ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਵਿਆਹ ਦੀ ਪਹਿਲੀ ਵਰ੍ਹੇਗੰਢ

Posted On November - 17 - 2019

ਮੋਹਨ ਸ਼ਰਮਾ
ਸੱਚੀ ਕਥਾ

ਨਸ਼ਿਆਂ ਦੇ ਸੰਤਾਪ ਨੇ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਠੰਢੇ ਕੀਤੇ ਹਨ। ਇਸ ਦੇ ਨਾਲ ਹੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਦਲਦਲ ਵਿਚ ਧਸ ਕੇ ਸਰੀਰਕ, ਮਾਨਸਿਕ, ਬੌਧਿਕ ਅਤੇ ਆਰਥਿਕ ਕੰਗਾਲੀ ਭੋਗ ਰਿਹਾ ਹੈ। ਦੁਖਾਂਤਮਈ ਪਹਿਲੂ ਇਹ ਹੈ ਕਿ ਨਸ਼ਿਆਂ ਕਾਰਨ ਔਰਤ ਇਕ ਮਾਂ, ਪਤਨੀ ਅਤੇ ਭੈਣ ਦੇ ਰੂਪ ਵਿਚ ਸੰਤਾਪ ਭੋਗ ਰਹੀ ਹੈ। ਪੋਟਾ-ਪੋਟਾ ਦੁਖੀ ਔਰਤ ਦੀ ਹੂਕ ਪੱਥਰਾਂ ਨੂੰ ਵੀ ਰੁਆਉਣ ਵਾਲੀ ਹੁੰਦੀ ਹੈ, ਜਦੋਂ ਉਹ ਆਪਣੇ ਦੁੱਖ ਦਾ ਪ੍ਰਗਟਾਵਾ ਅਜਿਹੇ ਸ਼ਬਦਾਂ ਨਾਲ ਕਰਦੀ ਹੈ, ‘‘ਜਵਾਨੀ ਤਾਂ ਮੇਰੇ ਸ਼ਰਾਬੀ ਪਤੀ ਨੇ ਰੋਲ ਦਿੱਤੀ। ਬੁਢਾਪਾ ਪੁੱਤ ਦੇ ਚਿੱਟੇ ਨੇ ਰੋਲ ਦਿੱਤਾ। ਮੈਂ ਕਿੱਧਰ ਜਾਵਾਂ?’’ ਪੰਜਾਬ ਵਿਚ ਨਸ਼ਿਆਂ ਕਾਰਨ ਹਰ ਰੋਜ਼ ਅੰਦਾਜ਼ਨ 16 ਤਲਾਕ ਹੋ ਰਹੇ ਹਨ ਅਤੇ ਨਸ਼ੱਈ ਦੀ ਪਤਨੀ ਆਪਣੇ ਆਪ ਨੂੰ ਨਾ ਸੁਹਾਗਣ ਸਮਝਦੀ ਹੈ ਤੇ ਨਾ ਵਿਧਵਾ।
ਅਜਿਹਾ ਹੀ ਇਕ ਕੇਸ ਪਿਛਲੇ ਸਾਲ ਸਾਹਮਣੇ ਆਇਆ ਜਿੱਥੇ ਔਰਤ ਨੇ ਆਪਣੇ ਨਸ਼ੱਈ ਪਤੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਆਪਣੇ ਸਹੁਰੇ ਘਰ ਨੂੰ ਅਲਵਿਦਾ ਆਖ ਦਿੱਤਾ। ਜਾਣ ਵੇਲੇ ਆਪਣੇ ਦੋਵੇਂ ਬੱਚਿਆਂ ਨੂੰ ਵੀ ਨਾਲ ਲੈ ਗਈ। ਬਸ, ਪੇਕਾ ਘਰ ਹੀ ਉਸ ਦਾ ਆਸਰਾ ਬਣ ਗਿਆ। ਵਿਆਹੀ-ਵਰ੍ਹੀ ਧੀ ਅਜਿਹੀ ਸਥਿਤੀ ਵਿਚ ਮਾਪਿਆਂ ਕੋਲ ਆਉਂਦੀ ਹੈ ਤਾਂ ਉਨ੍ਹਾਂ ’ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਕੁੜੀ ਨੂੰ ਜਦੋਂ ਮਾਪਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਜਵਾਬ ਸੀ, ‘‘ਜੇ ਮੈਨੂੰ ਉੱਥੇ ਦੁਬਾਰਾ ਧੱਕੇ ਨਾਲ ਭੇਜਿਆ ਤਾਂ ਮੈਂ ਖੂਹ ਖਾਤਾ ਗੰਦਾ ਕਰਦੂੰ। ਮੈਂ ਉੱਥੇ ਤੀਹੋ -ਕਾਲ ਨਈਂ ਜਾਣਾ। ਥੋਡੇ ਕੋਲ ਰਹਿ ਕੇ ਆਪਣੇ ਜਵਾਕ ਪਾਲ ਲਵਾਂਗੀ। ਮੈਂ ਬਾਰਾਂ ਜਮਾਤਾਂ ਪਾਸ ਕੀਤੀਆਂ ਨੇ। ਘਰ ਜਵਾਕਾਂ ਨੂੰ ਟਿਊਸ਼ਨ ਪੜ੍ਹਾ ਕੇ ਚਾਰ ਛਿੱਲੜ ਇਕੱਠੇ ਕਰ ਲਵਾਂਗੀ। ਥੋਡੇ ’ਤੇ ਬੋਝ ਨਹੀਂ ਬਣਨਾ। ਹਾੜ੍ਹਾ! ਮੈਨੂੰ ਧੱਕਾ ਨਾ ਦਿਓ।’’ ਮਾਪੇ ਅਤੇ ਇਕਲੌਤਾ ਭਰਾ ਉਸ ਦੇ ਨਾਲ ਕੰਧ ਬਣ ਕੇ ਖੜੋ ਗਏ।
ਇੱਧਰ ਨਸ਼ੱਈ ਵਿਅਕਤੀ ਦੇ ਮਾਂ-ਬਾਪ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਪਤਨੀ ਦੀ ਟੋਕਾ-ਟਾਕੀ ਵੀ ਖ਼ਤਮ ਹੋ ਗਈ। ਪੰਜ ਕਿੱਲਿਆਂ ਦੇ ਮਾਲਕ ਨੇ ਦੋ ਕਿੱਲੇ ਨਸ਼ੇ ਦੇ ਲੇਖੇ ਲਾ ਦਿੱਤੇ ਸਨ। ਤੀਜੇ ਕਿੱਲੇ ਨੂੰ ਵਾਢਾ ਲਾਉਣ ਹੀ ਲੱਗਿਆ ਸੀ ਕਿ ਪਤਨੀ ਨੇ ਅਦਾਲਤ ਤੋਂ ਜ਼ਮੀਨ ਨਾ ਵੇਚਣ ਦੀ ਸਟੇਅ ਲੈ ਲਈ। ਦੋਵੇਂ ਵਿਆਹੀਆਂ ਵਰ੍ਹੀਆਂ ਭੈਣਾਂ ਵੀ ਆਪਣੇ ਇਕਲੌਤੇ ਨਸ਼ੱਈ ਭਰਾ ਦੀਆਂ ਹਰਕਤਾਂ ਤੋਂ ਬੇਹੱਦ ਦੁਖੀ ਸਨ। ਉਸ ਨੂੰ ਸਹੁਰੇ ਘਰ ਲਿਜਾ ਕੇ ਸਹੁਰੇ ਪਰਿਵਾਰ ਵਿਚ ਜ਼ਲੀਲ ਵੀ ਨਹੀਂ ਸਨ ਹੋਣਾ ਚਾਹੁੰਦੀਆਂ। ਆਮ ਕਿਹਾ ਜਾਂਦਾ ਹੈ ਕਿ ਵਿਗੜੇ ਮਨੁੱਖ ਨੂੰ ਸੰਭਾਲਣਾ ਟੇਢੀ ਖੀਰ ਹੈ। ਦੋਵੇਂ ਭੈਣਾਂ ਨੇ ਆਪਣੇ ਪਤੀਆਂ ਨੂੰ ਨਾਲ ਲੈ ਕੇ ਪੇਕੇ ਘਰ ਬੈਠੀ ਭਰਜਾਈ ਨੂੰ ਲਿਆਉਣ ਦਾ ਯਤਨ ਕੀਤਾ। ਕੁੜੀ ਦਾ ਜਵਾਬ ਸੀ, ‘‘ਉਸ ਬੰਦੇ ਨਾਲ ਮੈਂ ਛੇ-ਸੱਤ ਸਾਲ ਨਰਕ ਭੋਗਿਆ ਹੈ। ਨਸ਼ੇ ਵਿਚ ਟੁੰਨ ਹੋ ਕੇ ਮੈਨੂੰ ਛੱਲੀਆਂ ਵਾਂਗ ਕੁੱਟਦਾ ਰਿਹਾ। ਇਨ੍ਹਾਂ ਮਾਸੂਮ ਬੱਚਿਆਂ ਨੂੰ ਵੀ ਕਈ ਵਾਰ ਪਟਕਾ-ਪਟਕਾ ਕੇ ਧਰਤੀ ਨਾਲ ਮਾਰਦਾ ਰਿਹਾ। ਕਈ-ਕਈ ਡੰਗ ਚੁੱਲ੍ਹਾ ਵੀ ਠੰਢਾ ਰਹਿੰਦਾ।’’ ਦੋਵੇਂ ਭੈਣਾਂ ਆਪਣੇ ਮਾਸੂਮ ਭਤੀਜਿਆਂ ਦੇ ਸਿਰ ’ਤੇ ਹੱਥ ਧਰ ਕੇ ਹੰਝੂ ਵਹਾਉਂਦੀਆਂ ਵਾਪਸ ਆ ਗਈਆਂ। ਕੁੜੀ ਇਕ ਸਾਲ ਆਪਣੇ ਪੇਕੇ ਘਰ ਬੈਠੀ ਰਹੀ।

ਮੋਹਨ ਸ਼ਰਮਾ

ਨਸ਼ੱਈ ਦੀ ਹਾਲਤ ਦਿਨ-ਬ-ਦਿਨ ਨਿਘਰਦੀ ਗਈ। ਫਿਰ ਇਕ ਦਿਨ ਦੋਵੇਂ ਭੈਣਾਂ ਆਪਣੇ ਨਸ਼ੱਈ ਭਰਾ ਦੀ ਜਾਨ ਬਚਾਉਣ ਦੇ ਮੰਤਵ ਨਾਲ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਲੈ ਆਈਆਂ। ਨਾਲ ਪਿੰਡ ਦਾ ਸਰਪੰਚ ਵੀ ਸੀ। ਭੈਣਾਂ ਤਰਲੇ ਨਾਲ ਕਹਿ ਰਹੀਆਂ ਸਨ, ‘‘ਇਹਨੂੰ ਦਾਖ਼ਲ ਕਰ ਲਓ ਜੀ, ਸਾਡਾ ਪੇਕਾ ਘਰ ਉੱਜੜ ਰਿਹੈ। ਇਹ ਸਿਵਿਆਂ ਦੇ ਰਾਹ ਪਿਆ ਹੋਇਐ। ਭਰਜਾਈ ਸਾਡੇ ਦੋਵਾਂ ਭਤੀਜਿਆਂ ਨੂੰ ਨਾਲ ਲੈ ਕੇ ਪੇਕੇ ਘਰ ਬੈਠੀ ਹੈ। ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ।’’ ਤਿੰਨ-ਚਾਰ ਪਰਿਵਾਰਾਂ ਦੀ ਨਸ਼ਿਆਂ ਕਾਰਨ ਹੋ ਰਹੀ ਬਰਬਾਦੀ ਦਾ ਕਿੱਸਾ ਸੁਣ ਕੇ ਨਸ਼ੱਈ ਨੂੰ ਦਾਖ਼ਲ ਕਰ ਲਿਆ ਗਿਆ। ਦਾਖ਼ਲ ਕਰਨ ਉਪਰੰਤ ਉਸ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆ। ਦਵਾਈਆਂ ਅਤੇ ਦੁਆ ਦੇ ਸੁਮੇਲ ਨਾਲ ਉਸ ਦੀ ਹਾਲਤ ਵਿਚ ਦਿਨ-ਬ-ਦਿਨ ਸੁਧਾਰ ਹੁੰਦਾ ਗਿਆ। ਇਕ ਦਿਨ ਜਦੋਂ ਦੂਜੇ ਨਸ਼ੱਈ ਮਰੀਜ਼ਾਂ ਦੀ ਹਾਜ਼ਰੀ ਸਮੇਂ ਉਸ ਨੂੰ ਪੁੱਛਿਆ ਗਿਆ, ‘‘ਕਮਲਜੀਤ, ਕੀ ਤੂੰ ਆਪਣੇ ਬੱਚਿਆਂ ਦਾ ਚੰਗਾ ਬਾਪ ਬਣ ਸਕਿਆ ਹੈਂ?’’ ਉਸ ਨੇ ਉਦਾਸ ਹੋ ਕੇ ਨਾਂਹ ਵਿਚ ਸਿਰ ਹਿਲਾ ਦਿੱਤਾ। ਫਿਰ ਅਗਲੇ ਪ੍ਰਸ਼ਨ ਦਾ ਉਸ ਨੂੰ ਸਾਹਮਣਾ ਕਰਨਾ ਪਿਆ, ‘‘ਕੀ ਤੂੰ ਆਪਣੇ ਮਾਂ-ਬਾਪ ਦਾ ਚੰਗਾ ਪੁੱਤ ਬਣਿਆ ਹੈਂ?’’ ਉਸ ਨੇ ਫਿਰ ਨਾਂਹ ਵਿਚ ਸਿਰ ਹਿਲਾ ਦਿੱਤਾ। ਜਦੋਂ ਉਸ ਨੂੰ ਇਹ ਪੁੱਛਿਆ ਗਿਆ, ‘‘ਚੱਲ ਇਹ ਦੱਸ, ਜਿਸ ਨੂੰ ਤੂੰ ਸਿਹਰੇ ਬੰਨ੍ਹ ਕੇ ਆਪਣੇ ਘਰ ਪਤਨੀ ਦੇ ਰੂਪ ਵਿਚ ਲੈ ਕੇ ਆਇਆ। ਆਪਣਾ ਪੇਕਾ ਘਰ ਛੱਡ ਕੇ ਉਸ ਨੇ ਤੇਰਾ ਪੱਲਾ ਫੜਿਆ, ਕੀ ਉਹਦਾ ਵਧੀਆ ਪਤੀ ਬਣ ਸਕਿਆ ਹੈਂ?’’ ਇਸ ਪ੍ਰਸ਼ਨ ਦਾ ਜਵਾਬ ਉਹਦੇ ਵਹਿੰਦੇ ਅੱਥਰੂਆਂ ਨੇ ਹੀ ਦਿੱਤਾ। ਅੱਥਰੂਆਂ ’ਚੋਂ ਪਛਤਾਵੇ ਦੀ ਝਲਕ ਦਿਖਦੀ ਸੀ। ਉਸ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਪਤੀ ਬਣਨ ਦੀ ਪ੍ਰੇਰਨਾ ਦੇਣ ਦੇ ਯਤਨ ਲਗਾਤਾਰ ਜਾਰੀ ਰਹੇ। ਹੁਣ ਉਹਦੇ ਚਿਹਰੇ ’ਤੇ ਲਾਪਰਵਾਹੀ ਦੀ ਥਾਂ ਗੰਭੀਰਤਾ ਦੇ ਚਿੰਨ੍ਹ ਉੱਭਰ ਆਏ ਸਨ। ਫਿਰ ਇਕ ਦਿਨ ਉਹ ਵੀ ਆਇਆ ਜਦੋਂ ਉਸ ਨੇ ਤਰਲੇ ਨਾਲ ਕਿਹਾ, ‘‘ਸਰ, ਮੈਂ ਬਹੁਤ ਪਾਪ ਕੀਤੇ ਨੇ। ਨਸ਼ਿਆਂ ਕਾਰਨ ਮੈਂ ਆਪਣਾ ਘਰ ਬਰਬਾਦ ਕਰ ਲਿਐ। ਪਤਨੀ ਮੈਥੋਂ ਅੱਕ ਕੇ ਪੇਕੇ ਚਲੀ ਗਈ। ਉਸ ਨੇ ਅਦਾਲਤ ਵਿਚ ਤਲਾਕ ਦਾ ਕੇਸ ਵੀ ਕੀਤਾ ਹੋਇਆ ਹੈ। ਸਰ, ਮੈਂ ਆਪਣੇ ਪਰਿਵਾਰ ਬਿਨਾਂ ਨਹੀਂ ਰਹਿ ਸਕਦਾ। ਇਕ ਵਾਰ ਜੀਅ ਕਰਦੈ ਉਹਦੇ ਪੈਰਾਂ ’ਤੇ ਸਿਰ ਧਰ ਕੇ ਮੁਆਫ਼ੀ ਮੰਗਾਂ, ਬੱਚਿਆਂ ਨੂੰ ਰੱਜ ਕੇ ਪਿਆਰ ਕਰਾਂ…।’’ ਨਸ਼ਾ ਮੁਕਤ ਹੋ ਰਹੇ ਕਮਲਜੀਤ ਦੇ ਅੱਥਰੂ ਆਪਮੁਹਾਰੇ ਵਹਿ ਰਹੇ ਸਨ। ਸਾਨੂੰ ਚਿੰਤਾ ਸੀ ਕਿ ਇਸ ਨੂੰ ਨਸ਼ਾ ਮੁਕਤ ਕਰ ਕੇ ਭੇਜਿਆ ਜਾਵੇਗਾ ਤਾਂ ਭਾਂਅ-ਭਾਂਅ ਕਰਦੇ ਖਾਲੀ ਮਕਾਨ ਵਿਚ ਪਤਨੀ ਅਤੇ ਬੱਚਿਆਂ ਦੇ ਵਿਗੋਚੇ ਕਾਰਨ ਇਹ ਦੁਬਾਰਾ ਨਸ਼ਿਆਂ ਦੀ ਦਲਦਲ ਵਿਚ ਧਸ ਜਾਵੇਗਾ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ। ਇੰਜ ਡਿੱਗ ਰਹੇ ਮਕਾਨ ’ਤੇ ਸਫੈਦੀ ਕਰਨ ਵਾਲੇ ਕਰਮ ਤੋਂ ਅਸੀਂ ਹਮੇਸ਼ਾ ਹੀ ਪਾਸਾ ਵੱਟਿਆ ਹੈ। ਫਿਰ ਕੁੜੀ ਦੇ ਮਾਪਿਆਂ ਨਾਲ ਉਹਦੇ ਘਰ ਜਾ ਕੇ ਸੰਪਰਕ ਕੀਤਾ ਗਿਆ। ਮੁਲਾਕਾਤ ਸਮੇਂ ਮਾਪਿਆਂ ਅਤੇ ਕੁੜੀ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਕੁੜੀ ਨੇ ਹਟਕੋਰੇ ਭਰਦਿਆਂ ਦੱਸਿਆ, ‘‘ਸਰ ਜੀ, ਨਸ਼ੇ ਵਿਚ ਧੁੱਤ ਹੋ ਕੇ ਇਹ ਮੰਜੇ ਦੇ ਪਾਵੇ ਹੇਠਾਂ ਮੇਰਾ ਹੱਥ ਰੱਖ ਕੇ ਆਪ ਮੰਜੇ ’ਤੇ ਬਹਿ ਕੇ ਹੱਸਦਾ ਰਹਿੰਦਾ ਸੀ। ਮੈਂ ਚੀਕਾਂ ਮਾਰ ਰਹੀ ਹੁੰਦੀ ਸੀ ਅਤੇ ਇਹ ਪਾਗਲਾਂ ਵਾਂਗ ਹੱਸੀ ਜਾਂਦਾ ਸੀ। ਆਂਢ-ਗੁਆਂਢ ਵੀ ਇਹਦੇ ਕਾਰਿਆਂ ਕਾਰਨ ਆਉਣ-ਜਾਣ ਤੋਂ ਹਟ ਗਿਆ। ਜਵਾਕ ਵੀ ਰਾਤ ਨੂੰ ਡਰ-ਡਰ ਕੇ ਉੱਠਦੇ ਸਨ। ਇਹੋ ਜਿਹੇ ਨਰਕ ’ਚ ਮੈਂ ਦੁਬਾਰਾ ਨਹੀਂ ਜਾਣਾ।’’ ਫਿਰ ਉਸ ਨੇ ਪੱਲਾ ਅੱਡ ਕੇ ਕਿਹਾ, ‘‘ਮੈਂ ਤਾਂ ਕਹਿਨੀ ਆਂ, ਇਹੋ ਜਿਹੇ ਨੂੰ ਰੱਬ ਚੁੱਕ ਲਵੇ। ਮੈਂ ਤਾਂ ਉਹਦੇ ਭੋਗ ’ਤੇ ਵੀ ਨਾ ਜਾਵਾਂ।’’ ਕੁੜੀ ਅਤੇ ਮਾਪਿਆਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਚੰਗਾ ਨਤੀਜਾ ਸਾਹਮਣੇ ਨਹੀਂ ਆਇਆ। ਦਸ-ਬਾਰ੍ਹਾਂ ਦਿਨਾਂ ਬਾਅਦ ਦੁਬਾਰਾ ਦੋ ਸਟਾਫ਼ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਦਸਤਕ ਦਿੱਤੀ। ਪਹਿਲਾਂ ਲੜਕੀ ਦੇ ਮਾਪਿਆਂ ਨੂੰ ਵਿਸ਼ਵਾਸ ਵਿਚ ਲੈ ਕੇ ਯਕੀਨ ਦਿਵਾਇਆ ਕਿ ਹੁਣ ਉਹ ਬਿਲਕੁਲ ਸੁਧਰ ਚੁੱਕਿਆ ਹੈ। ਉਹ ਇਕ ਵਾਰ ਆਪਣਾ ਘਰ ਵਸਾਉਣ ਲਈ ਤਰਲਾ ਕਰ ਰਿਹਾ ਹੈ। ਉਨ੍ਹਾਂ ਨੂੰ ਇਕ ਹਮਦਰਦ ਵਜੋਂ ਇਹ ਕਿਹਾ, ‘‘ਵਿਆਹੀ ਵਰ੍ਹੀ ਧੀ ਨੂੰ ਪੇਕੇ ਘਰ ਰੱਖਣਾ ਮਾਪਿਆਂ ਲਈ ਬਹੁਤ ਵੱਡਾ ਦੁੱਖ ਹੈ। ਅੱਗੇ ਬੱਚਿਆਂ ਦੀ ਜ਼ਿੰਮੇਵਾਰੀ… ਉਨ੍ਹਾਂ ਦੀ ਪੜ੍ਹਾਈ… ਸਭ ਕੁਝ ਤਹਿਸ-ਨਹਿਸ ਹੋ ਰਿਹਾ ਹੈ।’’ ਇਹ ਸੁਣਦਿਆਂ ਹੀ ਉਸ ਦਾ ਪਿਤਾ ਚਿੰਤਾਤੁਰ ਲਹਿਜੇ ਵਿਚ ਬੋਲਿਆ, ‘‘ਅਸੀਂ ਕਿੰਨੇ ਦੁਖੀ ਹਾਂ, ਬਸ ਰੱਬ ਹੀ ਜਾਣਦੈ।’’ ਲੜਕੀ ਨਾਲ ਗੱਲ ਕਰਦਿਆਂ ਉਹਨੂੰ ਇਹ ਦੱਸਿਆ, ‘‘ਤੇਰਾ ਪਤੀ ਆਪਣੀਆਂ ਪਿਛਲੀਆਂ ਕਰਤੂਤਾਂ ’ਤੇ ਬਹੁਤ ਪਛਤਾਅ ਰਿਹਾ ਹੈ। ਉਹ ਤੇਰੀ ਹਰ ਗੱਲ ਮੰਨਣ ਨੂੰ ਤਿਆਰ ਹੈ। ਹੁਣ ਉਹ ਨਸ਼ਾ ਰਹਿਤ ਵੀ ਹੈ। ਤੂੰ ਇਕ ਵਾਰ ਉਹਨੂੰ ਮਿਲ ਕੇ ਤਸੱਲੀ ਕਰ ਲੈ। ਜੇ ਸਾਡੀ ਗੱਲ ਝੂਠੀ ਲੱਗੀ ਤਾਂ ਬਿਲਕੁਲ ਨਾ ਜਾਵੀਂ। ਅਸੀਂ ਤੈਨੂੰ ਮਜਬੂਰ ਨਹੀਂ ਕਰਾਂਗੇ।’’
ਆਖ਼ਰ ਕੁੜੀ ਅਤੇ ਉਸ ਦੇ ਮਾਪੇ ਇਸ ਗੱਲ ਲਈ ਰਾਜ਼ੀ ਹੋ ਗਏ ਕਿ ਅਸੀਂ ਉਸ ਨੂੰ ਮਿਲ ਕੇ ਤਸੱਲੀ ਕਰਾਂਗੇ। ਕੁਝ ਦਿਨਾਂ ਬਾਅਦ ਉਨ੍ਹਾਂ ਦਾ ਸੁਨੇਹਾ ਮਿਲਿਆ ਕਿ ਅਸੀਂ ਨਸ਼ਾ ਛੁਡਾਊ ਕੇਂਦਰ ਵਿਚ ਆ ਰਹੇ ਹਾਂ। ਇੱਧਰੋਂ ਕਮਲਜੀਤ ਦੀਆਂ ਦੋਵੇਂ ਭੈਣਾਂ ਅਤੇ ਉਨ੍ਹਾਂ ਦੇ ਪਤੀਆਂ ਨੂੰ ਵੀ ਪੁੱਜਣ ਲਈ ਸੁਨੇਹਾ ਦੇ ਦਿੱਤਾ ਗਿਆ। ਪਹਿਲਾਂ ਦੋਵਾਂ ਪਰਿਵਾਰਾਂ ਨੇ ਆਪਸ ਵਿਚ ਗੱਲਾਂ ਕੀਤੀਆਂ। ਫਿਰ ਕਮਲਜੀਤ ਨੂੰ ਬੁਲਾਇਆ ਗਿਆ। ਉਸ ਨੇ ਪਹਿਲਾਂ ਸਹੁਰੇ ਪਰਿਵਾਰ ਤੋਂ ਨਿਮਰਤਾ ਸਹਿਤ ਮੁਆਫ਼ੀ ਮੰਗੀ। ਫਿਰ ਅੱਥਰੂ ਵਹਾਉਂਦਿਆਂ, ਜਦੋਂ ਪਤਨੀ ਦੇ ਪੈਰਾਂ ਵਿਚ ਝੁਕਣ ਲੱਗਿਆ ਤਾਂ ਪਤਨੀ ਨੇ ਉਹਦੇ ਹੱਥ ਫੜ ਲਏ। ਦੋਵੇਂ ਬੱਚਿਆਂ ਨੂੰ ਬੁੱਕਲ ਵਿਚ ਲੈ ਕੇ ਉਹ ਭੁੱਬੀਂ ਰੋਂਦਾ ਰਿਹਾ। ਇਸ ਭਾਵੁਕ ਦ੍ਰਿਸ਼ ਸਮੇਂ ਮੇਰੇ ਸਟਾਫ਼ ਮੈਂਬਰਾਂ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਕੁਝ ਸਮੇਂ ਲਈ ਕਮਲਜੀਤ ਅਤੇ ਉਸ ਪਤਨੀ ਜੀਵਨਜੋਤ ਨੂੰ ਅਲੱਗ ਬੈਠ ਕੇ ਗਿਲੇ-ਸ਼ਿਕਵੇ ਦੂਰ ਕਰਨ ਲਈ ਕਿਹਾ। ਕੁਝ ਸਮੇਂ ਬਾਅਦ ਜੀਵਨਜੋਤ ਮੇਰੇ ਕੋਲ ਆਈ ਅਤੇ ਬੜੀ ਨਿਮਰਤਾ ਨਾਲ ਕਿਹਾ, ‘‘ਸਰ, ਮੈਂ ਜਾਣ ਲਈ ਤਿਆਹ ਹਾਂ। ਮੇਰੀ ਇਕ ਸ਼ਰਤ ਹੈ ਉਹ ਥੋਨੂੰ ਪੂਰੀ ਕਰਨੀ ਪਊ।’’
“ਹਾਂ, ਦੱਸੋ ਕੀ ਸ਼ਰਤ ਹੈ?’’
“ਬਸ ਜੀ ਤੁਸੀਂ ਮੈਨੂੰ ਮੇਰੇ ਸਿਰ ’ਤੇ ਹੱਥ ਰੱਖ ਕੇ ਭੇਜੋਗੇ।’’
ਜੀਵਨਜੋਤ ਦੀ ਇਹ ਸ਼ਰਤ ਮੈਂ ਮੁਸਕਰਾ ਕੇ ਸਵੀਕਾਰ ਕਰ ਲਈ। ਲੜਕੀ ਨੂੰ ਭੇਜਣ ਦਾ ਸਮਾਂ ਅਤੇ ਤਾਰੀਖ਼ ਨਿਸ਼ਚਿਤ ਕਰਕੇ ਫ਼ੈਸਲਾ ਹੋਇਆ ਕਿ ਨਸ਼ਾ ਛੁਡਾਊ ਕੇਂਦਰ ’ਚੋਂ ਹੀ ਇਨ੍ਹਾਂ ਨੂੰ ਵਿਦਾ ਕੀਤਾ ਜਾਵੇਗਾ। ਨਿਸ਼ਚਿਤ ਦਿਨ ਨਸ਼ਾ ਛੁਡਾਊ ਕੇਂਦਰ ਵਿਚ ਵਿਆਹ ਵਰਗਾ ਮਾਹੌਲ ਸੀ। ਜੀਵਨਜੋਤ ਅਤੇ ਨਸ਼ਾ ਰਹਿਤ ਕਮਲਜੀਤ ਨੂੰ ਸ਼ਗਨਾਂ ਨਾਲ ਵਿਦਾ ਕੀਤਾ ਗਿਆ। ਪਿੱਛੋਂ ਵੀ ਲਗਾਤਾਰ ਸੰਪਰਕ ਰੱਖਿਆ। ਕਮਲਜੀਤ ਦਾ ਜਵਾਬ ਹੁੰਦਾ ਸੀ, ‘‘ਸਰ, ਥੋਨੂੰ ਮੁੜ ਕੇ ਉਲਾਂਭਾ ਨਹੀਂ ਮਿਲੂ।’’ ਜੀਵਨਜੋਤ ਵੀ ‘‘ਠੀਕ ਹੈ ਜੀ ਸਭ ਕੁਝ’’ ਉਤਸ਼ਾਹ ਨਾਲ ਕਹਿੰਦੀ ਰਹੀ।
