ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਮਹਾਨ ਵਿਗਿਆਨੀ ਸੀ.ਵੀ. ਰਮਨ

Posted On November - 17 - 2019

ਸੀ.ਵੀ. ਰਮਨ ਨੋਬੇਲ ਪੁਰਸਕਾਰ ਜੇਤੂ ਭਾਰਤੀ ਵਿਗਿਆਨੀ ਸੀ। ਉਸ ਨੇ ਸਾਧਾਰਨ ਉਪਕਰਣਾਂ ਦੀ ਸਹਾਇਤਾ ਨਾਲ ਹੀ ਅਹਿਮ ਖੋਜਾਂ ਕੀਤੀਆਂ। ਇਹ ਲੇਖ ਇਸ ਪ੍ਰਤਿਭਾਵਾਨ ਸ਼ਖ਼ਸੀਅਤ ਦੇ ਜੀਵਨ ਬਾਰੇ ਜਾਣਕਾਰੀ ਦਿੰਦਾ ਹੈ।

ਡਾ. ਕੁਲਦੀਪ ਸਿੰਘ ਧੀਰ*
ਸਿਰੜੀ ਸ਼ਖ਼ਸ

ਨਵੰਬਰ ਡਾ. ਸੀ.ਵੀ. ਰਮਨ ਦਾ ਮਹੀਨਾ ਹੈ। ਨਵੰਬਰ ਵਿਚ ਹੀ ਉਸ ਦਾ ਜਨਮ ਹੋਇਆ ਤੇ ਨਵੰਬਰ ਵਿਚ ਹੀ ਉਸ ਦੀ ਮੌਤ ਹੋਈ। ਨੋਬੇਲ ਪੁਰਸਕਾਰਾਂ ਦੀ ਗੱਲ ਤੁਰੇ ਤਾਂ ਮਹਾਨ ਭਾਰਤੀ ਵਿਗਿਆਨੀ ਸੀ.ਵੀ. ਰਮਨ ਦਾ ਚੇਤਾ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਆਉਂਦਾ ਹੈ। 1930 ਵਿਚ ਉਸ ਦੀ ਆਪਣੀ ਵੀ ਬੱਲੇ-ਬੱਲੇ ਹੋਈ ਅਤੇ ਭਾਰਤ ਦੀ ਵੀ। ਦੋ ਸੌ ਰੁਪਏ ਦੇ ਸਾਧਾਰਨ ਵਿਗਿਆਨਕ ਉਪਕਰਣਾਂ ਨਾਲ ਉਸ ਨੇ 1928 ਵਿਚ ਰਮਨ ਇਫੈਕਟ ਨਾਂ ਦੀ ਉਸ ਪ੍ਰਕਿਰਿਆ ਦੀ ਵਿਆਖਿਆ ਕੀਤੀ ਜਿਸ ਲਈ ਮਹਿਜ਼ ਦੋ ਵਰ੍ਹੇ ਪਿੱਛੋਂ ਉਸ ਨੂੰ ਨੋਬੇਲ ਪੁਰਸਕਾਰ ਦੇਣ ਯੋਗ ਮੰਨ ਲਿਆ ਗਿਆ। ਦੋ ਵਰ੍ਹਿਆਂ ਵਿਚ ਹੀ ਦੁਨੀਆਂ ਨੇ ਇਹ ਮੰਨ ਲਿਆ ਕਿ ਉਸ ਦੇ ਕਾਰਜ ਦਾ ਵਿਹਾਰਕ ਲਾਭ ਦੇਰ ਤੱਕ ਸਾਰੀ ਦੁਨੀਆਂ ਦੇ ਆਮ ਆਦਮੀ ਨੂੰ ਹੋਣਾ ਹੈ। ਉਦੋਂ ਤੋਂ ਲੈ ਕੇ ਅੱਜ 2019 ਤੱਕ ਡਾ. ਰਮਨ ਅਜਿਹਾ ਇਕੋ ਇਕ ਵਿਗਿਆਨੀ ਹੈ ਜਿਸ ਨੇ ਭਾਰਤ ਵਿਚ ਪੜ੍ਹ ਲਿਖ ਤੇ ਖੋਜ ਕਰਕੇ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਜਿੱਤਿਆ। ਉਸ ਨੂੰ ਆਪ 1930 ਵਿਚ ਇਹ ਪੁਰਸਕਾਰ ਜਿੱਤਣ ’ਤੇ ਇੰਨਾ ਯਕੀਨ ਸੀ ਕਿ ਉਸ ਨੇ ਪੁਰਸਕਾਰ ਦੇ ਐਲਾਨ ਤੋਂ ਕਾਫ਼ੀ ਸਮਾਂ ਪਹਿਲਾਂ ਸਮੁੰਦਰੀ ਜਹਾਜ਼ ’ਤੇ ਸੀਟ ਬੁੱਕ ਕਰਵਾ ਲਈ ਸੀ। ਉਦੋਂ ਹੁਣ ਵਾਂਗ ਤੇਜ਼ ਉੱਡਣ ਵਾਲੇ ਹਵਾਈ ਜਹਾਜ਼ ਦੀ ਸੀਟ ਬਾਰੇ ਤਾਂ ਰਮਨ ਕਲਪਨਾ ਵੀ ਨਹੀਂ ਸੀ ਕਰ ਸਕਦਾ।
