਂਭਣ ਅਤੇ ਇਸ ਦੇ ਮੁਲੰਕਣ ਦਾ ਤਾਜ਼ਾ ਯਤਨ ਹੋਇਆ ਹੈ ਤੇ ਵਿਰਾਸਤ ਦੀ ਸੰਭਾਲ ਲਈ ਹੋਇਆ ਇਹ ਯਤਨ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ। ਇਸ ਖੋਜ ਯੋਜਨਾ ਨੂੰ ਉਲੀਕਣ ਤੇ ਇਸ ਨਾਲ ਵੱਖ ਵੱਖ ਵਿਦਵਾਨਾਂ ਨੂੰ ਜੋੜਨ ਦਾ ਉਪਰਾਲਾ ਸਵਰਗੀ ਪ੍ਰੋ. ਪ੍ਰੀਤਮ ਸਿੰਘ ਨੇ ਕੀਤਾ ਸੀ। ਇਸ ਸ਼ਾਖਾ ਦੇ ਲੇਖਕਾਂ ਦੇ ਕਈ ਗ੍ਰੰਥ ਉਸ ਦੀ ਨਿੱਜੀ ਲਾਇਬ੍ਰੇਰੀ ਵਿੱਚ ਹੱਥ ਲਿਖਤਾਂ ਦੇ ਰੂਪ ਵਿੱਚ ਸਾਂਭੇ ਪਏ ਸਨ, ਜਿਨ੍ਹਾਂ ਨੂੰ ਪ੍ਰਕਾਸ਼ ਵਿੱਚ ਲਿਆਉਣ ਹਿਤ ਉਨ੍ਹਾਂ ਨੇ ਇਹ ਖੋਜ ਯੋਜਨਾ ਉਲੀਕੀ।
ਪ੍ਰੋ. ਪ੍ਰੀਤਮ ਸਿੰਘ ਦੀ ਖੋਜ ਪ੍ਰਤਿਭਾ ਤੇ ਖੋਜ-ਸਮਰੱਥਾ ਨਿਰਵਿਵਾਦ ਹੈ। ਉਨ੍ਹਾਂ ਦੁਆਰਾ ਲਿਖੀਆਂ ਗਈਆਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਦੀ ਕੁੱਲ ਗਿਣਤੀ 60 ਤੋਂ ਉੱਪਰ ਹੈ ਤੇ ਇਹ ਸਾਰੀਆਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਖੋਜ ਪੁਸਤਕਾਂ ਹੀ ਹਨ। ਉਸ ਨੇ ਪਰਵਾਸੀ ਭਾਰਤੀ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਨਾਲ ਰਲ ਕੇ ਮੀਣਾ ਸ਼ਾਖਾ ਦੁਆਰਾ ਰਚੇ ਗਏ ਸਾਹਿਤ ਦੇ ਸੰਕਲਨ, ਸੰਭਾਲਣ ਤੇ ਅਧਿਐਨ ਦਾ ਉੱਦਮ ਆਰੰਭਿਆ। ਮੀਣਿਆ ਦੀ ਇਸ ਸ਼ਾਖਾ ਨੂੰ ‘ਸਿੱਖਾਂ ਦਾ ਛੋਟਾ ਮੇਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਜਿਹੇ ਸਾਰੇ ਸਾਹਿਤ ਨੂੰ ਉਜਾਗਰ ਕਰਨ ਲਈ ਪ੍ਰੋ. ਪ੍ਰੀਤਮ ਸਿੰਘ ਨੇ ਦਸ ਜਿਲਦੀ ਖੋਜ ਯੋਜਨਾ ਬਣਾਈ। ਇਸ ਯੋਜਨਾ ਦੀ ਪਹਿਲੀ ਜਿਲਦ ਵਿੱਚ, ਅਜਿਹੇ ਸਾਰੇ ਸਾਹਿਤ ਦੀ ਜਿੱਥੇ ਵੀ ਉਹ ਪਿਆ ਹੈ, ਨਿਸ਼ਾਨਦੇਹੀ ਕੀਤੀ ਗਈ ਹੈ ਤੇ ਹਰ ਗ੍ਰੰਥ ਦਾ ਤਤਕਰਾ ਵੀ ਦਿੱਤਾ ਹੋਇਆ ਹੈ। ਆਪਣੀ ਇਸ ਖੋਜ ਦੀ ਉਪਯੋਗਤਾ ਬਾਰੇ ਸੰਕੇਤ ਕਰਦਿਆ ਪ੍ਰੋ. ਪ੍ਰੀਤਮ ਸਿੰਘ ਨੇ ਲਿਖਿਆ ਹੈ, ‘‘ਸਿੱਖਾਂ ਦੇ ਛੋਟੇ ਮੇਲ ਨੇ ਕਿਸ ਤਰ੍ਹਾਂ ਦਾ ਸਾਹਿਤ ਪੈਦਾ ਕੀਤਾ ਜਾਂ ਕਰਾਇਆ ਹੈ। ਉਹ ਸਾਡੀ ਪੁਸਤਕ ਲੜੀ ਦੇ ਸੰਪੂਰਨ ਹੋਣ ਉਪਰੰਤ ਹੀ ਮੁਲਾਂਕਣਯੋਗ ਹੋਵੇਗਾ ਪਰ ਇਹ ਦਾਅਵਾ ਅਸੀਂ ਪਹਿਲਾਂ ਹੀ ਕਰ ਸਕਦੇ ਹਾਂ ਕਿ ਸਾਡਾ ਇਸ ਲੜੀ ਰਾਹੀਂ ਜਦੋਂ ਹਰਿ ਜੀ ਕ੍ਰਿਤ ‘ਸੁਖਮਨੀ ਸਹੰਸਰਨਾਮਾ’, ਹਰੀਆ ਜੀ ਰਚਿਤ ਗ੍ਰੰਥ ਤੇ ਕਵੀ ਦਰਬਾਰੀ ਰਚਿਤ ਪੋਥੀ ਹਰਿ ਜਸ ਵਰਗੀਆਂ ਰਚਨਾਵਾਂ ਸ਼ੁੱਧ ਰੂਪ ਵਿੱਚ ਛਪ ਕੇ ਪਾਠਕਾਂ ਦੇ ਸਾਹਮਣੇ ਆਉਣਗੀਆਂ ਤਾਂ ਸਾਨੂੰ ਯਕੀਨ ਹੈ ਕਿ ਪੰਜਾਬੀ ਭਾਸ਼ਾ ਦਾ ਹਰ ਹਿਤੈਸ਼ੀ ਸਾਡੀ ਘਾਲ ਕਮਾਈ ਲਈ ਸਾਨੂੰ ਸ਼ਾਬਾਸ਼ ਦੇਵੇਗਾ।’’
‘ਸਿੱਖਾਂ ਦਾ ਛੋਟਾ ਮੇਲ’ ਦਸ ਜਿਲਦੀ ਪੁਸਤਕ ਲੜੀ ਦੀ ਪਹਿਲੀ ਜਿਲਦ ਹੈ, ਜਿਸ ਵਿੱਚ ਮੀਣਾ ਸ਼ਾਖਾ ਦਾ ਇਤਿਹਾਸ, ਖਿੱਲਰੇ ਪੁੱਲਰੇ ਸਾਹਿਤ ਦਾ ਸਰਵੇਖਣ, ਪ੍ਰਾਪਤੀ ਸਥਾਨ, ਪ੍ਰਸਿੱਧ ਰਚਨਾਵਾਂ-ਗ੍ਰੰਥਾਂ ਦੇ ਤਤਕਰਿਆਂ ਸਮੇਤ ਸਬੰਧਤ ਜਾਣ-ਪਛਾਣ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇੰਝ ਛੋਟੇ ਮੇਲ ਵਾਲਿਆਂ ਦੇ ਸਾਹਿਤ ਸਬੰਧੀ ਤਿਆਰ ਹੋਣ ਵਾਲੀਆ ਪੁਸਤਕਾਂ ਦੇ ਬੀਜ ਇਸ ਪੁਸਤਕ ਵਿੱਚ ਪਏ ਹਨ। ਜਿਹੜੀਆ ਪੁਸਤਕਾਂ ਛਾਪਣ ਦੀ ਯੋਜਨਾ ਸੀ, ਉਸ ਦਾ ਵੇਰਵਾ ਇਹ ਹੈ:
* ਸਿੱਖਾਂ ਦਾ ਛੋਟਾ ਮੇਲ : ਇਤਿਹਾਸ ਤੇ ਸਰਵੇਖਣ
* ਸੋਢੀ ਪਿਰਥੀ ਚੰਦ ਦੀ ਰਚਨਾ
* ਸੋਢੀ ਮਿਹਰਬਾਨ ਦੀ ਕਾਵਿ-ਰਚਨਾ
* ਸੋਢੀ ਹਰਿ ਜੀ ਤੇ ਉਨ੍ਹਾਂ ਦੇ ਉਤਰਾਧਿਕਾਰੀ ਦੀ ਕਾਵਿ-ਰਚਨਾ
* ਸੁਖਮਨੀ ਸਹੰਸਰਨਾਮਾ ਕ੍ਰਿਤ ਹਰਿ ਜੀ
* ਗੋਸਟਿ ਮਿਹਰਬਾਨ ਜੀ ਕੀਆ ਕ੍ਰਿਤ ਹਰਿ ਜੀ
* ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਪਦਾਵਲੀ
* ਗ੍ਰੰਥ ਹਰੀਆ ਜੀ ਦਾ
* ਭਾਈ ਦਰਬਾਰੀ ਤੇ ਉਨ੍ਹਾਂ ਦੀ ਹਰਿ ਜਸ ਪੋਥੀ
* ਛੋਟੇ ਮੇਲ ਦੀਆਂ ਫੁਟਕਲ ਰਚਨਾਵਾਂ
ਇੰਝ ਪਹਿਲੀ ਉਪਰੋਕਤ ਪੁਸਤਕ ਦੇ ਜਿੰਨੇ ਅਧਿਆਇ ਹਨ, ਅਸਲ ਵਿੱਚ ਇਹ ਤਿਆਰ ਹੋਣ ਵਾਲੀਆਂ ਪੁਸਤਕਾਂ ਦੇ ਸਿਰਲੇਖ ਹੀ ਹਨ। ਵਡ-ਆਕਾਰੀ ਲੇਖਕਾਂ ਬਾਰੇ ਸੁਤੰਤਰ ਪੁਸਤਕਾਂ ਲਿਖੀਆਂ ਜਾਣੀਆਂ ਹਨ ਜਦ ਕਿ ਲਘੂ-ਆਕਾਰੀ ਲੇਖਕਾਂ ਦੀਆਂ ਰਚਨਾਵਾਂ ਨੂੰ ਇਕੱਠੀਆਂ ਕਰਕੇ ਇਕ ਜਿਲਦ ਵਿੱਚ ਦੇਣ ਦਾ ਪ੍ਰਸਤਾਵ ਹੈ। ਇਨ੍ਹਾਂ ਦਸਾਂ ਜਿਲਦਾਂ ਵਿੱਚੋਂ ਹੁਣ ਤਕ ਪੰਜ ਛਪ ਚੁੱਕੀਆਂ ਹਨ ਤੇ ਬਾਕੀ ਛਪਣ ਵਾਲੀਆਂ ਹਨ। ਛਪੀਆਂ ਪੁਸਤਕਾਂ ਵਿੱਚ ਸਿੱਖਾਂ ਦਾ ‘ਛੋਟਾ ਮੇਲ: ਇਤਿਹਾਸ ਅਤੇ ਸਰਵੇਖਣ’, ‘ਸੋਢੀ ਪਿਰਥੀ ਚੰਦ ਦੀ ਰਚਨਾ’, ‘ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਪਦਾਵਲੀ’ ਅਤੇ ਭਾਈ ਦਰਬਾਰੀ ਰਚਿਤ ‘ਹਰਿ ਜਸ ਪੋਥੀ’ (ਦੋ ਭਾਗ) ਸ਼ਾਮਲ ਹਨ।
ਪਹਿਲੀ ਪੁਸਤਕ ਵਿੱਚ ਪ੍ਰੋ. ਪ੍ਰੀਤਮ ਸਿੰਘ ਨਾਲ ਦੂਜਾ ਲੇਖਕ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਹੈ, ਜਦ ਕਿ ਪਿਰਥੀ ਚੰਦ ਦੀ ਰਚਨਾ ਇਕੱਲੇ ਆਹਲੂਵਾਲੀਆ ਦੀ ਹੈ। ਇਸ ਦੂਜੀ ਪੁਸਤਕ ਦੇ ਦੋ ਹਿੱਸੇ ਹਨ; ਪਹਿਲੇ ਵਿਚ 52 ਪੰਨਿਆਂ ਦੀ ਭੂਮਿਕਾ ਹੈ ਤੇ ਦੂਜੇ ਵਿੱਚ ਮੂਲ ਪਾਠ ਹੈ। ਭਾਗ ਤੀਜਾ ਵਿੱਚ ਪੰਜ ਅੰਤਿਕਾਵਾਂ ਹਨ, ਜਿਨ੍ਹਾਂ ਵਿੱਚ ਰਚਨਾਵਲੀ ਦੇ ਕਰਤਾ ਸੋਢੀ ਪਿਰਥੀ ਚੰਦ ਦੇ ਜਨਮ ਤੇ ਦੇਹਾਂਤ ਦੀਆਂ ਤਾਰੀਖਾਂ, ਰਚਨਾਂ ਦਾ ਬਿਉਰਾ, ਸਿਰਲੇਖ ਅਨੁਸਾਰ ਤਤਕਰਾ ਤੇ ਇਸ ਰਚਨਾ ਵਿਚ ਆਏ ਇਤਿਹਾਸਕ ਤੇ ਮਿਥਿਹਾਸਕ ਨਾਵਾਂ ਤੇ ਥਾਵਾਂ ਦਾ ਵੇਰਵਾ ਹੈ। ਸਤਵੀਂ ਪੁਸਤਕ ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਸ਼ਬਦਾਵਲੀ ਹੈ।
ਇਸ ਯੋਜਨਾ ਦੀ ਸਭ ਤੋਂ ਮਹੱਤਵਪੂਰਨ ਨੌਵੀਂ ਪੁਸਤਕ ਭਾਈ ਦਰਬਾਰੀ ਰਚਿਤ ਪੋਥੀ ਹਰਿ ਜਸ ਹੈ, ਜਿਸ ਦਾ ਸੰਪਾਦਨ ਡਾ. ਗੁਰਚਰਨ ਸਿੰਘ ਸੇਕ ਨੇ ਕੀਤਾ। ਭਾਈ ਦਰਬਾਰੀ ਦਾਸ, ਮਿਹਰਬਾਨੀ ਪਰੰਪਰਾ ਵਿਚ, ਮਿਹਰਵਾਨ ਨੂੰ ਛੱਡ ਕੇ ਸਭ ਤੋਂ ਵੱਧ ਰਚਨਾ ਕਰਨ ਵਾਲਾ ਲੇਖਕ ਹੈ, ਜਿਸ ਨੇ ਆਪਣੇ ਜੀਵਨ ਦੇ ਲਗਪਗ 30-35 ਸਾਲ ਲਾ ਕੇ 919 ਪੱਤਰਿਆਂ ਅਰਥਾਤ 1838 ਪੰਨਿਆਂ ਦਾ ਗ੍ਰੰਥ ਰਚਿਆ, ਜਿਸ ਨੂੰ ‘ਪੋਥੀ ਹਰਿਜਸ’ ਦਾ ਨਾਂ ਦਿੱਤਾ ਗਿਆ ਹੈ। ਪੁਸਤਕ ਦਾ ਪਹਿਲਾ ਭਾਗ ਆਦਿਕਾ ਦਾ ਹੈ, ਜਿਸ ਵਿਚ ਭਾਈ ਦਰਬਾਰੀ ਦੇ ਜੀਵਨੀਮੂਲਕ ਵੇਰਵੇ, ਸ਼ਖਸੀਅਤ ਉਸ ਨਾਲ ਜੁੜੀਆਂ ਦੰਦ-ਕਥਾਵਾਂ ਤੇ ਉਸ ਦਾ ਕਾਵਿ ਕਲਾ ਦੀ ਚਰਚਾ ਹੈ ਜਦਕਿ ਦੂਜੇ ਹਿੱਸੇ ਵਿੱਚ ‘ਹਰਿਜਸ ਪੋਥੀ’ ਦਾ ਮੂਲ ਪਾਠ ਹੈ ਤੇ ਨਾਲ ਹੀ ਉਸਦੀ ਕਾਵਿ- ਰਚਨਾ ਬਾਰੇ ਕਾਵਿ ਸ਼ਾਸ਼ਤਰੀ ਪੱਖ ਤੋਂ ਵਿਚਾਰ ਕੀਤਾ ਗਿਆ ਹੈ। ਪਰਚੀਆਂ ਤੋ ਇਲਾਵਾ ਇਸੇ ਹਿੱਸੇ ’ਚ ਭਾਈ ਦਰਬਾਰੀ ਰਚਿਤ ਕਬਿੱਤ, ਸਵੱਈਏ, ਤੀਹਰਫੀਆ, ਸ਼ਬਦ ਸਲੋਕ, ਰਾਗਮਾਲਾ, ਬਾਵਨ ਅੱਖਰੀ, ਬਾਰਾਂਮਾਹ, ਛਪੈ ਅਤੇ ਕੁੱਝ ਹੋਰ ਫੁਟਕਲ ਕਾਵਿ ਰਚਨਾਵਾਂ ਹਨ।
