ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮੇਲਾ ਗ਼ਦਰੀ ਬਾਬਿਆਂ ਦਾ

Posted On November - 16 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਬਾਬਾ ਸ਼ਬਦ ਬਜ਼ੁਰਗੀ ਨਾਲ ਜੁੜਦਾ ਹੈ, ਇੱਥੇ ਬਾਬਾ ਮਾਣ, ਇੱਜ਼ਤ, ਸਿਆਣਪ ਤੇ ਸਮਰਪਣ ਦੀ ਬਾਤ ਪਾਉਣ ਵਾਲਾ ਹੈ। ਬਾਬਾ ਹੋ ਜਾਣਾ ਪੂਜਨੀਕ ਹੋ ਜਾਣਾ ਹੈ, ਇਸੇ ਲਈ ਇਨ੍ਹਾਂ ਨਿਆਰੇ ਬਾਬਿਆਂ ਦੀ ਯਾਦ ਵਿਚ ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੇਲਾ ਭਰਦਾ ਹੈ, ਜਿਸਨੂੰ ਕਹਿੰਦੇ ਨੇ-ਮੇਲਾ ਗ਼ਦਰੀ ਬਾਬਿਆਂ ਦਾ। ਇਸ ਮੇਲੇ ਦੇ ਆਖਰੀ ਦਿਨ ਪਹਿਲੀ ਨਵੰਬਰ ਦੀ ਰਾਤ ਨੂੰ ਰੰਗਮੰਚ ਦਾ ਦਰਿਆ ਵਗਦਾ ਹੈ ਤੇ ਦਰਸ਼ਕਾਂ ਦਾ ਹੜ੍ਹ ਆਉਂਦਾ ਹੈ। ਬੱਸਾਂ, ਕਾਰਾਂ, ਟਰਾਲੀਆਂ, ਵੈਨਾਂ ਰਾਹੀਂ ਦੂਰ ਦੁਰਾਡੇ ਤੋਂ ਰੰਗਮੰਚ ਪ੍ਰੇਮੀ ਵਹੀਰਾਂ ਘੱਤ ਕੇ ਆਉਂਦੇ ਹਨ। ਪਖੰਡੀ ਬਾਬਿਆਂ ਦੇ ਦਰ ’ਤੇ ਕਤਾਰਾਂ ਬੰਨ੍ਹ ਕੇ ਜਾਣ ਵਾਲੇ ਲੋਕਾਂ ਨੂੰ ਦੇਖ ਪਰੇਸ਼ਾਨ ਹੋਣ ਵਾਲੇ ਸੁਹਿਰਦ ਲੋਕਾਂ ਲਈ ਇਹ ਮੰਜ਼ਰ ਰੂਹ ਨੂੰ ਸਕੂਨ ਦੇਣ ਵਾਲਾ ਹੈ।
27 ਸਤੰਬਰ 1991 ਨੂੰ ਇਹ ਮੇਲਾ ਸੰਖੇਪ ਤੇ ਸੰਕੇਤਕ ਰੂਪ ਵਿਚ ਬਾਹਰਲੇ ਪਾਰਕ ’ਚ ਝੰਡਾ ਲਹਿਰਾਉਣ ਤੇ ਕਵੀ ਦਰਬਾਰ ਨਾਲ ਆਰੰਭਿਆ ਗਿਆ। ਅਗਲੇ ਸਾਲ ਤੋਂ ਹਾਲ ਦੇ ਅੰਦਰ ਨਾਟਕ ਅਤੇ ਗੀਤ ਸੰਗੀਤ ਦੀ ਸ਼ਾਮ ਰਚਾਈ ਜਾਣ ਲੱਗੀ, ਤੇ ਫੇਰ ਆਇਆ 1995। ਪੰਜਾਬ ਭਰ ਤੋਂ ਰੰਗਕਰਮੀ ਇਕੱਤਰ ਹੋਏ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਵਰਕਸ਼ਾਪ ਲੱਗੀ ਤੇ ਨਾਟਕ ਤਿਆਰ ਹੋਇਆ- ‘ਇਤਿਹਾਸ ਦੇ ਸਫ਼ੇ ’ਤੇ’। ਇਸ ਨਾਟਕ ਨੂੰ ਦੇਖਣ ਆਏ ਦਰਸ਼ਕਾਂ ਦੀ ਗਿਣਤੀ ਏਨੀ ਹੱਦਾਂ ਬੰਨੇ ਟੱਪ ਗਈ ਕਿ ਅੰਦਰ ਵਾਲਾ ਹਾਲ ਛੋਟਾ ਪੈ ਗਿਆ। ਕਮੇਟੀ ਬਾਗੋ ਬਾਗ ਹੋ ਗਈ ਤੇ ਵੱਖਰੇ ਵਡੇਰੇ ਪੰਡਾਲ ਦਾ ਸੁਪਨਾ ਜਾਗਿਆ ।
ਸੱਜੀ ਵੱਖੀ ’ਚ ਬਦਰੀ ਨਾਥ ਦੀ ਹਵੇਲੀ ਸੀ ਤੇ ਨਾਲ ਖੜ੍ਹਾ ਸੀ ਜੰਗਲ। ਭਾਈ ਲਾਲੋ ਦੇ ਵਾਰਿਸਾਂ ਕਹੀਆਂ ਚੁੱਕੀਆਂ ਤੇ ਜੰਗਲ ਪੱਧਰ ਕਰ ਲਿਆ। ਸ਼ਹੀਦ ਭਗਤ ਸਿੰਘ ਸਟੇਡੀਅਮ ਹੋਂਦ ’ਚ ਆਇਆ ਤੇ 1996 ਦਾ ਮੇਲਾ ਇਸ ਸਟੇਜ ’ਤੇ ਨਿਭਿਆ। ਇੱਥੋਂ ਹੀ ਵਿਧੀਗਤ ਢੰਗ ਨਾਲ ਝੰਡੇ ਦਾ ਗੀਤ ਆਰੰਭ ਹੋਇਆ ਜੋ 31 ਅਕਤੂਬਰ ਦੀ ਰਾਤ ਅਤੇ ਪਹਿਲੀ ਨਵੰਬਰ ਦੇ ਦਿਨ ਵਾਲੇ ਸਮਾਗਮਾਂ ਦਰਮਿਆਨ ਇਕ ਲੜੀ ਵਜੋਂ ਭੂਮਿਕਾ ਨਿਭਾਉਣ ਲੱਗਾ। ਕੁਝ ਨਾਟਕ 31 ਅਕਤੂਬਰ ਦੀ ਰਾਤ ਨੂੰ ਹੁੰਦੇ ਤੇ ਮੁੱਖ ਨਾਟਕ ਪਹਿਲੀ ਨਵੰਬਰ ਦੀ ਰਾਤ ਤੋਂ ਲੈ ਕੇ ਦੋ ਨਵੰਬਰ ਦੇ ਸਰਘੀ ਵੇਲੇ ਤਕ ਧੂਣੀ ਮਘਾਈ ਰੱਖਦੇ। ਪੰਜਾਬ ਦੇ ਸੱਭਿਆਚਾਰਕ ਇਤਿਹਾਸ ਵਿਚ ਇਹ ਮੇਲਾ ਸ਼ਮਲੇ ਵਾਲੀ ਪੱਗ ਬੰਨ੍ਹ ਕੇ ਆ ਨਿਤਰਿਆ ਤੇ ਦੇਸ਼ ਵਿਦੇਸ਼ ਚਰਚਾ ਹੋਣ ਲੱਗੀ। ਥਾਂ ਥਾਂ ’ਤੇ ਗਦਰੀ ਸ਼ਹੀਦਾਂ ਦੇ ਪਿੰਡਾਂ ਵਿਚ ਕਮੇਟੀਆਂ ਬਣਨ ਲੱਗੀਆਂ, ਮੇਲੇ ਰਚਾਏ ਜਾਣ ਲੱਗੇ ਤੇ ਜਲੰਧਰ ਦੇ ਮੇਲੇ ’ਚੋਂ ਚੁਣ ਕੇ ਨਾਟਕ ਟੀਮਾਂ ਨੂੰ ਦੂਰ ਦੁਰਾਡਿਉਂ ਸੱਦੇ ਆਉਣ ਲੱਗੇ। ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ’ਚ ਵੀ ਗ਼ਦਰੀ ਮੇਲੇ ਹੋਣ ਲੱਗੇ। ਰੰਗਮੰਚ ਇਨ੍ਹਾਂ ਮੇਲਿਆਂ ਦੀ ਲੋੜ ਵੀ ਬਣਿਆ ਤੇ ਸ਼ਾਨ ਵੀ। ਦਰਸ਼ਕ ਦੋ ਮਹੀਨੇ ਪਹਿਲਾਂ ਹੀ ਕਣਸੋਆਂ ਲੈਣ ਲੱਗ ਪੈਂਦੇ ਹਨ ਕਿ ਇਸ ਵਾਰ ਕਿਸਦਾ ਕਿਹੜਾ ਨਾਟਕ ਖੇਡਿਆ ਜਾਵੇਗਾ। ਨਾਟਕ ਮੇਲੇ ਦਾ ਸਿੱਧਾ ਸਬੰਧ ਗ਼ਦਰ ਲਹਿਰ ਨਾਲ ਤਾਂ ਹੈ ਹੀ ਸੀ, ਪਰ ਇਤਿਹਾਸਕ ਵਰਤਾਰਿਆਂ ਨੂੰ ਕਲਾਵੇ ਵਿਚ ਲੈਣ ਲਈ ਇਹ ਮੇਲਾ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਆਜ਼ਾਦ ਹਿੰਦ ਫ਼ੌਜ, ਜੱਲ੍ਹਿਆਂਵਾਲਾ ਵਾਲਾ ਬਾਗ਼, ਕਾਮਾਗਾਟਾਮਾਰੂ, ਕੂਕਾ ਲਹਿਰ, ਕਾਲੇ ਪਾਣੀਆਂ ਦੇ ਸ਼ਹੀਦਾਂ ਨੂੰ ਵੀ ਨਤਮਸਤਕ ਹੁੰਦਾ ਰਿਹਾ ਤੇ ਰੰਗਕਰਮੀ ਇਨ੍ਹਾਂ ਲਹਿਰਾਂ ਦੇ ਅਣਛੋਹੇ ਸਫੇ ਮੰਚ ਤੋਂ ਜ਼ਿੰਦਾ ਕਰਦੇ ਰਹੇ।

ਡਾ. ਸਾਹਿਬ ਸਿੰਘ

ਇਸ ਮੇਲੇ ਦੇ ਰੰਗਮੰਚ ਨੇ 28 ਸਾਲਾਂ ਦੌਰਾਨ ਬੜਾ ਕੁਝ ਦੇਖਿਆ, ਦਿਖਾਇਆ, ਅਨੁਭਵ ਕੀਤਾ ਤੇ ਮਾਣਿਆ। ਹਰ ਸਾਲ ਆਉਣ ਵਾਲਾ ਦਰਸ਼ਕ ਰੰਗਮੰਚ ਨੂੰ ਵਧੇਰੇ ਪਿਆਰ ਕਰਨ ਲੱਗਾ। ਅਦਾਕਾਰੀ ਤੇ ਨਿਰਦੇਸ਼ਨਾਂ ਦੀ ਮਹੱਤਤਾ ਵੀ ਸਮਝਣ ਲੱਗਾ ਤੇ ਆਪਣੀ ਵਿਚਾਰ ਚਰਚਾ ਦਾ ਹਿੱਸਾ ਬਣਾਉਣ ਲੱਗਾ। ਬੜੀ ਖ਼ੁਸ਼ੀ ਭਰੀ ਹੈਰਾਨੀ ਹੁੰਦੀ ਹੈ ਜਦੋਂ ਦਰਸ਼ਕ ਤੁਹਾਨੂੰ ਤੁਹਾਡੇ ਨਾਟਕ ਬਾਰੇ ਅੰਦਰਲੀਆਂ ਬਾਹਰਲੀਆਂ ਰਮਜ਼ਾਂ ਦੱਸਦੇ ਹਨ ਤੇ ਨੁਕਤੇ ਉਭਾਰਦੇ ਹਨ। ਦਰਸ਼ਕਾਂ ਵਿਚ ਔਰਤਾਂ ਦੀ ਗਿਣਤੀ ਕਦੇ ਵੀ ਅੱਧ ਤੋਂ ਹੇਠਾਂ ਨਹੀਂ ਡਿੱਗੀ। ਲੋਕ ਦੀਵਾਲੀ ਵਿਸਾਖੀ ਦੀ ਤਰ੍ਹਾਂ ਇਸ ਦਾ ਇੰਤਜ਼ਾਰ ਕਰਦੇ ਹਨ। ਮੁਲਕ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਇਸ ਮੇਲੇ ਵਿਚ ਸ਼ਿਰਕਤ ਕਰਨ ਲੱਗੀਆਂ। ਆਮ ਪ੍ਰਭਾਵ ਇਹ ਬਣਿਆ ਕਿ ਸ਼ਾਇਦ ਇੱਥੇ ਸਿਰਫ਼ ਤੱਤੇ ਨਾਟਕ ਹੀ ਖੇਡੇ ਜਾਂਦੇ ਹਨ, ਪਰ ਸਹਿਜੇ ਸਹਿਜੇ ਨਾਟਕਾਂ ਦੀ ਚੋਣ ਤੇ ਦਰਸ਼ਕਾਂ ਦਾ ਰਵੱਈਆ ਮੋਕਲਾ ਹੋਇਆ ਹੈ ਤੇ ਹੁਣ ਮੇਲੇ ਵਿਚ ਠਹਿਰਾਓ ਵਾਲੇ ਸੂਖ਼ਮ ਬਿਆਨੀ ਕਰਦੇ ਨਾਟਕ ਵੀ ਪੇਸ਼ ਹੁੰਦੇ ਹਨ, ਪਰ ਕਦੇ ਵੀ ਕੋਈ ਨਾਟਕ ਲੋਕਾਂ ਦੇ ਮਸਲਿਆਂ ਦੀ ਗੱਲ ਕਰਨੋਂ ਨਹੀਂ ਉੱਕਿਆ। ਇਹ ਪ੍ਰਤੀਬੱਧਤਾ ਤੇ ਸਿਆਣਪ ਰੰਗਕਰਮੀਆਂ ਦੇ ਹਿੱਸੇ ਆਈ ਹੈ।
28 ਸਾਲਾਂ ਦੇ ਸਫ਼ਰ ਦੌਰਾਨ ਕਈ ਮਿੱਠੇ ਕੌੜੇ ਅਨੁਭਵ ਹੋਏ। 1994 ਦੇ ਮੇਲੇ ਵਿਚ ਭਾਅ ਜੀ ਗੁਰਸ਼ਰਨ ਸਿੰਘ ਨੇ ‘ਗ਼ਦਰ ਲਹਿਰ ਦਾ ਇਤਿਹਾਸ’ ਸਾਨੂੰ ਮੰਚ ਤੋਂ ਪੜ੍ਹਨ ਲਈ ਕਹਿ ਦਿੱਤਾ। ਮੰਚ ’ਤੇ ਚਾਰ ਕੁਰਸੀਆਂ ਰੱਖ ਦਿੱਤੀਆਂ, ਮੈਂ, ਗੁਲਸ਼ਨ, ਰੋਜ਼ੀ, ਮਲਕੀਤ ਉਨ੍ਹਾਂ ’ਤੇ ਸਕ੍ਰਿਪਟ ਫੜ ਕੇ ਬਹਿ ਗਏ ਤੇ ਇਤਿਹਾਸ ਪੜ੍ਹਨ ਲੱਗੇ। ਲਾਈਟ ਵਾਲਾ ਕਦੇ ਲਾਈਟਾਂ ਤੇਜ਼ ਕਰ ਦਿੰਦਾ ਤਾਂ ਅੱਖਾਂ ਚੁੰਧਿਆ ਜਾਂਦੀਆਂ, ਪੜ੍ਹਨਾ ਔਖਾ ਹੋ ਜਾਂਦਾ ਤੇ ਅਸੀਂ ਕਿਤੋਂ ਦੀ ਸਤਰ ਕਿਤੇ ਬੋਲ ਕੇ ਉਘ ਪਤਾਲ ਮਾਰਨ ਲੱਗਦੇ, ਉੱਤੋਂ ਭਾਅ ਦਾ ਪਤਾ ਨਾ ਲੱਗਦਾ ਕਿ ਕਦੋਂ ਉਹ ਸਾਡੇ ਪਾਠ ਦੇ ਵਿਚ ਈ ਆ ਜਾਂਦੇ ਤੇ ਭਾਵੁਕ ਹੋਏ ਪੰਜ ਪੰਜ ਮਿੰਟ ਬੋਲਦੇ ਰਹਿੰਦੇ। ਅਸੀਂ ਮੁਸ਼ਕਿਲ ਨਾਲ ਉਨ੍ਹਾਂ ਤੋਂ ਵਾਰੀ ਲੈਂਦੇ। ਦਰਅਸਲ, ਭਾਅ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਤਜਰਬਾ ਦਿਲਚਸਪ ਨਹੀਂ ਹੈ ਤੇ ਪੇਸ਼ਕਾਰੀ ਰੁੱਖੀ ਜਾ ਰਹੀ ਹੈ। ਉਹ ਜਜ਼ਬਾਤੀ ਤਕਰੀਰ ਨਾਲ ਰੰਗ ਬੰਨ੍ਹਣ ਦੀ ਜ਼ਿੰਮੇਵਾਰੀ ਨਿਭਾਉਂਦੇ।
ਜਦੋਂ ਸਿਲਸਿਲਾ ਲੰਬਾ ਚੱਲ ਰਿਹਾ ਹੋਵੇ ਤਾਂ ਰਾਹ ’ਚ ਟੋਏ ਟਿੱਬੇ ਵੀ ਆਉਣਗੇ, ਪਰ ਜੇ ਮੰਜ਼ਿਲ ਬਾਰੇ ਸਪੱਸ਼ਟਤਾ ਹੈ ਤਾਂ ਰਾਹੀ ਨਾ ਰੁਕਣਗੇ ਨਾ ਭਟਕਣਗੇ। ਰੰਗਕਰਮੀਆਂ ਦਾ ਉਤਸ਼ਾਹ ਅੱਜ ਵੀ ਕਾਇਮ ਹੈ ਤੇ ਅਹਿਦ ਹੈ ਕਿ ਮੇਲਾ ਗਦਰੀ ਬਾਬਿਆਂ ਦਾ ਉਸੇ ਮਾਣ ਤੇ ਜਜ਼ਬੇ ਨਾਲ ਰੰਗਮੰਚ ਦੀ ਮਸ਼ਾਲ ਜਗਾਈ ਰੱਖੇਗਾ ਅਤੇ ਮੱਥੇ ਰੁਸ਼ਨਾਉਂਦਾ ਰਹੇਗਾ।

ਸੰਪਰਕ: 98880-11096


Comments Off on ਮੇਲਾ ਗ਼ਦਰੀ ਬਾਬਿਆਂ ਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.