ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ

Posted On November - 18 - 2019

ਲਕਸ਼ਮੀਕਾਂਤਾ ਚਾਵਲਾ*

ਲਕਸ਼ਮੀਕਾਂਤਾ ਚਾਵਲਾ

ਸਾਲ 2019 ਇਕ ਪੱਖ ਤੋਂ ਬਹੁਤ ਅਹਿਮ ਰਿਹਾ। ਮਹਾਂਪੁਰਖਾਂ ਨੂੰ ਯਾਦ ਕੀਤਾ, ਉਨ੍ਹਾਂ ਦੇ ਦਿਵਸ ਮਨਾਏ, ਬਹੁਤ ਵੱਡੇ-ਵੱਡੇ ਸਮਾਗਮ ਕੀਤੇ। ਸਭ ਤੋਂ ਵੱਡੀ ਗੱਲ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਮੌਕਾ ਮਿਲਿਆ। 72 ਸਾਲ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਅਸੀਂ ਬਾਬਾ ਨਾਨਕ ਦੀ ਇਸ ਪਵਿੱਤਰ ਕਰਮ ਭੂਮੀ ਦੇ ਦਰਸ਼ਨਾਂ ਤੋਂ ਵਾਂਝੇ ਹੋ ਗਏ ਸਾਂ। ਲਗਾਤਾਰ ਇਹ ਅਰਦਾਸ ਕਰਦੇ ਰਹੇ ਕਿ ਅਸੀਂ ਉਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਕਰ ਸਕੀਏ ਜਿੱਥੇ ਦੇਸ਼ ਦੀ ਵੰਡ ਕਾਰਨ ਨਹੀਂ ਪਹੁੰਚ ਸਕਦੇ। ਇਹ ਸੁਪਨਾ ਸੱਚ ਹੋਇਆ। ਭਾਰਤ ਦੇ ਨਾਲ ਪੂਰੀ ਦੁਨੀਆਂ ਵਿਚ ਪ੍ਰਕਾਸ਼ ਪੁਰਬ ਮਨਾਇਆ ਗਿਆ। ਆਮ ਲੋਕਾਂ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਵੀ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਨੂੰ ਵਿਦਾ ਕਰਨ ਲਈ ਡੇਰਾ ਬਾਬਾ ਨਾਨਕ ਪੁੱਜੇ। ਸਭ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਗੁਰੂ ਦਾ ਆਸ਼ੀਰਵਾਦ ਲਿਆ।
ਭਾਰਤ ਵਾਸੀਆਂ ਨੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਵੀ ਮਨਾਇਆ। ਸ਼ਰਧਾਂਜਲੀ, ਭਾਸ਼ਣ, ਸੰਕਲਪ, ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਅਪੈਰਲ 2019 ਵਿਚ ਜਲ੍ਹਿਆਂਵਾਲਾ ਬਾਗ਼ ਦੇ ਬਲੀਦਾਨਾਂ, ਅੰਗਰੇਜ਼ਾਂ ਦੇ ਕਰੂਰ ਕਾਰਨਾਮਿਆਂ ਦੀ ਸ਼ਤਾਬਦੀ ਵੀ ਮਨਾਈ। ਭਾਰਤ ਦੇ ਉਪ ਰਾਸ਼ਟਰਪਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਪੁੱਜੇ। ਗੁਰਬਾਣੀ ਦਾ ਕੀਰਤਨ ਵੀ ਹੋਇਆ ਅਤੇ ਰਾਮ ਨਾਮ ਦਾ ਮਧੁਰ ਗਾਇਨ ਵੀ। ਭਾਸ਼ਣ ਵੀ ਹੋਏ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਵੀ। ਉਸ ਦਿਨ ਜਲ੍ਹਿਆਂਵਾਲੇ ਬਾਗ਼ ਵਿਚ ਸਿਰਫ਼ ਸਿਆਸੀ ਪਾਰਟੀਆਂ ਦੇ ਵਿਸ਼ੇਸ਼ ਲੋਕਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ। ਆਪਣੇ ਲਹੂ ਨਾਲ ਜਲ੍ਹਿਆਂਵਾਲਾ ਬਾਗ਼ ਦੀ ਭੂਮੀ ਸਿੰਜਣ ਵਾਲੇ ਬਲਿਦਾਨੀਆਂ ਦੇ ਵੰਸ਼ਜ ਉੱਥੇ ਬਹੁਤ ਘੱਟ ਵਿਖਾਈ ਦਿੱਤੇ। ਸ਼ਾਇਦ ਕਿਸੇ ਨੂੰ ਬਾਗ਼ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਵੰਸ਼ਜਾਂ ਦੀ ਆਵਾਜ਼ ਕਿਸੇ ਨੇ ਸੁਣੀ। ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਅਸੀਂ ਸਾਰੇ ਉਨ੍ਹਾਂ ਸ਼ਹੀਦਾਂ ਦੇ ਹੀ ਵੰਸ਼ਜ ਹਾਂ ਕਿਉਂਕਿ ਸ਼ਹੀਦ ਮਹਿਜ਼ ਵਿਅਕਤੀ ਨਹੀਂ ਰਹਿੰਦਾ ਉਸ ਦਾ ਰਾਸ਼ਟਰੀਕਰਨ ਹੋ ਜਾਂਦਾ ਹੈ।
ਹੁਣ ਸਵਾਲ ਇਹ ਹੈ ਕਿ ਅਸੀਂ ਸਿਰਫ਼ ਦਿਵਸ ਹੀ ਕਿਉਂ ਮਨਾਉਂਦੇ ਹਾਂ, ਮਹਾਂਪੁਰਖਾਂ ਦੀਆਂ ਸਿੱਖਿਆਵਾਂ ਕਿਉਂ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਨੇ ਇਹ ਸੁਨੇਹਾ ਦਿੱਤਾ ਸੀ ਕਿ ਸਭ ਜੀਵਾਂ ਵਿਚ ਇਕੋ ਰੱਬ ਹੈ। ਕੋਈ ਵੈਰੀ ਜਾਂ ਬੇਗਾਨਾ ਨਹੀਂ। ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੁਨੇਹਾ ਹੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ। ਅੱਜ ਹੈਰਾਨੀ ਹੁੰਦੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਲੇ ਕੁਝ ਅਜਿਹੇ ਸੱਤਾਧਾਰੀ ਵੀ ਹਨ ਜੋ ਹਰ ਕਿਸੇ ਵਿਚ ਉਸ ਅਕਾਲ ਪੁਰਖ ਦੀ ਜੋਤ ਨੂੰ ਨਹੀਂ ਵੇਖਦੇ। ਕਿਹੋ ਜਿਹੀ ਵਿਡੰਬਨਾ ਹੈ ਕਿ ਜਿਸ ਧਰਤੀ ਉੱਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਉਸੇ ਪੰਜਾਬ ਵਿਚ 112 ਬੁੱਚੜਖਾਨੇ ਸਰਕਾਰ ਦੁਆਰਾ ਪੰਜੀਕ੍ਰਿਤ ਹਨ ਅਤੇ ਗ਼ੈਰਕਾਨੂੰਨੀ ਬੁੱਚੜਖਾਨਿਆਂ ਦੀ ਗਿਣਤੀ ਕਿਸੇ ਨੂੰ ਪਤਾ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚਿੰਤਾ ਹੈ ਕਿ ਲਾਇਸੈਂਸਸ਼ੁਦਾ ਬੁੱਚੜਖਾਨਿਆਂ ਵਿਚ ਵੀ ਪਸ਼ੂਆਂ ਨੂੰ ਬੇਹੱਦ ਕਰੂਰਤਾਪੂਰਵਕ ਜਾਨੋਂ ਮਾਰਿਆ ਜਾਂਦਾ ਹੈ। ਇਹ ਚਿੰਤਾ ਕਿਸੇ ਨੂੰ ਨਹੀਂ ਕਿ ਪਸ਼ੂ ਕਿਉਂ ਮਾਰੇ ਜਾਂਦੇ ਹਨ। ਸਵਾਲ ਇਹ ਵੀ ਹੈ ਕਿ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਕੀ ਕਿਸੇ ਇਕ ਸੂਬੇ ਜਾਂ ਮੁਲਕ ਲਈ ਹੀ ਹਨ। ਸਾਡੇ ਮੁਲਕ ਵਿਚ ਭਗਵਾਨ ਮਹਾਵੀਰ, ਮਹਾਤਮਾ ਬੁੱਧ ਅਤੇ ਗੁਰੂ ਨਾਨਕ ਦੇਵ ਜੀ ਹੋਏ। ਇਨ੍ਹਾਂ ਮਹਾਂਪੁਰਖਾਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਅਥਾਹ ਸ਼ਰਧਾ ਹੈ, ਪਰ ਇਸ ਦੇ ਨਾਲ ਹੀ ਮੁਲਕ ਵਿਚ ਇਕ ਲੱਖ ਤੋਂ ਵੀ ਵਧੇਰੇ ਬੁੱਚੜਖਾਨੇ ਹਨ। ਪਸ਼ੂਆਂ ਦੇ ਭਲੇ ਲਈ ਕੰਮ ਕਰਨ ਵਾਲਾ ਸੰਗਠਨ ਪੀਪਲ ਫਾਰ ਦਿ ਐਥੀਕਲ ਟਰੀਟਮੈਂਟ ਆਫ ਐਨੀਮਲਜ਼ ਇੰਡੀਆ (ਪੇਟਾ ਇੰਡੀਆ) ਦੇ ਇਸ਼ਤਿਹਾਰ ਮੁਤਾਬਿਕ ਦੇਸ਼ ਵਿਚ ਗ਼ੈਰਕਾਨੂੰਨੀ ਬੁੱਚੜਖਾਨਿਆਂ ਦੀ ਗਿਣਤੀ ਤੀਹ ਹਜ਼ਾਰ ਤੋਂ ਜ਼ਿਆਦਾ ਹੈ। ਦਸ ਰਾਜਾਂ ਵਿਚ ਸਰਕਾਰੀ ਇਜਾਜ਼ਤ ਲੈ ਕੇ ਗਊ ਹੱਤਿਆ ਕੀਤੀ ਜਾਂਦੀ ਹੈ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਹੀ ਅਹਿੰਸਾ ਪਰਮ ਧਰਮ ਦਾ ਉਪਦੇਸ਼ ਪੂਰੀ ਦੁਨੀਆਂ ਨੂੰ ਦਿੱਤਾ ਅਤੇ ਇਸ ਨੂੰ ਆਪਣਾ ਕੌਮੀ ਆਦਰਸ਼ ਵੀ ਬਣਾਇਆ। ਵਿਰੋਧਾਭਾਸ ਦੇਖੋ, ਇਕ ਪਾਸੇ ਪੰਜਾਬ ਦੇ ਗੁਰਦੁਆਰਿਆਂ ਅਤੇ ਮੰਦਿਰਾਂ ’ਚੋਂ ਸਵੇਰ ਵੇਲੇ ਪਵਿੱਤਰ ਬਾਣੀ ਤੇ ਮੰਦਿਰਾਂ ’ਚੋਂ ਭਜਨ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਹਨ। ਦੂਜੇ ਪਾਸੇ ਉਸੇ ਪੰਜਾਬ ਵਿਚ 112 ਪੰਜੀਕ੍ਰਿਤ ਅਤੇ ਹੋਰ ਗ਼ੈਰਕਾਨੂੰਨੀ ਬੁੱਚੜਖਾਨਿਆਂ ਵਿਚ ਕੱਟਣ ਵਾਲੇ ਹਜ਼ਾਰਾਂ ਪਸ਼ੂਆਂ ਦੀਆਂ ਚੀਕਾਂ ਵੀ ਸੁਣਾਈ ਦਿੰਦੀਆਂ ਹਨ। ਗੁਰਮਤਿ ਰਹਿਤ ਮਰਿਆਦਾ ਮੁਤਾਬਿਕ ਤੰਬਾਕੂ ਦੀ ਵਰਤੋਂ ਕੁਰਹਿਤ ਹੈ, ਉਸੇ ਸੂਬੇ ਵਿਚ ਸਰਕਾਰਾਂ ਦੀ ਬੇੜੀ ਸ਼ਰਾਬ ਦੀ ਕਮਾਈ ਦੇ ਚੱਪੂ ਸਹਾਰੇ ਚੱਲਦੀ ਹੈ। ਮਹਾਤਮਾ ਗਾਂਧੀ ਨੇ ਵੀ ਸ਼ਰਾਬ ਅਤੇ ਵਿਦੇਸ਼ੀ ਮਾਲ ਦਾ ਵਿਰੋਧ ਕੀਤਾ ਸੀ। ਉਹ ਗਊ ਹੱਤਿਆ ਦੇ ਸਖ਼ਤ ਖ਼ਿਲਾਫ਼ ਸਨ ਅਤੇ ਆਜ਼ਾਦੀ ਮਿਲਣ ਮਗਰੋਂ ਪਹਿਲੇ ਘੰਟੇ ਵਿਚ ਹੀ ਗਊ ਹੱਤਿਆ ਅਤੇ ਸ਼ਰਾਬ ਬੰਦ ਕਰਨ ਦੀ ਗੱਲ ਆਖਦੇ ਸਨ।