ਸੀ.ਵੀ. ਰਮਨ ਨੇ ਆਪਣਾ ਬਹੁਤਾ ਖੋਜ ਕਾਰਜ ਵੀ ਬਿਨਾਂ ਕਿਸੇ ਦੇ ਮਾਰਗ ਦਰਸ਼ਨ ਤੋਂ ਸੁਤੰਤਰ ਰੂਪ ਵਿਚ ਇੰਡੀਅਨ ਐਸੋਸੀਏਸ਼ਨ ਫਾਰ ਦਿ ਕਲਟੀਵੇਸ਼ਨ ਆਫ ਸਾਇੰਸ ਦੀ ਕਲਕੱਤੇ ਦੀ ਪ੍ਰਯੋਗਸ਼ਾਲਾ ਵਿਚ ਸ਼ੌਕੀਆ ਰੂਪ ਵਿਚ ਕੀਤਾ। ਕਲਕੱਤਾ ਯੂਨੀਵਰਸਿਟੀ ਨੇ ਇੰਡੀਅਨ ਫਾਈਨੈਂਸ਼ਨਲ ਸਰਵਿਸ ਦੀ ਅਫ਼ਸਰੀ ਦੌਰਾਨ ਸ਼ੌਕੀਆ ਵਿਗਿਆਨਕ ਖੋਜਾਂ ਕਰਦੇ ਰਮਨ ਨੂੰ ਯੂਨੀਵਰਸਿਟੀ ਦੀ ਭੌਤਿਕ ਵਿਗਿਆਨ ਦੀ ਪਾਲਿਤ ਪ੍ਰੋਫ਼ੈਸਰੀ ਪੇਸ਼ ਕੀਤੀ। ਪਾਲਿਤ ਪ੍ਰੋਫ਼ੈਸਰੀ ਲਈ ਸ਼ਰਤ ਸੀ ਕਿ ਇਸ ਕੁਰਸੀ ’ਤੇ ਬੈਠਣ ਵਾਲੇ ਨੇ ਕਿਸੇ ਵਿਦੇਸ਼ੀ ਯੂਨੀਵਰਸਿਟੀ ਤੋਂ ਟਰੇਨਿੰਗ ਲਈ ਹੋਵੇ। ਰਮਨ ਲਈ ਇਹ ਸ਼ਰਤ ਹਟਾਉਣੀ ਪਈ। ਉਸ ਦੀ ਤਨਖ਼ਾਹ ਉਂਝ ਪ੍ਰੋਫ਼ੈਸਰ ਨਾਲੋਂ ਦੂਣੀ ਸੀ। ਉਹ ਮਾਂ ਦਾ ਪੁੱਤ ਅੱਧੀ ਤਨਖ਼ਾਹ ’ਤੇ ਵਿਗਿਆਨ ਦਾ ਪ੍ਰੋਫ਼ੈਸਰ ਬਣ ਕੇ ਯੂਨੀਵਰਸਿਟੀ ਜਾ ਪੁੱਜਾ ਕਿਉਂਕਿ ਵਿਗਿਆਨ ਨਾਲ ਉਸ ਨੂੰ ਇਸ਼ਕ ਸੀ। ਵਿਗਿਆਨ ਨਾਲ ਚਾਚੇ ਦੇ ਇਸ਼ਕ ਨੇ ਹੀ ਉਸ ਦੇ ਭਤੀਜੇ ਐੱਸ. ਚੰਦਰਸ਼ੇਖਰ ਨੂੰ ਵਿਗਿਆਨ ਦੇ ਰਾਹ ਤੋਰ ਕੇ ਉਸ ਨੂੰ 1983 ਵਿਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਜੇਤੂ ਬਣਾ ਦਿੱਤਾ। ਸੱਚਮੁੱਚ ਹੀ ਰਮਨ ਵਿਚ ਕਮਾਲ ਦੀ ਵਿਗਿਆਨਕ ਪ੍ਰਤਿਭਾ ਸੀ। ਪੈਸੇ, ਤਾਕਤ, ਮਾਣ, ਇਨਾਮਾਂ ਸਨਮਾਨਾਂ ਤੋਂ ਉਪਰ। ਸਵੈ-ਵਿਸ਼ਵਾਸ ਨਾਲ ਭਰੀ ਜਨਮ ਜਾਤ ਪ੍ਰਤਿਭਾ। ਆਓ, ਇਸ ਅਨੋਖੀ ਸ਼ਖ਼ਸੀਅਤ ਬਾਰੇ ਜਾਣੀਏ।

ਪੰਡਿਤ ਜਵਾਹਰਲਾਲ ਨਹਿਰੂ ਨਾਲ ਇਕ ਨੁਕਤਾ ਸਾਂਝਾ ਕਰਦੇ ਸੀ.ਵੀ. ਰਮਨ।

1902-03 ਦਾ ਵਰ੍ਹਾ। ਕਾਲਜਾਂ ਵਿਚ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਹੋ ਰਹੀ ਸੀ। ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਵਿਚ ਬੀ.ਏ. ਦੀ ਸਾਇੰਸ ਦੀ ਕਲਾਸ। ਹੁਣ ਮਦਰਾਸ ਦਾ ਨਾਂ ਵੀ ਚੇਨੱਈ ਹੋ ਚੁੱਕਾ ਹੈ ਤੇ ਸਾਇੰਸ ਦੀ ਬੀ.ਏ. ਹੁਣ ਬੀ.ਐੱਸਸੀ. ਬਣ ਗਈ ਹੈ। ਉਦੋਂ ਸਭ ਕੁਝ ਇੰਜ ਨਹੀਂ ਸੀ। ਅੰਗਰੇਜ਼ ਪ੍ਰੋਫ਼ੈਸਰ ਸਨ ਬਹੁਤੇ। ਪ੍ਰੋਫ਼ੈਸਰ ਈ.ਐੱਸ. ਏਲੀਅਟ ਕਲਾਸ ਵਿਚ ਵੜਿਆ ਤੇ ਇਕ ਨਿਕਚੂ ਜਿਹੇ ਮੁੰਡੇ ਨੂੰ ਜਮਾਤ ਵਿਚ ਬੈਠਾ ਵੇਖ ਕੇ ਹੈਰਾਨ ਹੋ ਗਿਆ। ਦੁਬਲਾ ਪਤਲਾ ਸਰੀਰ, ਨਿੱਕਾ ਜਿਹਾ ਕੱਦ, ਨਿੱਕੀ ਜਿਹੀ ਉਮਰ। ਏਲੀਅਟ ਨੇ ਉਸ ਨੂੰ ਖੜ੍ਹਾ ਹੋਣ ਲਈ ਕਿਹਾ ਤੇ ਪੁੱਛਿਆ, ‘‘ਕੀ ਤੂੰ ਇਸੇ ਜਮਾਤ ਦਾ ਵਿਦਿਆਰਥੀ ਹੈਂ?’’ ‘‘ਹਾਂ ਜੀ।’’ ਮੁੰਡੇ ਨੇ ਦੋ ਹਰਫ਼ੀ ਉੱਤਰ ਦਿੱਤਾ। ‘‘ਇਹ ਬੀ.ਏ. ਦੀ ਕਲਾਸ ਹੈ। ਐਫ.ਏ. ਕਰ ਲਈ ਹੈ ਤੂੰ? ਕਿੰਨੀ ਉਮਰ ਹੈ ਤੇਰੀ? ਕੀ ਨਾਂ ਏ ਤੇਰਾ?’’ ਪ੍ਰੋਫ਼ੈਸਰ ਨੇ ਯਕਦਮ ਕਿੰਨੇ ਹੀ ਸਵਾਲ ਕਰ ਦਿੱਤੇ। ਮੁੰਡੇ ਨੇ ਦੱਸਿਆ ਕਿ ਮੇਰਾ ਨਾਂ ਸੀ.ਵੀ. ਰਮਨ ਹੈ। ਮੈਂ ਸਕਾਲਰਸ਼ਿਪ ਲੈ ਕੇ ਐਫ.ਏ. ਕਰ ਕੇ ਆਇਆ ਹਾਂ ਤੇ ਤੇਰਾਂ ਸਾਲ ਦਾ ਹੋ ਚੁੱਕਾ ਹਾਂ। ਇਸੇ ਰਮਨ ਨੇ 1904 ਵਿਚ ਬੀ.ਏ. ’ਚ ਯੂਨੀਵਰਸਿਟੀ ਦਾ ਗੋਲਡ ਮੈਡਲ ਜਿੱਤਿਆ। ਅਜਿਹੇ ਸਵੈ-ਵਿਸ਼ਵਾਸ ਵਾਲੇ ਰਮਨ ਦਾ ਜਨਮ 7 ਨਵੰਬਰ 1888 ਨੂੰ ਤ੍ਰਿਚਨਾਪਲੀ ਨੇੜੇ ਇਕ ਪਿੰਡ ਤਿਰੂਵਨਾਇਕਵਲ ਵਿਚ ਹੋਇਆ। ਪਿਤਾ ਚੰਦਰਸ਼ੇਖਰ ਆਇਰ ਤੇ ਮਾਤਾ ਪਾਰਵਤੀ ਅੰਮਾਲ। ਕੁੱਲ ਪੰਜ ਭਰਾਵਾਂ ਤੇ ਤਿੰਨ ਭੈਣਾਂ ਦੇ ਵੱਡੇ ਪਰਿਵਾਰ ਵਿਚ ਰਮਨ ਮਾਤਾ-ਪਿਤਾ ਦਾ ਦੂਜਾ ਬੱਚਾ ਸੀ। ਸ਼ੁਰੂ ਤੋਂ ਹੀ ਸਰੀਰਕ ਤੌਰ ’ਤੇ ਕਮਜ਼ੋਰ, ਪਰ ਮਾਨਸਿਕ ਤੌਰ ’ਤੇ ਬਹੁਤ ਚੁਸਤ। ਗਿਆਰਾਂ ਸਾਲ ਦੀ ਉਮਰ ਵਿਚ ਉਸ ਨੇ ਦਸਵੀਂ ਕਰ ਲਈ ਸੀ। 1903 ਵਿਚ ਉਸ ਨੇ ਫਿਜ਼ਿਕਸ ਦੀ ਐਮ.ਏ. ਪ੍ਰੈਜ਼ੀਡੈਂਸੀ ਕਾਲਜ ਮਦਰਾਸ ਤੋਂ ਯੂਨੀਵਰਸਿਟੀ ਵਿਚੋਂ ਅੱਵਲ ਰਹਿ ਕੇ ਕੀਤੀ। ਐਮ.ਏ. ਕਰਨ ਤੋਂ ਪਹਿਲਾਂ ਹੀ ਉਸ ਦਾ ਪਹਿਲਾ ਖੋਜ ਪੱਤਰ ਛਪ ਗਿਆ। ਐਮ.ਏ. ਕਰਦੇ ਹੀ ਉਸ ਦੀ ਸ਼ਾਦੀ ਲੋਕਾਸੁੰਦਰੀ ਨਾਂ ਦੀ ਵੀਣਾਵਾਦਕ ਮੁਟਿਆਰ ਨਾਲ ਹੋ ਗਈ।

ਡਾ. ਕੁਲਦੀਪ ਸਿੰਘ ਧੀਰ*

ਰਮਨ ਨੂੰ ਉਸ ਦੇ ਪ੍ਰੋਫ਼ੈਸਰਾਂ ਨੇ ਐਮ.ਏ. ਪਿੱਛੋਂ ਉਚੇਰੀ ਪੜ੍ਹਾਈ ਲਈ ਇੰਗਲੈਂਡ ਜਾਣ ਲਈ ਪ੍ਰੇਰਿਆ। ਪਰ ਉਸ ਦੀ ਸਿਹਤ ਵੇਖ ਕੇ ਮਦਰਾਸ ਦੇ ਸਿਵਲ ਸਰਜਨ ਨੇ ਸਿਰ ਫੇਰ ਦਿੱਤਾ। ਰਮਨ ਵਿਦੇਸ਼ ਨਾ ਜਾ ਸਕਿਆ। ਇੱਥੇ ਰਹਿ ਕੇ ਉਸ ਨੇ ਆਪਣੇ ਸਮੇਂ ਦੀ ਭਾਰਤੀਆਂ ਲਈ ਉਪਲੱਬਧ ਸਭ ਤੋਂ ਵੱਡੀ ਇੰਡੀਅਨ ਫਾਈਨੈਂਸ਼ਲ ਸਰਵਿਸ ਦੀ ਪ੍ਰੀਖਿਆ ਦਿੱਤੀ। ਦੇਸ਼ ਭਰ ਵਿਚੋਂ ਅੱਵਲ ਰਿਹਾ। ਉਸੇ ਵਰ੍ਹੇ ਭਾਵ 1907 ਵਿਚ ਉਸ ਨੂੰ ਅਸਿਸਟੈਂਟ ਅਕਾਊਂਟੈਂਟ ਜਨਰਲ ਕਲਕੱਤਾ ਦੀ ਨੌਕਰੀ ਮਿਲ ਗਈ। ਕਲਕੱਤੇ ਦਫ਼ਤਰ ਜਾਂਦੇ ਨੂੰ ਅਜੇ ਕੁਝ ਦਿਨ ਹੀ ਹੋਏ ਸਨ ਕਿ ਉਸ ਦੀ ਨਜ਼ਰ ਇਕ ਸਾਈਨ ਬੋਰਡ ਉੱਤੇ ਪਈ। ਲਿਖਿਆ ਸੀ ਇੰਡੀਅਨ ਐਸੋਸੀਏਸ਼ਨ ਫਾਰ ਦਿ ਕਲਟੀਵੇਸ਼ਨ ਆਫ ਸਾਇੰਸ, 210-ਬੌ ਬਾਜ਼ਾਰ ਸਟਰੀਟ ਕਲਕੱਤਾ। ਘਰ ਪਰਤਦੇ ਸਮੇਂ ਉਹ ਉੱਥੇ ਜਾ ਵੜਿਆ। ਸੰਸਥਾ ਦੇ ਆਨਰੇਰੀ ਸਕੱਤਰ ਨੂੰ ਕਿਹਾ ਕਿ ਮੈਨੂੰ ਕਿਸੇ ਤਨਖ਼ਾਹ ਦੀ ਲੋੜ ਨਹੀਂ। ਮੈਂ ਤੁਹਾਡੀ ਪ੍ਰਯੋਗਸ਼ਾਲਾ ਵਿਚ ਪ੍ਰਾਪਤ ਸਹੂਲਤਾਂ ਨਾਲ ਹੀ ਕੰਮ ਚਲਾ ਲਵਾਂਗਾ। ਲੋੜ ਪਈ ਤਾਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਲੋੜੀਂਦੇ ਸਾਧਨ ਜੁਟਾ ਲਵਾਂਗਾ। ਦਫ਼ਤਰੀ ਸਮੇਂ ਤੋਂ ਪਹਿਲਾਂ ਅਤੇ ਪਿੱਛੋਂ ਮੈਂ ਇੱਥੇ ਖੋਜ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ। ਸੰਸਥਾ ਤਾਂ ਬਣੀ ਹੀ ਵਿਗਿਆਨਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਸੀ। ਸਕੱਤਰ ਅੰਮ੍ਰਿਤ ਲਾਲ ਸਿਰਕਾਰ ਨੇ ਖ਼ੁਸ਼ੀ ਨਾਲ ਉਸ ਦੀ ਗੱਲ ਮੰਨ ਲਈ।
ਰਮਨ ਰੋਜ਼ ਸਵੇਰੇ ਦਿਨ ਚੜ੍ਹਦੇ ਹੀ ਉੱਥੇ ਪਹੁੰਚ ਜਾਂਦਾ। ਪ੍ਰਯੋਗਸ਼ਾਲਾ ਦਾ ਨਿਗਰਾਨ ਆਸ਼ੂਤੋਸ਼ ਪ੍ਰਯੋਗਸ਼ਾਲਾ ਖੋਲ੍ਹ ਦਿੰਦਾ। ਦਫ਼ਤਰ ਦਾ ਸਮਾਂ ਹੁੰਦਾ ਤਾਂ ਰਮਨ ਦਫ਼ਤਰ ਚਲਾ ਜਾਂਦਾ। ਵਾਪਸੀ ਉੱਤੇ ਫਿਰ ਉੱਥੇ ਆ ਜਾਂਦਾ ਅਤੇ ਦੇਰ ਰਾਤ ਨੂੰ ਉੱਥੋਂ ਨਿਕਲਦਾ। ਕੁਝ ਹੀ ਦਿਨਾਂ ਬਾਅਦ ਆਸ਼ੂਤੋਸ਼ ਉਸ ਦਾ ਸ਼ਰਧਾਲੂ ਬਣ ਗਿਆ। ਉਸ ਨੇ ਪ੍ਰਯੋਗਸ਼ਾਲਾ ਦੀ ਚਾਬੀ ਹੀ ਰਮਨ ਨੂੰ ਦੇ ਦਿੱਤੀ ਕਿ ਜਦ ਮਰਜ਼ੀ ਆਵੇ-ਜਾਵੇ। ਹੋਰ ਉੱਥੇ ਕੋਈ ਆਉਂਦਾ ਹੀ ਨਹੀਂ ਸੀ। ਆਸ਼ੂ ਬਾਬੂ ਜਿਸ ਨੇ ਕਦੇ ਯੂਨੀਵਰਸਿਟੀ ਦਾ ਮੂੰਹ ਨਹੀਂ ਸੀ ਵੇਖਿਆ, ਰਮਨ ਦਾ ਖੋਜ ਸਹਾਇਕ ਬਣ ਗਿਆ। ਰਮਨ ਦੀ ਵਡਿਆਈ ਵੇਖੋ ਕਿ ਉਸ ਨੇ ਆਸ਼ੂ ਦਾ ਨਾਮ ਵੀ ਆਪਣੇ ਕਈ ਖੋਜ ਪੱਤਰਾਂ ਵਿਚ ਸਹਿ-ਲੇਖਕ ਵਜੋਂ ਦਿੱਤਾ। ਪੂਰੇ ਦਸ ਸਾਲ ਉਹ ਇੱਥੇ ਸ਼ੌਕੀਆ ਖੋਜ ਕਾਰਜ ਕਰਦਾ ਰਿਹਾ। ਉਸ ਨੇ ਇਸ ਦੌਰਾਨ ਸੰਗੀਤਕ ਸਾਜ਼ਾਂ ਅਤੇ ਕ੍ਰਿਸਟਲਾਂ ਦੇ ਭੌਤਿਕ ਵਿਗਿਆਨ ਉੱਤੇ ਕੰਮ ਕਰਕੇ ਨੇਚਰ, ਫਿਜ਼ਿਕਸ ਰੀਵਿਊ ਅਤੇ ਫਿਲੋਸਫੀਕਲ ਜਨਰਲ ਵਿਚ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ। 1917 ਵਿਚ ਉਸ ਨੇ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਪੇਸ਼ਕਸ਼ ਉੱਤੇ ਆਈ.ਐੱਫ.ਐੱਸ. ਤੋਂ ਅਸਤੀਫ਼ਾ ਦੇ ਕੇ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਦੀ ਪਾਲਿਤ ਪ੍ਰੋਫ਼ੈਸਰਸ਼ਿਪ ਇਸ ਸ਼ਰਤ ਉੱਤੇ ਸਵੀਕਾਰ ਕਰ ਲਈ ਕਿ ਯੂਨੀਵਰਸਿਟੀ ਵੱਲੋਂ ਉਸ ਨੂੰ ਮਨਮਰਜ਼ੀ ਨਾਲ ਐਸੋਸੀਏਸ਼ਨ ਵਿਚ ਖੋਜ ਕਾਰਜ ਕਰਨ ਦੀ ਖੁੱਲ੍ਹ ਰਹੇਗੀ। ਦੋ ਸਾਲ ਬਾਅਦ 1919 ਵਿਚ ਰਮਨ ਨੂੰ ਇਸ ਐਸੋਸੀਏਸ਼ਨ ਦਾ ਆਨਰੇਰੀ ਸਕੱਤਰ ਚੁਣ ਲਿਆ ਗਿਆ। ਇਸ ਅਹੁਦੇ ਉੱਤੇ ਉਹ ਉਦੋਂ ਤੱਕ ਰਿਹਾ ਜਦ ਤੱਕ ਉਸ ਨੇ ਕਲਕੱਤਾ ਨਹੀਂ ਛੱਡਿਆ।
ਰਮਨ ਲਈ ਹੁਣ ਦਫ਼ਤਰ ਦਾ ਝੰਜਟ ਵੀ ਨਹੀਂ ਰਿਹਾ ਸੀ। ਸਾਰਾ ਦਿਨ ਕਦੇ ਯੂਨੀਵਰਸਿਟੀ ਅਤੇ ਕਦੇ ਐਸੋਸੀਏਸ਼ਨ ਦੀ ਪ੍ਰਯੋਗਸ਼ਾਲਾ ਵਿਚ ਗੁਜ਼ਰਦਾ। ਕਈ ਵਾਰ ਤਾਂ ਉਹ ਪ੍ਰਯੋਗਸ਼ਾਲਾ ਦੇ ਕਿਸੇ ਮੇਜ਼ ਉੱਤੇ ਹੀ ਸੌਂ ਜਾਂਦਾ। ਯੂਨੀਵਰਸਿਟੀ ਵੱਲੋਂ ਮਿਲੀ ਪਾਲਿਤ ਚੇਅਰ ਪ੍ਰੋਫ਼ੈਸਰਸ਼ਿਪ ਦੀਆਂ ਸੇਵਾ ਸ਼ਰਤਾਂ ਖੋਜ ਕਾਰਜਾਂ ਤੱਕ ਸੀਮਿਤ ਸਨ। ਕਲਾਸਾਂ ਲੈਣਾ ਉਸ ਦੀ ਜ਼ਿੰਮੇਵਾਰੀ ਨਹੀਂ ਸੀ। ਇਸ ਦੇ ਬਾਵਜੂਦ ਰਮਨ ਨੇ ਐੱਮ.ਐੱਸਸੀ. ਕਲਾਸਾਂ ਲਈਆਂ ਅਤੇ ਡਾਕਟਰੇਟ ਲਈ ਖੋਜ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਵੀ ਕੀਤਾ। ਆਪਣੀ ਧੁਨ ਦਾ ਉਹ ਇੰਨਾ ਪੱਕਾ ਸੀ ਕਿ ਜਦੋਂ ਕਦੇ ਵਿਦਿਆਰਥੀ ਹੜਤਾਲ ਕਰਦੇ ਜਾਂ ਸੁਤੰਤਰਤਾ ਸੰਗਰਾਮੀ ਯੂਨੀਵਰਸਿਟੀ ਅੱਗੇ ਧਰਨਾ ਮਾਰੀ ਬੈਠੇ ਹੁੰਦੇ, ਉਹ ਤਰਲੇ-ਮਿੰਨਤਾਂ ਕਰ ਕੇ ਵੀ ਲੈਬਾਰਟਰੀ ਵਿਚ ਪਹੁੰਚ ਜਾਂਦਾ।
1921 ਵਿਚ ਸੀ.ਵੀ. ਰਮਨ ਪਹਿਲੀ ਵਾਰ ਇੰਗਲੈਂਡ ਗਿਆ। ਮੌਕਾ ਸੀ ਕਲਕੱਤਾ ਯੂਨੀਵਰਸਿਟੀ ਦੇ ਨੁਮਾਇੰਦੇ ਵਜੋਂ ਕਾਮਨਵੈਲਥ ਯੂਨੀਵਰਸਿਟੀਜ਼ ਕਾਨਫਰੰਸ ਦਾ। ਆਉਂਦੇ ਜਾਂਦੇ ਦੋਵੇਂ ਵੇਲੇ ਸਮੁੰਦਰੀ ਪਾਣੀਆਂ ਦੇ ਨੀਲੇਪਣ ਉੱਤੇ ਉਸ ਦਾ ਧਿਆਨ ਕੇਂਦਰਿਤ ਹੋਇਆ। ਰੌਸ਼ਨੀ ਦੇ ਫੋਟਾਨਾਂ ਤੇ ਪਾਣੀ ਦੇ ਅਣੂਆਂ ਦੀ ਟੱਕਰ ਦੇ ਵਰਤਾਰੇ ਉੱਤੇ ਰਮਨ ਨੇ ਤਿੰਨ ਸਾਲ ਖੋਜ ਕੀਤੀ। ਮਾਲੀਕੁਲਰ ਡਿਫਰੈਕਸ਼ਨ ਆਫ ਲਾਈਟ ਪੁਸਤਕ ਲਿਖੀ। ਉਸ ਨੇ ਕਈ ਠੋਸਾਂ ਤੇ ਤਰਲਾਂ ਵਿਚ ਇਸ ਵਰਤਾਰੇ ਦੀ ਵਿਆਖਿਆ ਕੀਤੀ। 1922 ਵਿਚ ਕਲਕੱਤਾ ਯੂਨੀਵਰਸਿਟੀ ਨੇ ਉਸ ਨੂੰ ਡੀ. ਐੱਸਸੀ. ਦੀ ਡਿਗਰੀ ਦਿੱਤੀ। 1924 ਵਿਚ ਉਸ ਨੂੰ ਰਾਇਲ ਸੁਸਾਇਟੀ ਦਾ ਫੈਲੋ ਚੁਣਿਆ ਗਿਆ। ਇਸੇ ਸਾਲ ਉਸ ਨੂੰ ਰੌਸ਼ਨੀ ਦੇ ਫੋਟਾਨਾਂ ਦੇ ਖਿੰਡਾਅ ਦੇ ਵਰਤਾਰਿਆਂ ਬਾਰੇ ਇਕ ਕਾਨਫਰੰਸ ਦੇ ਉਦਘਾਟਨ ਲਈ ਟੋਰਾਂਟੋੋ ਬੁਲਾਇਆ ਗਿਆ। ਇਸ ਵਾਰ ਉਹ ਕੈਨੇਡਾ, ਇੰਗਲੈਂਡ ਤੇ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿਚ ਗਿਆ। ਪ੍ਰੋ. ਮਿਲੀਕਾਨ, ਬੋਹਰ ਤੇ ਪਲੈਂਕ ਨੂੰ ਮਿਲਿਆ। 1925 ਵਿਚ ਵਤਨ ਪਰਤਿਆ ਤਾਂ ਯੂਨੀਵਰਸਿਟੀ ਵੱਲੋਂ ਹੀ ਉਹ ਲੈਨਿਨਗਰਾਦ ਤੇ ਮਾਸਕੋ ਗਿਆ। ਉੱਥੋਂ ਹੀ ਜਰਮਨੀ ਤੇ ਇਟਲੀ ਹੁੰਦਾ ਹੋਇਆ ਸਾਲ ਦੇ ਅੰਤ ਵਿਚ ਕਲਕੱਤੇ ਮੁੜਿਆ।
