‘‘ਤੁਸੀਂ ਬਿਮਾਰ ਹੋ ਗਏ ਜਾਂ ਸੱਟ ਲੱਗੀ ਤਾਂ ਸਮਝੋ ਮਾਰੇ ਗਏ। ਮੈਂ ਜੰਗਲ ‘ਚ ਕਈ ਲਾਸ਼ਾਂ ਸੜਦੀਆਂ ਦੇਖੀਆਂ। ਸਾਡੀ ਪਿੱਛੇ ਆਉਂਦੀ ਟੋਲੀ ਦੇ 3 ਮੁੰਡੇ ਮਾਰੇ ਗਏ, ਮੇਰੇ ਨਾਲ ਦਾ ਇੱਕ ਬੰਦਾ ਮਰ ਗਿਆ, ਨਾਲ ਦਿਆਂ ਨੇ ਅਰਦਾਸ ਕਰ ਕੇ ਜਹਾਜ ਤੋਂ ਰੋੜ ਦਿੱਤਾ।’’ ਮੈਕਸੀਕੋ ਤੋਂ ਪਰਤੇ ਪੰਜਾਬੀ ਮੁੰਡੇ ਦੀ ਹੱਡਬੀਤੀ। ਇਸੇ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਰੀ ਪਈ ਹੈ ਪੰਜਾਬੀਆਂ ਦੇ ਪਰਵਾਸ ਦੀ ਚਰਚਿਤ ਪੁਸਤਕ ‘ਸ਼ਾਰਟ ਕੱਟ ਵਾਇਆ ਲਾਂਗ ਰੂਟ’ ਅਤੇ ਲਘੂ ਫਿਲਮ ‘ਸਟਰੇਅ ਸਟਾਰ’।
ਕੋਈ ਵੀ ਸੰਕਟ, ਚਿੰਤਨ ਲਈ ਸਭ ਤੋਂ ਜ਼ਰੂਰੀ ਸਮਾਂ ਹੁੰਦਾ ਹੈ ਤਾਂ ਕਿ ਸੰਕਟ ਨਵਿਰਤੀ ਵੀ ਹੋ ਜਾਵੇ ਤੇ ਸੰਕਟ ਦੁਬਾਰਾ ਵੀ ਨਾ ਆਵੇ, ਪਰ ਹੁੰਦਾ ਅਕਸਰ ਇਹ ਹੈ ਕਿ ਸੰਕਟ ਦੌਰਾਨ ਚਲੰਤ ਜਿਹੇ ਹੱਲ ਕੱਢ ਲਏ ਜਾਂਦੇ ਹਨ ਤੇ ਸੰਕਟ ਦੀ ਜੜ੍ਹ ਉਵੇਂ ਹੀ ਰਹਿੰਦੀ ਹੈ। ਸੰਕਟ ਸਾਡੀ ਸਮਰੱਥਾ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੇ ਹਨ, ਜਿਨ੍ਹਾਂ ਤੋਂ ਸਾਡੀਆਂ ਸੀਮਾਵਾਂ ਤੇ ਸੰਭਾਵਨਾਵਾਂ ਦਾ ਪਤਾ ਚਲਦਾ ਹੈ। ਮੈਕਸੀਕੋ ਤੋਂ ਪਰਤੇ ਪੰਜਾਬੀਆਂ ਦੇ ਸੰਕਟ ਦਾ ਸੇਕ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੈ। ਹਾਂ, ਕਈ ਇਸ ਸੇਕ ਨਾਲ ਝੁਲਸੇ ਜਾ ਰਹੇ ਹਨ ਤੇ ਕਈ ‘ਰੋਟੀਆਂ’ ਸੇਕਣਗੇ।
ਪਰਵਾਸ ਨਾਲ ਸਬੰਧਿਤ ਹੈਰਾਨੀਜਨਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਦਵਿੰਦਰ ਪਾਲ ਸਿੰਘ ਦੀ ਰਿਪੋਰਟ ਅਨੁਸਾਰ ਪੰਜਾਬੀਆਂ ਨੇ 1 ਜਨਵਰੀ 2014 ਤੋਂ ਅਗਸਤ 2019 ਤੱਕ (ਪੌਣੇ ਛੇ ਵਰ੍ਹੇ) ਕਰੀਬ 914.45 ਕਰੋੜ ਰੁਪਏ ਖਰਚੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ‘ਚ ਜਨਵਰੀ 2014 ਤੋਂ ਅਗਸਤ 2019 ਤੱਕ 5.81 ਕਰੋੜ ਪਾਸਪੋਰਟ ਜਾਰੀ ਕੀਤੇ ਗਏ। ਪੰਜਾਬ ‘ਚ ਇਨ੍ਹਾਂ ਪੌਣੇ ਛੇ ਵਰ੍ਹਿਆਂ ਦੌਰਾਨ 45.72 ਲੱਖ ਪਾਸਪੋਰਟ ਬਣੇ, ਜਦੋਂਕਿ ਲੰਘੇ ਢਾਈ ਸਾਲਾਂ (ਜਨਵਰੀ 2017 ਤੋਂ ਅਗਸਤ 2019 ਤੱਕ) ਪੰਜਾਬ ਵਿਚ 26.99 ਲੱਖ ਪਾਸਪੋਰਟ ਬਣੇ। ਵੱਡੀ ਗਿਣਤੀ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੈ। ਢਾਈ ਵਰ੍ਹਿਆਂ ਦੀ ਔਸਤਨ ਦੇਖੀਏ ਤਾਂ ਪੰਜਾਬ ‘ਚ ਰੋਜ਼ਾਨਾ ਕਰੀਬ 2800 ਪਾਸਪੋਰਟ ਬਣ ਰਹੇ ਹਨ। ਇਕ ਹੋਰ ਜਾਣਕਾਰੀ ਅਨੁਸਾਰ ਹਰਕੇ ਸਾਲ 3.36 ਲੱਖ ਨੌਜਵਾਨ ਆਈਲੈਟਸ (ਆਇਲਜ਼) ਦੀ ਪ੍ਰੀਖਿਆ ਦਿੰਦੇ ਹਨ, ਜਿਸ ਦੀ ਫੀਸ ਕਰੀਬ 425 ਕਰੋੜ ਰੁਪਏ ਬਣਦੀ ਹੈ। ਸਾਲ 2017 ਵਿਚ ਡੇਢ ਲੱਖ ਨੌਜਵਾਨ ਵਿਦੇਸ਼ ਪੜ੍ਹਨ ਗਏ, ਜਿਨ੍ਹਾਂ ਦਾ ਇਕ ਸਾਲ ਦਾ ਖਰਚਾ 65 ਹਜ਼ਾਰ ਕਰੋੜ ਬਣਦਾ ਹੈ।
ਉਧਰ ਕੈਨੇਡਾ ਦੀਆਂ ਚੋਣਾਂ ਵਿਚ ਜਸਟਿਨ ਟਰੂਡੋ ਦੀ ਇਕ ਵਾਰ ਫੇਰ ਸਰਕਾਰ ਬਣਨ ‘ਤੇ ਪੰਜਾਬੀਆਂ ਦੀ ਖੁਸ਼ੀ ਪਿੱਛੇ ਇਕ ਖੌਫਨਾਕ ਖਦਸ਼ਾ ਇਹ ਵੀ ਹੈ ਕਿ ਪੰਜਾਬੀ ਹੋਰ ਤੇਜ਼ੀ ਨਾਲ ਮੁਲਕ ਛੱਡਣਾ ਚਾਹੁੰਦੇ ਨੇ। ਸਥਿਤੀ ਬਹੁਤ ਗੰਭੀਰ ਹੈ ਪਰ ਅਸੀਂ ਇਸ ਨੂੰ ਸੰਕਟ ਹੀ ਨਹੀਂ ਮੰਨ ਰਹੇ ਸ਼ਾਇਦ। ਇਸ ਲਈ ਪਰਵਾਸ ਦੇ ਸੰਕਲਪ ਅਤੇ ਇਤਿਹਾਸ ਉਪਰ ਇਕ ਝਾਤ ਮਾਰਨੀ ਜ਼ਰੂਰੀ ਜਾਪਦੀ ਹੈ। ਅਸਲ ਵਿਚ ਮਾਨਵ ਜਾਤੀ ਦੇ ਪੈਦਾ ਹੋਣ ਦਾ ਸਥਾਨ ਅਫਰੀਕਾ ਮੰਨਿਆ ਜਾਂਦਾ ਹੈ। ਪ੍ਰਸਿੱਧ ਇਤਿਹਾਸਕਾਰ ਇਰਫਾਨ ਹਬੀਬ ਲਿਖਦੇ ਹਨ, ‘‘ਹੋਮੋਸੇਪੀਅਨਸ ਦੀ ਪ੍ਰਜਾਤੀ ਮੌਜੂਦਾ ਸਬੂਤਾਂ/ਗਵਾਹੀਆਂ ਦੇ ਆਧਾਰ ਉੱਤੇ ਅਫ਼ਰੀਕਾ ਵਿਚ ਪੈਦਾ ਹੋਈ, ਜਿੱਥੇ ਮਾਨਵ ਦੇ ਵੰਸ਼ਾਵਲੀ-ਰੁੱਖ ਵਿਚ ਪਹਿਲੀ ਮਹਾਨ ਵੰਡ (ਕਾਲੇ ਅਫ਼ਰੀਕੀ ਅਤੇ ਹੋਰਾਂ ਵਿਚ) 1.30 ਲੱਖ ਸਾਲ ਪਹਿਲਾਂ ਤੋਂ ਲੈ ਕੇ 50 ਹਜ਼ਾਰ ਸਾਲ ਦੌਰਾਨ ਕਿਸੇ ਸਮੇਂ ਹੋਈ।’’ ਇਸ ਲਈ ਮਨੁੱਖ ਤਾਂ ਅਫਰੀਕਾ ਦਾ ਮੂਲਵਾਸੀ ਹੋਇਆ ਤੇ ਮਨੁੱਖ ਆਪਣੇ ਮੂਲ ਸੁਭਾਅ ਪੱਖੋਂ ਨਾ ਮੂਲਵਾਸੀ ਸੀ ਅਤੇ ਨਾ ਹੀ ਪਰਵਾਸੀ। ਇਹ ਸਾਰਾ ਕੁਝ ਸਮੇਂ ਦੀਆਂ ਲੋੜਾਂ ਵਿਚੋਂ ਪੈਦਾ ਹੋਇਆ। ਸਟੇਟ ਦੀ ਹੋਂਦ ਤੋਂ ਪਹਿਲਾਂ ਮਨੁੱਖ ਆਪਣੀਆਂ ਲੋੜਾਂ ਅਨੁਸਾਰ ਪਰਵਾਸ ਕਰਦਾ ਸੀ ਜਾਂ ਕਿਤੇ ਟਿਕਦਾ ਸੀ, ਪਰ ਹੁਣ ਸਟੇਟ ਦੀ ਲੋੜ ਹੈ ਕਿ ਮਨੁੱਖ ਪਰਵਾਸ ਕਰੇ ਜਾਂ ਨਾ। ਇਹ ਵਰਤਾਰੇ ਪੋਲੀਟੀਕਲ ਸਟੇਟ ਦੇ ਹੋਂਦ ਵਿਚ ਆਉਣ ਕਰਕੇ ਪਣਪਦੇ ਹਨ।
ਕਈ ਵਾਰ ਸਟੇਟ ਆਪਣਾ ਰੂਪ ਬਦਲਦੀ ਹੈ ਤਾਂ ਵੀ ਮੂਲਵਾਸ ਤੇ ਪਰਵਾਸ ਦੇ ਮਾਅਨੇ ਬਦਲ ਜਾਂਦੇ ਹਨ। ਹਿਟਲਰ ਤੋਂ ਪਹਿਲਾਂ ਜਰਮਨੀ ਵਿਚ ਯਹੂਦੀ ਮੂਲਵਾਸੀ ਸਨ, ਪਰ ਸਟੇਟ ਦਾ ਫਾਸ਼ੀਵਾਦੀ ਰੂਪ ਉਨ੍ਹਾਂ ਹੀ ਮੂਲਵਾਸੀਆਂ ਨੂੰ ਜਾਂ ਤਾਂ ਪਰਵਾਸ ਕਰਨ ਲਈ ਮਜਬੂਰ ਕਰ ਦਿੰਦਾ ਹੈ ਜਾਂ ਉਨ੍ਹਾਂ ਦਾ ਨਸਲਘਾਤ ਕਰਦਾ ਹੈ। ਭਾਰਤ ਦੇ ਸੰਦਰਭ ਵਿਚ ਇਹ ਸਮੀਕਰਨ ਬੜੇ ਗੁੰਝਲਦਾਰ ਤੇ ਰੌਚਕ ਵੀ ਹੈ। ਵੰਡ ਤੋਂ ਪਹਿਲਾਂ ਪੰਜਾਬੀ ਸਿੱਖ ਲਾਹੌਰ ਵਰਗੇ ਸ਼ਹਿਰਾਂ ਵਿਚ ਵਸਦੇ ਸਨ। ਵੰਡ ਨੇ ਮੂਲਵਾਸੀਆਂ ਨੂੰ ਅਜਿਹਾ ਉਜਾੜਿਆ ਕਿ ਉਹ ਪਰਵਾਸੀ ਹੋ ਗਏ। ਭਾਰਤੀ ਪੰਜਾਬ ਤੇ ਮੁੱਖ ਤੌਰ ‘ਤੇ ਦਿੱਲੀ ਵਸੇ ਤਾਂ 1984 ਵੇਲੇ ਇਨ੍ਹਾਂ ਥਾਵਾਂ ਖਾਸਕਰ ਦਿੱਲੀ ਵਿਚ ਹੀ ਸੁਰੱਖਿਅਤ ਨਾ ਰਹੇ। ਸਵਾਲ ਹਾਲੇ ਤਕ ਬਰਕਰਾਰ ਹੈ ਕਿ ਇਹ ਸਿੱਖ ਕਿਥੋਂ ਦੇ ਮੂਲਵਾਸੀ ਹਨ? ਸਿੱਖ ਹੀ ਕਿਉਂ ਯੂਪੀ, ਬਿਹਾਰ, ਮਹਾਰਾਸ਼ਟਰ, ਹਰਿਆਣਾ ਵਰਗੇ ਰਾਜਾਂ ਦੇ ਦਲਿਤ ਕਿਥੋਂ ਦੇ ਮੂਲਵਾਸੀ ਹਨ? ਗੁਰਜਾਤ ਵਰਗੇ ਸੂਬਿਆਂ ਵਿਚ ਮਾਰੇ ਜਾ ਰਹੇ ਮੁਸਲਮਾਨ ਕਿਥੋਂ ਦੇ ਮੂਲਵਾਸੀ ਹਨ?