ਅਸੀਂ ਸਾਰੇ ਦਿਹਾੜੇ ਤਾਂ ਮਨਾ ਲਏ, ਪਰ ਕੋਈ ਸਾਰਥਕ ਸੁਨੇਹਾ ਨਹੀਂ ਅਪਣਾਇਆ। ਕੀ ਇਹ ਮੰਨਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਰਕਾਰਾਂ ਨੇ ਸਿਰਫ਼ ਭਾਸ਼ਣਾਂ ਤਕ ਮਹਿਦੂਦ ਕਰ ਰੱਖੇ ਹਨ? ਕੀ ਮਹਾਤਮਾ ਗਾਂਧੀ ਦੇ ਬੁੱਤ, ਉਨ੍ਹਾਂ ਦੇ ਸਮਾਰਕ ਸਿਰਫ਼ 2 ਅਕਤੂਬਰ ਅਤੇ 30 ਜਨਵਰੀ ਨੂੰ ਫੁੱਲ ਚੜ੍ਹਾਉਣ ਲਈ ਸੁਰੱਖਿਅਤ ਕਰ ਲਏ ਹਨ। ਅਫ਼ਸੋਸ ਹੈ ਕਿ ਅਸੀਂ ਦਿਹਾੜੇ ਤਾਂ ਮਨਾਉਂਦੇ ਹਾਂ, ਪਰ ਸਿੱਖਿਆਵਾਂ ਨਹੀਂ ਅਪਣਾਉਂਦੇ। ਜਦੋਂ ਤਕ ਅਸੀਂ ਇਹ ਸਿੱਖਿਆਵਾਂ ਨਹੀਂ ਅਪਣਾਉਂਦੇ, ਉਦੋਂ ਤਕ ਦੇਸ਼ ਤੇ ਸਮਾਜ ਦਾ ਭਲਾ ਨਹੀਂ ਕਰ ਸਕਦੇ। ਆਪਣੇ ਮਹਾਂਪੁਰਖਾਂ ਦੇ ਉਪਦੇਸ਼ ਨੂੰ ਜੀਵਨ ਵਿਚ ਮੰਨਣਾ ਹੀ ਸੱਚੀ ਅਰਾਧਨਾ ਹੈ।
ਕੀ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਕੀਰਤਨ ਕਰਵਾ ਕੇ ਅਤੇ ਸਲਾਮੀ ਦੇ ਕੇ ਹੀ ਸ਼ਹੀਦਾਂ ਪ੍ਰਤੀ ਫ਼ਰਜ਼ ਪੂਰਾ ਹੋ ਗਿਆ ਹੈ? ਜਿਸ ਆਜ਼ਾਦੀ ਲਈ ਦੇਸ਼ ਦੇ ਹਜ਼ਾਰਾਂ ਧੀਆਂ-ਪੁੱਤ ਫਾਂਸੀ ਚੜ੍ਹੇ, ਕਾਲੇਪਾਣੀ ਦੀਆਂ ਕਾਲਕੋਠੜੀਆਂ ਵਿਚ ਸੰਘਰਸ਼ ਕਰਦੇ ਰਹੇ, ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਹੋ ਕੇ ਜੀਵਨ ਕੁਰਬਾਨ ਕਰਦਿਆਂ ਆਜ਼ਾਦੀ ਦੀ ਉਡੀਕ ਕਰਦੇ ਹੀ ਚਲੇ ਗਏ; ਉਸ ਮੁਲਕ ਵਿਚ ਨਿਆਂ ਪਾਉਣ ਲਈ ਅੱਜ ਵੀ ਤਿੰਨ-ਤਿੰਨ ਪੀੜ੍ਹੀਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਥਾਣਿਆਂ ਵਿਚ ਸੱਤਾਧਾਰੀਆਂ ਦੇ ਨੱਕ ਦੇ ਹੇਠਾਂ ਥਰਡ ਡਿਗਰੀ ਯਾਤਨਾਵਾਂ ਸਹਿੰਦੇ ਹਨ, ਵੀਹ ਕਰੋੜ ਲੋਕਾਂ ਨੂੰ ਰਾਤ ਨੂੰ ਭੁੱਖੇ ਸੌਣਾ ਪੈਂਦਾ ਹੈ, ਲੱਖਾਂ ਬੱਚੇ ਕੁਪੋਸ਼ਣ ਕਾਰਨ ਜੀਵਨ ਦਾ ਪੰਜਵੇਂ ਸਾਲ ਵੀ ਨਹੀਂ ਵੇਖ ਸਕਦੇ, ਔਰਤਾਂ ਨਾਲ ਭੇਦਭਾਵ ਸਮਾਜ ਅਤੇ ਧਰਮ ਦੇ ਠੇਕੇਦਾਰ ਅੱਜ ਵੀ ਕਰ ਰਹੇ ਹਨ, ਔਰਤਾਂ ਨੂੰ ਸਰੀਰਕ ਸ਼ੋਸ਼ਣ ਵੀ ਸਹਿਣਾ ਪੈਂਦਾ ਹੈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਭੁੱਖ, ਡਰ, ਬੇਰੁਜ਼ਗਾਰੀ ਅਤੇ ਭੇਦਭਾਵ ਰਹਿਤ ਆਜ਼ਾਦ ਭਾਰਤ ਦਾ ਸੁਪਨਾ ਪੂਰਾ ਹੋ ਗਿਆ ਹੈ।


Comments Off on ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.