ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਮੀਂਹ ਕਾਰਨ ਮੰਡੀਆਂ ’ਚ ਝੋਨਾ ਬਦਰੰਗ ਤੇ ਫ਼ਸਲਾਂ ਕਰੰਡ

Posted On November - 8 - 2019

ਪਿੰਡ ਫਫੜੇ ਭਾਈਕੇ ਦੇ ਖਰੀਦ ਕੇਂਦਰ ਵਿੱਚ ਮੀਂਹ ਕਾਰਨ ਭਿੱਜਿਆ ਝੋਨਾ ਜਿਸ ਨੂੰ ਕਿਸਾਨਾਂ ਨੇ ਆਪਣੀਆਂ ਪੱਲੀਆਂ ਨਾਲ ਢਕਿਆ।

ਜੋਗਿੰਦਰ ਸਿੰਘ ਮਾਨ
ਮਾਨਸਾ, 7 ਨਵੰਬਰ
ਮਾਲਵਾ ਖੇਤਰ ਵਿੱਚ ਬੀਤੀ ਰਾਤ ਆਏ ਮੀਂਹ ਨੇ ਝੋਨੇ ਦੀ ਤੁਲਾਈ ਅਤੇ ਝੜਾਈ ਦਾ ਕੰਮ ਰੋਕ ਦਿੱਤਾ ਹੈ, ਹਲਕੇ ਮੀਂਹ ਨੇ ਲਿਫਟਿੰਗ ਦਾ ਕਾਰਜ ਵੀ ਰੋਕ ਦਿੱਤਾ ਹੈ। ਮੰਡੀਆਂ ਵਿੱਚ ਕਈ ਦਿਨਾਂ ਤੋਂ ਪਿਆ ਕਿਸਾਨਾਂ ਦਾ ਝੋਨਾ ਬੋਲੀ ਦੇ ਯੋਗ ਨਹੀਂ ਰਿਹਾ, ਇਸ ਝੋਨੇ ਵਿੱਚ ਸਿੱਲ੍ਹ ਕਾਰਨ ਨਮੀ ਭਰ ਗਈ ਹੈ। ਮਾਲਵਾ ਖੇਤਰ ਦੇ ਕਿਸੇ ਵੀ ਜ਼ਿਲ੍ਹੇ ਵਿੱਚ, ਕਿਸੇ ਵੀ ਮੰਡੀ ਵਿੱਚ ਆੜ੍ਹਤੀਆਂ ਦੀਆਂ ਤਰਪਾਲਾਂ ਦੀ ਥਾਂ ਕਿਸਾਨਾਂ ਨੇ ਆਪਣੇ ਘਰਾਂ ‘ਚੋਂ ਪੱਲੀਆਂ ਅਤੇ ਮੋਮੀ ਕਾਗਜ਼ ਲਿਆ ਕੇ ਜਿਣਸ ਨੂੰ ਢਕਿਆ ਹੈ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਅੱਜ ਸਾਰਾ ਦਿਨ ਮਾਨਸਾ ਅਤੇ ਇਸ ਦੇ ਨਾਲ ਲੱਗੇ ਇਲਾਕਿਆਂ ਵਿੱਚ ਕਿਸੇ ਵੀ ਖਰੀਦ ਕੇਂਦਰ ‘ਚ ਝੋਨੇ ਦੀ ਬੋਲੀ ਨਹੀਂ ਲੱਗ ਸਕੀ ਹੈ। ਅੱਜ ਕਿਸੇ ਵੀ ਖਰੀਦ ਕੇਂਦਰ ਵਿੱਚ ਕਿਸੇ ਸਰਕਾਰੀ ਅਧਿਕਾਰੀ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਬਾਰੇ ਵੀ ਜਾਣਕਾਰੀ ਨਹੀਂ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾਂ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਜਿਣਸ ਨੂੰ ਭਿੱਜਣ ਤੋਂ ਬਚਾਉਣ ਲਈ ਕੋਈ ਬੰਦੋਬਸਤ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਅਜਿਹੀ ਜਿਣਸ ਨੂੰ ਮੀਂਹ-ਕਣੀਂ ਤੋਂ ਬਚਾਉਣ ਲਈ ਹਰੇਕ ਆੜ੍ਹਤੀਏ ਕੋਲ ਤਰਪਾਲ ਦਾ ਹੋਣਾ ਜ਼ਰੂਰੀ ਹੈ, ਪਰ ਅਜਿਹਾ ਮਾਨਸਾ ਜ਼ਿਲ੍ਹੇ ਦੇ 115 ਖਰੀਦ ਕੇਂਦਰਾਂ ਵਿੱਚ ਕਿਧਰੇ ਵੀ ਨਹੀਂ ਹੋਇਆ ਹੈ।
ਮੀਂਹ ਨੇ ਝੋਨੇ ਤੋਂ ਇਲਾਵਾ ਖੇਤਾਂ ਵਿੱਚ ਖੜ੍ਹੇ ਨਰਮੇ ਦੀ ਚੁਗਾਈ ਨੂੰ ਵੀ ਠੱਲ੍ਹ ਪਾਈ ਹੈ। ਅੱਜ ਇਸ ਖੇਤਰ ਵਿਚਲੇ ਖੇਤਾਂ ਵਿੱਚ ਨਾ ਹੀ ਪਿਛੇਤੇ ਝੋਨੇ ਦੀ ਕਟਾਈ ਦਾ ਕੰਮ ਚੱਲਿਆ ਹੈ ਅਤੇ ਨਾ ਹੀ ਨਰਮੇ ਦੀ ਚੁਗਾਈ ਦਾ ਕਾਰਜ ਚੱਲ ਸਕਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੌਸਮ ਦੇ ਮੱਦੇਨਜ਼ਰ ਮੰਡੀਆਂ ਵਿੱਚ ਪ੍ਰਬੰਧ ਯਕੀਨੀ ਬਣਾਉਣ।

ਮੀਂਹ ਅਤੇ ਝੱਖੜ ਕਾਰਨ ਵਿਛੀ ਪਈ ਮੱਕੀ ਦੀ ਫ਼ਸਲ।

ਬੇਮੌਸਮੀ ਮੀਂਹ ਨੇ ਕਣਕ ਤੇ ਮੱਕੀ ਦੀ ਫ਼ਸਲ ਨੁਕਸਾਨੀ

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 7 ਨਵੰਬਰ
ਬੇਮੌਸਮੀ ਮੀਂਹ ਅਤੇ ਝੱਖੜ ਕਾਰਨ ਕੱਲ੍ਹ ਸ਼ਾਮ ਨੂੰ ਹੋਈ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤੇਜ਼ ਮੀਂਹ ਅਤੇ ਝੱਖੜ ਕਾਰਨ ਕਿਸਾਨਾਂ ਵੱਲੋਂ ਜੋ ਕਣਕ ਦੀ ਮਹਿੰਗੇ ਭਾਅ ਦੇ ਬੀਜਾਂ ਅਤੇ ਖਾਦਾਂ ਵਰਤ ਕੇ ਬਿਜਾਈ ਕੀਤੀ ਗਈ ਸੀ, ਉਹ ਕਰੰਡ ਹੋ ਗਈ ਹੈ।
ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪੱਕੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਤੇਜ ਝੱਖਣ ਨੇ ਜਿੱਥੇ ਕਿਸਾਨਾਂ ਦੇ ਨਰਮੇ ਮਧੋਲ ਦਿੱਤੇ ਹਨ ਉੱਥੇ ਮੱਕੀ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਵੇਚਣ ਲਈ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਵੀ ਮੀਂਹ ਕਾਰਨ ਭਿੱਜ ਗਈ ਹੈ। ਝੱਖੜ ਕਾਰਨ ਪਿੰਡ ਤਿਉਣਾ ਦੇ ਕਿਸਾਨ ਮੋਹਤਮ ਸਿੰਘ ਦੀ ਮੱਕੀ ਦੀ ਫਸਲ ਜੜ੍ਹੋਂ ਪੁੱਟੀ ਗਈ ਹੈ। ਇਸ ਤੋਂ ਇਲਾਵਾ ਕਿਸਾਨ ਜਸਕਰਨ ਸਿੰਘ ਦੀ 9 ਏਕੜ ਕਣਕ ਅਤੇ ਜਸਵੰਤ ਸਿੰਘ ਦੀ 4 ਏਕੜ ਤੋਂ ਇਲਾਵਾ ਹੋਰਨਾ ਕਈ ਕਿਸਾਨਾਂ ਦੀ ਕਣਕ ਕਰੰਡ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਲਾਹਕਾਰ ਜਗਸੀਰ ਸਿੰਘ ਝੁੰਬਾ ਨੇ ਸਰਕਾਰ ਤੋਂ ਬੇਮੌਸਮੀ ਬਾਰਿਸ਼ ਹੋਣ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡੀਜ਼ਲ ਤੋਂ ਇਲਾਵਾ ਬੀਜ ਅਤੇ ਖਾਦਾਂ ਦਾ ਖਰਚ ਤੁਰੰਤ ਦੇਵੇ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇੱਥੇ ਵੀਰਵਾਰ ਨੂੰ ਬਾਅਦ ਦੁਪਹਿਰ ਤੇਜ਼ ਹਵਾਵਾਂ ਅਤੇ ਬਾਅਦ ’ਚ ਸ਼ੁਰੂ ਹੋਏ ਮੀਂਹ ਨਾਲ ਜਿੱਥੇ ਠੰਢ ਵਧ ਗਈ ਉੱਥੇ ਹੀ ਮੰਡੀਆਂ ’ਚ ਝੋਨੇ ਦੀ ਫਸਲ ਲੈ ਬੈਠੇ ਕਿਸਾਨਾਂ ਨੂੰ ਤਰਪਾਲਾਂ ਲਈ ਦੋ ਚਾਰ ਹੋਣਾ ਪਿਆ। ਇਸ ਦੇ ਨਾਲ ਹੀ ਵਾਢੀ ਦੇ ਕੰਮ ’ਚ ਲੱਗੇ ਕਿਸਾਨਾਂ ਨੂੰ ਕੰਮ-ਕਾਜ ਰੋਕਣਾ ਪਿਆ। ਇਸ ਦੌਰਾਨ ਫਾਜ਼ਿਲਕਾ ਰੋਡ ’ਤੇ ਪਿੰਡ ਘੁਬਾਇਆ ਅਤੇ ਭੰਬਾਵੱਟੂ ਵਿੱਚ ਗੜੇ ਪਏ ਜਿਸ ਨਾਲ ਕਿਸਾਨਾਂ ਦਾ ਪੱਕਾ ਝੋਨਾ ਨੁਕਸਾਨਿਆ ਗਿਆ।


Comments Off on ਮੀਂਹ ਕਾਰਨ ਮੰਡੀਆਂ ’ਚ ਝੋਨਾ ਬਦਰੰਗ ਤੇ ਫ਼ਸਲਾਂ ਕਰੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.