ਅਸਲ ਵਿਚ ਉਸ ਦੀ ਖੋਜ ਸਮੇਂ ਦੇ ਭੌਤਿਕ ਵਿਗਿਆਨ ਦੇ ਨਵੀਨਤਮ ਖੇਤਰ ਨਾਲ ਜੁੜੀਆਂ ਨਵੀਆਂ ਦਿਸ਼ਾਵਾਂ ਵੱਲ ਸੰਕੇਤ ਕਰ ਰਹੀ ਸੀ। ਇਸ ਖੇਤਰ ਵਿਚ ਰੈਲੇ ਤੇ ਕਾਂਪਟਨ ਨਾਮੀ ਦੋ ਵਿਗਿਆਨੀ 1904 ਤੇ 1927 ਵਿਚ ਨੋਬੇਲ ਪੁਰਸਕਾਰ ਜਿੱਤ ਚੁੱਕੇ ਸਨ। ਇਹ ਫੋਟਾਨਾਂ ਦੀ ਸਕੈਟਰਿੰਗ ਭਾਵ ਖਿੰਡਾਅ ਦੀ ਖੇਡ ਸੀ। ਐਕਸ-ਰੇ, ਰੇਡੀਏਸ਼ਨ ਤੇ ਰੌਸ਼ਨੀ ਦਾ ਖੇਤਰ। 1921 ਵਿਚ ਆਇੰਸਟਾਈਨ ਵੀ ਫੋਟੋ-ਇਲੈਕਟਰਿਕ ਐਮਿਸ਼ਨ ਲਈ ਨੋਬੇਲ ਪੁਰਸਕਾਰ ਜਿੱਤ ਚੁੱਕਾ ਸੀ। ਪਾਰਦਰਸ਼ੀ ਮਾਧਿਅਮਾਂ ਉੱਤੇ ਫੋਟਾਨਾਂ/ ਰੇਡੀਏਸ਼ਨ ਦੇ ਟਕਰਾਉਣ ਦੇ ਰਹੱਸਾਂ ਨੂੰ ਹੁਣ ਰਮਨ ਆਪਣੀ ਪਹੁੰਚ ਨਾਲ ਖੋਜ ਕੇ ਬੜੇ ਵਿਸ਼ਵਾਸ ਨਾਲ ਨੋਬੇਲ ਜਿੱਤਣ ਵੱਲ ਕਦਮ ਵਧਾ ਰਿਹਾ ਸੀ। ਕਾਂਪਟਨ ਨੇ ਐਕਸ-ਰੇਜ਼ ਦੇ ਇਲੈਕਟਰਾਨਾਂ ਨਾਲ ਟਕਰਾਉਣ ਉਪਰੰਤ ਉਨ੍ਹਾਂ ਦੀ ਤਰੰਗ ਲੰਬਾਈ ਵਿਚ ਵਾਧੇ ਨੂੰ ਕਾਂਪਟਨ ਪ੍ਰਭਾਵ ਵਜੋਂ ਪਛਾਣ ਕੇ ਨੋਬੇਲ ਪੁਰਸਕਾਰ ਲਿਆ ਸੀ। ਰਮਨ ਨੇ ਸੋਚਿਆ ਕਿ ਐਕਸ-ਰੇਜ਼ ਵਾਲਾ ਮਾਮਲਾ ਰੌਸ਼ਨੀ ਦੇ ਫੋਟਾਨਾਂ ਨੂੰ ਲੈ ਕੇ ਭਿੰਨ-ਭਿੰਨ ਪਾਰਦਰਸ਼ੀ ਠੋਸਾਂ/ਤਰਲਾਂ ਦੇ ਮਾਲੀਕਿਊਲਾਂ ਦੇ ਆਧਾਰ ਉੱਤੇ ਪਰਖ ਕੇ ਨਵੇਂ ਸਿੱਟੇ ਲੱਭੇ ਜਾ ਸਕਦੇ ਹਨ।
ਇਕੋ ਰੰਗ ਵਾਲੀ ਰੌਸ਼ਨੀ ਦਾ ਮਤਲਬ ਇਕੋ ਵੇਵਲੈਂਥ ਤੇ ਫਰੀਕੁਐਂਸੀ ਦੇ ਫੋਟਾਨ। ਇਨ੍ਹਾਂ ਨੂੰ ਕਿਸੇ ਪਾਰਦਰਸ਼ੀ ਮਾਧਿਅਮ ਦੇ ਮਾਲੀਕਿਊਲਾਂ ਨਾਲ ਟਕਰਾਓ ਅਤੇ ਖਿੰਡੀ ਰੌਸ਼ਨੀ ਦਾ ਵਿਸ਼ਲੇਸ਼ਣ ਕਰੋ। ਰਮਨ ਨੇ ਇਸ ਦਿਸ਼ਾ ਵਿਚ ਕੰਮ ਵਧਾਇਆ। ਸ਼ੁੱਧ ਗਲਿਸਰੀਨ ਤੋਂ ਨੀਲੇ ਰੰਗ ਦੀ ਰੌਸ਼ਨੀ ਦੀ ਸੈਕੰਡਰੀ ਰੇਡੀਏਸ਼ਨ ਵਿਚ ਰੌਸ਼ਨੀ ਦੀ ਫਰੀਕੁਐਂਸੀ ਬਦਲੀ ਹੋਈ ਮਿਲੀ। ਰਮਨ ਨੇ 16 ਫਰਵਰੀ 1928 ਨੂੰ ਨੇਚਰ ਰਸਾਲੇ ਨੂੰ ਇਹ ਖ਼ਬਰ ਭੇਜ ਦਿੱਤੀ। ਉਸ ਨੇ ਵੱਖ-ਵੱਖ ਰੰਗਾਂ ਦੀ ਰੌਸ਼ਨੀ ਨਾਲ ਬੈਨਜ਼ੀਨ, ਟਾਲਵੀਨ ਆਦਿ ਅੱਸੀ ਦ੍ਰਵਾਂ ਉੱਤੇ ਤਜਰਬੇ ਕਰ ਕੇ 28 ਫਰਵਰੀ 1928 ਨੂੰ ਆਪਣੀ ਲੱਭਤ ਰਮਨ ਇਫੈਕਟ ਦਾ ਐਲਾਨ ਕੀਤਾ। ਲੀਪ ਵਰ੍ਹਾ ਸੀ। ਅਗਲੇ ਦਿਨ 29 ਫਰਵਰੀ ਨੂੰ ਦੁਨੀਆਂ ਭਰ ਦੀਆਂ ਅਖ਼ਬਾਰਾਂ, ਖੋਜ ਪੱਤਰਾਂ ਤੇ ਵਿਗਿਆਨੀਆਂ ਵਿਚ ਇਸ ਐਲਾਨ ਨੇ ਤਰਥੱਲੀ ਮਚਾ ਦਿੱਤੀ। ਸਰਲ ਸ਼ਬਦਾਂ ਵਿਚ ਉਸ ਨੇ ਕਿਹਾ ਕਿ ਇਕੋ ਰੰਗ, ਇਕੋ ਵੇਵਲੈਂਥ, ਇਕੋ ਫਰੀਕੁਐਂਸੀ ਦੀ ਰੌਸ਼ਨੀ ਜਦੋਂ ਕਿਸੇ ਮਾਧਿਅਮ ਦੇ ਮਾਲੀਕਿਊਲਾਂ ਭਾਵ ਅਣੂਆਂ ਨਾਲ ਟਕਰਾਉਂਦੀ ਹੈ ਤਾਂ ਸਾਰੀ ਦੀ ਸਾਰੀ ਨਾ ਪਾਰ ਲੰਘਦੀ ਹੈ, ਨਾ ਉਸੇ ਫਰੀਕੁਐਂਸੀ ਵਿਚ ਖਿੰਡਦੀ ਹੈ। ਖਿੰਡੀ ਹੋਈ ਰੌਸ਼ਨੀ ਵਿਚ ਕੁਝ ਅੰਸ਼ ਦੀ ਫਰੀਕੁਐਂਸੀ ਅਤੇ ਵੇਵਲੈਂਥ ਬਦਲ ਜਾਂਦੀ ਹੈ। ਇਸ ਬਦਲਾਓ ਦਾ ਸਬੰਧ ਟਕਰਾਏ ਮਾਲੀਕਿਊਲਾਂ ਨਾਲ ਹੈ। ਇਸ ਆਧਾਰ ਉੱਤੇ ਮਾਲੀਕਿਊਲਾਂ ਦੀ ਪਛਾਣ ਵੀ ਸੰਭਵ ਹੈ। ਸੰਖੇਪ ਵਿਚ ਇਹ ਸੀ ਰਮਨ ਪ੍ਰਭਾਵ।
ਰਮਨ ਇਫੈਕਟ, ਸਟਿਮੂਲੇਟਿਡ ਰਮਨ ਇਫੈਕਟ, ਹਾਈਪਰ ਰਮਨ ਇਫੈਕਟ, ਰਮਨ ਸਪੈਕਟਰਾ ਆਦਿ ਵਿਸ਼ਿਆਂ ਨੂੰ ਲੈ ਕੇ ਇਨ੍ਹਾਂ ਦੇ ਵਿਹਾਰਕ ਸਿਧਾਂਤਕ ਵਿਸਤਾਰਾਂ ਉੱਤੇ ਹਜ਼ਾਰਾਂ ਖੋਜ ਪੱਤਰ ਤੇ ਸੈਂਕੜੇ ਕਾਨਫਰੰਸਾਂ ਹੁਣ ਤੱਕ ਹੋ ਚੁੱਕੀਆਂ ਹਨ। ਨਿੱਤ ਦਿਨ ਇਨ੍ਹਾਂ ਦੇ ਨਵੇਂ ਪੱਖ ਤੇ ਲਾਭ ਸਾਹਮਣੇ ਆ ਰਹੇ ਹਨ। ਇਨ੍ਹਾਂ ਦੀਆਂ ਸੰਭਾਵਨਾਵਾਂ ਉਦੋਂ ਹੀ ਨਜ਼ਰ ਆਉਣ ਲੱਗੀਆਂ ਸਨ। ਇਸੇ ਲਈ ਦੁਨੀਆਂ ਵਿਚ ਰਮਨ ਦੀ ਬੱਲੇ ਬੱਲੇ ਹੋ ਗਈ। ਜੂਨ 1929 ਵਿਚ ਸਰਕਾਰ ਨੇ ਉਸ ਨੂੰ ਨਾਈਟ ਦਾ ਖ਼ਿਤਾਬ ਦਿੱਤਾ। ਉਸੇ ਸਾਲ ਉਸ ਨੂੰ ਇੰਡੀਅਨ ਸਾਇੰਸ ਕਾਂਗਰਸ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ। ਫੈਰਾਡੇ ਸੁਸਾਇਟੀ ਨੇ ਲੰਡਨ ਬੁਲਾ ਕੇ ਵਿਸ਼ੇਸ਼ ਲੈਕਚਰ ਕਰਾਇਆ। ਰਾਇਲ ਸੁਸਾਇਟੀ ਲੰਡਨ ਨੇ ਹਫਜ਼ ਮੈਡਲ ਦਿੱਤਾ। ਇਟਲੀ ਨੇ ਮੈਟੂਕੀ ਗੋਲਡ ਮੈਡਲ ਭੇਟ ਕੀਤਾ। 1930 ਦਾ ਨੋਬੇਲ ਪੁਰਸਕਾਰ ਸਿਖਰ ਸੀ। ਦਸ ਦਸੰਬਰ 1930 ਨੂੰ ਏਸ਼ੀਆ ਦੇ ਇਸ ਪਹਿਲੇ ਪਗੜੀਧਾਰੀ ਭਾਰਤੀ ਨਾਗਰਿਕ ਨੇ ਇਨਾਮ ਲਿਆ ਤਾਂ ਸਵੀਡਨ ਦੇ ਰਾਜੇ ਤੇ ਰਾਣੀ ਸਮੇਤ ਚਾਰ ਹਜ਼ਾਰ ਵਿਅਕਤੀਆਂ ਦੀ ਹਾਜ਼ਰੀ ’ਚ ਕਨਸਰਟ ਹਾਲ ਦੇਰ ਤੱਕ ਤਾੜੀਆਂ ਨਾਲ ਗੂੰਜਦਾ ਰਿਹਾ।
ਨੋਬੇਲ ਪੁਰਸਕਾਰ ਮਿਲਣ ਉਪਰੰਤ ਤਿੰਨ ਸਾਲ ਹੋਰ ਰਮਨ ਕਲਕੱਤੇ ਰਿਹਾ। 1933 ਵਿਚ ਉਸ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਵਿਚ ਭੌਤਿਕ ਵਿਗਿਆਨ ਦੇ ਮੁਖੀ ਦੀ ਕੁਰਸੀ ਅਤੇ ਸੰਸਥਾ ਦੀ ਡਾਇਰੈਕਟਰੀ ਮਿਲ ਗਈ। 1948 ਤੱਕ ਉਸ ਨੇ ਇਸ ਸੰਸਥਾ ਵਿਚ ਭਾਂਤ-ਭਾਂਤ ਦੇ ਖੇਤਰਾਂ ਵਿਚ ਮੁੱਲਵਾਨ ਖੋਜ ਕੀਤੀ ਤੇ ਕਰਵਾਈ। ਇਸ ਦੌਰਾਨ ਉਸ ਨੇ 491 ਖੋਜ ਪੱਤਰ ਛਪਵਾਏ ਅਤੇ ਸੱਠ ਸਾਲ ਦੀ ਉਮਰ ਵਿਚ ਉੱਥੋਂ ਸੇਵਾਮੁਕਤ ਹੋਇਆ।
