ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਵਿਦਰੋਹੀ ਸੁਰ ਵਾਲੀ ਸ਼ਾਇਰੀ

Posted On November - 3 - 2019

ਵਿਕਾਸ ਦੀ ਇਸ ਦੌੜ ਵਿਚ ਗ਼ਰੀਬ ਦਾ ਘਾਣ ਹੋਈ ਜਾ ਰਿਹਾ ਅਤੇ ਔਰਤ ਵਸਤੂ ਨਹੀਂ, ਕਦੋਂ ਸਮਝ ਪਾਉਗੇ- ਕਹਿਣ ਵਾਲੀ ਤਲਵਿੰਦਰ ਕੌਰ ਇਕ ਪ੍ਰੌੜ੍ਹ ਲੇਖਕਾ ਹੈ। ਹਥਲੀ ਪੁਸਤਕ ‘ਤੂੰ ਵੀ ਬੋਲ’ (ਕੀਮਤ: 200 ਰੁਪਏ; ਸੰਗਮ ਪਬਲੀਕੇਸ਼ਨ, ਸਮਾਣਾ) ਉਸ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਉਹ ਸ਼ੋਸ਼ਿਤ ਵਰਗ ਨੂੰ ਹੱਕ-ਸੱਚ ਲਈ ਉਕਸਾਉਂਦੀ ਹੈ। ਇਸ ਜੁਗ ਵਿਚ ਫੋਕੇ-ਖੋਖਲੇ ਵਿਕਾਸ ਦੀ ਹੋੜ ਹੈ, ਮੰਡੀ ਦਾ ਸ਼ੋਰ ਹੈ, ਜੋ ਆਮ ਲੋਕਾਈ ਨੂੰ ਭੁੱਖਮਰੀ ਵੱਲ, ਪਰਵਾਸ ਵੱਲ, ਸਲਫਾਸ ਵੱਲ ਤੇ ਬੇਰੁਜ਼ਗਾਰੀ ਵੱਲ ਧੱਕ ਰਿਹਾ ਹੈ। ਔਰ ਭੀ ਗ਼ਮ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ, ਨੂੰ ਉਹ ਸਮਝਦੀ ਇਸ ਜੰਗਲ ਰਾਜ ਨੂੰ ਕਿਰਤੀਆਂ ਮਿਹਨਤੀਆਂ ਹੱਥੋਂ ਪਾਕ ਤੇ ਸੱਚੇ ਵਿਕਾਸ ਵੱਲ ਰਾਹ ਦਿਖਾਏਗੀ। ਅਜੋਕੇ ਵਿਕਾਸ ਦੀ ਗੱਲ ਕਰਦੀ ਉਹ ਇਉਂ ਲਿਖਦੀ ਹੈ:
* ਸੁੰਗੜ ਗਏ ਰੁਜ਼ਗਾਰ ਪੁੱਤ ਪਰਦੇਸ ਗਏ
ਠੰਢੇ ਹਉਕੇ ਭਰਦੀਆਂ ਬੇਵਸ ਮਾਵਾਂ ਨੇ
* ਫਲਾਈਓਵਰ, ਸੜਕਾਂ, ਮਾਲਾਂ ਆ ਗਈਆਂ
ਮੁੱਕ ਗਈਆਂ ਸਭ ਰਾਹਾਂ ਉੱਤੇ ਛਾਵਾਂ ਨੇ
* ਉਂਜ ‘ਉਹ’ ਕਹਿੰਦੇ ਚੰਨ ’ਤੇ ਝੰਡਾ ਗੱਡ ਆਏ ਹਾਂ
ਤਲਵਿੰਦਰ ਕੌਰ ਦੀ ਇਸ ਪੁਸਤਕ ਵਿਚ ਪੰਨਾ ਉੱਨੀ ਤਕ ਮੁਖਬੰਦ- ਜਾਗਦੀ ਜ਼ਮੀਰ ਦੀ ਸ਼ਾਇਰੀ ਆਦਿ ਛਾਇਆ ਹੋਇਆ ਹੈ। ਪੰਨਾ ਵੀਹ ਤੋਂ ਕਵਿਤਾਵਾਂ ਦੀ ਸ਼ੁਰੂਆਤ ਹੈ। ਮੇਰੀ ਜਾਚੇ ਉਹ ਹੋਰ ਵੀ ਵਧੀਆ ਕਵਿਤਾਵਾਂ ਅਗਲਿਆਂ ਪੰਨਿਆਂ ’ਤੇ ਵੀ ਲਿਖ ਸਕਦੀ ਸੀ। ਖ਼ੈਰ, ਉਹ ਚਾਨਣ ਦੀ ਭਾਲ ਕਰਦੀ ਲਿਖਦੀ ਹੈ:
ਕੀਤਾ ਬਹੁਤ ਹੀ ਚਾਰਾ
