ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਮਾਨਵੀ ਦੁੱਖ ਦਰਦ ਅਤੇ ਸੰਕਟ ਦੀ ਗਾਥਾ

Posted On November - 3 - 2019

ਡਾ. ਅਮਰ ਕੋਮਲ
ਇਕ ਪੁਸਤਕ – ਇਕ ਨਜ਼ਰ
‘ਗਫ਼ੂਰ ਸੀ ਉਸ ਦਾ ਨਾਓਂ’ (ਕੀਮਤ: 200 ਰੁਪਏ; ਆਰਸੀ ਪਬਲਿਸ਼ਰਜ਼, ਦਰਿਆ ਗੰਜ, ਨਵੀਂ ਦਿੱਲੀ) ਡਾ. ਦਲੀਪ ਕੌਰ ਟਿਵਾਣਾ ਦੀ ਅਜਿਹੀ ਪੁਸਤਕ ਹੈ ਜਿਸ ਦਾ ਪਾਠ ਕਰਦਿਆਂ ਪਾਠਕ ਮਨਾਂ ਅੰਦਰ ਸਮਾਜ ਵਿਚ ਪਲਦੇ, ਘਿਨੌਣੀ ਜ਼ਿੰਦਗੀ ਲੰਘਾਉਂਦੇ ਕਿਰਤੀ ਕਾਮਿਆਂ, ਮਿਹਨਤਕਸ਼ ਲੋਕਾਂ ਲਈ ਹਮਦਰਦੀ ਦੇ ਭਾਵ ਉਜਾਗਰ ਹੁੰਦੇ ਹਨ ਅਤੇ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਤੇ ਪਿੱਛੋਂ ਵੀ ਨਿਮਨ ਵਰਗ ਦੇ ਲੋਕਾਂ ਦੀ ਜੀਵਨ-ਸ਼ੈਲੀ ਦੇ ਯਥਾਰਥਕ ਦਰਸ਼ਨ ਵੀ ਹੋ ਜਾਂਦੇ ਹਨ।
‘ਗਫ਼ੂਰ ਸੀ ਉਸ ਦਾ ਨਾਓਂ’ ਇਸ ਪੁਸਤਕ ਦਾ ਪਹਿਲਾ ਨਾਵਲਿਟ ਹੈ। ਇਸ ਵਿਚ ਪੰਜਾਬ ਵੰਡ ਤੋਂ ਪਹਿਲਾਂ ਪਿੰਡਾਂ ਵਿਚ ਵਸਦੇ ਗ਼ਰੀਬ ਮੁਸਲਮਾਨਾਂ ਦੇ ਇਕ ਪਰਿਵਾਰ ਦੇ ਗੱਭਰੂ ਹੋ ਰਹੇ ਗਫ਼ੂਰ ਨਾਂ ਦੇ ਮੁੰਡੇ ਦਾ ਜੋ ਬਿਰਤਾਂਤ ਪੇਸ਼ ਕੀਤਾ ਹੈ, ਉਸ ਨੂੰ ਪੜ੍ਹਦਿਆਂ ਨਿਮਨ ਵਰਗ ਦੇ ਲੋਕ-ਜੀਵਨ ਦੀ ਤ੍ਰਾਸਦੀ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਦੇ ਨਾਲ ਹੀ ਨੈਤਿਕ ਅਨੁਭਵ ਪੈਦਾ ਹੋਣ ਦੀ ਥਾਂ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ, ਦਯਾ ਅਤੇ ਰਹਿਮ ਪੈਦਾ ਹੁੰਦਾ ਹੈ ਕਿਉਂ ਜੋ ਦੇਸ਼ ਵੰਡ ਸਮੇਂ ਹੈਵਾਨ ਬਣੇ ਲੋਕਾਂ ਦਾ ਸ਼ਿਕਾਰ ਬਣੇ ਸਨ, ਪਰ ਆਜ਼ਾਦ ਭਾਰਤ ਤੇ ਪਾਕਿਸਤਾਨ ਦੀ ਹੋਣੀ ਅਜੇ ਤੱਕ ਨਹੀਂ ਬਦਲੀ। ਵੰਡ ਤੋਂ ਪਹਿਲਾਂ ਦੇ ਅਮੀਰ ਸਰਮਾਏਦਾਰ, ਵੱਡੇ ਜ਼ਿਮੀਂਦਾਰ ਦੋਵਾਂ ਮੁਲਕਾਂ ਵਿਚ ਪਹਿਲਾਂ ਵੀ ਅਮੀਰ ਸਨ ਤੇ ਅੱਜ ਵੀ ਅਮੀਰ ਹਨ, ਪਰ ਗਫ਼ੂਰ ਵਰਗੇ ਪਹਿਲਾਂ ਵੀ ਗ਼ਰੀਬ ਸਨ ਤੇ ਅੱਜ ਵੀ ਗ਼ਰੀਬ ਹਨ, ਦੇਸ਼ ਭਾਵੇਂ ਕੋਈ ਵੀ ਹੋਵੇ। ਵੰਡ ਤੋਂ ਪਹਿਲਾਂ ਸਮਝੇ ਜਾਂਦੇ ਸਰਦਾਰ ਲੋਕ ਪਹਿਲਾ ਵਾਂਗ ਦੋਵੇਂ ਦੇਸ਼ਾਂ ਵਿਚ ਹਨ, ਭਾਵੇਂ ਉਨ੍ਹਾਂ ਨੇ ਆਪਣੇ ਜੀਵਨ ਦੇ ਤੌਰ-ਤਰੀਕੇ ਬਦਲ ਲਏ ਹਨ। ‘ਗਫ਼ੂਰ ਸੀ ਉਸ ਦਾ ਨਾਓਂ’ ਨਾਵਲਿਟ, ਲੋਕ-ਜੀਵਨ ਦਾ ਦੁਖਾਂਤ ਪੇਸ਼ ਕਰਦਾ ਹੋਇਆ ਆਪਣੀ ਕਲਾਤਮਿਕ ਅਭਿਵਿਅਕਤੀ ਰਾਹੀਂ ਲੋਕ-ਜੀਵਨ ਦੇ ਦੁੱਖ-ਦਰਦ, ਮਾਨਵੀ ਸੰਕਟ ਅਤੇ ਦੁਖਾਂਤਕ ਵਾਤਾਵਰਨ ਸਿਰਜਣ ਕਰਨ ਵਿਚ ਸਫ਼ਲ ਹੈ, ਪਰ ਆਪਣੇ ਪਾਠਕਾਂ ਅੰਦਰ ਹਮਦਰਦੀ ਦੀ ਥਾਂ ਦ੍ਰਿੜ੍ਹ ਸੰਕਲਪੀ ਨੈਤਿਕ ਅਨੁਭਵ ਪੈਦਾ ਨਹੀਂ ਕਰਦਾ। ਦੇਸ਼ ਵੰਡ ਦੀ ਤ੍ਰਾਸਦੀ ਤੋਂ ਸੱਤਰ-ਬਹੱਤਰ ਸਾਲਾਂ ਪਿੱਛੋਂ ਵੀ ਦੋਵਾਂ ਮੁਲਕਾਂ ਵਿਚ ਅਜੇ ਵੀ ਗਫ਼ੂਰ ਨਰਕ ਭੋਗਦੇ ਆਪਣੇ ਸਰਦਾਰੀ-ਠਾਠ ਮਾਣਦੇ ਅਮੀਰ ਪਰਿਵਾਰਾਂ ਦੇ ‘ਸੇਵਕ’ ਹਨ। ਹਾਂ, ਇਹ ਨਾਵਲਿਟ ਪਾਠਕ ਮਨਾਂ ਅੰਦਰ ਉਪਭਾਵੁਕਤਾ ਦੀਆਂ ਸੰਵੇਦਨਾਵਾਂ ਦੀਆਂ ਤਰੰਗਾਂ ਉਪਜਾ ਕੇ ਮਾਨਵ-ਸਮਾਜ ਲਈ ਸ਼ੁਭ ਇੱਛਾਵਾਂ ਜਗਾ ਸਕਣ ਵਿਚ ਸਫ਼ਲ ਹੈ।
ਇਸ ਪੁਸਤਕ ਦਾ ਦੂਜਾ ਨਾਵਲਿਟ ‘ਖੇਡ’ ਨਾਂ ਦੀ, ਅਜਿਹਾ ਗਲਪੀ ਬਿੰਬ ਉਸਾਰਨ ਵਾਲੀ ਰੌਚਿਕ ਕਥਾ ਹੈ ਜਿੱਸ ਵਿਚ ਇਕ ਪਾਸੇ ਸਿਆਸੀ ਹੈਂਕੜ ਦਾ ਪ੍ਰਤੀਬੱਧਤ ਗ਼ਰੂਰ ਹੈ ਤਾਂ ਦੂਜੇ ਪਾਸੇ ਬੌਧਿਕਤਾ, ਸਵੈਮਾਣ ਅਤੇ ਦ੍ਰਿੜ੍ਹ ਸੰਕਲਪੀ ਸੰਵੇਦਨਾ ਦੀ ਸ਼ਕਤੀ ਹੈ। ਦੂਜੇ ਸ਼ਬਦਾਂ ਵਿਚ ਸਿਆਸਤ ਅਤੇ ਸਰਕਾਰੀ ਕਾਰਜ ਪ੍ਰਣਾਲੀ ਦੀ ਟੱਕਰ, ਅਸਲ ਵਿਚ ਇਕ ਮੰਤਰੀ ਅਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀ ਦਵੰਦਾਤਮਿਕ ਸਥਿਤੀ, ਮੰਤਰੀ ਆਪਣੇ ਸੁਪਨਿਆਂ ਦੀ ਅਪੂਰਤੀ ਕਾਰਨ ਮਨੋਰੋਗ ਦਾ ਸ਼ਿਕਾਰ ਹੋ ਕੇ ਪ੍ਰਤੀਕਰਮੀ ਬਦਲੇ ਦੀ ਪਰਚੰਡ ਉਪਭਾਵਕੀ ਜੋਸ਼ੀਲੀ ਅੰਨ੍ਹੀ ਸੰਕਲਪੀ ਸ਼ਕਤੀ ਰਾਹੀਂ ਸਬਕ ਸਿਖਾਉਣ ਦੀ ਬਦਨੀਤੀ ਰਾਹੀਂ ਗੁੰਡਿਆਂ ਤੋਂ ਕਤਲ ਕਰਵਾ ਦਿੰਦਾ ਹੈ। ਮਨ ਬਹਿਲਾਵੇ ਦੀ ਖੇਡ ਦਾ ਅੰਤ ਦੁਖਾਂਤ ਰੂਪ ਵਿਚ ਵਾਪਰਨਾ ਸਾਡੇ ਲੋਕਤੰਤਰ ਦੀ ਘਿਨੌਣੀ ਚਾਲ ਹੈ ਜਿਸ ਅੰਦਰ ਮਨੁੱਖੀ ਪ੍ਰਤੀਸ਼ੋਧ ਦੀ ਪ੍ਰਤਿਭਾਵਾਨ ਹੋਣਹਾਰ ਮਹਿਲਾ ਅਫ਼ਸਰ ਨੂੰ ਬੇਵਜ੍ਹਾ ਸ਼ਿਕਾਰ ਬਣਨਾ ਪੈਂਦਾ ਹੈ।
‘ਪਰਿਜਾਤ’ ਨਾਂ ਦਾ ਤੀਜਾ ਨਾਵਲਿਟ ਹੈ। ਇਕ ਮਿਥਿਹਾਸਕ ਦੰਦ ਕਥਾ ਅਨੁਸਾਰ ਪਰਿਜਾਤ ਇਕ ਅਜਿਹਾ ਰੁੱਖ ਸੀ ਜੋ ਸਮੁੰਦਰ ਮੰਥਨ ਸਮੇਂ ਪ੍ਰਾਪਤ ਹੋਇਆ ਸੀ। ਇਸ ਦੇ ਫੁੱਲਾਂ ਦੀ ਸੁਗੰਧ ਲਾਜਵਾਬ ਮੰਨੀ ਗਈ ਸੀ। ਇਹ ਅਨੇਕਾਂ ਦੇਵਤਿਆਂ ਦੇ ਕਬਜ਼ੇ ਵਿਚ ਰਿਹਾ, ਪਰ ਇਸ ਨਾਵਲਿਟ ਦਾ ਬਿਰਤਾਂਤ ਉਸ ਕੁਆਰੀ ਕੰਨਿਆ ਨਾਲ ਸਬੰਧਤ ਹੈ ਜਿਸ ਨੂੰ ਨੱਚਣ ਵਾਲੀ ਖ਼ੂਬਸੂਰਤ ਵੇਸਵਾ ਨੇ ਜਨਮ ਦਿੱਤਾ ਸੀ, ਜਿਸ ਦਾ ਪਿਤਾ ਇਲਾਕੇ ਦਾ ਸਰਮਾਏਦਾਰ ਜ਼ਿਮੀਂਦਾਰ ਐਸ਼ਪ੍ਰਸਤ ਸ਼ਰਾਬੀ ਸਰਦਾਰ ਸੀ। ਮਾਂ ਦੀ ਮਮਤਾ ਜਾਗੀ ਅਤੇ ਉਹ ਚੋਰੀ-ਚੋਰੀ ਆਪਣੀ ਬੇਟੀ ਨੂੰ ਸਰਦਾਰ ਦੇ ਹਵਾਲੇ ਕਰਦੀ ਹੈ ਜਿਸ ਨੇ ਉਸ ਨੂੰ ਆਪਣੀ ਧੀ ਸਮਝ ਕੇ ਪੜ੍ਹਾਇਆ-ਲਿਖਾਇਆ ਅਤੇ ਵੱਡਾ ਕੀਤਾ ਤੇ ਉਸ ਦਾ ਨਾਂ ਉਸ ਨੇ ਰਾਵੀ ਢਿੱਲੋਂ ਰੱਖ ਦਿੱਤਾ। ਇਸ ਨਾਵਲਿਟ ਦਾ ਅੰਤ ਦੁਖਾਂਤ ਨਾਲ ਹੁੰਦਾ ਹੈ, ਸ਼ਾਇਦ ਇਸ ਲਈ ਕਿ ਸ਼ਰਾਬੀ-ਕਬਾਬੀ ਸਰਦਾਰੀ ਜ਼ਹਿਨੀਅਤ ਦੇ ਮਾਲਕ ਲੋਕ ਜਦ ਮਹਿਫ਼ਿਲਾਂ ਵਿਚ ਪਸ਼ੂ ਬਣ ਜਾਂਦੇ ਹਨ, ਉਨ੍ਹਾਂ ਦੀ ਜਾਨਵਰ ਬਣੀ ਸੋਚ ਅੰਨ੍ਹੀ ਹੋ ਕੇ ਆਪਣੀ ਹਵਸ ਮਿਟਾਉਣ ਲਈ ਧੀ-ਭੈਣ ਦੇ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਪਹਿਚਾਣ ਨਹੀਂ ਕਰਦੀ। ਸ਼ਰਾਬੀ ਹੋਈ ਜੁੰਡਲੀ ਜਦ ਰਾਵੀ ਢਿੱਲੋਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੀ ਹੈ ਤਾਂ ਬੇਟੀ ਦਾ ਬਾਪ, ਸਰਦਾਰ ਉਸ ਨੂੰ ਬਚਾਉਣ ਲਈ ਗੋਲੀ ਚਲਾਉਂਦਾ ਹੈ ਜਿਹੜੀ ਗਲਤੀ ਨਾਲ ਉਸ ਦੀ ਧੀ ‘ਰਾਵੀ’ ਨੂੰ ਸ਼ਿਕਾਰ ਬਣਾ ਲੈਂਦੀ ਹੈ। ਸਰਦਾਰ ਉਸ ਨੂੰ ਆਪਣੀ ਐਸ਼ਗਾਹ ਹਵੇਲੀ ਦੇ ਇਕ ਕਮਰੇ ਵਿਚ ਹੀ ਦਫ਼ਨਾ ਦਿੰਦਾ ਹੈ। ਧੀ ਦੇ ਪਵਿੱਤਰ ਮੋਹ-ਪਿਆਰ ਦੀ ਮਹਿਕ ‘ਪਰਿਜਾਤ’ ਦੀ ਮਹਿਕ ਵਾਂਗ ਸੁਰੱਖਿਅਤ ਰਹਿੰਦੀ ਹੈ।