ਪਰਚੀ ਸ਼ਬਦ ਸੰਸਕ੍ਰਿਤ ਪਰਿਚਯ ਦਾ ਤਦਭਵ ਰੂਪ ਹੈ, ਜਿਸ ਦਾ ਅਰਥ ਜਾਣ ਪਛਾਣ ਹੈ। ਪਰਚੀ ਸ਼ਬਦ ਦੀ ਵਰਤੋਂ ਅੱਡਣਸ਼ਾਹੀ ਜਾਂ ਸੇਵਾਪੰਥੀ ਸਾਧੂਆਂ ਨੇ ਕੀਤੀ ਹੈ। ਇਹ ਕਵਿਤਾ ਵਿੱਚ ਵੀ ਹਨ ਤੇ ਵਾਰਤਕ ਵਿਚ ਵੀ। ਜਦ ਪਰਚੀਆਂ ਲਿਖੀਆਂ ਜਾਣ ਲੱਗੀਆਂ ਤਾਂ ਇਹ ਵਧੇਰੇ ਕਰਕੇ ਉਨ੍ਹਾਂ ਭਗਤਾਂ ਦੀਆਂ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਿਉਂਕਿ ਭਗਤ ਨਾਮਦੇਵ ਦੀ ਕੁੱਝ ਬਾਣੀ (61 ਸ਼ਬਦ) ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਲਈ ਭਗਤ ਨਾਮਦੇਵ ਬਾਰੇ ਵੀ ਪਰਚੀਆਂ ਹੋਦ ਵਿੱਚ ਆਉਣ ਲੱਗੀਆਂ। ‘ਪੋਥੀ ਹਰਿ ਜਸ’ ਵਿੱਚ ਅਸੀਂ ਕੇਵਲ ਇਹੋ ਨਮੂਨੇ ਮਾਤਰ ਪਰਚੀ ਹੀ ਚੁਣੀ ਹੈ ਤਾਂ ਜੋ ਕੁੱਝ ਆਭਾਸ ਇਸ ਗ੍ਰੰਥ ਬਾਰੇ ਹੋ ਸਕੇ। ਭਾਈ ਦਰਬਾਰੀ ਮਿਹਰਬਾਨ ਸੰਪਰਦਾਇ ਦਾ ਕਉਨਲੈਨ ਵਾਲੀ ਸ਼ਾਖਾ ’ਚੋਂ ਸੀ, ਜਿਸ ਦਾ ਜਨਮ 1723-24 ਈ. ਵਿੱਚ ਪਿੰਡ ਵੈਰੋਕੇ ਤਹਿਸੀਲ ਤੇ ਜ਼ਿਲ੍ਹਾ ਮੋਗਾ ਵਿੱਚ ਹੋਇਆ ਤੇ ਦੇਹਾਂਤ 1810 ਈ: ਦੇ ਲਗਭਗ ਏਥੇ ਹੀ ਹੋਇਆ। ਪਿੰਡ ਵੈਰੋਕੇ ਵਿੱਚ ਉਸ ਦਾ ਦੇਹੁਰੇ ਬਣਿਆ ਹੋਇਆ ਹੈ।
‘ਪੋਥੀ ਹਰਿ ਜਸ ਕੀ’ ਵਿਚਲੀਆਂ ਪਰਚੀਆਂ ਭਗਤਾਂ ਦੀਆਂ ਵਿੱਚ ਨੌਵੀਂ ਪਰਚੀ (ਪੱਤਰਾ ਨੰ. 591-616 ਤੱਕ) ਭਗਤ ਨਾਮਦੇਵ ਬਾਰੇ ਹੈ। ਇਸ ਪਰਚੀ ਵਿੱਚ ਆਈਆਂ ਕਥਾਵਾਂ ਵਧੇਰੇ ਕਰਕੇ ਓਹੀ ਹਨ, ਜਿਨ੍ਹਾਂ ਦੇ ਸੰਕੇਤ ਭਗਤ ਜੀ ਦੀ ਬਾਣੀ ਵਿੱਚ ਪ੍ਰਾਪਤ ਹਨ। ਕੁੱਝ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਤੇ ਕੁੱਝ ਮੌਖਿਕ ਬਿਰਤਾਂਤ ਵਾਲੀਆਂ ਹਨ। ਬਚਪਨ ਵਿੱਚ ਠਾਕਰ ਨੂੰ ਦੁੱਧ ਪਿਆਉਣਾ, ਸੋਨੇ ਦੇ ਪਲੰਘ ਦੀ ਜਗ੍ਹਾ ਗੰਗਾ ’ਚੋ ਸੱਤ ਪਲੰਘ ਕੱਢਣੇ, ਠਾਕਰ ਵੱਲੋਂ ਭਗਤ ਨਾਮਦੇਵ ਦੀ ਛੰਨ ਬਣਾਉਣੀ ਤੇ ਦੇਹੁਰਾ ਫਿਰਨਾ ਆਦਿ ਸਾਖੀਆਂ ਹਨ ਪਰ ਭਾਈ ਦਰਬਾਰੀ ਨੇ ਕੁੱਝ ਹੋਰ ਸਾਖੀਆਂ ਵੀ ਜੋੜ ਦਿੱਤੀਆਂ ਤੇ ਕਈਆਂ ਵਿੱਚ ਤਬਦੀਲੀ ਵੀ ਕਰ ਦਿੱਤੀ ਹੈ। ਇਸ ਬੰਦ ਵਿੱਚ ਕੁਝ ਸਾਖੀਆਂ ਵੱਲ ਸੰਕੇਤ ਹਨ ਅਤੇ ਇਹ ਭਾਈ ਦਰਬਾਰੀ ਦੀ ਕਵਿਤਾ ਦਾ ਨਮੂਨਾ ਵੀ ਹੈ:
ਨਾਮੇ ਕਲਿਯੁਗ ਭਗਤਿ ਕਮਾਈ।
ਜਾ ਕੀ ਠਾਕੁਰ ਛਾਨ ਬਣਾਈ।
ਮੁਈ ਜੀਵਾਇ ਜਾਕੀ ਗਾਇ।
ਜਾ ਕੋ ਦੇਹੁਰਾ ਦਿਯਾ ਫਿਰਾਇ।
ਨਾਮੇ ਕਾ ਪ੍ਰਭੁ ਆਗਯਾਕਾਰੀ।
ਭਗਤ ਵਛਲੁ ਭਗਤਾ ਕੋ ਹਾਰੀ।
ਨਾਮੇ ਕੇ ਪ੍ਰਭਿ ਸੰਗਿ ਸਹਾਈ।
ਭੀਰ ਪਰੇ ਤਹ ਲਏ ਬਚਾਈ।
ਪ੍ਰੋ. ਪ੍ਰੀਤਮ ਸਿੰਘ ਦੇ ਦੇਹਾਂਤ ਤੋਂ ਬਾਅਦ ਇਹ ਕੰਮ ਢਿੱਲਾ ਪੈ ਗਿਆ ਹੈ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਦੇ ਸਹਿਯੋਗੀ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਇਸ ਯੋਜਨਾ ਨੂੰ ਸਿਰੇ ਲਾਉਣ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣਗੇ। ਇਹ ਵਿਰਾਸਤ ਦੀ ਸੰਭਾਲ ਵੀ ਹੋਵੇਗੀ ਤੇ ਖੋਜ ਲਈ ਨਵੇਂ ਖੇਤਰਾਂ ਦੀ ਨਿਸ਼ਾਨਦੇਹੀ ਵੀ।

ਸੰਪਰਕ: 98889-39808


Comments Off on ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.