ਜਨ ’ਚੋਂ ਨਿੱਜ ਨਿਹਾਰਾਂ
ਉਹ ਆਮ ਲੋਕਾਈ ਸੰਗ ਖੜ੍ਹੀ ਆਪਣੇ ਵਿਰਸੇ, ਆਪਣੇ ਸਭਿਆਚਾਰ ਨੂੰ ਆਪਣੀ ਸ਼ਾਇਰੀ ਦੇ ਨਾਲ ਨਾਲ ਟੋਰਦੀ ਹੈ।
* ਆਨ ਸ਼ਾਨ ਤੇ ਮਾਣ ਪੰਜਾਬੀ
ਮਾਂ-ਬੋਲੀ ਪਛਾਣ ਪੰਜਾਬੀ
* ਸਭੇ ਰੁੱਤਾਂ ਸਭੇ ਰੰਗ
ਮਾਂ-ਬੋਲੀ ਬਿਨ ਫਿੱਕੇ-ਫਿੱਕੇ
ਸ਼ਾਇਰਾ ਕੁਝ ਨਵਾਂ ਕਰਨਾ ਚਾਹੁੰਦੀ ਹੈ:
ਵਹਿਮਾਂ ਭਰਮਾਂ ਦੀ ਜਕੜਨ ’ਚੋਂ
ਜ਼ਿੰਦਗੀ ਨੂੰ ਆਜ਼ਾਦ ਕਰਾਂਗੀ
ਥੁੜਾਂ ਮਾਰੀ ਮਿਹਨਤ ਨਾ ਹੋਵੇ
ਕਿਰਤੀ ਦੇ ਸਿਰ ਤਾਜ ਧਰਾਂਗੀ
ਮਰ ਜਾਣਿਆਂ ਦੀ ਖ਼ੈਰ ਸੁਖ ਲੋੜਾਂ
ਪਰਾਂ ਵਿਚ ਪਰਵਾਜ਼ ਭਰਾਂਗੀ।
ਜਦੋਂ ਲੋਕ ਵਿਰੋਧੀ ਨੀਤੀਆਂ ਹੋਣ, ਮਨੁੱਖੀ ਹੱਕਾਂ ਲਈ ਨਿਰਾ ਢੋਂਗ ਹੀ ਕੰਮ ਕਰ ਰਿਹਾ ਹੋਵੇ ਤਾਂ ਇਸ ਸਾਮਰਾਜੀ ਨਿਜ਼ਾਮ ਵਿਚਲੇ ਕਿਰਦਾਰ ਲਈ ਬੋਲਣਾ ਜ਼ਰੂਰੀ ਹੁੰਦਾ ਹੈ ਤੇ ਸ਼ਾਇਰਾ ਤਲਵਿੰਦਰ ਕੌਰ ਇਉਂ ਬੋਲਦੀ ਹੈ:
ਦਾਅਵਾ ਕਰਨਾ ਅਮਨ ਦਾ ਤੇ ਬੰਬ ਵਰ੍ਹਾਉਣਾ
ਕੁਲ ਦੁਨੀਆਂ ’ਤੇ ਮਚੀ ਦੁਹਾਈ
ਮੰਡੀਆਂ ਖਾਤਰ ’ਮਰੀਕੀ ਲਾਣੇ
ਅਤਿਵਾਦ ਦੀ ਅੱਗ ਹੈ ਲਾਈ
ਕਈ ਸਤਰਾਂ ਵਿਚ ਉਹ ਖੂਬਸੂਰਤੀ ਨਾਲ ਆਸ਼ਾਵਾਦੀ ਹੁੰਦੀ ਵੱਡੇ ਸੁਝਾਅ ਦਿੰਦੀ ਹੈ:
ਸੁਣ ਨੀ ਜਿੰਦੇ ਛੱਡ ਝੂਰਨਾ,
ਦੀਵੇ ਬਾਲ ਬਨੇਰੇ ਧਰ ਦੇ।
ਪੂਰੀ ਸ਼ਾਇਰੀ ਵਿਚ ਤਲਵਿੰਦਰ ਕੌਰ ਸੰਘਰਸ਼ਸ਼ੀਲ ਹੁੰਦਿਆਂ ਵਿਦਰੋਹੀ, ਬਗ਼ਾਵਤੀ ਸੁਰ ਦਾ ਸੁਨੇਹਾ ਦਿੰਦੀ ਪੀੜਤ ਧਿਰ ਸੰਗ ਖਲੋਤੀ ਨਜ਼ਰੀਂ ਪੈਂਦੀ ਹੈ। ਔਰਤ ਸ਼ਕਤੀ ਨੂੰ ਉਭਾਰਦੀ ਉਸ ਦੀ ‘ਅਣਕੀਤੇ ਗੁਨਾਹ’ ਕਵਿਤਾ ਵਿਚੋਂ ਉਸ ਦੀਆਂ ਸਤਰਾਂ:
* ਪਰ ਹੁਣ ਮੈਂ ਮੁਨਕਰ ਹਾਂ-
ਤੇਰੇ ਜੰਗਲ ਦੇ ਕਾਨੂੰਨ ਤੋਂ
* ਹੁਣ ਨਹੀਂ ਖਾਣੀ ਖਤਾ-
ਹੁਣ ਹੈ ਮੇਰੇ ਕੋਲ
ਸੰਘਰਸ਼ ਦੀ ਸੱਤਾ
ਸੱਚ ਦੀ ਸੱਤਾ।


Comments Off on ਵਿਦਰੋਹੀ ਸੁਰ ਵਾਲੀ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.