ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਵਿਦਿਅਕ ਅਦਾਰਿਆਂ ਦਾ ਰੰਗਮੰਚ

Posted On November - 2 - 2019

ਡਾ. ਸਾਹਿਬ ਸਿੰਘ

ਹਰ ਸਾਲ ਦੇ ਤੀਜੇ ਅੱਧ ’ਚ ਕਾਲਜ ਰੌਣਕਾਂ ਨਾਲ ਭਰ ਜਾਂਦੇ ਹਨ। ਨਾਟਕ, ਗੀਤ ਸੰਗੀਤ, ਨਾਚ, ਭਾਸ਼ਣ, ਕਵਿਤਾ ਆਦਿ ਦੀਆਂ ਰਿਹਰਸਲਾਂ ਦੀ ਗੂੰਜ ਲਗਪਗ ਹਰ ਕਾਲਜ ਦੇ ਵਿਹੜੇ ਸੁਣਾਈ ਦੇਣ ਲੱਗਦੀ ਹੈ। ਫਿਰ ਮੁਕਾਬਲਿਆਂ ਦੇ ਦਿਨ ਆ ਬਹੁੜਦੇ ਹਨ, ਰੰਗ ਬਿਰੰਗੇ ਸ਼ਾਮਿਆਨਿਆਂ ਨਾਲ ਕਾਲਜ ਨਵੀਂ ਵਿਆਹੀ ਵਹੁਟੀ ਵਾਂਗ ਖਿੜ ਉਠਦੇ ਹਨ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ, ਜਿੱਤਣ ਦਾ ਜਨੂੰਨ ਤੇ ਟਰਾਫੀ ਚੁੰਮਣ ਦੀ ਖਾਹਿਸ਼ ਧਰਤੀ ’ਤੇ ਪੱਬ ਨਹੀਂ ਲੱਗਣ ਦਿੰਦੀ। ਇਹ ਸਚਮੁੱਚ ਦਾ ਮੇਲਾ ਹੁੰਦਾ ਹੈ ਤੇ ਮੇਲੇ ਵਿਚ ਸੰਭਵ ਹਰ ਸ਼ੈਅ ਇੱਥੇ ਹਾਜ਼ਰ ਹੁੰਦੀ ਹੈ।
ਪੰਜਾਬੀ ਰੰਗਮੰਚ ਦੇ ਹੁਣ ਤਕ ਦੇ ਇਤਿਹਾਸ ਵਿਚ ਯੁਵਾ ਉਤਸਵ ਦਾ ਭਰਪੂਰ ਯੋਗਦਾਨ ਰਿਹਾ ਹੈ। ਡਾ. ਆਤਮਜੀਤ, ਪ੍ਰੋ. ਅਜਮੇਰ ਔਲਖ, ਪ੍ਰੋ. ਪਾਲੀ ਭੁਪਿੰਦਰ ਸਿੰਘ ਜਿਹੇ ਨਾਟਕਕਾਰ ਬੜੇ ਮਾਣ ਨਾਲ ਤਸਦੀਕ ਕਰਦੇ ਹਨ ਕਿ ਯੂਥ ਫੈਸਟੀਵਲ ਦੇ ਰੰਗਮੰਚ ਨੇ ਉਨ੍ਹਾਂ ਨੂੰ ਪਛਾਣ ਦਿੱਤੀ ਹੈ, ਸ਼ੁਰੂਆਤੀ ਹੁਲਾਰਾ ਦਿੱਤਾ ਹੈ ਤੇ ਵਿਭਿੰਨ ਪ੍ਰਯੋਗ ਕਰਨ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਇਹ ਪ੍ਰਯੋਗ ਅੱਜ ਤਕ ਜਾਰੀ ਹਨ, ਪਰ ਕੁਝ ਤਬਦੀਲੀਆਂ ਵੀ ਵਾਪਰੀਆਂ ਹਨ। ਸਾਰਾ ਸਾਲ ਕਿਤਾਬੀ ਪੜ੍ਹਾਈ ’ਚ ਰੁੱਝਿਆ ਵਿਦਿਆਰਥੀ ਜਦੋਂ ਕਿਸੇ ਨਾਟਕ ਦੀ ਰਿਹਰਸਲ ਨਾਲ ਜੁੜਦਾ ਹੈ ਤਾਂ ਸਿੱਖਣ ਦੇ ਨਵੇਂ ਪਾਸਾਰ ਉਸਦੇ ਸਾਹਮਣੇ ਖੁੱਲ੍ਹਦੇ ਹਨ। ਉਸਦੇ ਸਾਹਮਣੇ ਕਿਸ ਤਰ੍ਹਾਂ ਦੀ ਸਕਰਿਪਟ ਰੱਖੀ ਗਈ ਹੈ, ਇਸ ਨਾਲ ਫ਼ਰਕ ਪੈਂਦਾ ਹੈ, ਪਰ ਇੰਨਾ ਤੈਅ ਹੈ ਕਿ ਜ਼ਿੰਦਗੀ ਦੀਆਂ ਪਰਤਾਂ ਨੂੰ ਸਮਝਣ ਵੱਲ ਪਹਿਲਾ ਨਿੱਗਰ ਕਦਮ ਚੁੱਕਦਾ ਹੈ। ਜੇ ਨਾਟਕ ਦਾ ਪਿੰਡਾ ਰਾਜਨੀਤਕ ਹੈ ਤਾਂ ਮਹੀਨਿਆਂ ਬੱਧੀ ਸੰਵਾਦਾਂ ਦੇ ਅੰਦਰ ਛੁਪੇ ਅਰਥਾਂ ਨੂੰ ਸਮਝਣ ਦੇ ਆਹਰ ’ਚ ਪਿਆ ਵਿਦਿਆਰਥੀ ਰਾਜਨੀਤਕ ਵਰਤਾਰਿਆਂ ਪ੍ਰਤੀ ਸਮਝ ਵਿਕਸਤ ਕਰਨ ਵੱਲ ਅਗਲੇਰੀ ਪੁਲਾਂਘ ਪੁੱਟ ਸਕਦਾ ਹੈ। ਨਾਟਕ ਰਿਸ਼ਤਿਆਂ ਦੀ ਪੇਚੀਦਗੀ ਦਾ ਬਿਆਨ ਹੈ ਤਾਂ ਊਰਜਾ ਦੇ ਭਖਦੇ ਦਰਿਆ ਨੂੰ ਮਸਾਂ ਸਾਂਭੀ ਬੈਠਾ ਗੱਭਰੂ ਜਾਂ ਮੁਟਿਆਰ ਇਸ ਊਰਜਾ ਨੂੰ ਲਗਾਮ ਪਾ ਕੇ ਰੱਖਣ ਦਾ ਵੱਲ ਵੀ ਸਿੱਖ ਸਕਦਾ ਹੈ ਤੇ ਮੋਹ ਮੁਹੱਬਤ ਦੇ ਅੱਥਰੇ ਘੋੜੇ ਦਾ ਬੇਮੁਹਾਰਾ ਵੇਗ ਵੀ ਆਤਮਸਾਤ ਕਰ ਸਕਦਾ ਹੈ। ਪਹਿਲੀ ਵਾਰ ਕਲਾਕਾਰੀ ਦੇ ਰਾਹ ਤੁਰੇ ਇਹ ਵਿਦਿਆਰਥੀ ਚਿਹਰਿਆਂ ’ਤੇ ਮਖੌਟੇ ਪਹਿਨਣ, ਮਖੌਟੇ ਪਛਾਨਣ ਤੇ ਉਤਾਰਨ ਦੀ ਜਾਚ ਵੀ ਸਿੱਖ ਜਾਂਦੇ ਹਨ। ਕਿਰਦਾਰ ਨਿਰਮਾਣ ਦੀ ਸਿਖਲਾਈ ਲੈਂਦੇ ਇਹ ਵਿਦਿਆਰਥੀ ਇਕ ਅਜਬ ਅਭਿਆਸ ’ਚੋਂ ਲੰਘਦੇ ਹਨ ਕਿ ਆਪਣਾ ਆਪਾ ਭੁੱਲ ਕੇ ਕਿਵੇਂ ਕਿਸੇ ਹੋਰ ਕਿਰਦਾਰ ਦਾ ਚੋਲਾ ਪਹਿਨੀਦਾ ਤੇ ਫਿਰ ਤਨ ਮਨ ਉਸ ਚੋਲੇ ਦੇ ਸਪੁਰਦ ਕਰਕੇ ਕਿਵੇਂ ਕੁਦਰਤੀ ਅਦਾਕਾਰੀ ਦੇ ਰਾਹ ਪਿਆ ਜਾਂਦਾ। ਜਿਹੜਾ ਵੀ ਵਿਦਿਆਰਥੀ ਇਸ ਤਿਆਰੀ ਦੌਰਾਨ ਅਦਾਕਾਰੀ ਪ੍ਰਤੀ ਗੰਭੀਰ ਪਹੁੰਚ ਅਪਣਾ ਲੈਂਦਾ ਹੈ, ਉਸਦੇ ਅੱਗੇ ਚੱਲ ਕੇ ਇਸ ਸ਼ੌਕ ਨੂੰ ਪ੍ਰਫੁੱਲਤ ਕਰਨ ਦੇ ਮੌਕੇ ਤਾਂ ਵਧਣੇ ਹੀ ਹਨ, ਪਰ ਨਾਲ ਹੀ ਇਕ ਸੋਚਵਾਨ, ਚਿੰਤਨਸ਼ੀਲ, ਉਸਾਰੂ ਮਨੁੱਖ ਬਣਨ ਦੇ ਰਾਹ ਦਾ ਦੁਆਰ ਵੀ ਉਸ ਲਈ ਖੁੱਲ੍ਹ ਜਾਂਦਾ ਹੈ।

ਡਾ. ਸਾਹਿਬ ਸਿੰਘ

ਯੁਵਾ ਉਤਸਵ ਦੇ ਰੰਗਮੰਚ ਨੇ ਅਨੇਕਾਂ ਦੌਰ ਦੇਖੇ ਹਨ, ਉਵੇਂ ਹੀ ਜਿਵੇਂ ਪੰਜਾਬੀ ਰੰਗਮੰਚ ਨੇ ਨਵੇਂ ਨਿਵੇਕਲੇ ਦੌਰ ਦੇਖੇ ਹਨ। ਕੋਈ ਵੇਲਾ ਸੀ ਜਦੋਂ ਨਾਟਕਕਾਰ ਇਨ੍ਹਾਂ ਮੁਕਾਬਲਿਆਂ ਦਾ ਰਾਜਾ ਸੀ, ਕਦੀ ਅਦਾਕਾਰ ਦੀ ਪ੍ਰਭੂਸੱਤਾ ਰਹੀ, ਪਰ ਹੌਲੀ ਹੌਲੀ ਇਹ ਨਿਰਦੇਸ਼ਕ ਦਾ ਰੰਗਮੰਚ ਬਣ ਗਿਆ। ਅਜਿਹਾ ਨਹੀਂ ਕਿ ਅਦਾਕਾਰ, ਨਾਟਕਕਾਰ ਗੁਆਚ ਗਿਆ, ਪਰ ਇਸ ਵੇਲੇ ਭਾਰੂ ਧਿਰ ਨਿਰਦੇਸ਼ਕ ਬਣ ਗਿਆ ਹੈ ਤੇ ਇਹ ਕੋਈ ਮਿਹਣਾ ਨਹੀਂ ਹੈ, ਬਲਕਿ ਰੰਗਕਰਮੀਆਂ ਦੀ ਮਿਹਨਤ ਤੇ ਲਿਆਕਤ ਦਾ ਨਤੀਜਾ ਹੈ। ਰੰਗਮੰਚ ਅਨੇਕਾਂ ਕਲਾਵਾਂ ਦਾ ਮਿਸ਼ਰਣ ਹੈ ਤੇ ਜਦੋਂ ਕੋਈ ਪੇਸ਼ਕਾਰੀ ਇਨ੍ਹਾਂ ਕਲਾਵਾਂ ’ਚੋਂ ਲਗਪਗ ਸਾਰੀਆਂ ਕਲਾਵਾਂ ਨੂੰ 25-30 ਮਿੰਟ ’ਚ ਮੰਚ ’ਤੇ ਸਾਕਾਰ ਕਰ ਦੇਵੇ ਅਤੇ ਇਨ੍ਹਾਂ ਦੀ ਮਿਕਦਾਰ ਵੀ ਲੋੜੀਂਦੀ ਰੱਖੇ ਤਾਂ ਉਸ ਨਿਰਦੇਸ਼ਕ ਨੂੰ ਦਾਦ ਦੇਣੀ ਬਣਦੀ ਹੈ। ਅਜਿਹਾ ਕਰਦਿਆਂ ਜੇਕਰ ਉਹ ਨਾਟਕਕਾਰ ਦੀ ਸੋਚ ਤੇ ਆਂਚ ਨਹੀਂ ਆਉਣ ਦਿੰਦਾ, ਸਗੋਂ ਇਸਨੂੰ ਤੀਖਣ ਰੂਪ ਵਿਚ ਉਭਾਰਦਾ ਹੈ; ਆਪਣੇ ਕਲਾਕਾਰਾਂ ਨੂੰ ਸਪੱਸ਼ਟ ਪਛਾਣ ਦੇਣ ’ਚ ਉਕਾਈ ਨਹੀਂ ਕਰਦਾ ਤਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਰੰਗਮੰਚ ਸਲਾਮਤ ਹੈ। ਸਮੱਸਿਆ ਸਿਰਫ਼ ਉਦੋਂ ਆਉਂਦੀ ਹੈ ਜਦੋਂ ਮੰਚ ’ਤੇ ‘ਤਰਥੱਲੀ’ ਮਚਾ ਦੇਣ ਦੇ ਲਾਲਚ ਵਸ ਕੋਈ ਨਿਰਦੇਸ਼ਕ ਨਾਟਕ ਦੀ ਗਤੀ ਇੰਨੀ ਕੁ ਤੇਜ਼ ਕਰ ਦਿੰਦਾ ਹੈ ਕਿ ਨਾਟਕਕਾਰ ਅਤੇ ਅਦਾਕਾਰ ਉਸ ਤੇਜ਼ ਚੱਲਦੀ ਗੱਡੀ ਦੇ ਪਹੀਆਂ ਥੱਲੇ ਦਰੜੇ ਜਾਂਦੇ ਹਨ ਤੇ ਰੰਗਮੰਚੀ ਜੁਗਤਾਂ ਦਾ ਬੇਕਾਬੂ ਹੜ੍ਹ ਸੂਖ਼ਮਤਾ ਸਹਿਜਤਾ ਦੇ ਟੱਬਰ ਦਾ ਹਰ ਜੀਅ ਹੜ੍ਹਾ ਕੇ ਲੈ ਜਾਂਦਾ ਹੈ।
ਯੁਵਾ ਉਤਸਵ ਦਾ ਰੰਗਮੰਚ ਆਮ ਤੌਰ ’ਤੇ ਖ਼ਰਾਬ ਸਾਊਂਡ ਸਿਸਟਮ, ਖੁੱਲ੍ਹੇ ਪੰਡਾਲ, ਦੂਜੀਆਂ ਸਟੇਜਾਂ ਤੋਂ ਆਉਂਦੀਆਂ ਢੋਲ ਢਮੱਕੇ ਦੀਆਂ ਆਵਾਜ਼ਾਂ, ਦਰਸ਼ਕਾਂ ’ਚ ਬੈਠੇ ਮੁੰਡੇ ਕੁੜੀਆਂ ਦੀਆਂ ਸੀਟੀਆਂ ਤੇ ਸ਼ੋਰ ਜਿਹੀਆਂ ਚੁਣੌਤੀਆਂ ਦੇ ਸਨਮੁੱਖ ਹੁੰਦਾ ਹੈ। ਇਸ ਲਈ ਕਲਾਕਾਰਾਂ ਦੇ ਗਲੇ ਖੋਲ੍ਹਣ, ਆਵਾਜ਼ ਉਠਾਉਣ ਦਾ ਅਭਿਆਸ ਇੰਨਾ ਜ਼ਿਆਦਾ ਕਰਵਾਇਆ ਜਾ ਰਿਹਾ ਹੈ ਕਿ ਪੇਸ਼ਕਾਰੀ ਤਕ ਉਹ ਗਲੇ ਲਗਪਗ ਇਕੋ ਪੱਧਰ ’ਤੇ ਪਹੁੰਚ ਜਾਂਦੇ ਹਨ ਤੇ ਹਰ ਗਲੇ ’ਚੋਂ ਨਿਕਲਣ ਵਾਲੀ ਵੱਖਰੇ ਰਸ ਤੇ ਮਿਕਦਾਰ ਵਾਲੀ ਆਵਾਜ਼ ਇਕੋ ਜਿਹੀ ਲੱਗਣ ਲੱਗ ਪੈਂਦੀ ਹੈ। ਆਵਾਜ਼ ਦਾ ਉਤਰਾਅ ਚੜ੍ਹਾਅ ਬਹੁਤ ਵਾਰ ਕੁਰਬਾਨ ਕਰ ਦਿੱਤਾ ਜਾਂਦਾ ਹੈ ਤੇ ਚੀਕਾਂ ਦਾ ਰੂਪ ਲੈ ਲੈਂਦਾ ਹੈ, ਪਰ ਹਮੇਸ਼ਾਂ ਇਸ ਤਰ੍ਹਾਂ ਨਹੀਂ ਹੁੰਦਾ। ਮੈਂ ਹਰ ਸਾਲ ਦੋ ਤਿੰਨ ਪੇਸ਼ਕਾਰੀਆਂ ਅਜਿਹੀਆਂ ਦੇਖਦਾ ਹਾਂ ਜਿੱਥੇ ਠਹਿਰਾਓ ਵੀ ਸਿਰਜਿਆ ਜਾਂਦਾ ਹੈ, ਮਹੱਤਵਪੂਰਨ ਗੱਲ ਰੁਕ ਕੇ ਕੀਤੀ ਜਾਂਦੀ ਹੈ, ਚੁੱਪ ਨੂੰ ਵੀ ਅਹਿਮੀਅਤ ਦਿੱਤੀ ਜਾਂਦੀ ਹੈ। ਅਜਿਹੀਆਂ ਪੇਸ਼ਕਾਰੀਆਂ ਆਸ ਜਗਾਉਂਦੀਆਂ ਹਨ। ਨਿਰਾਸ਼ਾ ਦਾ ਸਵਾਲ ਪੈਦਾ ਨਹੀਂ ਹੁੰਦਾ, ਫ਼ਿਕਰ ਜਾਗਦੇ ਹਨ, ਪਰ ਆਸ ਕਿਤੇ ਵੱਡੀ ਹੈ। ਇਹ ਉਤਸਵ ਰੰਗਮੰਚ ਦੀ ਸੱਜਰੀ ਪਨੀਰੀ ਸਿਰਜਦੇ ਹਨ, ਇਸੇ ਲਈ ਰੰਗਮੰਚ ਦੀ ਫ਼ਸਲ ਨਿਵੇਕਲੀਆਂ ਸੰਭਾਵਨਾਵਾਂ ਨਾਲ ਓਤ ਪੋਤ ਰਹਿੰਦੀ ਹੈ।
ਸੰਪਰਕ: 98880-11096


Comments Off on ਵਿਦਿਅਕ ਅਦਾਰਿਆਂ ਦਾ ਰੰਗਮੰਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.