ਇਨ੍ਹਾਂ ਨਾਵਲਿਟਾਂ ਦੇ ਬਿਰਤਾਂਤ ਲੋਕ-ਜੀਵਨ ਵਿਚ ਭਾਵਨਾਤਮਿਕ ਸਾਂਝਾ ਦੇ ਜੁੜਦੇ-ਟੁੱਟਦੇ ਰਿਸ਼ਤਿਆਂ ਦਾ ਦੁਖਾਂਤ ਹੈ ਤੇ ਸਮਾਜ ਦੀਆਂ ਪਰੰਪਰਾਗਤ ਕਦਰਾਂ-ਕੀਮਤਾਂ ਦੀਆਂ ਝਲਕੀਆਂ ਹਨ। ਬੀਤੇ ਸਮਾਜ ਦਾ ਯਥਾਰਥ ਭਾਵੇਂ ਨਿਰਦਾਇਤਾ ਅਤੇ ਵਧੀਕੀਆਂ ਤੋਂ ਪੈਦਾ ਹੋਈ ਮਾਨਵੀ ਪੀੜਾਂ ਦੀ ਕਹਾਣੀ ਸੁਣਾਉਂਦਾ ਹੈ ਜਿਸ ਨੂੰ ਅਸੀਂ ਇਨ੍ਹਾਂ ਗਲਪੀ-ਬਿਰਤਾਂਤਾਂ ਰਾਹੀਂ ਸਵੀਕਾਰ ਕੀਤਾ ਹੈ, ਪਰ ਬਾਹੋਸ਼-ਵਿਅਕਤੀ ਪੁੱਛਦਾ ਹੈ: ਲੋਕ, ਬਦੀ ਨੂੰ ਕਿਉਂ ਨਹੀਂ ਹਟਾ ਸਕੇ? ਉਪਭਾਵੁਕ ਬਣੇ ਅਸੀਂ ਲੋਕ ਇਤਿਹਾਸ ਦੇ ਝਰੋਖਿਆਂ ਵਿਚੋਂ ਮੋਹ ਪਿਆਰ ਦੇ ਦੁਖਾਂਤ ਦੇ ਬਿਰਤਾਂਤ ਤਾਂ ਪੜ੍ਹਦੇ ਹਾਂ, ਪਰ ਬੇਗਮਪੁਰੇ ਦਾ ਸੁਪਨਾ ਸਾਡੇ ਮਾਨਵੀ ਲੋਕ-ਜੀਵਨ ਦੀ ਹਕੀਕਤ ਕਦੋਂ ਬਣੇਗਾ?
‘ਗਫ਼ੂਰ ਸੀ ਉਸ ਦਾ ਨਾਓਂ’ ਤੇ ਇਸ ਪੁਸਤਕ ਦੇ ਹੋਰ ਬਿਰਤਾਂਤ ਲੋਕ ਮਨਾਂ ਨੂੰ ਸਹਿਜਤਾ, ਸੰਤੁਸ਼ਟੀ ਦੇ ਸਵਰਗੀ ਲਾਰਿਆਂ ਦੇ ਹੁੰਗਾਰੇ ਕਿੰਨੀ ਦੇਰ ਭਰਦੇ ਰਹਿਣਗੇ? ਇਸ ਪ੍ਰਸ਼ਨ ਦਾ ਉੱਤਰ ਕਿਸੇ ਕੋਲ ਨਹੀਂ।
ਸੰਪਰਕ: 84378-73565


Comments Off on ਮਾਨਵੀ ਦੁੱਖ ਦਰਦ ਅਤੇ ਸੰਕਟ ਦੀ ਗਾਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.