ਕ੍ਰਿਸਟਲਾਂ ਦਾ ਭੌਤਿਕ ਵਿਗਿਆਨ, ਰਮਨ-ਨਾਥ ਥਿਊਰੀ, ਰਮਨ ਸਪੈਕਟਰਾ, ਕ੍ਰਿਸ਼ਨਨ ਇਫੈਕਟ, ਹੀਰੇ ਦੇ ਗੁਣ, ਤਾਰ ਵਾਲੇ ਸੰਗੀਤਕ ਯੰਤਰ, ਚਮੜੇ ਨਾਲ ਮੜ੍ਹੇ ਸੰਗੀਤਕ ਯੰਤਰ, ਧੁਨੀ ਤੇ ਰੌਸ਼ਨੀ ਦਾ ਭੌਤਿਕ ਵਿਗਿਆਨ ਉਸ ਦੀ ਖੋਜ ਦੇ ਖੇਤਰ ਉਮਰ ਭਰ ਬਣੇ ਰਹੇ। ਸੇਵਾਮੁਕਤੀ ਤੋਂ ਪੰਜ ਕੁ ਵਰ੍ਹੇ ਪਹਿਲਾਂ ਹੀ ਉਸ ਨੇ ਮੈਸੂਰ ਦੇ ਰਾਜੇ ਵੱਲੋਂ ਤੋਹਫੇ਼ ਵਜੋਂ ਮਿਲੀ ਗਿਆਰਾਂ ਏਕੜ ਜ਼ਮੀਨ ਉੱਤੇ ਆਪਣਾ ਰਮਨ ਰਿਸਰਚ ਸੈਂਟਰ ਬਣਵਾਉਣਾ ਸ਼ੁਰੂ ਕਰ ਦਿੱਤਾ। ਰਹਿੰਦੀ ਉਮਰ ਉਸ ਨੇ ਮੁੱਖ ਰੂਪ ਵਿਚ ਇੱਥੇ ਹੀ ਖੋਜਾਂ ਕਰਦਿਆਂ ਕਰਵਾਉਂਦਿਆਂ ਗੁਜ਼ਾਰੀ। ਅੱਜ ਇਹ ਖੋਜ ਕੇਂਦਰ ਵਧੀਆ ਵਿਗਿਆਨਕ ਕੇਂਦਰ ਵਜੋਂ ਕਾਰਜਸ਼ੀਲ ਹੈ।
ਰਮਨ ਕਲਾ, ਸਾਹਿਤ ਤੇ ਸੰਗੀਤ ਦਾ ਪ੍ਰੇਮੀ ਵਿਗਿਆਨੀ ਸੀ। ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਲਈ ਲੈਕਚਰ ਤੇ ਰੇਡੀਓ ਵਾਰਤਾਵਾਂ ਵੀ ਉਹ ਪ੍ਰਸਾਰਿਤ ਕਰਦਾ ਰਿਹਾ। ਉਸ ਨੂੰ ਉਮਰ ਭਰ ਦੇਸ਼-ਵਿਦੇਸ਼ ਵਿਚ ਮਾਣ ਮਿਲਦਾ ਰਿਹਾ। 1954 ਵਿਚ ਉਸ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। 1957 ਵਿਚ ਰੂਸ ਨੇ ਲੈਨਿਨ ਪੁਰਸਕਾਰ ਦਿੱਤਾ। ਪੈਰਿਸ, ਗਲਾਸਗੋ, ਬੰਬਈ, ਢਾਕਾ, ਮਦਰਾਸ, ਬਨਾਰਸ ਆਦਿ ਕਿੰਨੀਆਂ ਹੀ ਯੂਨੀਵਰਸਿਟੀਆਂ ਨੇ ਉਸ ਨੂੰ ਆਨਰੇਰੀ ਡੀ.ਐੱਸਸੀ. ਤੇ ਪੀਐੱਚ.ਡੀ. ਦੀਆਂ ਡਿਗਰੀਆਂ ਦਿੱਤੀਆਂ। 21 ਨਵੰਬਰ 1970 ਨੂੰ ਅਖੀਰਲੇ ਦਮ ਤੱਕ ਸਰਗਰਮ ਇਹ ਮਹਾਨ ਵਿਗਿਆਨੀ ਸਾਨੂੰ ਅਲਵਿਦਾ ਕਹਿ ਗਿਆ। ਮੌਤ ਤੋਂ ਡੇਢ ਮਹੀਨਾ ਪਹਿਲਾਂ ਦੋ ਅਕਤੂਬਰ 1970 ਨੂੰ ਰਮਨ ਇੰਸਟੀਿਚਊਟ ਵਿਚ ਉਸ ਨੇ ਮਹਾਤਮਾ ਗਾਂਧੀ ਮੈਮੋਰੀਅਲ ਲੈਕਚਰ ਦਿੱਤਾ। ਮੌਤ ਤੋਂ ਕੁਝ ਹੀ ਦਿਨ ਪਹਿਲਾਂ ਉਸ ਨੇ ਇੰਡੀਅਨ ਅਕੈਡਮੀ ਆਫ ਸਾਇੰਸਿਜ਼ ਵਿਚ ਕੰਨ ਦੇ ਪਰਦੇ ਅਤੇ ਧੁਨੀ ਬਾਰੇ ਆਪਣੀਆਂ ਖੋਜਾਂ ਸਬੰਧੀ ਅੰਤਿਮ ਭਾਸ਼ਣ ਦਿੱਤਾ।

*ਸਾਬਕਾ ਪ੍ਰੋਫ਼ੈਸਰ ਅਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98722-60550


Comments Off on ਮਹਾਨ ਵਿਗਿਆਨੀ ਸੀ.ਵੀ. ਰਮਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.