ਪਰਵਾਸ ਦੇ ਕਾਰਨਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਇਸ ਵਿਚੋਂ ਪੁੱਸ਼ ਐਂਡ ਪੁੱਲ (ਧੱਕਣਾ ਤੇ ਖਿੱਚਣਾ) ਸਿਧਾਂਤ ਸਭ ਤੋਂ ਮਹੱਤਵਪੂਰਨ ਹੈ। ਇਸ ਸਿਧਾਂਤ ਰਾਹੀਂ ਪਰਵਾਸ ਦੇ ਕਾਰਨਾਂ ਦਾ ਬਹੁਤ ਸਾਰੇ ਵਿਦਵਾਨਾਂ ਨੇ ਵਿਸ਼ਲੇਸ਼ਣ ਕਰਦੇ ਹੋਏ, ਪਰਵਾਸ ਨੂੰ ਇਨ੍ਹਾਂ ਦੋ ਸ਼ਕਤੀਆਂ ਦੇ ਅਨੁਸਾਰ ਹੀ ਸਮਝਣ ਦਾ ਯਤਨ ਕੀਤਾ ਹੈ। ਪਹਿਲੀ ਸ਼ਕਤੀ ਨੂੰ ਉਨ੍ਹਾਂ ਤਾਕਤਾਂ ਦਾ ਸਮੂਹ ਮੰਨਿਆ ਜਾਂਦਾ ਹੈ ਜੋ ਆਦਮੀ ਨੂੰ ਇੱਕ ਜਗ੍ਹਾ ਤੋਂ ਧੱਕਦੀਆਂ ਹਨ; ਜਿਵੇਂ ਬੇਰੁਜ਼ਗਾਰੀ, ਗ਼ਰੀਬੀ, ਸਮੁਦਾਇ ਤੋਂ ਉਦਾਸੀਨਤਾ, ਯੁੱਧ, ਸਰਕਾਰੀ ਨੀਤੀ, ਦੇਸ਼-ਵੰਡ ਆਦਿ ਕੁਝ ਅਜਿਹੀਆਂ ਹਾਲਤਾਂ ਹੋ ਸਕਦੀਆਂ ਹਨ ਜੋ ਇਨਸਾਨ ਨੂੰ ਪਰਵਾਸ ਧਾਰਨ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ। ਦੂਜੀ ਸ਼ਕਤੀ ਅਨੁਸਾਰ ਪਰਵਾਸ ਲਈ ਚੁਣੀ ਜਗ੍ਹਾ ਵਿੱਚ ਕੋਈ ਖਿੱਚ ਹੁੰਦੀ ਹੈ ਜੋ ਇਨਸਾਨ ਨੂੰ ਆਪਣੇ ਵੱਲ ਖਿੱਚ ਕੇ ਪਰਵਾਸ ਲਈ ਰੁਚਿਤ ਕਰਦੀ ਹੈ; ਜਿਵੇਂ – ਰੁਜ਼ਗਾਰ ਮਿਲਣ ‘ਤੇ ਛੇਤੀ ਅਮੀਰ ਹੋਣ ਦੀ ਸੰਭਾਵਨਾ, ਵਧੀਆ ਲੋਕ, ਉਚੇਰੀਆਂ ਸੁੱਖ-ਸਹੂਲਤਾਂ ਵਾਲੇ ਸਮਾਜ ਅਤੇ ਜੀਵਨ ਦੀ ਇੱਛਾ ਆਦਿ। ਇਨ੍ਹਾਂ ਦੋਹਾਂ ਸ਼ਕਤੀਆਂ ਦਾ ਕੇਂਦਰ ਸਟੇਟ ਦੀ ਲੋੜ ਹੀ ਹੁੰਦੀ ਹੈ, ਜੋ ਆਪਣੀਆਂ ਲੋੜਾਂ ਅਨੁਸਾਰ ਕਿਸੇ ਨੂੰ ਧੱਕਦੀ ਹੈ ਤੇ ਕਿਸੇ ਨੂੰ ਖਿੱਚਦੀ ਹੈ।
