ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਮਿੰਨੀ ਕਹਾਣੀ

Posted On November - 17 - 2019

ਨਿਘਾਰ

‘‘ਸਤਿ ਸ੍ਰੀ ਅਕਾਲ ਥਾਣੇਦਾਰ ਸਾਬ੍ਹ… ਆਹ ਫੇਰੋ ਇਹਦੇ ਘੋਟਾ, ਮਸ਼ੋਰ ਮਸਾਂ ਬਚਾਇਐ ਜਲਾਦ ਤੋਂ। ਕੁੱਟ-ਕੁੱਟ ਲਾਲ ਕਰ’ਤਾ ਕਸਾਈ ਨੇ। ਉਹ ਤਾਂ ਮੁੰਡੇ ਨੇ ਮੂਹਰੋਂ ਹੱਥ ਚੁੱਕ ਲਿਆ, ਨਹੀਂ ਤਾਂ ਪਤਾ ਨੀ ਮਾਰ ਈ ਦਿੰਦਾ ਜਵਾਕ ਨੂੰ…।’’ ਸਤਿ ਸ੍ਰੀ ਅਕਾਲ ਦਾ ਜਵਾਬ ਉਡੀਕੇ ਬਿਨਾਂ ਹੀ ਸਰਪੰਚ ਬਘੇਲ ਸਿਹੁੰ ਨੇ ਮਨ ਦੀ ਸਾਰੀ ਭੜਾਸ ਕੱਢ ਮਾਰੀ। ਸਰਪੰਚ ਦੇ ਮਗਰੇ ਪਿੰਡ ਦੇ ਪੰਜ-ਸੱਤ ਬੰਦੇ ਅੱਗੜ-ਪਿੱਛੜ ਸਤਿ ਸ੍ਰੀ ਅਕਾਲ ਬੋਲਦੇ ਅੰਦਰ ਲੰਘ ਆਏ।
‘‘ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ, ਆ ਜੋ ਬੈਠੋ।’’ ਥਾਣੇਦਾਰ ਸੁੱਚਾ ਸਿੰਘ ਨੇ ਕੁਰਸੀਆਂ ਤੇ ਬੈਂਚਾਂ ਵੱਲ ਇਸ਼ਾਰਾ ਕਰਦਿਆਂ ਕਿਹਾ। ‘‘ਕੀ ਗੱਲ ਹੋਗੀ ਸਰਪੰਚ ਸਾਬ੍ਹ… ਪਿੰਡ ਦਾ ਕੋਈ ਝਗੜਾ ਝੇੜਾ ਹੋ ਗਿਆ…? ਕਿਹੜੇ ਮੁਜ਼ਰਮ ਨੂੰ ਲਈ ਫਿਰਦੇ ਓ…?’’ ਥਾਣੇਦਾਰ ਸੁੱਚਾ ਸਿੰਘ ਨੇ ਫਾਈਲਾਂ ਫੋਲਦਿਆਂ ਕਿਹਾ। ਉਹ ਸਰਪੰਚ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ।
‘‘ਮੁਜ਼ਰਮ ਤਾਂ ਨਾਲ਼ ਈ ਐ, ਬੱਸ ਘੋਟਾ ਚਾੜ੍ਹ ਦਿਓ… ਕਸਾਈ ਦੇ…।’’ ਗਾਲ੍ਹ ਕੱਢ ਸਰਪੰਚ ਨੇ ਕੁਰਸੀ ਅੱਗੇ ਨੂੰ ਖਿੱਚ ਲਈ। ਫਾਈਲਾਂ ਤੋਂ ਨਜ਼ਰਾਂ ਚੁੱਕ ਜਦੋਂ ਥਾਣੇਦਾਰ ਦੀ ਨਿਗਾਹ ਪਿੱਛੇ ਨੀਵੀਂ ਪਾਈ ਖੜ੍ਹੇ ਬੰਦੇ ’ਤੇ ਪਈ ਤਾਂ ਉਹ ਕੁਰਸੀ ਤੋਂ ਉੱਠ ਖੜ੍ਹਾ ਹੋਇਆ ਤੇ ‘ਤੁਸੀਂ…’ ਸ਼ਬਦ ਉਸ ਦੇ ਗਲ਼ੇ ’ਚ ਹੀ ਅਟਕ ਗਿਆ ਲੱਗਿਆ। ਉਸ ਨੇ ਅੱਗੇ ਵਧ, ਪੈਰੀਂ ਹੱਥ ਲਾ, ਮਾਸਟਰ ਪ੍ਰੀਤਮ ਸਿੰਘ ਨੂੰ ਮੋਢਿਆਂ ਤੋਂ ਫੜ ਕੇ ਆਪਣੀ ਕੁਰਸੀ ’ਤੇ ਬਿਠਾ ਦਿੱਤਾ। ਸਾਰੇ ਸੁੰਨ ਜਿਹੇ ਹੋਏ ਥਾਣੇਦਾਰ ਸੁੱਚਾ ਸਿੰਘ ਵੱਲ ਵੇਖਣ ਲੱਗੇ।
‘‘ਇਨ੍ਹਾਂ ਦੀ ਸ਼ਿਕਾਇਤ ਲੈ ਕੇ ਆਉਂਦਿਆਂ ਤੁਹਾਨੂੰ ਸ਼ਰਮ ਨੀ ਆਈ? ਜਿਨ੍ਹਾਂ ਨੇ ਪਿੰਡ ਦੀ ਜਵਾਨੀ ਨੂੰ ਕਈ ਅਲਾਮਤਾਂ ਤੋਂ ਬਚਾ ਕੇ ਰੁਜ਼ਗਾਰ ਦੇ ਰਾਹ ਪਾਇਐ। ਬਘੇਲ ਸਿੰਘ ਜੀ! ਜਿਸ ਤਰ੍ਹਾਂ ਦੀ ਗੱਲ ਤੁਸੀਂ ਕਰਦੇ ਓ, ਐਨਾ ਮਾਰਨ ਵਾਲੇ ਨਹੀਂ ਮਾਸਟਰ ਜੀ।’’ ਪਾਣੀ ਲਿਆਉਣ ਦਾ ਹੁਕਮ ਕਰ ਕੇ ਥਾਣੇਦਾਰ ਸੁੱਚਾ ਸਿੰਘ ਫੇਰ ਬੋਲਣ ਲੱਗਿਆ, ‘‘ਸਾਡੇ ਸਮਾਜ ਨੂੰ ਵਿਗਾੜਨ ਤੇ ਨਿਘਾਰਨ ਵਿਚ ਥੋਡੇ ਵਰਗਿਆਂ ਦਾ ਹੱਥ ਐ। ਜਿਹੜੇ ਮਸ਼ੋਰ ਨੇ ਅੱਜ ਮਾਸਟਰ ਜੀ ’ਤੇ ਹੱਥ ਚੁੱਕਿਐ, ਉਹ ਕੱਲ੍ਹ ਨੂੰ ਥੋਡੇ ’ਤੇ ਚੁੱਕੂ। ਬੇਡਰ ਹੋਇਆ ਨਸ਼ੇ ਤੇ ਹੋਰ ਵਾਧੂ ਖਰਚੇ ਕਰੂ। ਬੱਚਾ ਤੇ ਰੰਬਾ ਚੰਡੇ ਕੰਮ ਦਿੰਦੇ ਨੇ। ਅਧਿਆਪਕ ਤੇ ਮਾਪੇ ਦੀ ਮਾਰ ਕਦੇ ਕਿਸੇ ਰੰਜਿਸ਼ ਕਰਕੇ ਨਹੀਂ ਸਗੋਂ ਸਹੀ ਸੇਧ ਦੇਣ ਲਈ ਹੀ ਹੁੰਦੀ ਐ।’’ ਸਰਪੰਚ ਦੀ ਤਾਂ ਇਹ ਸੁਣ ਕੇ ਨੀਵੀਂ ਪੈ ਗਈ ਜਿਵੇਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੋਵੇ।
‘‘ਗੱਲ ਤਾਂ ਠੀਕ ਐ।’’ ਬੈਠਿਆਂ ’ਚੋਂ ਕਿਸੇ ਨੇ ਦੱਬਵੀਂ ਆਵਾਜ਼ ਵਿਚ ਕਿਹਾ। ‘‘ਜੇਕਰ ਮਾਸਟਰ ਪ੍ਰੀਤਮ ਸਿੰਘ ਜੀ ਤੋਂ ਡੰਡੇ ਨਾ ਖਾਧੇ ਹੁੰਦੇ ਤਾਂ ਆਹ ਡੰਡਾ ਕਦੇ ਮੇਰੇ ਹੱਥ ਵਿਚ ਨਾ ਆਉਂਦਾ।’’ ਪੁਲੀਸ ਵਾਲੇ ਡੰਡੇ ਵੱਲ ਇਸ਼ਾਰਾ ਕਰਦਾ ਥਾਣੇਦਾਰ ਸੁੱਚਾ ਸਿੰਘ ਮਾਸਟਰ ਪ੍ਰੀਤਮ ਸਿੰਘ ਵੱਲ ਮੁੜਿਆ। ‘‘ਮੇਰੀ ਇਸ ਕੁਰਸੀ ਦੇ ਹੱਕਦਾਰ ਤੁਸੀਂ ਹੋ ਮਾਸਟਰ ਜੀ, ਮੈਨੂੰ ਇੱਥੇ ਤਕ ਪਹੁੰਚਾਉਣ ਵਾਲੇ ਮੇਰੇ ਗੁਰੂ। ਪਰ ਇਹ ਸਾਰਾ ਕੁਝ ਕਿਵੇਂ ਵਾਪਰਿਆ…?’’ ਸਵਾਲੀਆ ਨਜ਼ਰਾਂ ਨਾਲ ਮਾਸਟਰ ਜੀ ਵੱਲ ਵੇਖ ਕੇ ਥਾਣੇਦਾਰ ਨੇ ਪੁੱਛਿਆ। ਮਾਸਟਰ ਪ੍ਰੀਤਮ ਸਿੰਘ ਦਾ ਗਲ਼ਾ ਭਰ ਆਇਆ। ਉਹ ਮੂੰਹੋਂ ਕੁਝ ਨਾ ਬੋਲਿਆ ਅਤੇ ਭਰੀਆਂ ਅੱਖਾਂ ਨਾਲ ਸੁੱਚਾ ਸਿਹੁੰ ਵੱਲ ਦੇਖਣ ਲੱਗਿਆ। ਉਸ ਦੀਆਂ ਭਰੀਆਂ ਅੱਖਾਂ ’ਚੋਂ ਗੁਰੂੁ ਚੇਲੇ ਦੇ ਰਿਸ਼ਤੇ ਦਾ ਨਿਘਾਰ ਪੂਰੀ ਤਰ੍ਹਾਂ ਝਲਕ ਰਿਹਾ ਸੀ ਅਤੇ ਬੇਜ਼ੁਬਾਨ ਹੋਏ ਪਤਵੰਤੇ ਅੰਦਰੋ-ਅੰਦਰੀ ਆਪਣੇ ਆਪ ਨੂੰ ਲਾਹਣਤਾਂ ਪਾ ਰਹੇ ਸਨ।

– ਸੁਖਵਿੰਦਰ ਕੌਰ ਸਿੱਧੂ
ਸੰਪਰਕ: 94654-34177


Comments Off on ਮਿੰਨੀ ਕਹਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.