ਫਿਰ ਇਕ ਦਿਨ ਰਾਤ ਨੂੰ ਅੰਦਾਜ਼ਨ ਅੱਠ ਕੁ ਵਜੇ ਜੀਵਨਜੋਤ ਦਾ ਟੈਲੀਫੋਨ ਆਇਆ, ‘‘ਸਰ, ਕੱਲ੍ਹ ਨੂੰ ਸਾਡੇ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ। ਇਕ ਸਾਲ ਪਹਿਲਾਂ ਤੁਸੀਂ ਇਕੱਠਿਆਂ ਕੀਤਾ ਸੀ। ਸੱਚੀਂ ਸਰ, ਜ਼ਿੰਦਗੀ ਜਿਉਣ ਦਾ ਸਵਾਦ ਹੀ ਹੁਣ ਆਇਐ। ਪਹਿਲੇ ਅੱਠ ਸਾਲ ਤਾਂ ਰੋਣ-ਧੋਣ ਵਿਚ ਹੀ ਗੁਜ਼ਾਰ ਦਿੱਤੇ। ਇਹ ਦਿਨ ਅਸੀਂ ਤੁਹਾਡੇ ਕੋਲ ਆ ਕੇ ਮਨਾਉਣਾ ਹੈ। ਮੇਰੇ ਦੋਵੇਂ ਬੱਚੇ ਅਤੇ ਕਮਲਜੀਤ ਸਾਰੇ ਆਵਾਂਗੇ ਅਸੀਂ। ਥੋਡਾ ਅਸ਼ੀਰਵਾਦ ਲੈਣਾ ਹੈ। ਮਿਲੋਂਗੇ ਨਾ ਤੁਸੀਂ?’’ “ਜ਼ਰੂਰ ਮਿਲਾਂਗਾ।’’ ਜੀਵਨਜੋਤ ਨੂੰ ਅਪਣੱਤ ਨਾਲ ਜਵਾਬ ਦਿੱਤਾ। ਕੁੜੀ ਦੇ ਇਨ੍ਹਾਂ ਬੋਲਾਂ ਨੇ ਮੈਨੂੰ ਅੰਤਾਂ ਦਾ ਸਕੂਨ ਦਿੱਤਾ ਅਤੇ ਖ਼ੁਸ਼ੀ ਵਿਚ ਮੇਰੇ ਅੱਥਰੂ ਨਿਕਲ ਆਏ। ਜੀਵਨ ਸਾਥਣ ਨੇ ਅੱਖਾਂ ਵਿਚ ਆਏ ਅੱਥਰੂ ਵੇਖ ਕੇ ਚਿੰਤਾ ਨਾਲ ਪੁੱਛਿਆ, ‘‘ਸੁੱਖ ਐ… ਇਹ ਹੰਝੂ…?’’ ਅਤੇ ਮੈਂ ਨੈਣਾਂ ਦੇ ਕੋਇਆਂ ’ਚੋਂ ਪੋਟਿਆਂ ਨਾਲ ਅੱਥਰੂ ਪੂੰਝਦਿਆਂ ਮੁਸਕਰਾ ਕੇ ਕਿਹਾ, ‘‘ਇਹੋ-ਜਿਹੇ ਅੱਥਰੂ ਤਾਂ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ ਨੇ।’’

ਸੰਪਰਕ: 94171-48866


Comments Off on ਵਿਆਹ ਦੀ ਪਹਿਲੀ ਵਰ੍ਹੇਗੰਢ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.