ਇਕ ਪਾਸੇ ਸਟੇਟ ਦੀ ਜ਼ਰੂਰਤ ਵਿਚੋਂ ਪਰਵਾਸ ਪੈਦਾ ਹੋਇਆ ਪਰ ਨਾਲ ਹੀ ਸਟੇਟ ਨੂੰ ਆਵਾਸੀਆਂ ਦੀ ਆਪਣੀ ਲੋੜ ਤੋਂ ਵਧੇਰੇ ਗਿਣਤੀ ਹਮੇਸ਼ਾ ਪ੍ਰੇਸ਼ਾਨ ਕਰਦੀ ਹੈ, ਜਿਸ ਵਿਚੋਂ ਉਹ ਕਾਨੂੰਨੀ ਢੰਗ ਰਾਹੀਂ ਆਪਣਾ ਅਸਰ ਵਿਖਾਉਂਦੀ ਹੈ। ਇਸ ਸਬੰਧੀ ਬਹੁਤ ਸਾਰੇ ਕਾਨੂੰਨ ਹਨ ਪਰ ਇਥੇ ਇਤਿਹਾਸਕ ਘਟਨਾ ਦੀ ਹੀ ਮਿਸਾਲ ਪੇਸ਼ ਹੈ। ਵੀਹਵੀਂ ਸਦੀ ਦੇ ਆਰੰਭ ਵਿਚ ਹੀ ਪਰਵਾਸੀਆਂ ਦੀ ਵਧ ਰਹੀ ਗਿਣਤੀ ਤੋਂ ਕੈਨੇਡਾ ਸਰਕਾਰ ਫਿਕਰਮੰਦ ਹੋ ਗਈ ਤੇ 1908 ਈਸਪੀ ਵਿੱਚ ਇਮੀਗਰੇਸ਼ਨ ਸਬੰਧੀ ਕੈਨੇਡਾ ਦੇ ਕਿਰਤ ਉਪ ਮੰਤਰੀ ਮਕੈਂਜ਼ੀ ਕਿੰਗ ਵੱਲੋਂ ਪੇਸ਼ ਰਿਪੋਰਟ ਵਿੱਚ ਦੋ ਕਾਨੂੰਨ ਬਣਾਉਣ ਲਈ ਕਿਹਾ ਗਿਆ। ਇਸ ਕਾਨੂੰਨ ਅਨੁਸਾਰ ਏਸ਼ੀਆ ਦੇ ਕਿਸੇ ਵਿਅਕਤੀ ਦੇ ਕੈਨੇਡਾ ਦਾਖਲ ਹੋਣ ਉਪਰ ਮੁਕੰਮਲ ਪਾਬੰਦੀ ਲਾਈ ਗਈ। ਨਾਲ-ਨਾਲ ਇਹ ਸ਼ਰਤ ਲਾ ਦਿੱਤੀ ਗਈ ਕਿ ਜੇ ਕੋਈ ਏਸ਼ੀਆਈ ਆਪਣੇ ਮੂਲ ਦੇਸ਼ ਤੋਂ ਸਿੱਧੇ ਸਫ਼ਰ ਰਾਹੀਂ ਕੈਨੇਡਾ ਆਵੇ ਤੇ ਉਸ ਕੋਲ ਸਫ਼ਰ ਦੀ ਟਿਕਟ ਵੀ ਮੂਲ ਦੇਸ਼ ਤੋਂ ਖਰੀਦੀ ਹੋਵੇ। ਦੂਜੇ ਕਾਨੂੰਨ ਅਨੁਸਾਰ ਕੈਨੇਡਾ ਆਉਣ ਵਾਲੇ ਵਿਅਕਤੀ ਕੋਲ 200 ਡਾਲਰ ਵੀ ਹੋਣ ਦੀ ਸੂਰਤ ਵਿਚ ਹੀ ਉਸਨੂੰ ਕੈਨੇਡਾ ਦਾਖਲ ਹੋਣ ਦੀ ਆਗਿਆ ਹੋਵੇਗੀ। ਇਨ੍ਹਾਂ ਕਾਨੂੰਨਾਂ ਰਾਹੀਂ ਕੈਨੇਡਾ ਸਰਕਾਰ ਏਸ਼ੀਆਈ ਲੋਕਾਂ ਦੇ ਪਰਵਾਸ ਨੂੰ ਰੋਕਣਾ ਚਾਹੁੰਦੀ ਸੀ। ਇਹ ਕਾਨੂੰਨ ਆਖਰ ਵਿਦਰੋਹ ਦਾ ਕਾਰਨ ਵੀ ਬਣੇ। ਇਹ ਮਨੁੱਖੀ ਸੁਭਾਅ ਦੀ ਵਿਲੱਖਣ ਖਾਸੀਅਤ ਹੈ ਕਿ ਮੂਲ ਰੂਪ ਵਿਚ ਮਨੁੱਖ ਆਜ਼ਾਦ ਸੁਭਾਅ ਦਾ ਮਾਲਕ ਹੈ, ਇਸੇ ਲਈ ਉਹ ਲੋੜ ਅਤੇ ਸਮਰੱਥਾ ਅਨੁਸਾਰ ਹਰ ਕਾਨੂੰਨ ਤੇ ਬੰਧਨ ਨੂੰ ਤੋੜਦਾ ਹੈ। ਇਸੇ ਤਰ੍ਹਾਂ ਕੈਨੇਡਾ ਪਰਵਾਸ ਵਿੱਚ ਅੜਿੱਕਾ ਬਣੇ ਕਾਨੂੰਨਾਂ ਦੇ ਜਵਾਬ ਵਜੋਂ ਕਾਮਾਗਾਟਾਮਾਰੂ ਘਟਨਾ ਦੀ ਘਟਨਾ ਵਾਪਰੀ।
ਆਵਾਸ ਤੇ ਪਰਵਾਸ ਅਰਥ ਸ਼ਾਸਤਰ ਦੀ ਭਾਸ਼ਾ ਵਿਚ ਮਨੁੱਖਾਂ ਦੀ ਦਰਾਮਦ ਤੇ ਬਰਾਮਦ ਹੀ ਹਨ, ਜਿਸ ਦਾ ਸਬੰਧ ਮੁੱਲ ਤੇ ਮੁਨਾਫੇ ਨਾਲ ਜੁੜਿਆ ਹੋਇਆ ਹੈ। ਪੂੰਜੀਵਾਦੀ ਸਟੇਟ ਲਈ ਮਨੁੱਖ ਬਹੁ-ਮੰਤਵੀ ਕਾਰਜ ਕਰਨ ਵਾਲੀ ਵਸਤੂ ਹੈ, ਜਿਸ ਤੋਂ ਆਵਾਸ ਵਿਚ ਵੀ ਤੇ ਪਰਵਾਸ ਵਿਚ ਵੀ ਲੋੜ ਅਨੁਸਾਰ ਕਈ ਕੰਮ ਕਰਵਾ ਲਏ ਜਾਂਦੇ ਹਨ। ਪਰਵਾਸ ਦਾ ਵਰਤਾਰਾ ਐਨਾ ਗੁੰਝਲਦਾਰ ਅਤੇ ਘਾਤਕ ਹੈ ਕਿ ਇਸ ਨੂੰ ਸਟੇਟ ਨੇ ਆਪਣੇ ਮਨੋਰਥ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪੂੰਜੀਵਾਦ ਵਿਰੁੱਧ ਵਿਦਰੋਹ ਕਰਨ ਲਈ ਲੋਕਾਂ ਦਾ ਇਕੱਠੇ ਹੋਣਾ ਜਿੰਨਾ ਵੱਧ ਜ਼ਰੂਰੀ ਹੈ, ਪੂੰਜੀਵਾਦੀ ਸਟੇਟ ਲੋਕਾਂ ਨੂੰ ਉਂਨਾ ਵੱਧ ਵੰਡ ਰਹੀ ਹੈ, ਖਿੰਡਾਅ ਰਹੀ ਹੈ। ਇਸ ਕਾਰਨ ਮਨੁੱਖ ਸਾਹਮਣੇ ਆਪਣੀ ਹੋਂਦ ਤੇ ਪਛਾਣ ਦਾ ਸੰਕਟ ਪੈਦਾ ਹੋ ਗਿਆ ਹੈ। ਉਹ ਕਿਸੇ ਇਨਕਲਾਬ ਤੋਂ ਪਹਿਲਾਂ ਆਪਣੀ ਹੋਂਦ ਤੇ ਪਛਾਣ ਲਈ ਜੰਗ ਲੜ ਰਿਹਾ ਹੈ ਤੇ ਇਸ ਜੰਗ ਵਿਚ ਜਿੱਤ ਦੇ ਯਕੀਨ ਨਾਲੋਂ ਹਾਰ ਦਾ ਵਧੇਰੇ ਡਰ ਹੈ।