ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ

Posted On November - 19 - 2019

ਨਰਾਇਣ ਦੱਤ

ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਘੋਲ ਪਿਛਲੇ 22 ਸਾਲਾਂ ਵਿਚ ਅਲੱਗ ਅਲੱਗ ਮੋੜਾਂ ਘੋੜਾਂ ਵਿਚੋਂ ਲੰਘਿਆ ਹੈ। ਇਹ ਘੋਲ ਕਿਰਨਜੀਤ ਕੌਰ ਦੇ ਬਹੁਚਰਚਿਤ ਬਲਾਤਕਾਰ ਅਤੇ ਕਤਲ ਵਿਰੁੱਧ ਘੋਲ ਨਾਲ ਜੁੜਿਆ ਹੋਇਆ ਹੈ। ਮਨਜੀਤ ਸਿੰਘ ਧਨੇਰ ਨੂੰ 22 ਸਾਲਾਂ ਦੀ ਲੰਬੀ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਪਿਆ।
3 ਸਤੰਬਰ 2019 ਨੂੰ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਉਸਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖਣ ਦਾ ਫ਼ੈਸਲਾ ਸੁਣਾ ਦਿੱਤਾ ਸੀ। ਇਸ ਫ਼ੈਸਲੇ ਖਿਲਾਫ਼ ਲੋਕਾਂ ਨੇ ਵੱਡਾ ਪ੍ਰਤੀਕਰਮ ਕੀਤਾ ਅਤੇ ਸੈਂਕੜੇ ਥਾਵਾਂ ’ਤੇ ਰੈਲੀਆਂ, ਮਾਰਚ ਅਤੇ ਅਰਥੀ ਸਾੜ ਮੁਜ਼ਾਹਰੇ ਕੀਤੇ। ਪੰਜਾਬ ਦੀ ਫਿਜ਼ਾ ਅੰਦਰ ਇਸ ਫ਼ੈਸਲੇ ਨੂੰ ਇਨਸਾਫ਼ ਦਾ ਕਤਲ ਹੋਣ ਦੇ ਤੁਲ ਸਮਝਿਆ ਗਿਆ। ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਸੰਘਰਸ਼ ਕਮੇਟੀ, ਪੰਜਾਬ ਨੇ ਇਸ ਅਨਿਆਂ ਵਿਰੁੱਧ ਜਨਤਕ ਲਹਿਰ ਖੜ੍ਹੀ ਕਰਨ ਦਾ ਫ਼ੈਸਲਾ ਕੀਤਾ। 11 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਨੂੰ ਵੱਡੇ ਵਫ਼ਦ ਰਾਹੀਂ ਮਿਲ ਕੇ ਇਹ ਸਜ਼ਾ ਰੱਦ ਕਰਨ ਦੀ ਮੰਗ ਕੀਤੀ। ਉਸੇ ਦਿਨ ਪੰਜਾਬ ਸਰਕਾਰ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਮੰਨਦਿਆਂ 20 ਸਤੰਬਰ 2019 ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਘਰਸ਼ ਕਮੇਟੀ ਨੂੰ ਪਟਿਆਲਾ ਮੋਰਚਾ ਲਾਉਣ ਦੀ ਇਜਾਜ਼ਤ ਨਾ ਦਿੱਤੀ। 20 ਸਤੰਬਰ ਨੂੰ ਜਦੋਂ ਹਜ਼ਾਰਾਂ ਦੀ ਤਾਦਾਦ ’ਚ ਕਿਸਾਨਾਂ-ਮਜ਼ਦੂਰਾਂ-ਨੌਜਵਾਨਾਂ-ਵਿਦਿਆਰਥੀਆਂ-ਔਰਤਾਂ ਦਾ ਕਾਫਲਾ ਮਹਿਮਦਪੁਰ ਦੀ ਦਾਣਾ ਮੰਡੀ ਕੋਲ ਪੁੱਜਾ ਤਾਂ ਭਾਰੀ ਪੁਲੀਸ ਫੋਰਸ ਨਾਲ ਕਾਫਲੇ ਨੂੰ ਨੈਸ਼ਨਲ ਹਾਈਵੇ ਉੱਪਰ ਰੋਕ ਲਿਆ ਗਿਆ। ਸ਼ਾਮ ਪੰਜ ਵਜੇ ਤਕ ਉਸੇ ਹੀ ਥਾਂ ਰੋਸ ਪ੍ਰਦਰਸ਼ਨ ਚੱਲਦਾ ਰਿਹਾ। ਰਾਤ ਤਕ ਟਰੈਕਟਰ, ਟਰਾਲੀਆਂ ਰਾਹੀਂ ਪੁੱਜੇ ਕਾਫਲੇ ਨੇ ਨਵਾਂ ਪਿੰਡ ਵਸਾ ਲਿਆ। ਅਗਲੇ ਦਿਨ ਤੋਂ ਮਹਿਮਦਪੁਰ ਦੀ ਦਾਣਾ ਮੰਡੀ ’ਚ ਹੀ ਪੱਕਾ ਮੋਰਚਾ ਸ਼ੁਰੂ ਹੋ ਗਿਆ। ਸੰਘਰਸ਼ ਕਮੇਟੀ ਦੇ 22 ਸਤੰਬਰ ਨੂੰ ਸ਼ਹਿਰ ਵੱਲ ਵਧਣ ਦੇ ਐਲਾਨ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਸਟੇਜ ਉੱਪਰ ਆ ਕੇ ਐੱਸ.ਡੀ.ਐੱਮ. ਪਟਿਆਲਾ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ 26 ਸਤੰਬਰ ਨੂੰ ਚੰਡੀਗੜ੍ਹ ਵਿਖੇ ਤੈਅ ਹੋਈ ਮੀਟਿੰਗ ਦਾ ਪੱਤਰ ਸੌਂਪਣ ਲਈ ਮਜਬੂਰ ਹੋਣਾ ਪਿਆ। 22 ਸਤੰਬਰ ਅਤੇ 26 ਸਤੰਬਰ ਨੂੰ ਵੱਡੇ ਇਕੱਠ ਕੀਤੇ ਗਏ ਜਿਨ੍ਹਾਂ ਵਿਚ ਲੋਕਾਂ ਦੀ ਸ਼ਮੂਲੀਅਤ ਵਧਦੀ ਗਈ ਅਤੇ 26 ਸਤੰਬਰ ਨੂੰ ਹਜ਼ਾਰਾਂ ਲੋਕ ਖ਼ਾਸ ਕਰਕੇ ਔਰਤਾਂ ਘਰ ਦੀਆਂ ਵਲਗਣਾਂ ਤੋਂ ਨਿਕਲ ਕੇ ਮੈਦਾਨ ’ਚ ਨਿੱਤਰੀਆਂ। ਲੋਕਾਂ ਦੇ ਹਰ ਹਿੱਸੇ ਵੱਲੋਂ ਘੋਲ ਵਿਚ ਸ਼ਾਮਲ ਹੋਣ ਦਾ ਹੁੰਗਾਰਾ ਆਉਣ ਲੱਗਾ। ਲੋਕਾਂ ਅੰਦਰ ਰੋਹ ਅਤੇ ਗੁੱਸਾ ਇੰਨਾ ਸੀ ਕਿ ਜਦੋਂ 26 ਸਤੰਬਰ ਨੂੰ ਪਟਿਆਲਾ ਤੋਂ ਮੋਰਚਾ ਚੁੱਕਣ ਦਾ ਫ਼ੈਸਲਾ ਸੁਣਾਇਆ ਗਿਆ ਤਾਂ ਲੋਕ ਮੋਰਚਾ ਇੱਥੋਂ ਮੋਰਚਾ ਚੁੱਕਣ ਲਈ ਤਿਆਰ ਨਹੀਂ ਸਨ। ਸਰਕਾਰ ਨਾਲ ਚੱਲੀ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਰਾਜਪਾਲ ਕੋਲੋਂ ਵਾਪਸ ਆਈ ਫਾਈਲ ਦੋ ਮਹੀਨੇ ਤੋਂ ਵੀ ਵਧੇਰੇ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ ਦੱਬੀ ਰਹੀ, ਕਿਸੇ ਨੇ ਛੂਹਣ ਤਕ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੀ ਸਰਕਾਰ ਫੋਕਾ ਹੇਜ ਜਤਾ ਰਹੀ ਸੀ, ਉਸ ਦਾ ਅਸਲ ਚਿਹਰਾ ਸਾਹਮਣੇ ਆਇਆ ਤਾਂ ਪ੍ਰਸ਼ਾਸਨ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਫਾਈਲ ਜਲਦੀ ਪੂਰੀ ਕਰਕੇ ਰਾਜਪਾਲ ਨੂੰ ਭੇਜ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੰਘਰਸ਼ ਕਮੇਟੀ ਨੇ ਮੋਰਚਾ ਪਟਿਆਲਾ ਤੋਂ ਬਦਲ ਕੇ ਬਰਨਾਲਾ ਚਲਾਉਣ ਦਾ ਫ਼ੈਸਲਾ ਕੀਤਾ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ 30 ਸਤੰਬਰ ਨੂੰ ਮਨਜੀਤ ਧਨੇਰ ਨੂੰ ਬਰਨਾਲਾ ਸ਼ੈਸ਼ਨ ਕੋਰਟ ਵਿਚ ਪੇਸ਼ ਹੋਣ ਵਾਲੇ ਦਿਨ ਵੱਡਾ ਇਕੱਠ ਕਰਨ ਦਾ ਫ਼ੈਸਲਾ ਕੀਤਾ। 3 ਸਤੰਬਰ ਨੂੰ ਹਜ਼ਾਰਾਂ ਦੀ ਸੰਖਿਆ ’ਚ ਸੰਘਰਸ਼ਸ਼ੀਲ ਕਾਫਲੇ ਚੱਲ ਪਏ। ਜਦੋਂ ਇਸ ਇਕੱਠ ਵਿਚ ਮਨਜੀਤ ਧਨੇਰ ਕਾਫਲੇ ਸਮੇਤ ਬੀਕੇਯੂ ਦਾ ਵੱਡ ਆਕਾਰੀ ਝੰਡਾ ਲੈ ਕੇ ਸ਼ਾਮਲ ਹੋਇਆ ਤਾਂ ਲੋਕਾਂ ਨੇ ਆਪਣੇ ਆਗੂ ਦਾ ਜ਼ੋਰਦਾਰ ਸਵਾਗਤ ਕੀਤਾ। ਮਨਜੀਤ ਧਨੇਰ ਨੇ ਆਪਣੀ ਸੰਖੇਪ ਤਕਰੀਰ ਰਾਹੀਂ ਜਲਦੀ ਲੋਕ ਤਾਕਤ ਦੇ ਸੰਘਰਸ਼ ਆਸਰੇ ਬਾਹਰ ਆਉਣ ਦੀ ਉਮੀਦ ਪ੍ਰਗਟਾਉਂਦਿਆਂ ਲੋਕ ਸੰਘਰਸ਼ਾਂ ਦਾ ਪਰਚਮ ਬੁਲੰਦ ਰੱਖਣ ਦੀ ਅਪੀਲ ਕੀਤੀ। ਉਸਨੇ ਜੇਲ੍ਹ ਦੇ ਅੰਦਰ ਅਤੇ ਉਸ ਦੇ ਵਾਰਸਾਂ ਨੇ ਜੇਲ੍ਹ ਦੀਆਂ ਬਰੂਹਾਂ ’ਤੇ ਪੱਕਾ ਮੋਰਚਾ ਮੱਲ ਲਿਆ। ਇਹ ਮੋਰਚਾ ਜਲਦ ਹੀ ‘ਸੰਘਰਸ਼ੀ ਪਿੰਡ’ ਵਜੋਂ ਸਥਾਪਤ ਹੋ ਗਿਆ। ਇਸ ਘੋਲ ’ਚ ਸਮਾਜ ਦਾ ਹਰ ਤਬਕਾ ਇਸਦੀ ਪਿੱਠ ’ਤੇ ਆ ਖੜ੍ਹਿਆ। ਕਿਸਾਨ, ਮਜ਼ਦੂਰ, ਔਰਤਾਂ, ਲੇਖਕ, ਸਾਹਿਤਕਾਰ, ਰੰਗਕਰਮੀ, ਬੁੱਧੀਜੀਵੀ, ਵਕੀਲ, ਇਲੈੱਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ, ਤਰਕਸ਼ੀਲ, ਜਮਹੂਰੀ ਕਾਮੇ, ਕਵੀ ਅਤੇ ਇਨਸਾਫ਼ ਪਸੰਦ ਲੋਕ ਇਸ ਲੋਕ ਸੰਘਰਸ਼ ਦਾ ਹਿੱਸਾ ਤਾਂ ਬਣੇ, ਰਾਹਗੀਰ ਵੀ ਜਦੋਂ ਕੁਝ ਪਲ ਰੁਕ ਕੇ ਸੁਣਦੇ, ਮਨਜੀਤ ਧਨੇਰ ਦੀ ਫੋਟੋ ਵੇਖਦੇ ਤਾਂ ਉਹ ਵੀ ਸੰਘਰਸ਼ ਦਾ ਹਿੱਸਾ ਬਣ ਜਾਂਦੇ। ਪੰਜਾਬ ਦੀ ਫਿਜ਼ਾ ਅੰਦਰ ਨਵੇਂ ਸਾਂਝੇ ਜਨਤਕ ਜਮਹੂਰੀ ਜ਼ਬਤਬੱਧ ਸੰਘਰਸ਼ਾਂ ਦਾ ਆਗਾਜ਼ ਹੋਇਆ। ਜਿਸ ਢੰਗ ਨਾਲ 1997 ਵਿਚ ਕਿਰਨਜੀਤ ਕੌਰ ਔਰਤ ਦਾ ਚਿੰਨ੍ਹ ਬਣ ਕੇ ਉੱਭਰੀ ਸੀ। ਠੀਕ ਉਸੇ ਤਰ੍ਹਾਂ ਮਨਜੀਤ ਧਨੇਰ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ ਤੋਂ ਦੋ ਕਦਮ ਅੱਗੇ ਜਾਂਦਿਆਂ ਲੋਕ ਸੰਘਰਸ਼ਾਂ ਦਾ ਨਾਇਕ ਬਣ ਕੇ ਉੱਭਰਿਆ ਹੈ।
ਕਿਸਾਨ-ਮਜ਼ਦੂਰਾਂ-ਮੁਲਾਜ਼ਮਾਂ-ਨੌਜਵਾਨਾਂ-ਰੰਗਕਰਮੀਆਂ-ਪੱਤਰਕਾਰਾਂ ਸਭ ਤੋਂ ਵੱਧ ਔਰਤਾਂ ਨੇ ਜਦੋਂ ਆਪਣੇ ਸੰਗਰਾਮੀ ਵਿਰਸੇ ਦੀ ਪਛਾਣ ਕਰ ਲਈ, ਹਜ਼ਾਰਾਂ ਹਰੀਆਂ ਅਤੇ ਬਸੰਤੀ ਚੁੰਨੀਆਂ ਲੈ ਕੇ ਜਦੋਂ ਸੰਘਰਸ਼ੀ ਪਿੰਡ ’ਚ ਇਨ੍ਹਾਂ ਦੀ ਆਮਦ ਹੋਈ ਅਤੇ ਜੇਲ੍ਹ ਦੇ ਬੂਹੇ ਅੱਗੇ ਹਰ ਆਏ ਦਿਨ ‘ਮਨਜੀਤ ਧਨੇਰ ਨੂੰ ਰਿਹਾਅ ਕਰਵਾ ਕੇ ਰਹਾਂਗੇ’ ਦੀ ਰੋਹਲੀ ਗਰਜ ਹੋਰ ਉੱਚੀ ਹੁੰਦੀ ਗਈ ਤਾਂ ਹਾਕਮਾਂ ਨੂੰ ਇਸ ਲੋਕ ਸੰਘਰਸ਼ ਨੇ ਤ੍ਰੇਲੀਆਂ ਲਿਆਂਦੀਆਂ। ਜਿਸ ਢੰਗ ਨਾਲ ਹਰ ਤਬਕਾ ਇਸ ਸੰਘਰਸ਼ ਦਾ ਹਿੱਸਾ ਬਣ ਗਿਆ। ਕਰੋੜਾਂ ਰੁਪਏ ਦੇ ਬਜਟ ਵਾਲੇ ਇਸ ਲੋਕ ਸੰਘਰਸ਼ ਵਿਚ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਜਿਉਂਦੇ ਕਰਜ਼ੇ ਪਰੁੰਨੇ ਕਿਸਾਨਾਂ-ਮਜ਼ਦੂਰਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਇਹ ਕਾਫਲੇ ਸ਼ਾਮਲ ਹੋਣ ਤੋਂ ਨਾ ਥੱਕੇ ਨਾ ਅੱਕੇ। ਉਨ੍ਹਾਂ ਨੇ ਲਗਾਤਾਰਤਾ ਹੀ ਨਾ ਬਣਾਈ ਰੱਖੀ ਸਗੋਂ ਹਰ ਵਾਰ ਕਾਫਲਿਆਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ। ਸ਼ੁਰੂਆਤੀ ਦੌਰ ’ਚ ਪੱਕੇ ਮੋਰਚੇ ਨੂੰ ਪ੍ਰਸ਼ਾਸਨ ਨੇ ਗ਼ੈਰਕਾਨੂੰਨੀ ਐਲਾਨ ਕੇ ਦਬਾਅ ਬਣਾਉਣਾ ਚਾਹਿਆ, ਕਈ ਵਾਰ ਮਾਨਸਿਕ ਦਬਾਅ ਬਣਾ ਕੇ ਪੱਕੇ ਮੋਰਚੇ ਨੂੰ ਉਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਸੰਘਰਸ਼ ਕਮੇਟੀ ਨੇ ਹਰ ਵਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਅਜਿਹੇ ਹਥਕੰਡਿਆਂ ਨੂੰ ਫੇਲ੍ਹ ਕੀਤਾ। ਅਖੀਰ 22 ਅਕਤੂਬਰ ਨੂੰ ਸੰਘਰਸ਼ ਕਮੇਟੀ, ਪੰਜਾਬ ਦੀ ਅਗਵਾਈ ਹੇਠ ਜੇਲ੍ਹ ਦੀਆਂ ਬਰੂਹਾਂ ਅੱਗੇ ਪੈਂਦੀ ਰੋਹਲੀ ਗਰਜ ਨੇ ਪੰਜਾਬ ਸਰਕਾਰ ਨੂੰ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਨ ਲਈ ਮਜਬੂਰ ਕਰ ਦਿੱਤਾ।
ਮਨਜੀਤ ਧਨੇਰ ਦੀ ਰਿਹਾਈ ਦਾ ਕੇਸ ਦੋ ਹਫ਼ਤਿਆਂ ਦੇ ਅੰਦਰ-ਅੰਦਰ ਪੰਜਾਬ ਦੇ ਰਾਜਪਾਲ ਨੂੰ ਭੇਜਣ ਦਾ ਵਾਅਦਾ ਕਰਨ ਲਈ ਮਜਬੂਰ ਹੋਣਾ ਪਿਆ। 7 ਨਵੰਬਰ ਨੂੰ ਰਾਜਪਾਲ ਨੂੰ ਭੇਜੇ ਕੇਸ ਉੱਪਰ ਲੋਕ ਸੰਘਰਸ਼ ਦੇ ਵਧਦੇ ਦਬਾਅ ਨੇ ਸਹੀ ਪਾਉਣ ਲਈ ਮਜਬੂਰ ਕਰ ਦਿੱਤਾ। ਅਖੀਰ ਲੋਕਾਂ ਦਾ ਆਗੂ ਮਨਜੀਤ ਧਨੇਰ 14 ਨਵੰਬਰ 2019 ਪੂਰੇ 54 ਦਿਨਾਂ ਬਾਅਦ ਜੇਲ੍ਹ ਦੀਆਂ ਸਲਾਖਾਂ ਵਿਚੋਂ ਬਾਹਰ ਆ ਕੇ ਲੋਕ ਘੋਲਾਂ ਦਾ ਹਿੱਸਾ ਬਣ ਗਿਆ। 15 ਨਵੰਬਰ ਨੂੰ ਹਜ਼ਾਰਾਂ ਜੁਝਾਰੂ ਕਾਫਲੇ ਥਾਂ ਥਾਂ ਆਪਣੇ ਮਹਿਬੂਬ ਆਗੂ ਦਾ ਸਵਾਗਤ ਕਰਕੇ ਉਸ ਨੂੰ ਢੋਲ ਦੇ ਡੱਗੇ ਦੀ ਤਾਲ ’ਤੇ ਨੱਚਦੇ ਟੱਪਦੇ, ਪਟਾਕੇ/ਆਤਿਸ਼ਬਾਜੀ ਚਲਾਉਂਦੇ, ਮੂੰਹ ਮਿੱਠਾ ਕਰਾਉਂਦੇ ਸ਼ਾਨੋ ਸ਼ੌਕਤ ਨਾਲ ਉਸ ਦੇ ਘਰ ਛੱਡ ਕੇ ਆਏ ਹਨ। ਇਸ ਮਿਸਾਲੀ ਸਾਂਝੇ ਜ਼ਬਤਬੱਧ ਘੋਲ ਨੇ ਲੋਕ ਲਹਿਰ ’ਤੇ ਹਕੂਮਤ ਵੱਲੋਂ ਕੀਤੇ ਜਾ ਰਹੇ ਅਤੇ ਕੀਤੇ ਜਾਣ ਵਾਲੇ ਜਾਬਰ ਹੱਲਿਆਂ ਦਾ ਮੂੰਹ ਤੋੜ ਜਵਾਬ ਦੇਣ ਦਾ ਰਾਹ ਪੱਧਰਾ ਕੀਤਾ ਹੈ। ਇਹ ਲੋਕ ਸੰਘਰਸ਼ ਅਤੇ ਲਹਿਰ ਦੇਸ਼ ਭਰ ਅੰਦਰ ਜਮਹੂਰੀ ਲਹਿਰ ਅਤੇ ਜਮਹੂਰੀ ਕਾਰਕੁੰਨਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਦੀ ਇਕ ਮਿਸਾਲ ਬਣ ਗਿਆ ਹੈ।

ਸੰਪਰਕ: 84275-11770


Comments Off on ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.